ਵੈਸੇ ਤਾਂ ਵਿਆਹ ਇਕ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ, ਪਰ ਕੋਈ ਧਰਮ ਦਾ ਸਹਾਰਾ ਲੈ ਕੇ ਵਿਆਹ ਨੂੰ ਐਸ਼ ਕਰਨ ਦੇ ਨਾਂ ਤੇ ਸਹੀ ਠਹਿਰਾਵੇ ਤਾਂ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ। ਅਰਬ ਦੇਸ਼ਾਂ ਦੇ ਸ਼ੇਖ ਆਪਣੀਆਂ ਜਿਸਮਾਨੀ ਖੁਹਾਇਸ਼ਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਵਕਤ ਤੋਂ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਉਂਦੇ ਰਹੇ ਹਨ ਅਤੇ ਇਸ ਧੰਦੇ ਦਾ ਨਾਂ ਨਿਕਾਹ ਦਿੰਦੇ ਹਨ। ਇਹ ਸਾਰਾ ਕੰਮ ਮਜਹਬ ਦੇ ਨਾਂ ਤੇ ਹੁੰਦਾ ਹੈ।
ਨਿਜਾਮਾਂ ਦੇ ਸ਼ਹਿਰ ਹੈਦਰਾਬਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਇਸ ਕਿਸਮ ਦੇ ਘਿਨੌਣੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਹਨਾਂ ਅਮੀਰ ਸ਼ੇਖਾਂ ਦੇ ਲਈ ਉਹਨਾਂ ਦੇ ਮੁਲਕਾਂ ਵਿੱਚ ਲੜਕੀਆਂ ਦੀ ਕੋਈ ਕਮੀ ਹੈ, ਬਲਕਿ ਇਹ ਸਿਰਫ਼ ਇਸਕਰਕੇ ਇੱਥੇ ਆ ਕੇ ਗਲਤ ਤਰੀਕੇ ਨਾਲ ਨਿਕਾਹ ਕਰਦੇ ਹਨ, ਤਾਂ ਜੋ ਇਹਨਾਂ ਮਾਸੂਮ ਲੜਕੀਆਂ ਨੂੰ ਅਰਬ ਮੁਲਕਾਂ ਵਿੱਚ ਲਿਜਾ ਕੇ ਅਯਾਸ਼ੀ ਕੀਤੀ ਜਾਵੇ।
ਇਹ ਸ਼ੇਖ ਕਤਰ, ਓਮਾਨ, ਬਹਿਰੀਨ ਵਰਗੇ ਮੁਲਕਾਂ ਤੋਂ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ੇਖ ਇੱਥੇ ਆ ਕੇ ਬਕਾਇਦਾ ਨਿਕਾਹ ਕਰਦੇ ਹਨ ਪਰ ਇਹ ਨਿਕਾਹ ਸਮਾਜ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਤੋਂ ਇਹ ਫ਼ਾਇਦਾ ਹੁੰਦਾ ਹੈ ਕਿ ਸਮਾਜ ਵਿੱਚ ਕਿਹਾ ਜਾ ਸਕੇ ਕਿ ਅਸੀਂ ਕਾਨੂੰਨਨ ਨਿਕਾਹ ਕੀਤਾ ਹੈ ਪਰ ਅਜਿਹੇ ਨਿਕਾਹ ਸਿਰਫ਼ ਛਲਾਵਾ ਹਨ। ਗੱਲ ਇਹ ਹੈ ਕਿ ਜੋ ਨਿਕਾਹ ਕਾਜੀ ਕਰਵਾਉਂਦਾ ਹੈ, ਉਹ ਸਿਰਫ਼ ਇਕ ਕਾਨਟ੍ਰੈਕਟ ਹੁੰਦਾ ਹੈ।
ਇਸ ਕਾਨਟ੍ਰੈਕਟ ਮੈਰਿਜ ਵਿੱਚ ਲੜਕੀ ਦੇ ਮਾਂ-ਬਾਪ ਨੂੰ ਰਾਜ਼ੀ ਕੀਤਾ ਜਾਂਦਾ ਹੈ ਕਿ ਇਹ ਵਿਆਹ ਸਮਾਜ ਨੂੰ ਦਿਖਾਉਣ ਲਈ ਵਿਆਹ ਹੈ, ਜਦਕਿ ਅਸਲੀਅਤ ਇਹ ਹੈ ਕਿ ਤੁਹਾਡੀ ਲੜਕੀ ਨੂੰ ਇਕ ਮੁੱਦਤ ਤੱਕ ਹੀ ਸ਼ੇਖ ਦੇ ਕੋਲ ਰਹਿਣਾ ਹੋਵੇਗਾ। ਜੇਕਰ ਇਸਲਾਮ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਸਮ ਦੇ ਨਿਕਾਹ ਦੀ ਇਸਲਾਮ ਵਿੱਚ ਕੋਈ ਜਗ੍ਹਾ ਨਹੀਂ ਹੈ ਬਲਕਿ ਇਸਲਾਮ ਵਿੱਚ ਕਾਨਟ੍ਰੈਕਟ ਕਰਕੇ ਨਿਕਾਹ ਕਰਨਾ ਸਾਫ਼ ਹਰਾਮ ਕਰਾਰ ਦਿੱਤਾ ਗਿਆ ਹੈ।
ਇਸ ਸਭ ਦੇ ਬਾਵਜੂਦ ਹੈਦਰਾਬਾਦ ਦੇ ਕਈ ਕਾਜੀ ਇਸ ਘਿਨੌਣੇ ਕੰਮ ਨੂੰ ਅੰਜ਼ਾਮ ਦੇ ਰਹੇ ਹਨ। ਧਰਮ ਦੇ ਇਹ ਠੇਕੇਦਾਰ ਲੜਕੀ ਦੇ ਘਰ ਵਾਲਿਆਂ ਨਾਲ ਇਹ ਕਹਿ ਕੇ ਨਿਕਾਹ ਲਈ ਰਾਜ਼ੀ ਕਰਦੇ ਹਨ ਕਿ ਇਸਲਾਮ ਇਕੱਠਿਆਂ 4 ਵਿਆਹਾਂ ਦਾ ਹੁਕਮ ਦਿੰਦਾ ਹੈ, ਇਸਕਰਕੇ ਅਜਿਹਾ ਕਰਨਾ ਸ਼ਰੀਅਤ ਦੇ ਖਿਲਾਫ਼ ਨਹੀਂ ਹੈ।
ਅੱਜ ਵੀ ਮੁਸਲਿਮ ਸਮਾਜ ਵਿੱਚ ਪੜ੍ਹਾਈ-ਲਿਖਾਈ ਦਾ ਪੱਧਰ ਦੂਜੇ ਧਰਮਾਂ ਦੇ ਲੋਕਾਂ ਮੁਕਾਬਲੇ ਕਾਫ਼ੀ ਹੇਠਾਂ ਹੈ। ਇਹੀ ਕਰਨ ਹੈ ਕਿ ਇਸ ਸਮਾਜ ਵਿੱਚ ਅੱਜ ਵੀ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨਾਸਮਝੀ, ਆਧੁਨਿਕ ਸੋਚ ਦੀ ਕਮੀ ਵਰਗੀਆਂ ਬਹੁਤ ਬੁਰਾਈਆਂ ਫ਼ੈਲੀਆਂ ਹਨ। ਕੁਝ ਗਰੀਬ ਪਰਿਵਾਰਾਂ ਵਿੱਚ ਕਈ-ਕਈ ਲੜਕੀਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਤੰਗਹਾਲੀ ਦੇ ਕਾਰਨ ਪੜ੍ਹਾਈ-ਲਿਖਾਈ ਦਾ ਕੋਈ ਖਾਸ ਇੰਤਜ਼ਾਮ ਨਹੀਂ ਹੋ ਪਾਉਂਦਾ। ਇਹਨਾਂ ਲੜਕੀਆਂ ਨੂੰ ਜਿਵੇਂ-ਕਿਵੇਂ ਪਾਲਿਆ ਜਾਂਦਾ ਹੈ, ਜਦੋਂ ਇਹ 16 ਸਾਲ ਦੀ ਉਮਰ ਦੀਆਂ ਹੋ ਜਾਂਦੀਆ ਹਨ, ਤਾਂ ਇਹਨਾਂ ਦੇ ਵਿਆਹ ਦਾ ਡਰ ਤੰਗ ਕਰਨ ਲੱਗਦਾ ਹੈ।
ਘਰ ਵਿੱਚ ਕਮਾਈ ਦਾ ਕੋਈ ਜ਼ਰੀਆ ਨਹੀਂ ਹੁੰਦਾ ਤਾਂ ਨਾ ਚਾਹੁੰਦੇ ਹੋਏ ਵੀ ਕੁਝ ਮਾਂ-ਬਾਪ ਆਪਣੀ ਮਾਸੂਮ ਬੱਚੀਆਂ ਨੂੰ ਇਸ ਦਲਦਲ ਵਿੱਚ ਧਕੇਲ ਦਿੰਦੇ ਹਨ, ਜਿਹਨਾਂ ਨੂੰ ਅਮੀਰ ਸ਼ੇਖ ਵਹਿਸ਼ੀ ਭੇੜੀਆਂ ਵਾਂਗ ਨੋਚਦੇ ਰਹਿੰਦੇ ਹਨ। ਇਸ ਦੇ ਇਵਜ਼ ਵਿੱਚ ਲੜਕੀ ਦੇ ਘਰ ਵਾਲਿਆਂ ਨੂੰ 5 ਤੋਂ 10 ਲੱਖ ਦਿੱਤੇ ਜਾਂਦੇ ਹਨ।
ਇਹ ਰਕਮ ਲੜਕੀ ਦੀ ਉਮਰ, ਸ਼ਕਲ ਅਤੇ ਸੂਰਤ ਦੇ ਹਿਸਾਬ ਨਾਲ ਤਹਿ ਕੀਤੀ ਜਾਂਦੀ ਹੈ। ਜੇਕਰ ਲੜਕੀ ਜ਼ਿਆਦਾ ਖੂਬਸੂਰਤ ਹੋਵੇ ਤਾਂ ਸ਼ੇਖ ਉਸ ਲੜਕੀ ਦੇ ਲਈ ਮੂੰਹ ਮੰਗੀ ਰਕਮ ਦੇਣ ਲਈ ਤਿਆਰ ਹੋ ਜਾਂਦੇ ਹਨ।
ਇਸ ਕੰਮ ਨੂੰ ਕਰਾਉਣ ਵਿੱਚ ਲੋਕਲ ਪੱਧਰ ਦੇ ਕੁਝ ਦਲਾਲਾਂ ਦੇ ਨਾਲ ਹੀ ਨਿਕਾਹ ਪੜ੍ਹਨ ਵਾਲੇ ਕਾਜ਼ੀ ਵੀ ਸ਼ਾਮਲ ਹੁੰਦੇ ਹਨ। ਇਸ ਪੂਰੀ ਖੇਡ ਵਿੱਚ ਦਲਾਲ ਅਤੇ ਕਾਜ਼ੀ ਹੀ ਜ਼ਿਆਦਾ ਫ਼ਾਇਦੇ ਵਿੱਚ ਰਹਿੰਦੇ ਹਨ, ਕਿਉਂਕ ਉਹ ਹੀ ਸ਼ੇਖ ਅਤੇ ਲੜਕੀ ਦੇ ਘਰ ਵਾਲਿਆਂ ਵਿਚਕਾਰ ਗੱਲਬਾਤ ਤਹਿ ਕਰਾਉਂਦੇ ਹਨ। ਦਲਾਲ ਅਤੇ ਕਾਜੀ ਸ਼ੇਖਾਂ ਨੂੰ ਲੜਕੀ ਦੀ ਕੀਮਤ ਕਈ ਗੁਣਾਂ ਦੱਸਦੇ ਹਨ, ਪਰ ਲੜਕੀ ਦੇ ਬਾਪ ਨੂੰ 5 ਤੋਂ 10 ਲੱਖ ਰੁਪਏ ਵਿਚਕਾਰ ਦੱਸ ਕੇ ਖੁਦ ਜ਼ਿਆਦਾ ਰਕਮ ਹੜੱਪ ਲੈਂਦੇ ਹਨ।
ਇਸ ਸਭ ਦੇ ਲਈ ਲੋਕਲ ਕਾਜੀ ਪਰਿਵਾਰ ਦੇ ਮੁਖੀਆਂ ਨੂੰ ਇਕ ਕਾਗਜ਼ ਤੇ ਸ਼ੇਖ ਦਾ ਨਕਲੀ ਤਲਾਕਨਾਮ ਵੀ ਦਿਖਾਇਆ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਿਕਾਹ ਕਰਨ ਵਾਲੇ ਸ਼ੇਖ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ, ਇਸ ਕਰਕੇ ਤੁਹਾਡੀ ਲੜਕੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਹਨਾਂ ਸਭ ਗੱਲਾਂ ਦੇ ਅਸਰ ਕਾਰਨ ਸ਼ੇਖ ਦੇ ਨਾਲ ਲੜਕੀ ਦਾ ਨਿਕਾਹ ਕਰ ਦਿੱਤਾ ਜਾਂਦਾ ਹੈ।
ਦਲਾਲ ਹੀ ਗਰੀਬ ਲੋਕਾਂ ਨੂੰ ਲੜਕੀ ਦਾ ਸ਼ੇਖ ਦੇ ਨਾਲ ਨਿਕਾਹ ਕਰਾਉਣ ਲਈ ਰਾਜ਼ੀ ਕਰਨ ਲਈ ਵੱਡੇ-ਵੱਡੇ ਸਬਜ਼ ਬਾਗ ਦਿਖਾਉਂਦੇ ਹਨ, ਜਿਵੇਂ ਕਿ ਇਸ ਬੁਰੇ ਵਕਤ ਵਿੱਚ ਇਕ ਲੜਕੀ ਦੇ ਵਿਆਹ ਤੇ ਲੱਖਾਂ ਰੁਪਏ ਲੱਗਦੇ ਹਨ ਅਤੇ ਤੁਸੀਂ ਲੋਕਾਂ ਦੀ ਮਾਲੀ ਹਾਲਤ ਇਸ ਲਾਇਕ ਨਹੀਂ ਹੈ ਕਿ ਤੁਸੀਂ ਆਪਣੀ ਬੱਚੀ ਦਾ ਵਿਆਹ ਧੂੰਮ-ਧਾਮ ਨਾਲ ਕਰ ਸਕਣ। ਜੇਕਰ ਤੁਸੀਂ ਕਹੋ ਤਾਂ ਅਸੀਂ ਤੁਹਾਡੀ ਲੜਕੀ ਲਈ ਚੰਗਾ ਰਿਸ਼ਤਾ ਲਿਆ ਸਕਦਾ ਹਾਂ।
ਇਕ ਗਰੀਬ ਮਾਂ-ਬਾਪ ਦੇ ਲਈ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ। ਅੱਜ ਦੇ ਇਸ ਦੌਰ ਵਿੱਚ ਲੜਕੇ ਵਾਲੇ ਦਹੇਜ ਦੀ ਮੰਗ ਕਰਦੇ ਹਨ। ਆਮ ਤੌਰ ਤੇ ਸਮਾਜ ਵਿੱਚ ਦੇਖਿਆ ਜਾਂਦਾ ਹੈ ਕਿ ਕਈ ਵਿਆਹ ਦਹੇਜ ਦੇ ਕਾਰਨ ਟੁੱਟ ਜਾਂਦੇ ਹਨ ਤਾਂ ਕਦੀ ਲੜਕੇ ਵਾਲਿਆਂ ਦੀਆਂ ਮਹਿੰਗੀਆਂ ਗੱਡੀਆਂ ਦੀ ਫ਼ਰਮਾਇਸ਼ ਤੇ ਰਿਸ਼ਤਾ ਖਤਮ ਕਰ ਦਿੱਤਾ ਜਾਂਦਾ ਹੈ।
ਦਹੇਜ ਦੀ ਬਿਮਾਰੀ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਗਰਕ ਕਰ ਰਹੀ ਹੈ। ਸਮਾਜ ਬੁਰੀ ਤਰ੍ਹਾਂ ਇਸ ਬਿਮਾਰੀ ਵਿੱਚ ਪਿਸ ਰਿਹਾ ਹੈ।
ਅਜਿਹੀਆਂ ਲੜਕੀਆਂ ਦਾ ਸ਼ੋਸ਼ਣ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਕੀਤਾ ਜਾਂਦਾ ਹੈ। ਸ਼ੁਰੂ ਵਿੱਚ ਤਾਂ ਇਹਨਾਂ ਲੜਕੀਆਂ ਦੇ ਰਹਿਣ-ਸਹਿਣ ਦਾ ਚੰਗਾ ਇੰਤਜ਼ਾਮ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਇਹਨਾਂ ਮਾਸੂਮਾਂ ਦਾ ਇੰਨਾ ਸ਼ੋਸ਼ਣ ਹੁੰਦਾ ਹੈ ਕਿ ਰੂਹ ਕੰਬ ਜਾਂਦੀ ਹੈ। ਇਹ ਇਸ ਦਲਦਲ ਵਿੱਚ ਇੰਨੇ ਅੰਦਰ ਤੱਕ ਧਕੇਲੀਆਂ ਜਾਂਦੀਆਂ ਹਨ, ਜਿੱਥੋਂ ਵਾਪਸ ਆਉਣਾ ਅਸੰਭਵ ਹੁੰਦਾ ਹੈ।
ਹਾਲ ਹੀ ਵਿੱਚ ਓਮਾਨ ਦੇ ਇਕ ਸ਼ੇਖ ਦੀ ਘਿਨੌਣੀ ਹਰਕਤ ਪਕੜੀ ਗਈ। ਉਸ ਦੀ ਉਮਰ 70 ਸਾਲ ਸੀ ਅਤੇ ਉਸ ਦੀ ਹੋਣ ਵਾਲੀ ਪਤਨੀ ਦੀ ਉਮਰ ਸਿਰਫ਼ 16 ਸਾਲ ਸੀ। ਅੰਦਾਜ਼ਾ ਲਗਾ ਸਕਦੇ ਹੋ ਕਿ ਅਜਿਹੀਆਂ ਲੜਕੀਆਂ ਤੇ ਕਿੰਨਾ ਜ਼ੁਲਮ ਅਤੇ ਜ਼ਿਆਦਤੀ ਕੀਤੀ ਜਾਂਦੀ ਹੋਵੇਗੀ। ਤਾੜੀ ਕਦੀ ਇਕ ਹੱਥ ਨਾਲ ਨਹੀਂ ਵੱਜਦੀ, ਇਸ ਲਈ ਦੋਵੇਂ ਹੱਥ ਜ਼ਿੰਮੇਵਾਰ ਹੁੰਦੇ ਹਨ। ਇਸ ਕਿਸਮ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਸ਼ੇਖਾਂ ਦੀ ਗਲਤੀ ਨਹੀਂ ਹੁੰਦੀ, ਬਲਕਿ ਇਸ ਗੈਰ ਕਾਨੂੰਨੀ ਕੰਮ ਵਿੱਚ ਲੜਕੀ ਦੇ ਮਾਂ-ਬਾਪ ਵੀ ਜ਼ਿੰਮੇਵਾਰ ਹੁੰਦੇ ਹਨ।
ਇਸ ਕਿਸਮ ਦਾ ਗੈਰ ਕਾਨੂੰਨੀ ਕੰਮ ਹੈਦਰਾਬਾਦ ਵਿੱਚ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕੁਝ ਤਾਂ ਗਰੀਬੀ ਤੋਂ ਮਜਬੂਰ ਹੋ ਕੇ ਇਹ ਕੰਮ ਕਰਦੇ ਹਨ ਅਤੇ ਕੁਝ ਲੋਕਾਂ ਨੇ ਇਸ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਉਥੇ ਹੀ ਸਮਾਜ ਦੇ ਕੁਝ ਲੋਕਾਂ ਦੀ ਨਜ਼ਰ ਵਿੱਚ ਇਹ ਕੋਈ ਗੁਨਾਹ ਨਹੀਂ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਮਾਜ ਵਿੱਚ ਅਨਪੜ੍ਹਤਾ, ਬੇਰੁਜ਼ਗਾਰੀ, ਮਾੜੀ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਮੌਜੂਦ ਹਨ ਤਾਂ ਸਭ ਤੋਂ ਜ਼ਿਆਦਾ ਦਹੇਜਦੇ ਲਾਲਚੀ ਵਿਆਹ ਦੇ ਲਈ ਆਪਣੇ ਲੜਕਿਆਂ ਦੀ ਖੁੱਲ੍ਹੀ ਬੋਲੀ ਲਗਾਉਂਦੇ ਹਨ, ਜਿਵੇਂ ਕੋਈ ਨੀਲਾਮੀ ਚੱਲ ਰਹੀ ਹੋਵੇ।