ਨਵੀਂ ਦਿੱਲੀ— ਜਾਸੂਸੀ ਦੇ ਦੋਸ਼ ‘ਚ ਪਾਕਿਸਤਾਨ ‘ਚ ਕੈਦ ਭਾਰਤੀ ਜਲ ਸੈਨਾ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਮਾਂ ਅਵੰਤਿਕਾ ਜਾਧਵ ਅਤੇ ਪਤਨੀ ਚੇਤਨਾ ਜਾਧਵ ਨੇ ਮੰਗਲਵਾਰ ਨੂੰ ਇੱਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਜਾਧਵ ਪਰਿਵਾਰ ਦੀਆਂ ਦੋਵੇਂ ਔਰਤਾਂ 8 ਸਫਦਰਗੰਜ ਲੇਨ ਸਥਿਨ ਸਵਰਾਜ ਦੇ ਘਰ ‘ਤੇ ਕਰੀਬ 2 ਘੰਟੇ ਰਹੀਆਂ। ਇਸ ਦੌਰਾਨ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵੀ ਉੱਥੇ ਮੌਜੂਦ ਸਨ। ਮੁਲਾਕਾਤ ਤੋਂ ਬਾਅਦ ਦੋਵੇਂ ਔਰਤਾਂ ਜਵਾਹਰਲਾਲ ਨਹਿਰੂ ਭਵਨ ਸਥਿਤ ਵਿਦੇਸ਼ ਮੰਤਰਾਲੇ ਨੇ ਗਈਆਂ, ਜਿੱਥੇ ਉਨ੍ਹਾਂ ਦੀ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਹੋਈ। ਦੋਵੇਂ ਔਰਤਾਂ ਸੋਮਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਕਮਾਂਡਰ ਜਾਧਵ ਨੂੰ ਮਿਲ ਕੇ ਆਈਆਂ ਹਨ।
ਅੰਗਰੇਜ਼ੀ ‘ਚ ਕੀਤੀ ਜਾਧਵ ਨੇ ਗੱਲਬਾਤ
ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਸ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਦੇ ਜਨਮਦਿਨ ਮੌਕੇ ਇਸਲਾਮਿਕ ਸਿੱਖਿਆਵਾਂ ਦੇ ਆਧਾਰ ‘ਤੇ ਜਾਧਵ ਨੂੰ ਉਨ੍ਹਾਂ ਦੀ ਮਾਂ ਅਤੇ ਪਤਨੀ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਸੀ ਪਰ ਕੱਚ ਦੀ ਕੰਧ ਦਰਮਿਆਨ ਇੰਟਰਕਾਮ ਨਾਲ ਹੋਈ ਇਸ ਮੁਲਾਕਾਤ ਦੀ ਭਾਰਤ ‘ਚ ਤਿੱਖੀ ਆਲੋਚਨਾ ਹੋਈ ਹੈ। ਇਸ ਮੁਲਾਕਾਤ ਦੌਰਾਨ ਪਾਕਿਸਤਾਨ ‘ਚ ਭਾਰਤ ਦੇ ਹਾਈ ਕਮਿਸ਼ਨਰ ਜੇ.ਪੀ. ਸਿੰਘ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਵੀ ਗੱਲਬਾਤ ਸੁਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ 40 ਮਿੰਟ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਜਾਧਵ ਨੇ ਅੰਗਰੇਜ਼ੀ ‘ਚ ਗੱਲਬਾਤ ਕੀਤੀ। ਉਹ ਮਾਤ ਭਾਸ਼ਾ ਮਰਾਠੀ ਜਾਂ ਹਿੰਦੀ ‘ਚ ਨਹੀਂ ਬੋਲੇ।
ਥੱਕੇ ਹੋਏ ਲੱਗ ਰਹੇ ਸਨ ਜਾਧਵ
ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਨੁਸਾਰ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਕਮਾਂਡਰ ਜਾਧਵ ਪਾਕਿਸਤਾਨੀ ਅਧਿਕਾਰੀਆਂ ਦੀ ਲਿਖੀ ਸਕਰਿਪਟ ਦੇ ਹਿਸਾਬ ਨਾਲ ਗੱਲ ਕਰ ਰਹੇ ਸਨ ਅਤੇ ਉਹ ਨਸ਼ੀਲੀ ਦਵਾਈਆਂ ਦੇ ਪ੍ਰਭਾਵ ‘ਚ ਸਨ। ਜ਼ਿਕਰਯੋਗ ਹੈ ਕਿ ਜਾਧਵ ਨੂੰ ਮਾਰਚ ‘ਚ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੀ ਸੁਰੱਖਿਆ ਫੋਰਸਾਂ ਨੇ ਮਾਰਚ 2016 ‘ਚ ਬਲੂਚਿਸਤਾਨ ਸੂਬੇ ਤੋਂ ਜਾਧਵ ਉਰਫ ਹੁਸੈਨ ਮੁਬਾਰਕ ਪਟੇਲ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਕਿਸਤਾਨ ‘ਚ ਆਉਣ ਅਤੇ ਜਾਸੂਸੀ ਦੇ ਨਾਲ ਹੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਦੂਜੇ ਪਾਸੇ ਭਾਰਤ ਨੇ ਕਿਹਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗਵਾ ਕਰ ਲਿਆ ਸੀ, ਜਦੋਂ ਉਹ ਭਾਰਤੀ ਜਲ ਸੈਨਾ ਤੋਂ ਰਿਟਾਇਰਡ ਹੋਣ ਤੋਂ ਬਾਅਦ ਆਪਣੇ ਵਪਾਰ ਦੇ ਸਿਲਸਿਲੇ ‘ਚ ਉੱਥੇ ਗਏ ਸਨ, ਲਿਹਾਜਾ ਉਨ੍ਹਾਂ ਦੇ ਜਾਸੂਸ ਹੋਣ ਦਾ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ। ਪਾਕਿਸਤਾਨ ਦੀ ਫੌਜ ਅਦਾਲਤ ਨੇ ਇਸੇ ਸਾਲ ਅਪ੍ਰੈਲ ‘ਚ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਦਾ ਵਿਰੋਧ ਕਰਦੇ ਹੋਏ ਕੌਮਾਂਤਰੀ ਨਿਆਇਕ ਅਦਾਲਤ (ਆਈ.ਸੀ.ਜੇ.) ਦਾ ਰੁਖ ਕੀਤਾ, ਜਿੱਥੇ ਜਾਧਵ ਦੀ ਫਾਂਸੀ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ। ਆਈ.ਸੀ.ਜੇ. ‘ਚ ਇਹ ਮੁਕੱਦਮਾ ਜਾਰੀ ਹੈ ਅਤੇ ਭਾਰਤ ਨੂੰ ਆਸ ਹੈ ਕਿ ਜਾਧਵ ਦੀ ਰਿਹਾਈ ਸੰਭਵ ਹੋ ਸਕੇਗੀ।