ਮੇਰੀ ਧਰਮ ਪਤਨੀ ਇਕ ਪਰਿਵਾਰਕ ਸਮਾਗਮ ਤੋਂ ਵਾਪਸ ਆਈ ਅਤੇ ਖੁਸ਼ੀ ਖੁਸ਼ੀ ਦੱਸਣ ਲੱਗੀ, ”ਮੈਂ ਅੱਜ ਸਭ ਤੋਂ ਸੁੰਦਰ ਅਤੇ ਚੰਗੀ ਲੱਗ ਰਹੀ ਸੀ।” ਮੈਂ ਮੁਸਕਰਾ ਪਿਆ ਅਤੇ ਸੋਚਣ ਲੱਗਾ ਹਰ ਔਰਤ ਆਪਣੇ ਬਾਰੇ ਇੰਝ ਹੀ ਸੋਚਦੀ ਹੈ ਪਰ ਫ਼ਿਰ ਉਸਦਾ ਦਿਲ ਰੱਖਣ ਲਈ ਪੁੱਛ ਲਿਆ ”ਤੈਨੂੰ ਕਿਵੇਂ ਪਤਾ ਕਿ ਤੂੰ ਸਭ ਤੋਂ ਸੁੰਦਰ ਦਿਸ ਰਹੀ ਸੀ?”
”ਹੋਇਆ ਇੰਝ ਕਿ ਅਸੀਂ ਸਾਰੀਆਂ ਲੇਡੀਜ਼ ਬੈਠੀਆਂ ਸਾਂ। ਤਕਰੀਬਨ8-10 ਹੋਵਾਂਗੀਆਂ।ਇਕ 5 ਕੁ ਸਾਲ ਦੀ ਬੱਚੀ ਆਈ ਆਪਣੀ ਮੰਮਾ ਨੂੰ ਲੱਭਦੀ ਹੋਈ। ਉਸਨੂੰ ਹੱਸਦੇ ਹੱਸਦੇ ਇਹ ਕਿ ਅਸੀਂ ਤੇਰੀ ਮੰਮੀ ਲੱਭ ਦੇਵਾਂਗੀਆਂ ਪਰ ਪਹਿਲਾਂ ਤੂੰ ਦੱਸ ਕਿ ਤੈਨੂੰ ਸਭ ਤੋਂ ਸੋਹਣੀ ਅਤੇ ਚੰਗੀ ਆਂਟੀ ਕਿਹੜੀ ਲੱਗੀ ਐ?” ਉਸ ਨੇ ਸਾਰਿਆਂ ਵੱਲ ਚੰਗੀ ਤਰ੍ਹਾਂ ਵੇਖਿਆ ਅਤੇ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ”ਆਹ ਆਂਟੀ ਸਭ ਤੋਂ ਸੋਹਣੇ ਅਤੇ ਚੰਗੇ ਲੱਗਦੇ।” ਹਾਸੇ ਮਜ਼ਾਕ ਵਿੱਚ ਇਕ ਚਾਰ ਸਾਲ ਦੀ ਬੱਚੀ ਵਲੋਂ ਚੰਗਾ ਆਖੇ ਜਾਣ ‘ਤੇ ਮੇਰੀ ਬੀਵੀ ਇੰਨੀ ਖੁਸ਼ ਸੀ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਇਹ ਗੱਲ ਸੁਣਾ ਕੇ ਅੰਦਰੂਨੀ ਪ੍ਰਸੰਸਾ ਹਾਸਲ ਕਰ ਰਹੀਸੀ।
ਅਸਲ ਵਿੱਚ ਸੁੰਦਰਤਾ ਦੀ ਤਾਂਘ ਵਾਂਗ ਚੰਗੇ ਲੱਗਣ ਦੀ ਤਾਂਘ ਵੀ ਹਰੇਕ ਦਿਲ ਵਿੱਚ ਪਈ ਹੁੰਦੀ ਹੈ।ਆਪਣੇ ਪਿਅਰੇ ਦੀ ਨਿਗਾਹ ਵਿੱਚ ਚੰਗੇ ਲੱਗਣਾ, ਆਪਣੇ ਸਾਥੀਆਂ ਦੀਆਂ ਨਜ਼ਰਾਂ ਵਿੱਚ ਚੰਗੇ ਹੋਣਾ ਅਤੇ ਸਕੇ ਸਬੰਧੀਆਂ ਦੀਆਂ ਨਜ਼ਰਾਂ ਵਿੱਚ ਪਿਅਰਾ ਅਤੇ ਚੰਗਾ ਲੱਗਣਾ ਹਰੇਕ ਮਨੁੱਖ ਚਾਹੁੰਦਾ ਹੈ। ਚੰਗੇ ਲੱਗਣ ਦੀ ਅਜਿਹੀ ਚਾਹਤ, ਪ੍ਰਸੰਨਤਾ ਖੱਟਣ ਦੀ ਖੁਸ਼ੀ ਦੀ ਭਾਵਨਾ ਸਾਡੇ ਸਮਾਜ ਨੂੰ ਸੁੰਦਰ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸੋਹਣਾ ਦਿੱਸਣ ਲਈ ਮਨੁੱਖ ਸੋਹਣਾ ਪਹਿਨੇਗਾ, ਦੂਜਿਆਂ ਦੀਆਂ ਨਜ਼ਰਾਂ ਵਿੱਚ ਜਚਣ ਲਈ ਆਪਣਾ ਵਤੀਰਾ ਸੋਹਣਾ ਰੱਖੇਗਾ, ਚੰਗੇ ਵਿਵਹਾਰ ਦਾ ਮਾਲਕ ਬਣਨ ਦੀ ਕੋਸ਼ਿਸ਼ ਕਰੇਗਾ। ਚੰਗਾ ਬਣਨ ਲਈ ਚੰਗੇ ਕੰਮ ਕਰੇਗਾ। ਇਉਂ ਇਹ ਤਾਂਘ ਤਾਂ ਸਮਾਜ ਨੂੰ ਚੰਗਾ ਬਣਾਉਣ ਵਾਲੀ ਮਨੁੱਖੀ ਤਾਂਘ ਹੈ। ਕਮਾਲ ਇਹ ਹੁਨਰ ਨਿੱਜੀ ਹੈ ਪਰ ਇਸਦਾ ਸਬੰਧ ਸਮਾਜ ਦੀ ਸੁੰਦਰਤਾ ਨਾਲ ਹੈ। ਜੇ ਤੁਸੀਂ ਸੱਜੋਗੇ ਤਾਂ ਖੂਬਸੂਰਤ ਲੱਗੋਗੇ, ਜੇ ਤੁਸੀਂ ਸੋਹਣੇ ਲੱਗੋਗੇ ਤਾਂ ਸਮਾਜ ਵੀ ਸੁੰਦਰ ਲੱਗੇਗਾ। ਇਉਂ ਚੰਗੇ ਲੱਗਣ ਦੀ ਇਹ ਘਾਂਤ ਸਮਾਜ ਲਈ ਇਕ ਚੰਗੀ ਤਾਂਘ ਹੁੰਦੀ ਹੈ, ਜੋ ਹਰ ਦਿਲ ਵਿੱਚ ਤੀਬਰਤਾ ਨਾਲ ਮਚਲਣੀ ਚਾਹੀਦੀ ਹੈ। ਇਹ ਵੀ ਕੌੜਾ ਸੱਚ ਹੈ ਕਿ ਸਾਡੇ ਸਮਾਜ ਵਿੱਚ ਅਨੇਕਾਂ ਲੋਕ ਚੰਗਾ ਹੋਣਦਾ ਪ੍ਰਭਾਵ ਦੇਣ ਤੋਂ ਖੁਸ ਜਾਂਦੇ ਹਨ।
ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜੋ ਲੋਕ ਪਿਆਰ ਦੀ ਤਾਂਘ ਦਿਲ ਵਿੱਚ ਪਾਲ ਕੇ ਸਾਰੀ ਉਮਰ, ਉਮਰ ਭਰ ਦੇ ਪਿਆਰ ਨੂੰ ਤਲਾਸ਼ਦੇ ਰਹਿੰਦੇ ਹਨ। ਜਿਹਨਾਂ ਕੋਲ ਪੈਸਾ ਵੀ ਹੁੰਦਾ ਹੈ ਅਤੇ ਤਾਕਤ ਵੀ, ਅਹੁਦਾ ਵੀ ਹੁੰਦਾ ਹੈ ਅਤੇ ਨਾਮ ਵੀ ਪਰ ਉਹ ਕਿਸੇ ਵੀ ਦਿਲ ਦੇ ਮਾਹੀ ਨਹੀਂ ਬਣਦੇ।ਕੋਈ ਉਹਨਾਂ ਦੇ ਇੰਤਜ਼ਾਰ ਵਿੱਚ ਔਸੀਆਂ ਨਹੀਂ ਪਾਉਂਦਾ। ਬਨੇਰੇ ‘ਤੇ ਬੱਤੀ ਬਾਲ ਕੇ ਕੋਈ ਸੁੰਦਰ ਮੁਟਿਆਰ ਉਡੀਕ ਨਹੀਂ ਕਰਦੀ। ਅਜਿਹੇ ਲੋਕ ਵੀ ਹਨ ਜਿਹਨਾਂ ਨੂੰ ਵੇਖ ਕੇ ਕਿਸੇ ਵੀ ਦਿਲ ਵਿੱਚ ਗੁਦਗੁਦੀ ਨਹੀਂ ਹੁੰਦੀ। ਜਿਹਨਾਂ ਨੂੰ ਵੇਖ ਕੇ ਗਲਵੱਕੜੀ ਲਈ ਬਾਹਵਾਂ ਆਪਣੇ ਆਪ ਨਹੀਂ ਖੁੱਲ੍ਹਦੀਆਂ। ਅਜਿਹੇ ਲੋਕ ਤਮਾਮ ਉਮਰ ਪਿਆਰੀ ਜਿਹੀ ਹੱਥ ਘੁੱਟਣੀ ਨੂੰ ਵੀ ਤਰਸਦੇ ਰਹਿੰਦੇ ਹਨ। ਉਹਨਾਂ ਦੀ ਯਾਦ ਵਿੱਚ ਕਿਸੇ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਨੂੰ ਵੇਖ ਨੈਣਾਂ ਵਿੱਚੋਂ ਪ੍ਰੇਮ ਡੁੱਲ ਡੁੱਲ੍ਹ ਪੈਂਦਾ ਹੈ। ਪਿਆਰ ਦੀ ਖਾਹਿਸ਼ ਦੇ ਬਾਵਜੂਦ, ਮੋਹ ਦੀ ਚਾਹਤ ਦੇ ਬਾਵਜੂਦ ਉਹ ਖਾਲੀ ਰਹਿੰਦੇ ਹਨ। ਤਿਜੋਰੀਆਂ ਤਾਂ ਨੋਟਾਂ ਨਾਲ ਭਰ ਲੈਂਦੇ ਹਨ ਪਰ ਪਿਆਰ ਦੀ ਝੋਲੀ ਖਾਲੀ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਪਿਆਰ ਲੈਣ ਦੇ ਹੁਨਰ ਅਤੇ ਚੰਗਾ ਲੱਗਣ ਦੀ ਕਲਾ ਦਾ ਅਮੀਰੀ-ਗਰੀਬੀ, ਤਾਕਤ, ਕਾਮਯਾਬੀ, ਨਾਕਾਮੀ ਅਤੇ ਮਸ਼ਹੂਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਕੋਈ ਵਾਸਤਾ ਨਹੀਂ ਹੁੰਦਾ। ਇਸਦਾ ਸਬੰਧ ਤੁਹਾਡੇ ਵਿਵਹਾਰ ਨਾਲ ਹੁੰਦਾ ਹੈ, ਦੂਜਿਆਂ ਪ੍ਰਤੀ ਤੁਹਾਡੇ ਵਤੀਰੇ ਨਾਲ ਹੁੰਦਾ ਹੈ। ਲੋੜ ਪੈਣ ‘ਤੇ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਨਾਲ ਹੁੰਦਾ ਹੈ। ਵਿਵਹਾਰ ਵਿੱਚੋਂ ਅਭਿਮਾਨ ਅਤੇ ਹਉਮੈ ਨੂੰ ਮਨਫ਼ੀ ਕਰਕੇ ਜਿਊਣ ਨਾਲ ਹੁੰਦਾ ਹੈ। ਤੁਹਾਡੇ ਚਿਹਰੇ ਦੀ ਮੁਸਕਰਾਹਟ ਨਾਲ ਹੁੰਦਾ ਹੈ। ਨਿਰਸਵਾਰਥ ਕੰਮ ਆਉਣ ਦੀ ਭਾਵਨਾ ਨਾਲ ਹੁੰਦਾ ਹੈ।
ਸੜਕ ਉਤੇ ਹਾਦਸਾ ਹੋ ਗਿਆ। ਇਕ ਟਰੱਕ ਇਕ ਸਕੂਟਰ ਸਵਾਰ ਨੂੰ ਟੱਕਰ ਮਾਰ ਕੇ ਚਲਾ ਗਿਆ। ਬੰਦਾ ਜ਼ਖਮੀ ਹਾਲਤ ਵਿੱਚ ਸੜਕ ‘ਤੇ ਪਿਆ ਹੈ। ਤਮਾਸ਼ਬੀਨ ਜ਼ਿਆਦਾ ਹਨ, ਮਦਦ ਲਈ ਕੋਈ ਨਹੀਂ ਅੱਗੇ ਆ ਰਿਹਾ। ਇਕ ਕਾਰ ਰੁਕੀ, ਨੌਜਵਾਨ ਉਤਰਿਆ ਬਿਨਾਂ ਆਪਣੇ ਕੱਪੜਿਆਂ ਦੀ ਪਰਵਾਹ ਕੀਤੇ ਜ਼ਖਮੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ। ਜ਼ਖਮੀ ਸਕੂਟਰ ਸਵਾਰ ਦੇ ਘਰ ਵਾਲਿਆਂ ਨੂੰ ਫ਼ੋਨ ਕੀਤਾ। ਇੱਥੇ ਹੀ ਬੱਸ ਨਹੀਂ ਡਾਕਟਰਾਂ ਦੇ ਕਹਿਣ ‘ਤੇ ਆਪਣਾ ਖੂਨ ਵੀ ਦਿੱਤਾ। ਹੁਣ ਇਸ ਸ਼ਖਸ ਨੇ ਨਾ ਸਿਰਫ਼ ਜ਼ਖਮੀ ਸਕੂਟਰ ਸਵਾਰ ਦਾ ਦਿਲ ਜਿੱਤਿਆ ਸਗੋਂ ਉਸਦੇ ਪਰਿਵਾਰ ਅਤੇ ਹੋਰ ਅਨੇਕਾਂ ਲੋਕਾਂ ਦੇ ਮਨਾਂ ਉਤੇ ਚੰਗਾ ਅਸਰ ਪਾਇਆ।
ਇਸ ਨੌਜਵਾਨ ਨੇ ਜੋ ਨਿਰਸਵਾਰਥ ਭਾਵਨਾ ਨਾਲ ਕੰਮ ਕੀਤਾ, ਉਸਦੇ ਬਦਲੇ ਜਿੱਥੇ ਉਸਨੂੰ ਹੋਰਾਂ ਦੀ ਪ੍ਰਸੰਸਾ ਮਿਲੀ, ਉਥੇ ਉਸਨੂੰ ਅੰਦਰੂਨੀ ਪ੍ਰਸੰਨਤਾ ਦਾ ਅਹਿਸਾਸ ਵੀ ਹੋਇਆ। ਇਹ ਅਹਿਸਾਸ ਦੁਨੀਆਂ ਵਿੱਚ ਵੱਡੇ ਵੱਡੇ ਕੰਮ ਕਰਵਾ ਦਿੰਦਾ ਹੈ। ਸੋ ਜੇ ਤੁਸੀਂ ਦੂਜੇ ਦੀਆਂ ਨਜ਼ਰਾਂ ਵਿੱਚ ਚੰਗਾ ਲੱਗਣਾ ਚਾਹੁੰਦੇ ਹੋ ਤਾਂ ਥੋੜ੍ਹੀ ਬਹੁਤੀ ਕੀਮਤ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ। ਉਂਝ ਵੀ ਕੁਦਰਤ ਦਾ ਨਿਯਮ ਹੈ ਕਿ ਇੱਥੇ ਬਿਨਾਂ ਦਿੱਤੇ ਕੁਝ ਨਹੀਂ ਮਿਲਦਾ। ਜਿਸ ਤਰ੍ਹਾਂ ਦਾ ਬੀਜੋਗੇ, ਉਸੇ ਤਰ੍ਹਾਂ ਦਾ ਹੀ ਵੱਢੋਗੇ।
ਚੰਗਾ ਲੱਗਣ ਦਾ ਹੁਨਰ ਸਿੱਖਣ ਦੇ ਚਾਹਵਾਨਾਂ ਲਈ ਪੂਰਾ ਮੈਦਾਨ ਖਾਲੀ ਪਿਆ ਹੈ। ਜਿਵੇਂ ਚਾਹੋ ਖੇਡੇ ਪਰ ਇਹ ਖੇਡ ਹਰ ਪੱਖੋਂ ਸਕਾਰਾਤਮਕ ਹੋਣੀ ਚਾਹੀਦੀ ਹੈ। ਇਸ ਕਲਾ ਵਿੱਚ ਨਕਾਰਾਤਮਕਤਾ ਲਈ ਕੋਈ ਥਾਂ ਨਹੀਂ ਹੁੰਦੀ। ਅਭਿਮਾਨੀ ਨੂੰ ਲੋਕ ਪਸੰਦ ਨਹੀਂ ਕਰਦੇ। ਪਤਾ ਨਹੀਂ ਕਿਉਂ ਬਹੁਤ ਵਾਰ ਲੋਕ ਆਪਣੀ ਹਉਮੈ ਦਾ ਸ਼ਿਕਾਰ ਹੋ ਕੇ ਲੋਕਾਂ ਨਾਲੋਂ ਟੁੱਟ ਜਾਂਦੇ ਹਨ। ਭਾਈਚਾਰੇ ਦੇ ਹੋਰ ਲੋਕਾਂ ਬਾਰੇ ਤਾਂ ਛੱਡੋ ਉਹਨਾਂ ਦੇ ਆਪਣੇ ਸਕੇ ਭੈਣ-ਭਰਾ ਵੀ ਕਿਨਾਰਾ ਕਰ ਜਾਂਦੇ ਹਨ। ਜ਼ਿੰਦਗੀ ਵਿੱਚ ਅਨੇਕਾਂ ਉਦਾਹਰਣਾਂ ਮਿਲ ਜਾਣਗੀਆਂ, ਜਿੱਥੇ ਤੁਸੀਂ ਵੇਖੋਗੇ ਕਿ ਅਮੀਰੀ ਬੰਦਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਈ ਹੈ ਜਾਂ ਫ਼ਿਰ ਸੱਤਾ ਬੰਦੇ ਦੇ ਪੈਰ ਚੁੱਕ ਦਿੰਦੀ ਹੈ। ਅਜਿਹੇ ਲੋਕਾਂ ਨੂੰ ਸਮਾਜ ਨਾਪਸੰਦ ਕਰਦਾ ਹੈ। ਸਮਾਜ ਜ਼ਮੀਨ ਨਾਲ ਜੁੜੇ ਲੋਕਾਂ ਨੂੰ ਹੀ ਚੰਗੇ ਸਮਝਦਾ ਹੈ। ਸੋ, ਚੰਗੇ ਲੱਗਣ ਦੀ ਕਲਾ ਦਾ ਇਕ ਅਸੂਲ ਇਹ ਵੀ ਹੈ ਕਿ ਅਭਿਮਾਨ ਤੋਂ ਬਚੋ ਅਤੇ ਜ਼ਮੀਨ ਨਾਲ ਜੁੜੇ ਰਹੋ। ਬਹੁਤੇ ਅਭਿਮਾਨੀ ਲੋਕ ਜ਼ਿੰਦਗੀ ਵਿੱਚ ਇਕੱਲ ਭੋਗਣ ਲਈ ਮਜਬੂਰ ਹੁੰਦੇ ਹਨ, ਭਾਵੇਂ ਕਿ ਉਹ ਹਉਮੈ ਵੱਸ ਇਸਦਾ ਪ੍ਰਗਟਾਵਾ ਨਹੀਂ ਕਰਦੇ।
ਜੋ ਵੀ ਚੰਗਾ ਲੱਗਣ ਦੇ ਹੁਨਰ ਵਿੱਚ ਮਾਹਿਰ ਹੋਣਾ ਚਾਹੁੰਦਾ ਹੈ, ਉਹ ਹਮੇਸ਼ਾ ਚੰਗੀ ਪੁਸ਼ਾਕ ਪਹਿਨੇਗਾ। ਚੰਗੀ ਪੁਸ਼ਾਕ ਦਾ ਮਤਲਬ ਮਹਿੰਗੀ ਨਹੀਂ ਸਗੋਂ ਸਮੇਂ ਅਤੇ ਸਥਾਨ ਦੇ ਮੁਤਾਬਕ ਸਾਫ਼ ਸੁਥਰੀ। ਜ਼ਰੂਰੀ ਨਹੀਂ ਕਿ ਤੁਹਾਡੇ ਕੱਪੜੇ ਮਹਿੰਗੇ ਹੋਣ ਜਾਂ ਤੁਸੀਂ ਆਧੁਨਿਕ ਫ਼ੈਸ਼ਨ ਮੁਤਾਬਕ ਪੁਸ਼ਾਕ ਪਹਿਨੀ ਹੋਵੇ। ਬਲਕਿ ਬਹੁਤ ਵਾਰ ਲੋਕ ਫ਼ੈਸ਼ਨ ਦੇ ਨਾਮ ‘ਤੇ ਮਜ਼ਾਕ ਦਾ ਕੇਂਦਰ ਬਣਦੇ ਵੇਖੇ ਹਨ। ਮੌਸਮ, ਸਮਾਂ ਅਤੇ ਸਥਾਨ ਮੁਤਾਬਕ ਪਹਿਨੀ ਸਾਫ਼ ਸੁਥਰੀ ਪੁਸ਼ਾਕ ਤੁਹਾਨੂੰ ਹਮੇਸ਼ਾ ਪ੍ਰਭਾਵਸ਼ਾਲੀ ਬਣਾਉਂਦੀ ਹੈ। ਚੰਗੇ ਦਿੱਸ ਰਹੇ ਚਿਹਰੇ ‘ਤੇ ਫ਼ੈਲੀ ਮੁਸਕਰਾਹਟ ਉਸ ਪ੍ਰਭਾਵ ਵਿੱਚ ਵਾਧਾ ਕਰਦੀ ਹੈ। ਸੋ, ਜਦੋਂ ਵੀ ਕਿਸੇ ਨੂੰ ਮਿਲੋ ਤਾਂ ਮੁਸਕਰਾ ਕੇ ਮਿਲੋ। ਦਿਲੋਂ ਮੁਸਕਰਾ ਕੇ ਮਿਲੋ। ਫ਼ੁੱਲ ਹਰ ਕਿਸੇ ਨੂੰ ਖਿੱਚਦੇ ਹਨ ਅਤੇ ਮੁਸਕਰਾਹਟ ਵਿੱਚ ਵੀ ਆਕਰਸ਼ਣ ਦੀ ਸ਼ਕਤੀ ਹੁੰਦੀ ਹੈ। ਜੋ ਮੁਸਕਰਾ ਕੇ ਨਹੀਂ ਮਿਲਦੇ ਜਦੋਂ ਉਹਨਾਂ ਨੂੰ ਹੰਕਾਰੀ ਕਹਿੰਦੇ ਹਨ ਅਤੇ ਅਭਿਮਾਨੀ ਲੋਕਾਂ ਨੂੰ ਚੰਗੇ ਨਹੀਂ ਲੱਗਦੇ। ਮੁਸਕਰਾਹਟ ‘ਤੇ ਨਿੱਘੀ ਹੱਥ ਮਿਲਣੀ ਇਸ ਹੁਨਰ ਦਾ ਪਹਿਲਾ ਅਤੇ ਅਹਿਮ ਸਬਕ ਹੈ। ਮਿਲਣੀ ਤੋਂ ਬਾਅਦ ਜੋ ਤੁਹਾਡੇ ਮੂੰਹੋਂ ਸ਼ਬਦ ਨਿਕਲਣ, ਉਹਨਾਂ ਵਿੱਚ ਸਤਿਕਾਰ ਅਤੇ ਅਦਬ ਦਾ ਝਲਕਾਰਾ ਮਿਲੇ ਅਤੇ ਬੱਚਿਆਂ ਨਾਲ ਗੱਲ ਕਰਦੇ ਸਮੇਂ ਪਿਆਰ ਪ੍ਰਗਟ ਹੋਵੇ। ਤੁਹਾਡੀ ਪਹਿਲੀ ਮਿਲਣੀ ਕਿਸੇ ਨੂੰ ਦੋਸਤ ਬਣਾਉਣ ਦੀ ਸਮਰੱਥਾ ਰੱਖਦੀ ਹੋਵੇ। ਤੁਹਾਡੇ ਮੂੰਹੋਂ ਨਿਕਲੇ ਲਫ਼ਜ਼ ਸੁਣਨ ਵਾਲੇ ਦੇ ਦਿਲ ‘ਤੇ ਅਸਰ ਕਰਨ। ਮਿਲਣ ਵਾਲੇ ਨੂੰ ਅਹਿਸਾਸ ਹੋਵੇ ਕਿ ਤੁਸੀਂ ਉਸਨੂੰ ਮਿਲ ਕੇ ਖੁਸ਼ ਹੋ। ਤੁਹਾਡੀ ਪ੍ਰਸੰਨਤਾ ਦਾ ਝਲਕਾਰਾ ਤੁਹਾਡੇ ਚਿਹਰੇ ਤੋਂ ਨਜ਼ਰ ਆਵੇ। ਅਸਲ ਵਿੱਚ ਕੁਦਰਤ ਦਾ ਨਿਯਮ ਹੈ ਕਿ ਪ੍ਰਸੰਨਤਾ ਵਿੱਚ ਅਭਿਮਾਨ ਬਿਲਕੁਲ ਨਹੀ ਂਹੁੰਦਾ ਅਤੇ ਕੋਈ ਵੀ ਅਭਿਮਾਨੀ ਦਿਲੋਂ ਪ੍ਰਸੰਨ ਨਹੀਂ ਹੁੰਦਾ।
ਚੰਗਾ ਲੱਗਣ ਦੀ ਚਾਹਤ ਵੀ ਤਾਂ ਪ੍ਰਸੰਨਤਾ ਦੀ ਚਾਹਤ ਹੁੰਦੀ ਹੈ ਅਤੇ ਪ੍ਰਸੰਨਤਾ ਦੋਸਤ ਮੰਗਦੀ ਹੈ। ਅੱਜਕਲ੍ਹ ਹਜ਼ਾਰਾਂ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਵੇਖੇ ਜਾ ਸਕਦੇ ਹਨ, ਕਾਰਨ ਹੁੰਦਾ ਹੈ ਇਕੱਲਤਾ। ਦੋਸਤਾਂ-ਮਿੱਤਰਾਂ ਦੀ ਕਮੀ, ਮਿਲਣ-ਗਿਲਣ ਦੀ ਕਮੀ। ਸੋ ਚੰਗਾ ਲੱਗਣ ਦਾ ਹੁਨਰ ਅਸਲ ਵਿੱਚ ਦੋਸਤ ਬਣਾਉਣ ਦਾ ਹੁਨਰ ਹੈ। ਨਵੇਂ ਨਵੇਂ ਦੋਸਤ ਬਣਾਉਣ ਲਈ ਤੁਹਾਨੂੰ ਆਪਣੀ ਵਾਕਫ਼ੀ ਦਾ ਦਾਇਰਾ ਵਧਾਉਣਾ ਪਵੇਗਾ। ਦਾਇਰਾ ਵਧਾਉਣ ਲਈ ਸਮਾਜ ਸੇਵਾ, ਸੈਰ, ਖੇਡਾਂ, ਕਾਵਿ ਮਹਿਫ਼ਲਾਂ, ਸੰਗੀਤ, ਕਿਤਾਬਾਂ, ਸਭਿਆਚਾਰਕ ਮੇਲੇ ਆਦਿ ਕਈ ਵਸੀਲੇ ਵਰਤੇ ਜਾ ਸਕਦੇ ਹਨ। ਮੇਰੇ ਇਕ ਮਿੱਤਰ ਫ਼ਿਲਮ ਨਗਰੀ ਬੰਬਈ ਵਿੱਚ ਰਹਿੰਦੇ ਸਨ। ਇਸ ਦੁਨੀਆਂ ਤੋਂ ਰੁਖਸਤ ਹੋਣ ਤੋਂ ਪਹਿਲਾਂ ਉਹਨਾਂ ਇਕ ਕਿਤਾਬ ਲਿਖੀ ਜਿਸ ਦਾ ਟਾਈਟਲ ਸੀ ‘ਏਕ ਭੀ ਦੋਸਤ ਉਮਰ ਭਰ ਕਾ, ਉਮਰ ਭਰ ਨਾ ਮਿਲਾ’। ਮੈਂ ਉਹਨਾਂ ਨੂੰ ਕਿਹਾ ਸੀ ਕਿ ਦੋਸਤੀ ਸਿਰਫ਼ ਲਫ਼ਜ਼ਾਂ ਨਾਲ ਨਹੀਂ ਹੁੰਦੀ, ਇਹ ਪਿਆਰ ਮੰਗਦੀ ਹੈ, ਕੁਰਬਾਨੀ ਮੰਗਦੀ ਹੈ, ਸਮਾਂ ਮੰਗਦੀ ਹੈ, ਧਿਆਨ ਮੰਗਦੀ ਹੈ। ਜੇ ਇਹ ਮਿਲ ਜਾਵੇ ਤਾਂ ਸਮਝੋ ਬਾਦਸ਼ਾਹਤ ਮਿਲ ਗਈ। ਦੋਸਤਾਂ ਨੂੰ ਦੋਸਤ ਹਮੇਸ਼ਾ ਚੰਗੇ ਲੱਗਦੇ ਹੀ ਹਨ। ਤੁਹਾਡੇ ਚੰਗੇ ਲੱਗਣ ਦੀ ਚਾਹਤ ਪੂਰੀ ਹੋ ਜਾਵੇਗੀ।
ਚੰਗਾ ਲੱਗਣ ਦੇ ਮੰਤਰਾਂ ਵਿੱਚੋਂ ਇਕ ਮੰਤਰ ਦੂਜਿਆਂ ਦੇ ਕੰਮਾਂ, ਹੁਨਰਾਂ ਅਤੇ ਚੰਗੀਆਂ ਗੱਲਾਂ ਦੀ ਦਿਲੋਂ ਪ੍ਰਸੰਸਾ ਕਰਨਾ ਵੀ ਹੈ। ਪ੍ਰਸੰਨ ਕਰਨ ਲਈ ਅਤੇ ਪ੍ਰਸੰਨ ਰਹਿਣ ਲਈ ਸਿਫ਼ਤ ਕਰ ਸਕਣ ਦੀ ਜਾਚ ਆਉਣੀ ਵੀ ਜ਼ਰੂਰੀ ਹੈ। ਚਾਪਲੂਸੀ ਅਤੇ ਪ੍ਰਸੰਸਾ ਦਾ ਫ਼ਰਕ ਵੀ ਪਤਾ ਹੋਣਾ ਚਾਹੀਦਾ ਹੈ। ਲੋਕ ਹਮੇਸ਼ਾ ਆਪਣੇ ਲਈ ਚੰਗੇ ਚੰਗੇ ਸ਼ਬਦਾਂ ਦੀ ਆਸ ਰੱਖਦੇ ਹਨ। ਜੇਕਰ ਤੁਸੀਂ ਉਹਨਾਂ ਦੇ ਲਈ ਚੰਗੇ ਬੋਲ ਬੋਲ ਦਿੰਦੇ ਹੋ ਤਾਂ ਉਹ ਨਾ ਸਿਰਫ਼ ਵਕਤੀ ਤੌਰ ‘ਤੇ ਖੁਸ਼ ਹੁੰਦੇ ਹਨ ਬਲਕਿ ਤੁਹਾਡੇ ਚੰਗੇ ਬੋਲਾਂ ਨੂੰ ਜ਼ਿੰਦਗੀ ਭਰ ਲਈ ਸਾਂਭ ਕੇ ਰੱਖ ਲੈਂਦੇ ਹਨ। ਇਸਦੇ ਉਲਟ ਜਦੋਂ ਵੀ ਕੋਈ ਕਿਸੇ ਦੀ ਆਲੋਚਨਾ ਕਰਦਾ ਹੈ, ਨਿੰਦਾ ਚੁਗਲੀ ਕਰਦਾ ਹੈ ਤਾਂ ਉਹ ਲੋਕਾਂ ਦੇ ਮਨਾਂ ‘ਚੋਂ ਉਤਰ ਜਾਂਦਾ ਹੈ। ਨਿੰਦਾ ਚੁਗਲੀ ਤੋਂ ਜਿੰਨਾ ਵੀ ਬਚਿਆ ਜਾਵੇ, ਬਚਣਾ ਜ਼ਰੂਰੀ ਹੈ। ਜੇ ਕਰਨੀ ਹੈ ਤਾਂ ਸਿਫ਼ਤ ਕਰੋ, ਪ੍ਰਸੰਸਾ ਕਰੋ। ਚੰਗੇ ਬੋਲ ਬੋਲੋ ਨਹੀਂ ਤਾਂ ਚੁੱਪ ਰਹਿਣਾ ਠੀਕ ਹੈ। ਚੰਗਾ ਲੱਗਣ ਦੀ ਜਾਚ ਵਿੱਚ ਦੂਜਿਆਂ ਪ੍ਰਤੀ ਚੰਗਾ ਵਤੀਰਾ ਰੱਖਣਾ ਜ਼ਰੂਰੀ ਹੁੰਦਾ ਹੈ। ਜਿੱਥੇ ਸਿਫ਼ਤ ਕਰਨ ਦੀ ਲੋੜ ਹੋਵੇ, ਸਿਫ਼ਤ ਕਰੋ ਜਿੱਥੇ ਸ਼ੁਕਰੀਆ ਜਾਂ ਧੰਨਵਾਦ ਕਰਨ ਦੀ ਲੋੜ ਹੋਵੇ, ਉਥੇ ਧੰਨਵਾਦ ਕਰੋ। ਉਕਤ ਲਿਖੀਆਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ ਚੰਗਾ ਲੱਗਣ ਦੀ ਤਾਂਘ ਪੂਰੀ ਕੀਤੀ ਜਾ ਸਕਦੀ ਹੈ।