ਨਵੀਂ ਦਿੱਲੀ – ਆਮ ਆਦਮੀ ਪਾਰਟੀ ਵੱਲੋਂ ਅੱਜ ਰਾਜ ਸਭਾ ਲਈ ਤਿੰਨ ਉਮੀਦਵਾਰਾਂ ਸੰਜੇ ਸਿੰਘ, ਐੱਨ.ਡੀ ਗੁਪਤਾ ਤੇ ਸੁਸ਼ੀਲ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ| ਇਸ ਐਲਾਨ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਦੇ ਦਿਲ ਦਾ ਦਰਦ ਬਾਹਰ ਆ ਗਿਆ| ਉਨ੍ਹਾਂ ਨੇ ਪਾਰਟੀ ਸਪੁਰੀਮੋ ਅਰਵਿੰਦ ਕੇਜਰੀਵਾਲ ਉਤੇ ਜਮ ਕੇ ਨਿਸ਼ਾਨੇ ਲਗਾਏ|
ਰਾਜ ਸਭਾ ਜਾਣ ਦਾ ਆਸਵੰਦ ਕੁਮਾਰ ਵਿਸ਼ਵਾਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਜੀਕਲ ਸਟਰਾਈਕ, ਟਿਕਟ ਵੰਡ ਵਿਚ ਗੜਬੜੀ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਸੱਚ ਬੋਲਣ ਦੀ ਮੈਨੂੰ ਸਜ਼ਾ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੈਨੂੰ ਮੁਸਕਰਾਉਂਦਿਆਂ ਕਿਹਾ ਸੀ ਕਿ ਸਰ ਜੀ ਤੁਹਾਨੂੰ ਮਾਰਾਂਗੇ, ਪਰ ਸ਼ਹੀਦ ਨਹੀਂ ਹੋਣ ਦਿਆਂਗੇ| ਉਨ੍ਹਾਂ ਕਿਹਾ ਕਿ ਮੈਨੂੰ ਇਹ ਸਜ਼ਾ ਪ੍ਰਵਾਨ ਹੈ| ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਇੱਛਾ ਬਿਨਾਂ ਪਾਰਟੀ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੈ| ਮੈਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਵਿਧਾਇਕਾਂ, ਮੰਤਰੀਆਂ ਨੂੰ ਕਹਿ ਦਿਓ ਕਿ ਸ਼ਹੀਦ ਤਾਂ ਕਰ ਦਿੱਤਾ ਹੈ ਪਰ ਮੇਰੀ ਲਾਸ਼ ਨਾਲ ਛੇੜਛਾੜ ਨਾ ਕਰੀਓ|