ਫਰੈਂਡਲੀ ਮੈਚ ਖੇਡਣ ਵਾਲੇ ਬਾਦਲ ਸੜਕਾਂ ‘ਤੇ ਧਰਨੇ ਲਾ ਕੇ ਕਰ ਰਹੇ ਹਨ ਡਰਾਮੇਬਾਜ਼ੀ
ਚੰਡੀਗੜ- ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਨਗਰ ਕੌਂਸਲ ਚੋਣਾਂ ਦੌਰਾਨ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੋਕਤੰਤਰ ਲਈ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੇ ਹੱਥ ਪੰਜਾਬ ਦੀ ਸੱਤਾ ਆਉਦੀ ਹੈ ਤਾਂ ਸੱਤਾ ਦੇ ਹੰਕਾਰ ਵਿਚ ਬਦਲੇਖੋਰੀ, ਝੂਠੇ ਪਰਚੇ ਅਤੇ ਧੱਕੇਸ਼ਾਹੀਆਂ ਕਰਨਾ ਇਹਨਾਂ ਦੀ ਸਾਂਝੀ ਫ਼ਿਤਰਤ ਹੈ।
‘ਆਪ’ ਵਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਅੱਜ ਸੜਕਾਂ ਉਤੇ ਧਰਨੇ ਲਾ ਕੇ ਲੋਕਾਂ ਨੂੰ ਗੁੰਮਰਾਹ ਅਤੇ ਪਰੇਸ਼ਾਨ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਆਪਣੀਆਂ 10 ਸਾਲਾਂ ਦੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਉਤੇ ਪਰਦੇ ਨਹੀਂ ਪਾ ਸਕਦੇ। ਉਨਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਬਾਦਲ ਅਤੇ ਪਟਿਆਲਾ ਦਾ ਸ਼ਾਹੀ ਘਰਾਣਾ ਆਪਸ ਵਿਚ ਇਕ-ਮਿੱਕ ਹੈ, ਪਰੰਤੂ ਹੇਠਲੇ ਪੱਧਰ ‘ਤੇ ਲੋਕਾਂ ਨੂੰ ਆਪਸ ‘ਚ ਲੜਾ ਰਹੇ ਹਨ ਕਿਉਕਿ ਇਹ ਚੰਗੀ ਤਰਾਂ ਜਾਣਦੇ ਹਨ ਕਿ ਪਾਰਟੀ ਦੇ ਨਾਂ ‘ਤੇ ਪੈਦਾ ਕੀਤੀ ਧੜੇਬੰਦੀ ਜਿੰਨੀ ਤਿੱਖੀ ਹੋਵੇਗੀ ਉਨੀਂ ਹੀ ਇਨਾਂ ਦੀ ਸਿਆਸੀ ਦੁਕਾਨ ਵੱਧ ਚੱਲੇਗੀ। ਇਸ ਲਈ ਪੰਜਾਬ ਦੀ ਜਨਤਾ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਇਹਨਾਂ ਨੂੰ ਸਬਕ ਸਿਖਾਵੇ।
ਅਮਨ ਅਰੋੜਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਚੋਣਾਂ ਵਿਚ ਉਹੀ ਮੁੱਦੇ ਅਤੇ ਸਮੱਸਿਆਵਾਂ ਹਨ ਜੋ 70 ਸਾਲ ਪਹਿਲਾਂ ਸਨ। ਬਿਜਲੀ, ਪਾਣੀ, ਸੀਵਰੇਜ, ਸਫਾਈ, ਬਿਜਲੀ ਦੀਆਂ ਤਾਰਾਂ ਦੇ ਜਾਲ, ਗਲੀਆਂ-ਨਾਲੀਆਂ, ਸਿਹਤ ਸੇਵਾਵਾਂ ਅਤੇ ਸਕੂਲ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਅੱਜ ਵੀ ਜਿਉ ਦੀ ਤਿਉ ਹੈ। ਅਣਗਿਣਤ ਸਮੱਸਿਆਵਾਂ ਅਤੇ ਮੁਸ਼ਕਲਾਂ ‘ਚ ਘਿਰੇ ਆਮ ਲੋਕਾਂ ਦੀ ਕਿਸੇ ਥਾਂ ਕੋਈ ਸੁਣਵਾਈ ਨਹੀਂ, ਭਿ੍ਰਸ਼ਟਾਚਾਰ ਸਿਖਰਾਂ ‘ਤੇ ਹੈ। ਇਸ ਲਈ ਬਾਦਲ ਅਤੇ ਕੈਪਟਨ ਦੋਵੇਂ ਬਰਾਬਰ ਦੇ ਜਿੰਮੇਵਾਰ ਹਨ, ਜਿੰਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ।