ਪ੍ਰਦੁਮਨ ਕਤਲ ਕਾਂਡ : 13 ਦਸੰਬਰ ਨੂੰ ਤੈਅ ਹੋਵੇਗਾ ਮੁਲਜ਼ਮ ਵਿਦਿਆਰਥੀ ਦੇ ਭਵਿੱਖ ਦਾ ਫੈਸਲਾ

ਸੋਹਨਾ — ਪ੍ਰਦੁਮਨ ਮਰਡਰ ਮਾਮਲੇ ‘ਚ ਸੀ.ਬੀ.ਆਈ. ਵਲੋਂ ਪਟੀਸ਼ਨ ਦਾਇਰ ਕੀਤੀ ਗਈ, ਜਿਸ ‘ਚ ਕਤਲ ਦੇ ਨਾਬਾਲਗ ਮੁਲਜ਼ਮ ਵਿਦਿਆਰਥੀ ‘ਤੇ ਬਾਲਗ ਦੀ ਤਰ੍ਹਾਂ ਕੇਸ ਚੱਲੇ ਜਾਂ ਨਹੀਂ ਅਤੇ ਵਿਦਿਆਰਥੀ ਦੀਆਂ ਉਂਗਲੀਆਂ ਦੇ ਨਿਸ਼ਾਨ ਲੈਣ ਲਈ ਸੁਣਵਾਈ ਪੂਰੀ ਹੋ ਗਈ ਹੈ। ਇਸ ਮਾਮਲੇ ‘ਚ ਜੁਵੇਨਾਈਲ ਜਸਟਿਸ ਬੋਰਡ ਨੇ 13 ਦਸੰਬਰ ਤੱਕ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਦਰਅਸਲ ਪ੍ਰਦੁਮਨ ਦੇ ਪਿਤਾ ਵਰੁਣ ਠਾਕੁਰ ਨੇ ਬੋਰਡ ‘ਚ ਪਟੀਸ਼ਨ ਦਾਇਰ ਕਰਕੇ ਦੋਸ਼ੀ ਵਿਦਿਆਰਥੀ ਦੇ ਖਿਲਾਫ ਬਾਲਗ ਦੀ ਤਰ੍ਹਾਂ ਮਾਮਲਾ ਚਲਾਉਣ ਦੀ ਮੰਗ ਕੀਤੀ ਸੀ। ਜੁਵੇਨਾਈਲ ਜਸਟਿਸ ਬੋਰਡ ‘ਚ ਠਾਕੁਰ ਦੀ ਪਟੀਸ਼ਨ ‘ਤੇ ਦੋਸ਼ੀ ਵਿਦਿਆਰਥੀ ਦੇ ਪਿੰਗਰ ਪ੍ਰਿੰਟਸ ਨੂੰ ਲੈ ਕੇ 2 ਘੰਟੇ ਤੱਕ ਸੁਣਵਾਈ ਹੋਈ। ਇਸ ਦੌਰਾਨ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੇ ਕੁਝ ਦਸਤਾਵੇਜ਼ ਬੰਦ ਲਿਫਾਫੇ ‘ਚ ਅਦਾਲਤ ਨੂੰ ਸੌਂਪੇ। ਇਸ ਤੋਂ ਬਾਅਦ ਬੋਰਡ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ।
ਦੂਸਰੇ ਪਾਸੇ ਵਿਦਿਆਰਥੀ ਦੇ ਪਿਤਾ ਨੇ ਇਕ ਹੋਰ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ‘ਤੇ ਦੋਸ਼ ਲਗਾਇਆ ਹੈ ਕਿ ਸੀ.ਬੀ.ਆਈ. ਨੇ ਅਦਾਲਤ ਵਲੋਂ ਪੁੱਛਗਿੱਛ ਲਈ ਨਿਸ਼ਚਿਤ ਕੀਤੇ ਗਏ ਸਮੇਂ ਤੋਂ ਜ਼ਿਆਦਾ ਸਮਾਂ ਪੁੱਛਗਿੱਛ ਕੀਤੀ । ਜਿਸ ‘ਤੇ ਸੀ.ਬੀ.ਆਈ. ਨੇ ਆਪਣਾ ਜਵਾਬ ਦਾਖਿਲ ਕੀਤਾ ਪਰ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੇ ਆਪਣੀ ਪਟੀਸ਼ਨ ਨੂੰ ਅੱਜ ਵਾਪਸ ਲੈ ਲਿਆ ਸੀ।
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਰਿਆਨ ਸਕੂਲ ‘ਚ 7 ਸਾਲ ਦੇ ਪ੍ਰਦੁਮਨ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਹਰਿਆਣਾ ਪੁਲਸ ਨੇ ਉਸੇ ਦਿਨ ਸਕੂਲ ਦੇ ਬੱਸ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ‘ਚ ਮਾਮਲਾ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਪਲਟ ਗਿਆ ਸੀ। ਸੀ.ਬੀ.ਆਈ. ਨੇ ਦਾਅਵਾ ਕੀਤਾ ਕਿ ਸਕੂਲ ਦੇ ਹੀ ਵਿਦਿਆਰਥੀ ਨੇ ਪੀ.ਟੀ.ਐੱਮ. ਅਤੇ ਪ੍ਰੀਖਿਆ ਤੋਂ ਬਚਣ ਲਈ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਸੀ.ਬੀ.ਆਈ. ਦੀ ਜਾਂਚ ਹਰਿਆਣਾ ਪੁਲਸ ਦੀ ਭੂਮਿਕਾ ‘ਤੇ ਕਈ ਗੰਭੀਰ ਦੋਸ਼ ਲੱਗੇ ਸਨ। ਕੰਡਕਟਰ ਨੂੰ ਜ਼ਮਾਨਤ ਮਿਲ ਚੁੱਕੀ ਹੈ।