ਮੈਟਰੋ ਦੀ ਮਜ਼ੈਂਟਾ ਲਾਈਨ ਦਾ ਪ੍ਰਧਾਨਮੰਤਰੀ ਕੱਲ ਕਰਨਗੇ ਉਦਘਾਟਨ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਦਿੱਲੀ ਮੈਟਰੋ ਦੀ ਮਜ਼ੈਂਟਾ ਲਾਈਨ ਦਾ ਉਦਘਾਟਨ ਕਰਨਗੇ। 12.64 ਕਿਲੋਮੀਟਰ ਲੰਬੀ ਇਹ ਲਾਈਨ ਨੋਇਡਾ ਦੇ ਬੋਟੈਨੀਕਲ ਗਾਰਡਨ ਨੂੰ ਦੱਖਣੀ ਦਿੱਲੀ ਦੇ ਕਾਲਕਾ ਜੀ ਮੰਦਰ ਨਾਲ ਜੋੜਦੀ ਹੈ। ਇਸ ਲਾਈਨ ‘ਤੇ ਮੈਟਰੋ ਦੀ ਆਵਾਜਾਈ ਸ਼ੁਰੂ ਹੋਣ ਨਾਲ ਨੋਇਡਾ ਅਤੇ ਦੱਖਣੀ ਦਿੱਲੀ ਦਰਮਿਆਨ ਸਫਰ ਦੇ ਸਮੇਂ ‘ਚ ਕਾਫੀ ਕਮੀ ਆਵੇਗੀ।
ਇਹ ਬੋਟੈਨੀਕਲ ਗਾਰਡਨ (ਨੋਇਡਾ)-ਜਨਕਪੁਰ ਵੈਸਟ ਗਲਿਆਰੇ ਦਾ ਹਿੱਸਾ ਹੈ। ਮੋਦੀ ਨੋਇਡਾ ਵਿਚ ਇਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਦੇਸ਼ ਦੀ ਅਜਿਹੀ ਤੀਸਰੀ ਮੈਟਰੋ ਲਾਈਨ ਹੋਵੇਗੀ ਜਿਸ ਦਾ ਇਸ ਸਾਲ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਮੋਦੀ ਨੇ ਜੂਨ ਵਿਚ ਕੋਚੀ ਮੈਟਰੋ ਅਤੇ ਨਵੰਬਰ ਨੂੰ ਹੈਦਰਾਬਾਦ ਮੈਟਰੋ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ। ਰੈਲੀ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਮੋਦੀ ਦਿੱਲੀ ਮੈਟਰੋ ਦੀ ਨਵੀਂ ਲਾਈਨ ਦੇ ਕੁੱਝ ਸਟੇਸ਼ਨਾਂ ਤਕ ਮੈਟਰੋ ‘ਚ ਸਫਰ ਵੀ ਕਰਨਗੇ।