ਜ਼ਿੰਦਗੀ ਤੋਂ ਮੁਕਤ ਹੋਣ ਤੋਂ ਪਹਿਲਾਂ ਵੀ ਬੰਦਾ ਮੁਕਤ ਹੁੰਦਾ ਹੈ, ਜਿਸਨੂੰ ਸੇਵਾ ਮੁਕਤੀ ਕਹਿੰਦੇ ਹਨ। ਜਨਮ ਸਰਟੀਫ਼ਿਕੇਟ ਦੇ ਹਿਸਾਬ ਨਾਲ ਮੈਂ 31 ਦਸੰਬਰ 2017ਨੂੰ ਯੂਨੀਵਰਸਿਟੀ ਦੀ ਸੇਵਾ ਤੋਂ ਮੁਕਤ ਹੋਣਾ ਹੈ। ਹੁਣ ਜਦੋਂ ਵੀ ਮੇਰੇ ਮਨ-ਮਸਤਕ ਵਿੱਚ 1 ਜਨਵਰੀ 2018 ਦਾ ਖਿਆਲ ਦਸਤਕ ਦਿੰਦਾ ਹੈ ਤਾਂ ਨਾਲ ਹੀ ਮਨ ਦੀ ਸਿਮਰਤੀਆਂ ਵਿੱਚ ਉਕਰੇ ਅਮਿੱਟ ਪਲਾਂ ਦਾ ਲੰਮਾ ਕਾਫ਼ਲਾ ਵੀ ਫ਼ਿਲਮ ਵਾਂਗ ਮੇਰੀਆਂ ਅੱਖਾਂ ਨੂੰ ਦਿਖਾਈ ਦੇਣ ਲੱਗਦਾ ਹੈ। ਉਹ ਸਮਾਂ ਤਾਂ ਕੱਲ੍ਹ ਵਾਂਗ ਰੂਬਰੂ ਏ ਜਦੋਂ ਮੈਂ ਪੰਜਾਬੀ ਵਿਸ਼ਵ ਵਿਦਿਆਲੇ ਵਿੱਚ ਪੱਤਰਕਾਰੀ ਦੇ ਲੈਕਚਰਾਰ ਦੇ ਤੌਰ ‘ਤੇ ਚੁਣਿਆ ਗਿਆ ਸਾਂ। ਯੂਨੀਵਰਸਿਟੀ ਵਿੱਚ ਪ੍ਰਾਅਧਿਆਪਕ ਲੱਗਣਾ ਖਾਲਾ ਜੀ ਦਾ ਵਾੜਾ ਨਹੀਂ, ਬਹੁਤ ਔਖਾ ਕੰਮ ਹੈ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਚੁਣੇ ਜਾਣਾ ਅਤੇ ਮੇਰੇ ਵਰਗੇ ਆਮ ਵਿਦਿਆਰਥੀ ਲਈ ਤਾਂ ਇਹ ਹੋਰ ਵੀ ਔਖਾ ਕੰਮ ਸੀ ਕਿਉਂਕਿ ਮੇਰਾ ਕੋਈ ‘ਗਾਡ ਫ਼ਾਦਰ’ ਨਹੀਂ ਸੀ ਜੋ ਇਸ ਕੰਮ ਲਈ ਮੇਰੀ ਮਦਦ ਕਰਦਾ। ਹਾਂ, ਮੇਰੇ ਅਧਿਆਪਕ ਡਾ. ਐਸ. ਆਰ. ਨਾਗਪਾਲ ਨੇ ਮੈਨੂੰ ਗੈਸਟ ਲੈਕਚਰਾਰ ਲਾ ਕੇ ਮੇਰੇ ਦਾਅਵੇ ਵਿੱਚ ਦਮ ਭਰ ਦਿੱਤਾ ਸੀ। ਮੇਰੀ ਯਾਦਾਂ ਦੀ ਪਟਾਰੀ ਫ਼ੁੱਲਾਂ ਅਤੇ ਕੰਡਿਆਂ ਨਾਲ ਭਰੀ ਪਈ ਹੈ। ਸਤੰਬਰ 1981 ਵਿੱਚ ਜਦੋਂ ਮੈਂ ਪੜ੍ਹਾਉਣ ਲੱਗਾ ਸੀ ਤਾਂ ਮੇਰੀ ਉਮਰ 24 ਵਰ੍ਹਿਆਂ ਦੀ ਸੀ ਅਤੇ ਕਲਾਸ ਵਿੱਚ ਕਈ ਵਿਦਿਆਰਥੀ ਮੇਰੇ ਹਾਣ ਦੇ ਵੀ ਸਨ ਅਤੇ ਕੁਝ ਮੈਥੋਂ ਵੱਡੇ ਵੀ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਹਿਬ ਪ੍ਰੋ. ਮਨਜੀਤ ਸਿੰਘ ਅਤੇ ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ. ਏ. ਐਸ. ਵਰਗੇ ਮੈਥੋਂ ਵੱਡੇ ਸਨ। ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਵਰਿੰਦਰ ਵਾਲੀਆ, ਅਮਰਜੀਤ ਸਿੰਘ ਵੜੈਚ ਅਤੇ ਭੁਪਿੰਦਰ ਸਿੰਘ ਬਤਰਾ ਵਰਗੇ ਇੱਕ ਅੱਧਾ ਸਾਲ ਛੋਟੇ ਸਨ। ਉਸ ਸਮੇਂ ਵਿਭਾਗ ਵਿੱਚ ਇੱਕੋ ਇੱਕ ਰੈਗੂਲਰ ਅਧਿਆਪਕ ਨਾਗਪਾਲ ਸਾਹਿਬ ਸਨ ਅਤੇ ਦੋ ਮਹੀਨੇ ਬਾਅਦ ਮੇਰੇ ਵਾਂਗ ਗੁਰਮੀਤ ਸਿੰਘ ਮਾਨ ਵੀ ਗੈਸਟ ਲੈਕਚਰਾਰ ਬਣ ਕੇ ਆ ਗਿਆ। ੳ॥ਸ ਸਮੇਂ ਟ੍ਰਿਬਿਊਨ ਦਾ ਸਪੋਰਟਸਸਟਿੰਗਰ ਸੀ।ਇਸ ਮਹਿਮਾਨ ਅਧਿਆਪਕ ਵਾਲੀ ਨੌਕਰੀ ਸਮੇਂ ਸਾਨੂੰ 18 ਰੁਪਏ ਪ੍ਰਤੀ ਲੈਕਚਰ ਸੇਵਾ ਫ਼ਲ ਮਿਲਦਾ ਸੀ। ਇਸ ਨੌਕਰੀ ਦੇ ਨਾਲ ਨਾਲ ਮੈਂ ਅਹਿਮਦਗੜ੍ਹ ਮੰਡੀ ਤੋਂ ‘ਮੰਚ’ ਮਾਸਿਕ ਦਾ ਸੰਪਾਦਨ ਵੀ ਕਰਦਾ ਸੀ। ‘ਮੰਚ’ ਵਰਗੇ ਪਰਚੇ ਖਰਚੇ ਦਾ ਘਰ ਸਨ ਅਤੇ ਆਮਦਨ ਦਾ ਕੋਈ ਸਾਧਨ ਨਹੀਂ ਸੀ। ਇਹ ਸੋਚ ਕੇ ਲਿਖਦੇ ਵੀ ਰਹੇ ਅਤੇ ਆਪਣੀ ਮੰਜ਼ਿਲ ਵੱਲ ਵਧਣ ਦਾ ਯਤਨ ਵੀ ਕਰਦੇ ਰਹੇ:”ਜੋ ਜੂਝਦੇ ਹਨਉਹੀ ਲਹਿਰਾਂ ਦੇ ਰੁੱਖ ਬਦਲਦੇ ਹਨ,ਵਕਤ ਦੇ ਸੀਸ ਤੇਕਲਗੀ ਬਣ ਲਿਸ਼ਕਦੇ ਹਨ”ਇਉਂ ਅਸੀਂ ਤਾਰਿਆਂ ਨਾਲ ਸੰਵਾਦ ਰਚਾਉਂਦੇ ਸਾਂ ਅਤੇ ਅੰਬਰਾਂ ਵਿੱਚ ਉਡਾਰੀਆਂ ਭਰਦੇ ਸਾਂ। ਉਂਝ ਉਸ ਸਮੇਂ ਵੀ ਭਰਮ ਭੁਲੇਖਿਆਂ ਤੋਂ ਦੂਰ ਸਾਂ। ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਇੱਕ ਪਿਆਰੇ ਚਿਹਰੇ ਨੇ ਦਿਲ ਦੇ ਦਰ ‘ਤੇ ਦਸਤਕ ਦਿੱਤੀ ਤਾਂ ਮੈਂ ਆਪਣੇ ਪੱਤਰ ਵਿੱਚ ਜਵਾਬ ਲਿਖਿਆ ਸੀ ਕਿ:ਪਿਆਰਾਂ ਦੀ ਕਹਾਣੀ ਕੌਣ ਕਰੇਜਦੋਂ ਮਸਲੇ ਹਨ ਰੁਜ਼ਗਾਰਾਂ ਦੇਇਉਂ ਪੰਜਾਬੀ ਟ੍ਰਿਬਿਊਨ ਦੀ ਪੱਤਰ ਪ੍ਰੇਰਕੀ, ‘ਮੰਚ’ ਦੀ ਸੰਪਾਦਨਾ ਅਤੇ ਮਹਿਮਾਨ ਪ੍ਰਾਅਧਿਆਪਕੀ ਹੀ ਸਾਡਾ ਰੁਜ਼ਗਾਰ ਸੀ ਪਰ ਅਸਲੀ ਅਰਥਾਂ ਵਿੱਚ ਮੈਂ ਬੇਰੁਜ਼ਗਾਰ ਹੀ ਸਾਂ। ਇਹਨਾਂ ਦਿਨਾਂ ਵਿੱਚ ਗਾਲਿਬ ਦੇ ਹੇਠ ਲਿਖੇ ਸ਼ੇਅਰ ਬਹੁਤ ਚੰਗੇ ਲੱਗਦੇ ਸੀ:ਕਰਜ਼ ਕੀ ਪੀਤੇ ਥੇ ਮੈਅ ਲੇਕਿਨ ਸਮਝਤੇ ਥੇ ਕਿ ਹਾਂਰੰਗ ਲਾਏਗੀ ਹਮਾਰੀ ਫ਼ਾਕਾ-ਮਸਤੀ ਏਕ ਦਿਨ।ਇਹਨਾਂ ਹੀ ਦਿਨਾਂ ਵਿੱਚ ਦਰਬਾਰਾ ਸਿੰਘ ਜੌਹਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਸਰਦਾਰਾ ਸਿੰਘ ਜੌਹਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਨਵਜੀਤ ਸਿੰਘ ਜੌਹਲ ਨੂੰ ਪੱਕਾ ਲੈਕਚਰਾਰ ਲਗਾ ਲਿਆ ਗਿਆ ਅਤੇ ਕਾਂਗਰਸੀ ਨੇਤਾ ਬ੍ਰਹਮ ਮਹਿੰਦਰਾ ਦੇ ਦੋਸਤ ਗੁਰਮੀਤ ਮਾਨ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਬਣ ਗਏ ਅਤੇ ਮੈਂ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਿਆ।ਯੂਨੀਵਰਸਿਟੀ ਦੀ ਗੈਸਟ ਲੈਕਚਰਾਰਸ਼ਿਪ ਤੋਂ ਮੈਨੂੰ ਫ਼ਾਰਗ ਕਰ ਦਿੱਤਾ ਗਿਆ ਕਿਉਂਕਿ ਪੱਤਰਕਾਰੀ ਵਿਭਾਗ ਨੂੰ ਮੇਰੀ ਲੋੜ ਨਹੀਂ ਰਹਿ ਗਈ ਸੀ। ਉਸ ਸਮੇਂ ਪੱਤਰਕਾਰੀ ਵਿਭਾਗ ਵਿੱਚ ਸਿਰਫ਼ ਬੈਚਲਰ ਕੋਰਸ ਹੀ ਚਲਦਾ ਸੀ। ਉਸ ਵਿੱਚ ਉਹੀ ਵਿਦਿਆਰਥੀ ਦਾਖ਼ਲਾ ਲੈਂਦੇ ਸਨ ਜਿਹਨਾਂ ਦਾ ਦਿਲ ਯੂਨੀਵਰਸਿਟੀ ਨਾਲ ਲੱਗ ਗਿਆ ਹੁੰਦਾ ਸੀ, ਜੋ ਯੂਨੀਵਰਸਿਟੀ ਨਹੀਂ ਛੱਡਣਾ ਚਾਹੁੰਦੇ ਸਨ ਜਾਂ ਜਿਹਨਾਂ ਵਿਦਿਆਰਥੀਆਂ ਨੇ ਲੀਡਰੀ ਕਰਨੀ ਹੁੰਦੀ ਸੀ।ਖੱਬੇ ਪੱਖੀ ਜਥੇਬੰਦੀਆਂ ਦੇ ਸਾਰੇ ਲੀਡਰ ਆਪਣੀ ਆਪਣੀ ਐਮ. ਏ. ਕਰਨ ਤੋਂ ਬਾਅਦ ਬੀ. ਜੇ. ਐਮ. ਸੀ. ਵਿੱਚ ਦਾਖਲਾ ਲੈ ਲੈਂਦੇ ਸਨ। ਇੱਕ ਕੋਰਸ ਲਈ ਦੋ ਤਿੰਨ ਅਧਿਆਪਕ ਬਹੁਤ ਸਨ। ਪ੍ਰੋ. ਨਾਗਪਾਲ ਤਾਂ ਮੇਰੀਆਂ ਸੇਵਾਵਾਂ ਜਾਰੀ ਰੱਖਣ ਦੇ ਹੱਕ ਵਿੱਚ ਸਨ ਪਰ ਉਪਰਲੇ ਹੁਕਮਾਂ ਕਾਰਨ ਮੈਨੂੰ ਪੱਕਾ ਕਰਾਉਣ ‘ਚ ਉਹ ਨਾਕਾਮ ਰਹੇ ਸਨ ਅਤੇ ਮੇਰਾ ਮਨ ਉਥੋਂ ਉਚਾਟ ਹੋ ਚੁੱਕਾ ਸੀ। ਮੈਨੂੰ ਇਹ ਬੇਇਨਸਾਫ਼ੀ ਲੱਗ ਰਹੀ ਸੀ। ਪੰਜਾਬੀ ਟ੍ਰਿਬਿਊਨ ਦੇ ਐਡੀਟਰ ਬਜਰਿੰਦਰ ਸਿੰਘ ਹਮਦਰਦ ਅਤੇ ਡਾ. ਐਸ. ਪੀ. ਸਿੰਘ ਮੈਨੂੰ ਇੰਟਰਵਿਊ ਤੋਂ ਪਹਿਲਾਂ ਕਾਫ਼ੀ ਹਾਊਸ ਵਿੱਚ ਮਿਲੇ। ਇੰਟਰਵਿਊ ਵਿੱਚ ਵਿਸ਼ਾ ਮਾਹਿਰ ਦੇ ਤੌਰ ‘ਤੇ ਸ਼ਾਮਲ ਹੋਣ ਆਏ ਹਮਦਰਦ ਸਾਹਿਬ ਕਹਿਣ ਲੱਗੇ, ”ਹਰਜਿੰਦਰ ਇਯ ਵਾਰ ਤਾਂ ਮੇਰਾ ਮੁਸ਼ਕਿਲ ਹੈ, ਫ਼ਿਰ ਕਦੇ ਮੌਕਾ ਮਿਲਿਆ ਤਾਂ ਵੇਖਾਂਗੇ।”’ਮੈਂ ਇੰਟਰਵਿਊ ਤਾਂ ਦੇਵਾਂ ਭਾਜੀ’ ਮੇਰੀ ਸਵਾਲ ਸੀ।’ਹਾਂ, ਹਾਂ ਕਿਉਂ ਨਹੀਂ। ਇਹ ਅਭਿਆਸ ਵੀ ਤਾਂ ਜ਼ਰੂਰੀ ਹੈ।’ ਉਹਨਾਂ ਦਾ ਜਵਾਬ ਸੀ।ਮੈਨੂੰ ਬੜਾ ਅਜੀਬ ਲੱਗਾ ਸੀ ਕਿ ਜੇ ਪਹਿਲਾਂ ਹੀ ਪਤਾ ਹੈ ਕਿ ਸਿਲੈਕਸ਼ਨ ਕਿਸਦੀ ਹੋਣੀ ਹੈ ਤਾਂ ਫ਼ਿਰ ਅਜਿਹੀਆਂ ਰਸਮੀ ਇੰਟਰਵਿਊਆਂ ਦਾ ਕੀ ਫ਼ਾਇਦਾ? ਫ਼ਿਰ ਮੈਨੂੰ ਯੂਨੀਵਰਸਿਟੀ ਸੇਵਾ ਦੌਰਾਨ ਪਤਾ ਲੱਗਾ ਕਿ ਸਾਡੀਆਂ ਯੂਨੀਵਰਸਿਟੀਆਂ ਵਿੱਚ ਬਹੁਤੀ ਵਾਰ ਬੰਦਾ ਦੇਖ ਕੇ ਹੀ ਇੰਟਰਵਿਊਆਂ ਕੀਤੀਆਂ ਜਾਂਦੀਆਂ ਹਨ। ਸਿਲੈਕਸ਼ਨ ਪ੍ਰਕਿਰਿਆ ਬਾਰੇ ਹੋਰ ਵੀ ਬੜਾ ਕੁਝ ਪਤਾ ਲੱਗਾ, ਜਿਸਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ। ਖੈਰ, ਇੰਟਰਵਿਊ ਵਿੱਚੋਂ ਰਿਜੈਕਟ ਹੋ ਕੇ ਮੈਂ ਸਿੱਧਾ ਅਹਿਮਦਗੜ੍ਹ ਚੱਲ ਪਿਆ ਸਾਂ। ਬੱਸ ਵਿੱਚ ਬੈਠੇ ਬੈਠੇ ਮੈਂ ਮਨ ਵਿੱਚ ਕਈ ਫ਼ੈਸਲੇ ਕਰ ਲਏ। ਮਨ ਦੀ ਹਾਥ ਕੌਣ ਪਾਸਕਦਾ ਹੈ। ਮੈਂ ਆਪਣੇ ਮਨ ਦੀਆਂ ਪਰਤਾਂ ਫ਼ਰੋਲਣ ਲੱਗਾ ਕਿ ਸ਼ਾਇਦ ਕੋਈ ਸਿਰਾ ਫ਼ੜ ਸਕਾਂ। ਮਨ ਦੀਆਂ ਰਮਜ਼ਾਂ ਦਾ ਭੇਦ ਤਾਂ ਨਹੀਂ ਸਮਝ ਸਕਿਆ ਪਰ ਕੁਝ ਫ਼ੈਸਲੇ ਜ਼ਰੂਰ ਕਰ ਲਏ। ਇੱਕ ਫ਼ੈਸਲਾ ਸੀ ਕਿ ਹੁਣ ‘ਮੰਚ’ ਬਾਹਰਲੀ ਪ੍ਰੈਸ ਤੋਂ ਨਹੀਂ ਛਪੇਗਾ ਅਤੇ ‘ਮੰਚ’ ਦੀ ਆਪਣੀ ਪ੍ਰੈਸ ਹੋਵੇਗੀ। ਮੇਰੇ ਲਈ ਇਹ ਸੌਖਾ ਕੰਮ ਨਹੀਂ ਸੀ। ਥਾਣੇਦਾਰ ਬਾਪੂ ਰਿਟਾਇਰ ਹੋ ਚੁੱਕਾ ਸੀ। ਦੁਨੀਆਂ ਦੀ ਨਜ਼ਰ ਵਿੱਚ ਮੈਂਵਿਹਲਾ ਸਾਂ ਕਿਉਂਕਿ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਸਾਂ ਜਾਂਫ਼ਿਰ ‘ਮੰਚ’ ਮਾਸਿਕ ਦਾ ਸੰਪਾਦਕ। ਦੋਵੇਂ ਕੰਮਾਂ ਵਿੱਚ ਆਮਦਨ ਨਹੀਂ ਸੀ, ਸਿਰਫ਼ ਖਰਚਾ ਹੀ ਹੁੰਦਾ ਸੀ। ਪ੍ਰੈਸ ਲਾਉਣ ਲਈ ਪੈਸਾ ਕਿੱਥੋਂਆਵੇ। ਇਸ ਸਵਾਲ ਦਾ ਜਵਾਬ ਲੱਭਦਾ ਲੱਭਦਾ ਮੈਂ ਮੰਡੀ ਅਹਿਦਮਗੜ੍ਹ ਪਹੁੰਚ ਗਿਆ ਸਾਂ। ਮਨ ਹੀ ਮਨ ਵਿੱਚ ਆਹ ਸ਼ੇਅਰ ਗੁਣਗੁਣਾਉਂਦਾ ਜਾ ਰਿਹਾ ਸਾਂ,ਕੁਛ ਕਰਨੇ ਕੇ ਲੀਏ ਮੌਸਮ ਨਹੀਂ ਮਨ ਚਹੀਏਸਾਧਨ ਸਭੀ ਜੁਟ ਜਾਏਂਗੇ ਸੰਕਲਪ ਕਾ ਧਨ ਚਹੀਏ।ਮੈਂ ਹਮੇਸ਼ਾ ਇਸ ਗੱਲ ਦਾ ਧਾਰਨੀ ਰਿਹਾ ਹਾਂ ਕਿ ਮਨ ਦੇ ਦੀਵਾਨੇ ਸੰਕਲਪਾਂ ਦੇ ਧਨੀ ਹੁੰਦੇ ਹਨ। ਸੰਕਲਪਾਂ ਦੇ ਧਨੀ ਵੱਡੇ-ਵੱਡੇ ਸਿਰਜਣਹਾਰੇ ਬਣਦੇ ਹਨ। ਮਨ ਦੇ ਸੰਕਲਪ ਸੁਪਨੇ ਅਤੇ ਹਕੀਕਤ ਵਿਚਕਾਰ ਪੁਲ ਬਣਦੇ ਹਨ। ਅਜਿਹੀ ਸੋਚ ਨੇ ਮਨ ਦੇ ਉਦਾਸ ਮੌਸਮ ਨੂੰ ਬਹਾਰ ਵਿੱਚ ਤਬਦੀਲ ਕਰ ਦਿੱਤਾ। ਕੁਝ ਹੀ ਦਿਨਾਂ ਵਿੱਚ ਮੈਂ ਬੈਂਕ ਤੋਂ ਕਰਜ਼ਾ ਲੈ ਕੇ ‘ਮੰਚ ਪ੍ਰਿੰਟਰਜ਼’ ਨਾਮ ਥੱਲੇ ਪ੍ਰਿਟਿੰਗ ਪ੍ਰੈੱਸ ਲਗਾ ਲਈ ਅਤੇ ‘ਮੰਚ’ ਦੇ ਨਾਲ ਨਾਲ ‘ਮੰਚ ਪਬਲੀਕੇਸ਼ਨ’ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ। ਇਉਂ ਯੂਨੀਵਰਸਿਟੀ ਦੀ ਪਹਿਲੀ ਸੇਵਾ ਮੁਕਤੀ ਤੋਂ ਆਜ਼ਾਦ ਹੋ ਕੇ ਕੰਮ ਸ਼ੁਰੂ ਕਰ ਦਿੱਤਾ। ਦਹਿਲੀਜ਼ ਰੋਡ ਵਾਲੇ ‘ਮੰਚ’ ਦਫ਼ਤਰ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ‘ਮੰਚ’ ਵਿੱਚ ਪ੍ਰੋ. ਅਮਰਜੀਤ ਪਰਾਗ ‘ਕਾਲ ਚੱਕਰ’ ਨਾਮ ਦਾ ਸਿਆਸੀ ਕਾਲਮ ਲਿਖਣ ਲੱਗ ਪਏ ਅਤੇ ਡਾ. ਐਸ. ਐਸ. ਦੁਸਾਂਝ ਦੇ ਸਿਆਸੀ ਲੇਖ ਵੀ ‘ਮੰਚ’ ਨੂੰ ਮਿਲਦੇ ਸਨ।ਡਾ. ਆਤਮ ਹਮਰਾਹੀ ਸਾਹਿਤ ਵਾਲਾ ਪੱਖ ਦੇਖਦੇ ਸਨ।ਗੱਲ ਕੀ ਪੈਸੇ ਤੋਂ ਬਿਨਾਂ ਸਭ ਕੁਝ  ਠੀਕ ਚੱਲ ਰਿਹਾ ਸੀ। ਪੈਸਾ ਕਮਾਉਣ ਲਈ ਪ੍ਰੈਸ ਵਿੱਚ ਜਾਬ ਵਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਪ੍ਰੈਸ ਦੇ ਕੰਮਾਂ ਵਿੱਚ ਇੰਨਾ ਰੁੱਝ ਗਿਆ ਸਾਂ ਕਿ ਯੂਨੀਵਰਸਿਟੀ ਦੀ ਨੌਕਰੀ ਦਾ ਚੇਤਾ ਵੀ ਵਿੱਸਰ ਗਿਆ ਸੀ। ਅਜਿਹੇ ਹੀ ਦਿਨਾਂਵਿੱਚ ਅਚਾਨਕ ਮੇਰੇ ਪੁਰਾਣੇ ਵਿਦਿਆਰਥੀ ਵਿਜੈ ਰਤਨ, ਅਮਰਜੀਤ ਸਿੰਘ ਵੜੈਚ ਅਤੇ ਭੁਪਿੰਦਰ ਸਿੰਘ ਬੱਤਰਾ ਅਹਿਮਦਗੜ੍ਹ ਪ੍ਰੈਸ ਵਿੱਚ ਪਹੁੰਚ ਗਏ ਅਤੇ ਕਹਿਣ ਲੱਗੇ ”ਸਰ, ਐਮ. ਜੇ. ਐਮ. ਸੀ. ਸ਼ੁਰੂ ਕਰਨੀ ਹੈ। ਉਸ ਲਈ ਸ਼ਰਤ ਹੈ ਕਿ ਇੱਕ ਹੋਰ ਲੈਕਚਰਾਰ ਹੋਵੇ। ਸੋ, ਸਾਡੀ ਬੇਨਤੀ ਸਵੀਕਾਰ ਕਰੋ ਅਤੇ ਇੱਕ ਵਾਰ ਫ਼ਿਰ ਯੂਨੀਵਰਸਿਟੀ ਦਾ ਪੱਤਰਕਾਰੀ ਵਿਭਾਗ ਜੁਆਇਨ ਕਰੋ। ਇਹ ਸਿਰਫ਼ ਅਸੀਂ ਨਹੀਂ ਕਹਿ ਰਹੇ, ਪ੍ਰੋ. ਨਾਗਪਾਲ ਸਾਹਿਬ ਵੀ ਇਹੀ ਚਾਹੁੰਦੇ ਸਨ।”’ਯਾਰ, ਬੜੀ ਮੁਸ਼ਕਿਲ ਨਾਲ ਬਿਜਨਸ ਸੈਟ ਹੋਣ ਲੱਗਾ ਹੈ। ਹੁਣ ਮੈਂ ਰਿਸਕ ਨਹੀ ਲੈ ਸਕਦਾ। ਨਾਲੇ 18 ਰੁਪਏ ਪ੍ਰਤੀ ਲੈਕਚਰ ‘ਤੇ ਕੰਮ ਕਰਨਾ ਔਖਾ।’ ਮੇਰਾ ਸਵਾਲ ਸੀ। ‘ਤੁਸੀਂ ਇੱਕ ਵਾਰ ਨਾਗਪਾਲ ਸਾਹਿਬ ਨੂੰ ਮਿਲ ਲਵੋ। ਕੱਲ੍ਹ ਯੂਨੀਵਰਸਿਟੀ ਜ਼ਰੂਰ ਆਉਣਾ। ਦੋ ਦਿਨਾਂ ਬਾਅਦ ਸਿੰਡੀਕੇਟ ਹੈ। ਉਸ ਤੋਂ ਪਹਿਲਾਂ ਤੁਸੀਂ ਜੁਆਇਨ ਕਰਨਾ ਹੈ ਤਾਂ ਹੀ ਕੋਰਸ ਸ਼ੁਰੂ ਹੋ ਸਕੇਗਾ।’ ਤਿੰਨਾਂ ਨੇ ਬਹੁਤ ਜ਼ੋਰ ਨਾਲ ਕਿਹਾ।ਇਹ ਦੂਜਾ ਮੌਕਾ ਸੀ ਜਦੋਂ ਮੈਂ ਫ਼ਿਰ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਗੈਸਟ ਲੈਕਚਰਾਰ ਜਾ ਲੱਗਾ ਸੀ।