ਹਾਰਦਿਕ ਨੇ ਅੰਦੋਲਨ ਦੇ ਪੈਸੇ ਨਾਲ ਖਰੀਦੇ ਫਲੈਟ, ਪੀਂਦੇ ਹਨ ਸ਼ਰਾਬ

ਗਾਂਧੀਨਗਰ – ਪਾਟੀਦਾਰ ਰਾਖਵਾਂਕਰਨ ਅੰਦੋਲਨ (ਪਾਸ) ਦੇ ਨੇਤਾ ਹਾਰਦਿਕ ਪਟੇਲ ਦੇ ਕਰੀਬੀ ਸਹਿਯੋਗੀ ਅਤੇ ਰਾਜਧ੍ਰੋਹ ਦੇ ਇਕ ਮਾਮਲੇ ‘ਚ ਉਨ੍ਹਾਂ ਨਾਲ ਸਹਿ-ਮੁਲਜ਼ਮ ਦਿਨੇਸ਼ ਬਾਂਭਣੀਆ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਹਾਰਦਿਕ ਨੇ ਹਾਲ ਹੀ ਦੇ ਅੰਦੋਲਨ ਲਈ ਇਕੱਠੇ ਕੀਤੇ ਗਏ ਫੰਡ ‘ਚੋਂ ਆਪਣੇ ਲਈ ਕਈ ਸ਼ਹਿਰਾਂ ‘ਚ ਫਲੈਟ ਖਰੀਦੇ ਹਨ ਅਤੇ ਉਨ੍ਹਾਂ ਨੇ ਹਾਲ ਹੀ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਬਿਨਾਂ ਕਿਸੇ ਨੂੰ ਭਰੋਸੇ ‘ਚ ਲਏ ਕਾਂਗਰਸ ਨਾਲ ਟਿਕਟਾਂ ਦੀ ਸੌਦੇਬਾਜ਼ੀ ਕੀਤੀ ਸੀ।
‘ਪਾਸ’ ਦੇ ਕੱਲ ਤੋਂ ਬੋਟਾਦ ਵਿਚ ਹੋਣ ਜਾ ਰਹੇ ਅਖੌਤੀ ਚਿੰਤਨ ਕੈਂਪ ਤੋਂ ਇਕ ਦਿਨ ਪਹਿਲਾਂ ਦਿਨੇਸ਼ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ 30 ਵਿਅਕਤੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਲਈ ਹਾਰਦਿਕ ਨੇ ਕਾਂਗਰਸ ਕੋਲੋਂ ਚੁੱਪ-ਚੁਪੀਤੇ ਟਿਕਟਾਂ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹਾਰਦਿਕ ਨੇ ਅੰਦੋਲਨ ਦੇ ਪੈਸਿਆਂ ਨਾਲ ਅਹਿਮਦਾਬਾਦ, ਵੀਰਮਗਾਮ, ਸੂਰਤ, ਵਡੋਦਰਾ ਤੇ ਭਰੂਚ ਸਮੇਤ ਹੋਰਨਾਂ ਥਾਵਾਂ ‘ਤੇ ਕਈ ਫਲੈਟ ਖਰੀਦੇ ਹਨ।
ਦਿਨੇਸ਼ ਨੇ ਕਿਹਾ ਕਿ ਹਾਰਦਿਕ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੀ ਸੈਕਸ ਸੀ. ਡੀ. ਨੂੰ ਸਾਜ਼ਿਸ਼ ਦੱਸਿਆ ਸੀ ਪਰ ਹੁਣ ਤੱਕ ਇਸ ਮਾਮਲੇ ‘ਚ ਪੁਲਸ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ ਗਈ। ਉਹ ਦਿਨੇ ਤਾਂ ਮਾਵਾਂ-ਭੈਣਾਂ ਦੀ ਰੱਖਿਆ ਦੀ ਗੱਲ ਕਰਦੇ ਹਨ ਤੇ ਰਾਤ ਨੂੰ ਸ਼ਰਾਬ ਪੀ ਕੇ ਖੁਦ ਹੀ ਅੱਯਾਸ਼ੀ ਕਰਦੇ ਹਨ।