ਮੁੰਬਈ – ਕੋਰੇਗਾਂਵ ਹਿੰਸਾ ਦੀ ਅੱਗ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੱਕ ਪਹੁੰਚ ਚੁੱਕੀ ਹੈ| ਇਸ ਦੌਰਾਨ ਦਲਿਤ ਸੰਗਠਨਾਂ ਵਲੋਂ ਸੂਬੇ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਹੈ| ਬੰਦ ਦੌਰਾਨ ਬੱਸ ਤੇ ਰੇਲ ਆਵਾਜਾਈ ਠੱਪ ਰਹੀ| ਹਾਲਾਂਕਿ ਕਈ ਥਾਵਾਂ ਉਤੇ ਬੰਦ ਦਾ ਮੱਠਾ ਅਸਰ ਰਿਹਾ ਤੇ ਜਨਜੀਵਨ ਆਮ ਵਾਂਗ ਜਾਰੀ ਰਿਹਾ|
ਦੂਸਰੇ ਪਾਸੇ ਠਾਣੇ, ਗੋਰੇਗਾਵ, ਵਿਰਾਰ ਆਦਿ ਇਲਾਕਿਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ| ਪ੍ਰਦਰਸ਼ਨਕਾਰੀਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਨ ਲਈ ਟਾਈਰਾਂ ਦੀ ਹਵਾ ਕੱਢ ਦਿੱਤੀ ਗਈ| ਇਸ ਦੌਰਾਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਮਹਾਰਾਸ਼ਟਰ ਵਿਚ 40 ਹਜ਼ਾਰ ਸਕੂਲੀ ਬੱਸਾਂ ਬੰਦ ਰਹੀਆਂ| ਕਈ ਥਾਈਂ ਭੀੜ ਵੱਲੋਂ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ|
ਵਰਣਨਯੋਗ ਹੈ ਕਿ ਇਸ ਹਿੰਸਾ ਦੀ ਸ਼ੁਰੂਆਤ 1 ਜਨਵਰੀ ਨੂੰ ਪੁਣੇ ਦੇ ਭੀਮਾ ਕੋਰੇਗਾਂਵ ਤੋਂ ਹੋਈ ਸੀ, ਜਿਥੇ ਭੀਮਾ ਗੋਰੇਗਾਂਵ ਦੀ 200ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇਕ ਪ੍ਰੋਗਰਾਮ ਦੌਰਾਨ ਹਿੰਸਾ ਭੜਕੀ ਸੀ|