ਭਾਰਤ-ਰੂਸ ਨੇ ਅੱਤਵਾਦ ਰੋਕੂ ਸਮਝੌਤੇ ‘ਤੇ ਕੀਤੇ ਦਸਤਖਤ

ਮਾਸਕੋ — ਭਾਰਤ ਤੇ ਰੂਸ ਨੇ ਅੱਤਵਾਦ ਨਾਲ ਲੜਨ ਵਿਚ ਇਕ-ਦੂਸਰੇ ਦੀ ਮਦਦ ਕਰਨ ‘ਤੇ ਅੱਜ ਭਾਵ ਮੰਗਲਵਾਰ ਨੂੰ ਸਹਿਮਤੀ ਜਤਾਈ ਅਤੇ ਦੋਵੇਂ ਰਣਨੀਤਕ ਭਾਈਵਾਲਾਂ ਨੇ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਅਤੇ ਇਸ ਬੁਰਾਈ ਨਾਲ ਸਾਂਝੇ ਤੌਰ ‘ਤੇ ਲੜਨ ਦੀ ਵੀ ਗੱਲ ਕਹੀ। ਹਰੇਕ ਤਰ੍ਹਾਂ ਦੇ ਅੱਤਵਾਦ ਨਾਲ ਨਜਿੱਠਣ ਦੇ ਇਰਾਦੇ ਨਾਲ ਦੋਵਾਂ ਦੇਸ਼ਾਂ ਵਿਚ ਸਹਿਯੋਗ ਲਈ ਸਮਝੌਤੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰੂਸ ਦੇ ਗ੍ਰਹਿ ਮੰਤਰੀ ਵਲਾਦੀਮੀਰ ਕੋਲੋਕੋਤਸੇਵ ਨੇ ਇਥੇ ਦਸਤਖਤ ਕੀਤੇ। ਭਾਰਤੀ ਦੂਤਘਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੰਤਰੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਤਵਾਦ ਅਤੇ ਕੱਟੜਤਾ ਨਾਲ ਲੜਨ ਵਿਚ ਸਹਿਯੋਗ ਮਜ਼ਬੂਤ ਕਰਨ ਲਈ ਇਸ ਦੁਵੱਲੇ ਸਬੰਧ ਦਾ ਇਕ ਅਹਿਮ ਪਹਿਲੂ ਸੁਰੱਖਿਆ ਵਿਚ ਸਹਿਯੋਗ ਕਰਨਾ ਹੈ।
ਰਾਜਨਾਥ ਸਿੰਘ ਨੇ ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ ਟਵੀਟ ਕੀਤਾ, ”ਭਾਰਤ ਦੇ ਗ੍ਰਹਿ ਮੰਤਰਾਲਾ ਅਤੇ ਰੂਸ ਦੇ ਗ੍ਰਹਿ ਮੰਤਰਾਲਾ ਵਿਚਾਲੇ ਹੋਇਆ ਇਹ ਸਮਝੌਤਾ ਅਕਤੂਬਰ 1993 ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਜਗ੍ਹਾ ਲਵੇਗਾ। ਇਹ ਸਮਝੌਤਾ ਅੰਦਰੂਨੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਸਹਿਯੋਗ ਮਜ਼ਬੂਤ ਕਰਨ ਅਤੇ ਇਸ ਨੂੰ ਵਧਾਉਣ ਵਿਚ ਮਦਦ ਕਰੇਗਾ।”
ਰੂਸ ਵਿਚ ਨਿਯੁਕਤ ਭਾਰਤ ਦੇ ਰਾਜਦੂਤ ਪੰਕਜ ਸ਼ਰਨ ਅਤੇ ਰੂਸੀ ਸੰਘ ਦੇ ਅੰਦਰੂਨੀ ਮਾਮਲਿਆਂ ਦੇ ਉਪ ਮੰਤਰੀ ਇਗੋਰ ਜਬੋਵ ਨੇ ਨਾਰਕੋਟਿਕਸ ਵੱਲੋਂ ਪੇਸ਼ ਕੀਤੇ ਜਾ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਦੋਵਾਂ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਮੌਜੂਦਗੀ ਵਿਚ ਇਕ ਸਾਂਝੀ ਕਾਰਜ ਯੋਜਨਾ ‘ਤੇ ਵੀ ਦਸਤਖਤ ਕੀਤੇ। ਇਹ ਸਮਝੌਤਾ ਇਸ ਖੇਤਰ ਵਿਚ ਦੁਵੱਲੇ ਸਹਿਯੋਗ ਲਈ ਕਾਨੂੰਨੀ ਢਾਂਚਾ ਮੁਹੱਈਆ ਕਰੇਗਾ।