ਹੁਮਾ ਕੁਰੈਸ਼ੀ ਅਜੋਕੇ ਦੌਰ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ ਗ਼ੈਰ ਰਵਾਇਤੀ ਕਿਰਦਾਰ ਚੁਣੇ ਹਨ। ਉਸ ਦੇ ਕਰੀਅਰ ਦੀ ਸ਼ੁਰੂਆਤ ਹੀ ‘ਗੈਂਗਸ ਆਫ਼ ਵਾਸੇਪੁਰ’ ਵਰਗੀ ਫ਼ਿਲਮ ਤੋਂ ਹੋਈ। ਉਸਤੋਂ ਬਾਅਦ ਉਸ ਦੀ ਫ਼ਿਲਮ ‘ਬਦਲਾਪੁਰ’ ਵਿੱਚ ਉਸ ਦੇ ਕਿਰਦਾਰ ਨੂੰ ਬਹੁਤ ਤਾਰੀਫ਼ ਮਿਲੀ। ਅਕਸ਼ੈ ਕੁਮਾਰ ਨਾਲ ਪਿਛਲੇ ਦਿਨਾਂ ਵਿੱਚ ਜਿੱਥੇ ਉਹ ਹਿੱਟ ਫ਼ਿਲਮ ‘ਜੌਲੀ ਐੱਲਐੱਲਬੀ 2’ ਵਿੱਚ ਵਿਖਾਈ ਦਿੱਤੀ, ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਕਈ ਵੱਖ- ਵੱਖ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ। ਗੁਰਿੰਦਰ ਚੱਢਾ ਨਿਰਦੇਸ਼ਿਤ ‘ਵਾਈਸਰੌਇ’ਜ਼ ਹਾਊਸ’ ਤੋਂ ਉਹ ਹੌਲੀਵੁਡ ਵਿੱਚ ਵੀ ਪ੍ਰਵੇਸ਼ ਕਰ ਚੁੱਕੀ ਹੈ। ਇਸ ਤੋਂ ਇਲਾਵਾ 2014 ਵਿੱਚ ਆਈ ਹੌਲੀਵੁੱਡ ਦੀ ਡਰਾਉਣੀ ਫ਼ਿਲਮ ‘ਅਕਿਉਲਸ’ ਦੀ ਹਿੰਦੀ ਰੀਮੇਕ ‘ਦੁਬਾਰਾ’ ਵਿੱਚ ਉਹ ਪਹਿਲੀ ਵਾਰ ਆਪਣੇ ਭਰਾ ਅਭਿਨੇਤਾ ਸਾਕਿਬ ਸਲੀਮ ਨਾਲ ਵੀ ਨਜ਼ਰ ਆਈ। ਪੇਸ਼ ਹਨ ਹੁਮਾ ਕੁਰੈਸ਼ੀ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼।
– ਤੁਸੀਂ ਫ਼ਿਲਮਾਂ ਕਿਸ ਆਧਾਰ ਉੱਤੇ ਚੁਣਦੇ ਹੋ। ਤੁਸੀਂ ਚੰਗੇ ਕਿਰਦਾਰ ਨੂੰ ਤਰਜੀਹ ਦਿੰਦੀ ਹੋ ਜਾਂ ਵੱਡੇ ਨਾਂ ਨੂੰ ?
– ਵੇਖੋ, ਕੁਝ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਬਹੁਤ ਚੰਗੀਆਂ ਹੁੰਦੀਆਂ ਹਨ ਅਤੇ ਜਿਸ ਵਿੱਚ ਬਹੁਤ ਚੰਗਾ ਸੰਦੇਸ਼ ਹੁੰਦਾ ਹੈ ਤਾਂ ਤੁਸੀਂ ਉਸਦਾ ਹਿੱਸਾ ਬਣਨਾ ਚਾਹੁੰਦੇ ਹੋ, ਪਰ ਆਮ ਤੌਰ ‘ਤੇ ਮੈਂ ਪਟਕਥਾ ਅਤੇ ਆਪਣਾ ਰੋਲ ਸਭ ਤੋਂ ਪਹਿਲਾਂ ਵੇਖਦੀ ਹਾਂ। ਕਿਸੇ ਇੱਕ ਪਹਿਲੂ ਨੂੰ ਲੈ ਕੇ ਫ਼ਿਲਮ ਬਾਰੇ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਸਾਰੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ ਹਨ।
ਬੌਲੀਵੁਡ ਵਿੱਚ ਅਭਿਨੇਤਰੀਆਂ ਨੂੰ ਇੱਕ ਖ਼ਾਸ ਤਰ੍ਹਾਂ ਦੇ ਢਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਹਾਡੀ ਇਸ ਸਬੰਧੀ ਕੀ ਰਾਇ ਹੈ?
– ਹਰ ਅਭਿਨੇਤਰੀ ਨੂੰ ਇੱਕ ਖ਼ਾਸ ਤਰ੍ਹਾਂ ਦੇ ਸਾਂਚੇ ਜਾਂ ਢਾਂਚੇ ਵਿੱਚ ਭਲਾ ਕਿਵੇਂ ਢਾਲਿਆ ਜਾ ਸਕਦਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਹਰ ਕੋਈ ਵੱਖ ਹੈ। ਸਾਰੇ ਵਿਲੱਖਣ ਹਨ। ਮੇਰਾ ਮੰਨਣਾ ਹੈ ਕਿ ਚਾਹੇ ਮਰਦ ਹੋਵੇ ਜਾਂ ਔਰਤ ਖ਼ਾਸ ਤੌਰ ਉੱਤੇ ਔਰਤਾਂ ਨੂੰ ਅਸਲ ਰਹਿਣ ਲਈ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਉਹ ਅਸਲ ਵਿੱਚ ਜੋ ਵੀ ਹੋਣ, ਉਸਦੀ ਸੋਚ ਹੋਵੇ, ਕੱਪੜੇ ਪਹਿਨਣ ਦਾ ਢੰਗ ਹੋਵੇ, ਕੋਈ ਸ਼ੌਕ ਹੋਵੇ। ਭੇਡਚਾਲ ਨਹੀਂ ਹੋਣੀ ਚਾਹੀਦੀ। ਜੇਕਰ ਤੁਸੀਂ ਅਜਿਹੀਆਂ ਦਿਖਾਈ ਦਿੰਦੀਆਂ ਹੋ ਤਾਂ ਸਭ ਕੁਝ ਠੀਕ ਹੈ, ਜੇ ਨਹੀਂ ਹੈ ਤਾਂ ਸਭ ਕੁਝ ਖ਼ਰਾਬ ਹੈ।
– ਫ਼ਿਲਮ ਸਨਅੱਤ ਵਿੱਚ ਮੁਕਾਬਲੇਬਾਜ਼ੀ ਆਮ ਗੱਲ ਹੈ। ਕੀ ਤੁਸੀਂ ਵੀ ਅਜਿਹੀ ਭਾਵਨਾ ਮਹਿਸੂਸ ਕਰਦੇ ਹੋ?
– ਮੈਂ ਕਿਸੇ ਨਾਲ ਮੁਕਾਬਲਾ ਕਰਨ ਦੇ ਬਜਾਏ ਆਪਣੇ ਕੰਮ ਨੂੰ ਲੈ ਕੇ ਜ਼ਿਆਦਾ ਜਨੂੰਨੀ ਹਾਂ। ਮੈਂ ਦੂਜੀਆਂ ਅਭਿਨੇਤਰੀਆਂ ਤੋਂ ਪ੍ਰੇਰਿਤ ਜ਼ਰੂਰ ਹੁੰਦੀ ਹਾਂ ਕਿ ਉਸਨੇ ਬਹੁਤ ਚੰਗਾ ਕੰਮ ਕੀਤਾ ਹੈ। ਮੁਕਾਬਲੇ ਦਾ ਮੈਨੂੰ ਨਹੀਂ ਪਤਾ ਕਿਉਂਕਿ ਜੇਕਰ ਉਹੀ ਕਿਰਦਾਰ ਮੈਨੂੰ ਨਿਭਾਉਣ ਨੂੰ ਦਿੱਤਾ ਜਾਂਦਾ ਤਾਂ ਮੈਂ ਸ਼ਾਇਦ ਬਹੁਤ ਵੱਖ ਤਰੀਕੇ ਤੋਂ ਕਰਦੀ। ਮੈਂ ਇਹ ਨਹੀਂ ਕਹਿੰਦੀ ਕਿ ਕੌਣ ਬਿਹਤਰ ਹੈ, ਚੰਗੀ ਗੱਲ ਇਹ ਹੈ ਕਿ ਅੱਜ ਸਾਰੀਆਂ ਅਭਿਨੇਤਰੀਆਂ ਲਈ ਚੰਗੇ ਕਿਰਦਾਰ ਲਿਖੇ ਜਾ ਰਹੇ ਹਨ ਅਤੇ ਸਾਰੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ।
– ਫ਼ਿਲਮ ‘ਦੁਬਾਰਾ’ ਵਿੱਚ ਤੁਸੀਂ ਆਪਣੇ ਭਰਾ ਦੇ ਨਾਲ ਕੰਮ ਕੀਤਾ। ਇਹ ਵਿਚਾਰ ਕਿਸਦਾ ਸੀ?
– ਮੈਨੂੰ ਫ਼ਿਲਮ ਦੇ ਨਿਰਮਾਤਾ ਦਾ ਫ਼ੋਨ ਆਇਆ ਕਿ ਕੀ ਤੁਸੀਂ ਹੌਲੀਵੁੱਡ ਦੀ ਫ਼ਿਲਮ ‘ਅਕਿਉਲਸ’ ਵੇਖੀ ਹੈ ਜੋ ਉੱਥੇ 2012 ਦੀ ਸੁਪਰਹਿੱਟ ਫ਼ਿਲਮ ਹੈ। ਮੈਂ ਕਿਹਾ – ਨਹੀਂ । ਫ਼ਿਰ ਉਨ੍ਹਾਂ ਨੇ ਦੱਸਿਆ ਕਿ ਉਹ ਭਰਾ-ਭੈਣ ਉੱਤੇ ਅਲੌਕਿਕ ਕਹਾਣੀ ਉੱਤੇ ਆਧਾਰਿਤ ਫ਼ਿਲਮ ਹੈ। ਜੇਕਰ ਤੁਸੀਂ ਫ਼ਿਲਮ ਕਰਨ ਵਿੱਚ ਦਿਲਚਸਪੀ ਲੈਂਦੇ ਹੋ ਤਾਂ ਫ਼ਿਰ ਮੈਂ ਅੱਗੇ ਗੱਲ ਕਰਾਂਗਾ। ਸਾਕਿਬ ਨਾਲ ਮੈਂ ਗੱਲ ਕਰ ਚੁੱਕਿਆ ਹਾਂ। ਮੈਂ ਫ਼ਿਲਮ ਵੇਖੀ ਤਾਂ ਉਸ ਦੀ ਕਹਾਣੀ ਬਹੁਤ ਚੰਗੀ ਲੱਗੀ, ਇਸ ਲਈ ਮੈਂ ਫ਼ਿਲਮ ਕਰਨ ਲਈ ਤਿਆਰ ਹੋ ਗਈ।
– ਪਹਿਲੀ ਵਾਰ ਭਰਾ ਸਾਕਿਬ ਸਲੀਮ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ?
– ਇਹ ਬਹੁਤ ਮੁਸ਼ਕਿਲ, ਪਰ ਬਹੁਤ ਮਜ਼ੇਦਾਰ ਅਨੁਭਵ ਸੀ। ਹਾਲਾਂਕਿ ਮੈਂ ਆਪਣੇ ਆਪ ਨੂੰ ਅਸਲ ਜ਼ਿੰਦਗੀ ਤੋਂ ਤੋੜ ਨਹੀਂ ਪਾ ਰਹੀ ਸੀ, ਇਸ ਲਈ ਕਿਤੇ ਜ਼ਿਆਦਾ ਮੁਸ਼ਕਿਲ ਲੱਗ ਰਿਹਾ ਸੀ। ਸੌਖੀ ਗੱਲ ਇਹ ਸੀ ਕਿ ਅਸੀਂ ਫ਼ਿਲਮ ਵਿੱਚ ਵੀ ਭਰਾ-ਭੈਣ ਦਾ ਹੀ ਕਿਰਦਾਰ ਕਰ ਰਹੇ ਸੀ, ਵਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ।
– ਤੁਸੀਂ ਹੌਲੀਵੁੱਡ ਅਤੇ ਬੌਲੀਵੁੱਡ ਦੀਆਂ ਡਰਾਉਣੀਆਂ ਫ਼ਿਲਮਾਂ ਵਿੱਚ ਕੀ ਅੰਤਰ ਦੇਖਦੇ ਹੋ?
– ਮੇਰਾ ਮੰਨਣਾ ਹੈ ਕਿ ਹਿੰਦੁਸਤਾਨ ਵਿੱਚ ਬਹੁਤ ਘੱਟ ਚੰਗੀਆਂ ਡਰਾਉਣੀਆਂ ਫ਼ਿਲਮਾਂ ਬਣਦੀਆਂ ਹਨ ਅਤੇ ਜੋ ਬਣਦੀਆਂ ਹਨ, ਉਨ੍ਹਾਂ ਨੂੰ ਦਰਸ਼ਕ ਨਹੀਂ ਵੇਖਦੇ ਜਦੋਂਕਿ ਹੌਲੀਵੁੱਡ ਦੀਆਂ ਡਰਾਉਣੀਆਂ ਫ਼ਿਲਮਾਂ ਦੇ ਦਰਸ਼ਕ ਹਰ ਉਮਰ ਵਰਗ ਦੇ ਲੋਕ ਹੁੰਦੇ ਹਨ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੈਂ ਅਤੇ ਸਾਕਿਬ ਡਰਾਉਣੀਆਂ ਫ਼ਿਲਮਾਂ ਵੇਖਦੇ ਸਨ, ਚਾਹੇ ਉਹ ਇੰਡੀਅਨ ਹੋਵੇ ਜਾਂ ਵਿਦੇਸ਼ੀ। ਇਸ ਤੋਂ ਇਲਾਵਾ ਉਨ੍ਹਾਂ ਦਿਨਾਂ ਦੇ ਅਜਿਹੇ ਸ਼ੋਅ ਵੀ ਸਾਡੇ ਪਸੰਦੀਦਾ ਸ਼ੋਅ ਹੁੰਦੇ ਸਨ।
– ਤੁਹਾਡਾ ਆਪਣੀ ਪਹਿਲੀ ਹੌਲੀਵੁੱਡ ਫ਼ਿਲਮ ‘ਵਾਈਸਰੌਇ’ਜ਼ ਹਾਊਸ’ ਵਿੱਚ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ ?
– ਚੰਗਾ ਅਨੁਭਵ ਰਿਹਾ ਕਿਉਂਕਿ ਇਹ ਪ੍ਰਸਿੱਧ ਨਿਰਦੇਸ਼ਕ ਗੁਰਿੰਦਰ ਚੱਢਾ ਦੀ ਫ਼ਿਲਮ ਹੈ। ਉਂਜ ਵੀ ‘ਵਾਈਸਰੌਇ’ਜ਼ ਹਾਊਸ’ ਹਾਲਾਂਕਿ ਮੇਰੀ ਪਹਿਲੀ ਹੌਲੀਵੁੱਡ ਫ਼ਿਲਮ ਹੈ, ਇਸ ਲਈ ਇਸ ਨੂੰ ਲੈ ਕੇ ਉਤਸ਼ਾਹ ਲਾਜ਼ਮੀ ਸੀ। ਇਸ ਫ਼ਿਲਮ ਵਿੱਚ ਇੱਕ ਮਜ਼ਬੂਤ ਮੁਸਲਮਾਨ ਕੁੜੀ ਅਤੇ ਇੱਕ ਹਿੰਦੂ ਮੁੰਡੇ ਵਿੱਚ ਅਨੂਠੀ ਪ੍ਰੇਮ ਕਹਾਣੀ ਵਿਖਾਈ ਗਈ ਹੈ। ਹਾਲਾਂਕਿ, ਇਹ ਭਾਰਤ- ਪਾਕਿਸਤਾਨ ਦੀ ਵੰਡ ਉੱਤੇ ਆਧਾਰਿਤ ਇੱਕ ਪੀਰੀਅਡ ਫ਼ਿਲਮ ਹੈ ਜੋ ਉਸ ਵਕਤ ਦੀ ਕਹਾਣੀ ਹੈ, ਜਦੋਂ ਲੜਕੀਆਂ ਖੁੱਲ੍ਹਕੇ ਨਹੀਂ ਬੋਲ ਸਕਦੀਆਂ ਸਨ।
– ਤੁਹਾਡੀ ਸਾਖ ਸਖ਼ਤ ਅਭਿਨੇਤਰੀ ਦੀ ਹੈ। ਕੀ ਇਸਦਾ ਕਦੇ ਨੁਕਸਾਨ ਵੀ ਚੁੱਕਣਾ ਪਿਆ?
-ਬਿਲਕੁਲ ਨਹੀਂ, ਕਿਉਂਕਿ ਮੈਂ ਬੌਲੀਵੁੱਡ ਦੀ ਪਹਿਲੀ ਅਜਿਹੀ ਅਭਿਨੇਤਰੀ ਨਹੀਂ ਹਾਂ ਜੋ ਛੂਈ-ਮੂਈ ਨਹੀਂ ਹੈ। ਮੇਰੇ ਵਰਗੀ ਸ਼ਖ਼ਸੀਅਤ ਵਾਲੀਆਂ ਕਈ ਅਭਿਨੇਤਰੀਆਂ ਇੱਥੇ ਪਹਿਲਾਂ ਵੀ ਕੰਮ ਕਰ ਚੁੱਕੀਆਂ ਹਨ ਅਤੇ ਅੱਜ ਵੀ ਕੰਮ ਕਰ ਰਹੀਆਂ ਹਨ। ਮੈਂ ਪਹਿਲਾਂ ਵੀ ਕਿਹਾ ਹੈ ਕਿ ਬੌਲੀਵੁੱਡ ਵਿੱਚ ਹਰ ਤਰ੍ਹਾਂ ਦੇ ਕਲਾਕਾਰਾਂ ਲਈ ਬਹੁਤ ਕੰਮ ਹੈ। ਹਾਲਾਂਕਿ ਚਾਕਲੇਟੀ ਚਿਹਰੇ ਲੋਕਾਂ ਨੂੰ ਜ਼ਰੂਰ ਲੁਭਾਉਂਦੇ ਹਨ, ਪਰ ਆਖ਼ਿਰਕਾਰ ਪ੍ਰਤਿਭਾ ਹੀ ਕੰਮ ਆਉਂਦੀ ਹੈ।.