ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਪੁੱਤਰ ਇੰਦਰਬੀਰ ਸਿੰਘ ਚੱਢਾ ਵਿਰੁੱਧ ਦਰਜ ਹੋਈ ਐੱਫ. ਆਈ. ਆਰ. ਤੋਂ ਬਾਅਦ ਗਠਿਤ ਐੱਸ. ਆਈ. ਟੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੱਢਾ ਅਤੇ ਉਸ ਦੇ ਪੁੱਤਰ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਐੱਸ. ਆਈ. ਟੀ. ਟੀਮ ਦੇ ਮੁਖੀ ਏ. ਡੀ. ਸੀ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਹਿਲਾ ਸ਼ਿਕਾਇਤਕਰਤਾ ਨੇ ਟੀਮ ਦੇ ਸਾਹਮਣੇ ਪੇਸ਼ ਹੋ ਕੇ ਖੁੱਲ੍ਹ ਕੇ ਬਿਨਾਂ ਕਿਸੇ ਦਬਾਅ ਦੇ ਆਪਣੇ ਬਿਆਨ ਦਿੱਤੇ। ਬਿਆਨ ਵਿਚ ਪੀੜਤਾ ਨੇ ਕਿਹਾ ਕਿ ਚੱਢਾ ਸੁੰਦਰ ਔਰਤਾਂ ‘ਤੇ ਦਿਆਲ ਰਹਿੰਦਾ ਸੀ ਤੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਰਿਹਾ। ਚੱਢਾ ਦੇ ਪ੍ਰਭਾਵਸ਼ਾਲੀ ਹੋਣ ਕਾਰਨ ਉਹ ਪਹਿਲਾਂ ਆਪਣਾ ਮੂੰਹ ਨਹੀਂ ਖੋਲ੍ਹ ਸਕੀ। ਆਪਣੇ ਪਿਤਾ ਦੀਆਂ ਕਰਤੂਤਾਂ ਦੀ ਸਾਰੀ ਜਾਣਕਾਰੀ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੂੰ ਵੀ ਸੀ।
ਇੰਦਰਪ੍ਰੀਤ ਸਿੰਘ ਚੱਢਾ ਦੇ ਰਿਹਾ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ
ਪੀੜਤਾ ਨੇ ਕਿਹਾ ਕਿ ਇੰਦਰਪ੍ਰੀਤ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਉਹ ਤੇ ਉਸ ਦਾ ਪਰਿਵਾਰ ਅਸੁਰੱਖਿਅਤ ਹੈ, ਇਸ ਲਈ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਚੱਢਾ ਤੇ ਉਸ ਦੇ ਬੇਟੇ ਦੇ ਸ਼ਰਾਬ ਮਾਫੀਆ ਨਾਲ ਸਬੰਧ ਹਨ। ਸ਼ਰਾਬ ਮਾਫੀਆ ਦੇ ਗੁੰਡੇ ਉਨ੍ਹਾਂ ‘ਤੇ ਹਮਲਾ ਕਰ ਸਕਦੇ ਹਨ।