ਵਿਧਾਇਕ ਪਰਗਟ ਸਿੰਘ ਵੀ ਮੇਅਰ ਦੇ ਅਹੁਦੇ ਦੀ ਦੌੜ ‘ਚ

ਜਲੰਧਰ —ਜ਼ਿਲੇ ਵਿਚ ਮੇਅਰ ਅਹੁਦੇ ਨੂੰ ਲੈ ਕੇ ਜੱਦੋ-ਜਹਿਦ ਤੇਜ਼ ਹੋ ਗਈ ਹੈ। ਆਪਣੇ-ਆਪਣੇ ਪੱਧਰ ‘ਤੇ ਮੇਅਰ ਅਹੁਦੇ ਲਈ ਸਾਰੇ ਦਾਅਵੇਦਾਰ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਇਸ ਦੌਰਾਨ ਮੇਅਰ ਅਹੁਦੇ ਨੂੰ ਲੈ ਕੇ ਜ਼ਿਲੇ ਦੀ ਸਿਆਸਤ ਵਿਚ ਇਕ ਤੂਫਾਨ ਆਉਣ ਦਾ ਸੰਕੇਤ ਵੀ ਮਿਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਅੰਦਰ ਇਕ ਲਾਬੀ ਮੇਅਰ ਅਹੁਦੇ ‘ਤੇ ਵਿਧਾਇਕ ਪਰਗਟ ਸਿੰਘ ਨੂੰ ਬਿਠਾਉਣ ਲਈ ਜੁਗਾੜ ਲਾ ਰਹੀ ਹੈ। ਇਸ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਵਿਧਾਇਕ ਪਰਗਟ ਸਿੰਘ ਦੇ ਮੇਅਰ ਅਹੁਦੇ ‘ਤੇ ਬੈਠਣ ਨਾਲ ਮੇਅਰ ਅਹੁਦੇ ਦਾ ਸੁਪਨਾ ਦੇਖਣ ਵਾਲੇ ਹੋਰ ਕੌਂਸਲਰਾਂ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਅੰਦਰ ਹੀ ਇਕ ਲਾਬੀ ਪਰਗਟ ਸਿੰਘ ਨੂੰ ਮੇਅਰ ਬਣਾਉਣ ਦੇ ਹੱਕ ਵਿਚ ਹੈ ਤੇ ਕਿਤੇ ਨਾ ਕਿਤੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਜ਼ਾਮੰਦੀ ਵੀ ਮਿਲਦੀ ਨਜ਼ਰ ਆ ਰਹੀ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੇਅਰ ਅਹੁਦੇ ਦੀ ਦੌੜ ਵਿਚ ਬਲਰਾਜ ਠਾਕੁਰ ਤੇ ਜਗਦੀਸ਼ ਰਾਜਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਸੁਰਿੰਦਰ ਕੌਰ, ਅਨੀਤਾ ਰਾਜਾ, ਉਮਾ ਬੇਰੀ, ਅਰੁਣਾ ਅਰੋੜਾ ਤੇ ਡਾ. ਜਸਲੀਨ ਸੇਠੀ ਵੀ ਇਸ ਦੌੜ ਵਿਚ ਹਨ। ਇਹ ਸਾਰੇ ਆਪਣੇ-ਆਪਣੇ ਪੱਧਰ ‘ਤੇ ਪਾਰਟੀ ਹਾਈਕਮਾਨ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸਾਰੇ ਵੱਖ-ਵੱਖ ਲਾਬਿੰਗ ਨਾਲ ਪਕੜ ਵੀ ਬਣਾਉਣ ਵਿਚ ਲੱਗੇ ਹਨ। ਔਰਤਾਂ ਦੀ ਦਲੀਲ ਹੈ ਕਿ ਸਭ ਤੋਂ ਵੱਧ ਔਰਤਾਂ ਜਿੱਤ ਕੇ ਨਿਗਮ ਵਿਚ ਪਹੁੰਚੀਆਂ ਹਨ ਤੇ ਮੇਅਰ ਦਾ ਅਹੁਦਾ ਔਰਤਾਂ ਨੂੰ ਦਿੱਤਾ ਜਾਵੇ ਪਰ ਸਰਕਾਰ ਦੇ ਰੋਸਟਰ ਮੁਤਾਬਕ ਇਸ ਵਾਰ ਵੀ ਜਲੰਧਰ ਵਿਚ ਮੇਅਰ ਦੇ ਅਹੁਦੇ ‘ਤੇ ਕਿਸੇ ਪੁਰਸ਼ ਨੂੰ ਹੀ ਬਿਠਾਇਆ ਜਾਵੇਗਾ ਕਿਉਂਕਿ ਮੇਅਰ ਅਹੁਦੇ ਲਈ ਦਾਅਵੇਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਲਈ ਅੰਦਰਖਾਤੇ ਕਿਤੇ ਨਾ ਕਿਤੇ ਇਕ ਲਾਬੀ ਵਿਧਾਇਕ ਪਰਗਟ ਸਿੰਘ ਦਾ ਨਾਂ ਮੋਹਰੇ ਕਰ ਰਹੀ ਹੈ। ਦਲੀਲ ਦਿੱਤੀ ਜਾ ਰਹੀ ਹੈ ਕਿ ਪਰਗਟ ਸਿੰਘ ਇਸ ਅਹੁਦੇ ਨੂੰ ਸਹੀ ਢੰਗ ਨਾਲ ਸੰਭਾਲ ਸਕਦੇ ਹਨ ਤੇ ਕਿਉਂਕਿ ਉਨ੍ਹਾਂ ਦੀ ਟਿਊਨਿੰਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮਿਲਦੀ ਹੈ ਤੇ ਦੋਵੇਂ ਮਿਲ ਕੇ ਸ਼ਹਿਰ ਦਾ ਵਿਕਾਸ ਕਰਵਾ ਸਕਦੇ ਹਨ। ਪਰਗਟ ਸਿੰਘ ਦਾ ਨਾਂ ਸਾਹਮਣੇ ਆਉਂਦਿਆਂ ਹੀ ਦਾਅਵੇਦਾਰਾਂ ਦੀ ਦੌੜ ਵਿਚ ਚੱਲ ਰਹੇ ਕੌਂਸਲਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਨ ਨੇ ਇਸ ਤਰ੍ਹਾਂ ਦਾ ਕੋਈ ਸ਼ਗੂਫਾ ਛੱਡਿਆ ਤਾਂ ਕੌਂਸਲਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜ਼ਿਆਦਾਤਰ ਸੀਨੀਅਰ ਕੌਂਸਲਰ ਖੁੱਲ੍ਹ ਕੇ ਬਗਾਵਤ ਵੀ ਕਰ ਸਕਦੇ ਹਨ। ਪਾਰਟੀ ਦੇ ਅੰਦਰੂਨੀ ਸਰਵੇ ਵਿਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਜ਼ਿਆਦਾਤਰ ਹਿੰਦੂ ਲਾਬੀ ਦੇ ਨੇਤਾ ਕੌਂਸਲਰ ਵਜੋਂ ਸਾਹਮਣੇ ਆਏ ਹਨ। ਉਥੇ ਸ਼ਹਿਰੀ ਆਬਾਦੀ ਦੀ ਗੱਲ ਕਰੀਏ ਤਾਂ ਸ਼ਹਿਰ ਵਿਚ 60 ਫੀਸਦੀ ਵੋਟ ਬੈਂਕ ਹਿੰਦੂਆਂ ਦਾ ਹੈ। ਜੇਕਰ ਪਰਗਟ ਸਿੰਘ ਨੂੰ ਇਸ ਅਹੁਦੇ ‘ਤੇ ਬਿਠਾਇਆ ਜਾਂਦਾ ਹੈ ਤਾਂ 60 ਫੀਸਦੀ ਵੋਟ ਬੈਂਕ ਵੀ ਪਾਰਟੀ ਹੱਥੋਂ ਖਿਸਕ ਸਕਦਾ ਹੈ ਕਿਉਂਕਿ ਪਹਿਲਾਂ ਹੀ ਜ਼ਿਲਾ ਪ੍ਰਧਾਨ ਦੇ ਅਹੁਦੇ ‘ਤੇ ਪਾਰਟੀ ਨੇ ਇਕ ਸਿੱਖ ਆਗੂ ਨੂੰ ਬਿਠਾਇਆ ਹੋਇਆ ਹੈ। ਅਜਿਹੀ ਸਥਿਤੀ ਵਿਚ ਹਿੰਦੂ ਵੋਟ ਬੈਂਕ ਦੇ ਹੱਥੋਂ ਨਿਕਲਣ ਦਾ ਖਤਰਾ ਪਾਰਟੀ ਹਾਈਕਮਾਨ ਨਹੀਂ ਲੈਣਾ ਚਾਹੇਗੀ। ਪਾਰਟੀ ਇਸ ਗੱਲ ਦਾ ਵੀ ਧਿਆਨ ਰੱਖ ਰਹੀ ਹੈ ਕਿ 2019 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਵਰਗ ਦੀ ਨਾਰਾਜ਼ਗੀ ਮੁੱਲ ਨਾ ਲੈਣ ਪਰ ਅਚਾਨਕ ਮੇਅਰ ਅਹੁਦੇ ਦੀ ਦੌੜ ਵਿਚ ਪਰਗਟ ਸਿੰਘ ਦਾ ਨਾਂ ਆਉਣ ਨਾਲ ਕਾਂਗਰਸ ਦੀ ਅੰਦਰੂਨੀ ਸਿਆਸਤ ਵਿਚ ਹਲਚਲ ਤੇਜ਼ ਹੋ ਗਈ ਹੈ।