ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੀ ਪਹਿਲਕਦਮੀ ‘ਤੇ 5 ਨਵੰਬਰ 2017ਨੂੰ ਫ਼ਰੀਦਕੋਟ ਦੇ ਆਸ਼ੀਰਵਾਦ ਪੈਲੇਸ ਵਿੱਚ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਇੱਕਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਸਭ ਤੋਂ ਵਡੇਰੀ ਉਮਰ ਦੇ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ, ਰੋਜ਼ਾਨਾ ਅਜ਼ੀਤ ਤੋਂ ਸਤਨਾਮ ਸਿੰਘ ਮਾਣਕ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਹਰਪਾਲ ਸਿੰਘ ਪੰਨੂ, ਡਾ. ਭੀਮਇੰਦਰ ਸਿੰਘ ਅਤੇ ਇਹਨਾਂ ਸੱਤਰਾਂ ਦੇ ਲੇਖਕ ਬੁਲਾਰਿਆਂ ਵਜੋਂ ਸ਼ਾਮਲ ਹੋਏ। ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਚੰਦਾਬਜਾ, ਸ਼ਿਵਜੀਤ ਸਿੰਘ ਅਤੇ ਮੱਘਰ ਸਿੰਘ ਵੱਲੋਂ ਪੰਜਾਬੀ ਦੀ ਪ੍ਰਫ਼ੁੱਲਤਾ ਨੂੰ ਮੁੱਖ ਰੱਖਦੇ ਹੋਏ ਕੁਝ ਮਤੇ ਪੇਸ਼ ਕੀਤੇ ਗਏ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਕੋਟਕਪੁਰਾ ਤੋਂ ਵਿਧਾਇੱਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇੱਕ ਮਨਜੀਤ ਸਿੰਘ ਬਿਲਾਸਪੁਰੀ ਨੇ ਵੀ ਭਰਪੂਰ ਹਾਜ਼ਰੀ ਲਵਾਈ। ਅਖਬਾਰਾਂ ਅਤੇ ਬਿਜਲਈ ਮਾਧਿਅਮਾਂ ਵਿੱਚ ਇਸ ਸਮਾਗਮ ਦੀ ਖੂਬ ਚਰਚਾ ਹੋਈ। ਪ੍ਰਾਈਮ ਏਸ਼ੀਆ ਟੀ. ਵੀ. ਨਾਲ ਸਬੰਧਤ ਜਸਵਿੰਦਰ ਸਿੰਘ ਨੇ ਇਸ ਸਮਾਗਮ ਦੀ ਰਿਕਾਰਡਿੰਗ ਮੈਨੂੰ ਭੇਜੀ ਅਤੇ ਮੈਂ ਸਾਰੇ ਬੁਲਾਰਿਆਂ ਨੂੰ ਸਮੇਤ ਆਪਣੇ ਭਾਸ਼ਣ ਦੇ ਚੰਗੀ ਤਰ੍ਹਾਂ ਸੁਣਿਆ। ਇਸ ਸਮਾਰੋਹ ਵਿੱਚ ਬੋਲਦੇ ਹੋਏ ਮੇਰੇ ਵੱਲੋਂ ਜੋ ਨੁਕਤੇ ਉਠਾਏ ਗਏ, ਉਹਨਾਂ ਦੀ ਗੱਲ ਮੈਂ ਫ਼ਿਰ ਕਿਸੇ ਦਿਨ ਕਰਾਂਗਾ। ਅੱਜ ਮੈਂ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਹੋਰਾਂ ਵੱਲੋਂ ਦਿੱਤੇ ਗਏ ਭਾਸ਼ਣ ਦੇ ਕੁਝ ਅੰਸ਼ ਤੁਹਾਡੇ ਸਾਹਮਦੇ ਰੱਖ ਰਿਹਾ ਹਾਂ। ਇਹ ਭਾਸ਼ਣ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਇਹ ਪੰਜਾਬੀ ਦੇ ਸਭ ਤੋਂ ਉਮਰ ਦਰਾਜ 98 ਵਰ੍ਹਿਆਂ ਦੇ ਸਾਹਿਤਕਾਰ ਵੱਲੋਂ ਦਿੱਤਾ ਗਿਆ ਸੀ। ਆਓ, ਵੇਖੀਏ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਕੰਵਲ ਸਾਹਿਬ ਨੇ ਕੀ ਕਿਹਾ:
”ਪੰਜਾਬੀ ਨਾਲ ਧੰਕੇ ਹੁੰਦੇ ਰਹੇ ਹਨ। ਲਗਾਤਾਰ ਧੱਕਿਆਂ ਦਾ ਸ਼ਿਕਾਰ ਹੋ ਰਹੀ ਹੈ ਪੰਜਾਬੀ। ਜਿੰਨੀਆ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ ਕਿਸੇ ਹੋਰ ਨੇ ਨਹੀਂ ਕੀਤੀਆਂ। 70 ਵਰ੍ਹੇ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ ਪਰ ਇਸਦੇ ਬਾਵਜੂਦ ਪੰਜਾਬੀ ਚੌਥੇ ਦਰਜੇ ਦੀ ਭਾਸ਼ਾ ਹੈ। ਪੰਜਾਬੀ ਨੂੰ ਸਭ ਤੋਂ ਥੱਲੇ ਰੱਖਿਆ ਗਿਆ ਹੈ ਸਾਡੇ ਆਗੂਆਂ ਨੇ ਜੋ ਗਲਤੀਆਂ ਕੀਤੀਆਂ ਹਨ, ਜੋ ਗਦਾਰੀਆਂ ਕੀਤੀਆਂ ਹਨ, ਉਸਦਾ ਖਮਿਆਜ਼ਾ ਤੁਸੀਂ ਭੁਗਤ ਰਹੇਹੋ ਅਤੇ ਅੱਗੇ ਤੋਂ ਵੀ ਭੁਗਤਦੇ ਰਹੋਗੇ। ਤੁਸੀਂ ਆਪ ਹੀ ਸੋਚ ਲਵੋ ਹੁਣ ਤੱਕ ਪੰਜਾਬੀ ਨੂੰ ਪਹਿਲੀ ਭਾਸ਼ਾ ਨਹੀਂ ਬਣਾ ਸਕੇ। ਅਸੀਂ ਕਾਹਦੇ ਆਜ਼ਾਦ ਹਾਂ ਅਸੀਂ ਤਾਂ ਗੁਲਾਮਾਂ ਤੋਂ ਵੀ ਗੁਲਾਮ ਹਾਂ। ਅੱਜ ਵੀ ਹਾਲਤ ਇਹ ਹੈ ਕਿ ਪੰਜਾਬ ਦੀ ਅਗਵਾਈ ਕਰਨ ਵਾਲਾ ਕੋਈ ਇਮਾਨਦਾਰ ਲੀਡਰ ਨਹੀਂ ਹੈ। ਕਾਂਗਰਸੀਆਂ ਨੇ ਆਪਣੇ ਬਾਜੇ ਬਜਾ ਲਏ, ਅਕਾਲੀਆਂ ਨੇ ਆਪਣੇ ਬਾਜੇ ਬਣਾ ਲਏ। ਅੱਜ ਪੰਜਾਬ ਕਿੱਥੇ ਖੜ੍ਹਾ ਹੈ। ਅੱਜ ਜਿਹੜੀ ਰਾਜਧਾਨੀ ਬਣਾਈ ਹੈ ਉਹ ਵੀ ਤੋੜੀ ਜਾ ਰਹੀ ਹੈ। ਇਹ ਇਸੇ ਕਰਕੇ ਹੋ ਰਿਹਾ ਹੈ ਕਿ ਪੰਜਾਬ ਦੇ ਆਗੂ ਇਮਾਨਦਾਰ ਨਹੀਂ ਸੀ, ਵਫ਼ਾਦਾਰ ਨਹੀਂ ਸੀ। ਉਹ ਜੋ ਵਾਅਦੇ ਕਰਦੇ ਰਹੇ ਹਨ, ਉਹਨਾਂ ਵਾਅਦਿਆਂ ਖਿਲਾਫ਼ ਜਾ ਕੇ ਪੰਜਾਬ ਨੂੰ ਹੀਣਾ ਕਰਕੇ ਰੱਖ ਦਿੱਤਾ।
ਗੁਰੂ ਸਾਹਿਬਾਨ ਨੇ ਜੋ ਰਾਹ ਦਿੱਤਾ ਸੀ ਸਾਨੂੰ, ਉਸਦਾ ਅਹਿਸਾਸ ਕਰੋ। ਸਿੱਖ ਕੌਮ ਖੁਰਦੀ ਖੁਰਦੀ ਇੱਕ ਕਿਨਾਰੇ ‘ਤੇ ਆ ਖੜ੍ਹੀ ਹੈ। ਤੁਸੀਂ ਅਹਿਸਾਸ ਕਰੋਗੇ ਤਾਂ ਸ਼ਾਇਦ ਕੁਝ ਬਚ ਜਾਵੇ ਵਰਨਾ ਬਚਣ ਦੀ ਆਸ ਕੋਈ ਨੀ। ਸਾਡੇ ਆਗੂ ਤਾਂ ਹੁਣ ਤੱਕ ਗਦਾਰੀਆਂ ਕਰਦੇ ਰਹੇ ਹਨ, ਖਾਂਦੇ ਰਹੇ ਐ ਪੰਜਾਬ ਨੂੰ। ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਮੈਂ ਦੋਸਤੋ 70 ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਸਕਿਆ। ਮੈਨੂੰ ਇਹ ਗੱਲ ਚੰਗੀ ਲੱਗੀ ਕਿ ਮੈਂ ਸਿਆਸਤ ਵਿੱਚ ਜਾ ਕੇ ਮਰਿਆ ਨਹੀਂ। ਮੇਰੀਆਂਕੁਝ ਕਿਤਾਬਾਂ ਅਣਖ ਵਾਲੀਆਂ ਹਨ ਜੇ ਕਿਸੇ ਨੇ ਪੜ੍ਹੀਆਂ, ਉਹ ਅਹਿਸਾਸ ਕਰੇਗਾ। 70ਸਾਲ ਦੀ ਆਜ਼ਾਦੀ ਤੋਂ ਬਾਅਦ 70 ਫ਼ੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਵੀ ਗੁਲਾਮ ਹੈ। ਤੁਸੀਂ ਮੰਨੋ ਭਾਵੇਂ ਨਾ ਮੰਨੋ। ਜੋ ਸਹੂਲਤਾਂ ਹੋਰ ਰਾਜਾਂ ਨੂੰ ਜੇ ਉਹ ਪੰਜਾਬ ਨੂੰ ਨਹੀਂ। ਇਹ ਬੇਇਨਸਾਫ਼ੀਆਂ ਕਿਉਂ ਹੋ ਰਹੀਆਂ ਹਨ ਕਿਉਂਕਿ ਅਕਾਲੀਆਂ ਜਾਂ ਕਾਂਗਰਸੀਆਂ ਵਿੱਚੋਂ ਕੋਈ ਵੀ ਆਗੂ ਸਾਡੇ ਹੱਕ ਵਿੱਚ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ।
ਤੁਸੀਂ ਪੰਜਾਬੀ ਦੇ ਡੁੱਬਣਦੀ ਪਹਿਲੀ ਕਾਨਫ਼ਰੰਸ ਕੀਤੀ ਹੈ। ਇਹ ਅਹਿਸਾਸ ਕਰਾਉਣ ਲਈ ਕਿ 70 ਫ਼ੀਸਦੀ ਕੁਰਬਾਨੀ ਕਰਨ ਵਾਲਿਆਂ ਦਾ ਪੰਜਾਬ ਦੀ ਰਾਜਧਾਨੀ ਵਿੱਚ ਕੀ ਹਿੱਸਾ ਹੈ। ਅਹਿਸਾਸ ਕਰਾਉਣ ਲਈ ਕਿ ਪੰਜਾਬੀ ਦੀ ਕੀ ਹੈਸੀਅਤ ਹੈ। ਸਾਡੇ ਆਗੂਆਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਬਲਕਿ ਆਪਣੇ ਘਰ ਭਰੇ ਆ। ਹੁਣ ਇਹ ਸਾਡੀ ਜੁਬਾਨ ਵੀ ਖੋਹ ਰਹੇ ਹਨ ਤਾਂ ਕਿ ਅਸੀਂ ਸੱਚ ਨਾ ਕਹਿ ਸਕੀਏ।ਦੋਵੇਂ ਤਿੰਨੇ ਕੌਮਨਿਸਟ ਪਾਰਟੀਆਂ ਨੇ ਕਦੇ ਵੀ ਇਹ ਮਸਲਾ ਨਹੀਂ ਉਠਾਇਆ। ਚੁੱਪ ਬੈਠੀਆਂ ਹਨ।ਜਿਸ ਪਰਿੰਦੇ ਦੇ ਦੋਵੇਂ ਪਰ ਕੱਟੇ ਜਾਣ ਉਹ ਉਡਣ ਦੀ ਆਸ ਲਾਹ ਦਿੰਦਾ ਹੈ। ਤੁਹਾਡੀ ਅਣਖ ਨੂੰ ਗਵਾਇਆ ਜਾ ਰਿਹਾ ਹੈ, ਵਿਉਂਤ ਨਾਲ ਮਾਰਿਆ ਜਾ ਰਿਹਾ ਹੈ। ਕੱਲੀ ਪੰਜਾਬੀ ਨਹੀਂ ਸਾਡਾ ਸਭਿਆਚਾਰ ਵੀ ਮਾਰਿਆ ਜਾ ਰਿਹਾ ਹੈ। ਇਹ ਗੱਲ ਨੂੰ ਜੇ ਪੂਰੀ ਜੱਦੋ ਜਹਿਦ ਨਾਲ ਨਾ ਉਠਾਇਆ ਗਿਆ ਤਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਸਰਕਾਰਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਅੱਜ ਪੰਜਾਬ ਕਰਜ਼ਾਈ ਹੈ। ਪੰਜਾਬੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ। ਜਿਹਨਾਂ ਨੇ ਇਹ ਜੋੜ ਜੋੜਿਆ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ। ਇਹ ਜੋੜ ਇੱਥੇ ਹੀ ਖੜ੍ਹਾ ਨਹੀਂ ਰਹਿਣਾ ਚਾਹੀਦਾ। ਇਸ ਨਾਲ ਪੰਜਾਬ ਹਿੱਲਣਾ ਚਾਹੀਦਾ ਹੈ। ਜੇ ਪੰਜਾਬ ਹਿੱਲੇਗਾ ਤਾਂ ਸਾਡੇ ਗੁਰੂਆਂ ਦੀ ਕੁਰਬਾਨੀਆਂ ਭਰੀ ਤਾਰੀਖ ਜਿਉਂਦੀ ਰਹੇਗੀ, ਵਰਨਾ ਖਤਮ ਕਰ ਦਿੱਤੀ ਜਾਵੇਗੀ।
ਤੁਸੀਂ ਪਹਿਲ ਕਰਕੇ ਝੰਡਾ ਗੱਡਿਆ ਹੈ ਤਾਂ ਕਿ ਆਪਣੇ ਫ਼ੈਸਲੇ ਆਪ ਕਰ ਸਕੀਏ।ਸਾਡੇ ਫ਼ੈਸਲੇ ਦਿੱਲੀ ਨਾ ਕਰੇ। ਸਾਡਾ ਕਸੂਰ ਇਹ ਹੈ ਕਿ ਅਸੀਂ ਸਾਡੇ ਹੱਕਾਂ ਲਈ ਲੜਨ ਵਾਲੇ ਨੁਮਾਇੰਦੇ ਨਹੀਂ ਭੇਜੇ। ਸਿੱਟਾ ਇਹ ਹੈ ਕਿ ਹੁਣ ਨਤੀਜੇ ਭੁਗਤ ਰਹੇ ਹਾਂ।
ਜੇ ਇਹ ਗੱਲ ਉਠਾਈ ਹੈ ਤਾਂ ਰਾਜਸੀ ਪੱਖ ਨੂੰ ਵੀ ਭਾਵੇਂ ਬਹੁਤਾ ਨਾ ਸਹੀ ਪਰ ਥੋੜ੍ਹਾ ਉਠਾਓ।ਰਾਜਸੀ ਪੱਖ ਦਾ ਅਹਿਸਾਸ ਮਰਨ ਤੋਂ ਬਚਾਓ। ਜੇ ਅਜਿਹਾ ਕਰ ਜਾਓਗੇ ਤਾਂ ਕੌਮ ਬਚ ਜਾਵੇਗੀ, ਨਹੀਂਤਾਂ ਇਹ ਕੌਮ ਜਿਉਂਦੀ ਨਹੀਂ ਰਹੇਗੀ। ਕੌਮ ਨੂੰ ਮਰਨ ਤੋਂ ਬਚਾਓ। ਮੇਰਾ ਇਹੀ ਸੁਨੇਹਾ ਹੈ।
ਮੈਂ 98 ਸਾਲ ਪੂਰੇ ਕਰ ਚੁੱਕਿਆ ਹਾਂ। ਜਿੱਥੇ ਮਰਵਾਉਣਾ ਚਾਹੋ ਮੈਂ ਮਰਨ ਨੂੰ ਤਿਆਰ ਹਾਂ।”
ਸ. ਜਸਵੰਤ ਸਿੰਘ ਕੰਵਲ ਦੇ ਇਸ ਸੁਨੇਹੇ ਦਾ ਮਾਂ-ਬੋਲੀ ਸਤਿਕਾਰ ਸਮਾਗਮ ਵਿੱਚ ਭਰਪੂਰ ਹੁੰਗਾਰਾ ਮਿਲਿਆ।
ਕਾਲੇ ਰੰਗ ਵਾਲੀ ਐਂਕਰ ਨਾਲ ਵਿਤਕਰਾ ਕਿਉਂ
ਅੱਜਕਲ੍ਹ ਬੜੀ ਤੇਜ਼ੀ ਨਾਲ ਮੀਡੀਆ ਦਾ ਵਿਸਥਾਰ ਹੋ ਰਿਹਾ ਹੈਅਤੇ ਨਵੇਂ ਨਵੇਂ ਟੀ.ਵੀ. ਚੈਨਲ ਆਉਣੇ ਸ਼ੁਰੁ ਹੋ ਗਏ ਹਨ। ਨਤੀਜੇ ਵਜੋਂ ਇਹਨਾਂ ਚੈਨਲਾਂ ਨੂੰ ਨਿੱਤ ਦਿਨ ਨਵੇਂ ਨਵੇਂ ਐਂਕਰਾਂ ਦੀ ਲੋੜ ਹੁੰਦੀ ਹੈ। ਟੀ. ਵੀ. ਚੈਨਲਾਂ ਦੇ ਸੀਨੀਅਰ ਅਧਿਕਾਰੀ ਜਾਂ ਟੀ. ਵੀ. ਚੈਨਲਾਂ ਵਿੱਚ ਕੰਮ ਕਰਦੇ ਮੇਰੇ ਸਾਬਕਾ ਵਿਦਿਆਰਥੀ ਅਕਸਰ ਨਵੇਂ ਐਂਕਰਾਂ ਦੀ ਮੰਗ ਕਰਦੇ ਰਹਿੰਦੇ ਹਨ। ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਕਿ ਨਿਊਜ਼ ਐਂਕਰਾਂ ਦੀ ਮੰਗ ਸਮੇਂ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਕਿ ‘ਕੁੜੀ ਵੇਖਣਵਿੱਚ ਪਤਲੀ, ਗੋਰੀਅਤੇ ਸੋਹਣੀ ਹੋਵੇ।’ ਇਹ ਸੱਚ ਹੈ ਕਿ ਭਾਰਤ ਵਿੱਚ ਸਿਰਫ਼ ਫ਼ਿਲਮੀ ਹੀਰੋਇਨਾਂ ਹੀ ਨਹੀਂ ਬਲਕਿ ਟੀ. ਵੀ. ਦੀਆਂ ਇਸਤਰੀ ਨਿਊਜ਼ ਐਂਕਰਾਂ ਦੀ ਸੂਰਤ, ਚਿਹਰਾ-ਮੁਹਰਾ, ਰੰਗ-ਰੂਪ, ਪਹਿਰਾਵੇ ਅਤੇ ਫ਼ਿੱਗਰ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ। ਸਾਡੀ ਮਾਨਸਿਕਤਾ ਵਿੱਚ ਰਿਸ਼ਟ-ਪੁਸ਼ਟ, ਭਰੀ ਸਰੀਰ ਅਤੇ ਕਾਲਾ ਰੰਗ ਟੀ. ਵੀ. ਲਈ ਨਹੀਂ ਬਣਿਆ। ਭਾਰਤ ਵਿੱਚ ਸਰਕਾਰੀ ਚੈਨਲਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਈਵੇਟ ਚੈਨਲ ਐਂਕਰ ਦੇ ਤੌਰ ‘ਤੇ ਖੂਬਸੂਰਤ ਅਤੇ ਜੀਰੋਫ਼ਿਗਰ ਵਾਲੀਆਂ ਜਵਾਨ ਕੁੜੀਆਂ ਨੂੰ ਤਰਜੀਹ ਦਿੰਦੇ ਹਨ। ਜੇ ਕੁੜੀ ਦੀ ਭਾਸ਼ਾ ਅਤੇ ਉਚਾਰਣਬਹੁਤ ਵਧੀਆ ਹੋਵੇ ਅਤੇ ਉਹ ਚੈਨਲ ਵੱਲੋਂ ਲੱਗੀਆਂ ਸਾਰੀਆਂਸ਼ਰਤਾਂ ਪੂਰੀਆਂ ਕਰਦੀ ਹੋਵੇ ਤਾਂ ਉਸਨੂੰ ਸਿਰਫ਼ ਆਵਾਜ਼ ਦੇਣ (ਵਾਈਸ ਓਵਰ ਦੇਣ) ਲਈ ਰੱਖ ਲਿਆ ਜਾਂਦਾ ਹੈ। ਟੀ. ਵੀ. ਮੀਡਆ ਵਾਲੇ ਇਹ ਸਮਝਦੇ ਹਨ ਕਿ ਟੀ. ਵੀ. ਉਤੇ ਲੋਕ ਖਬਰਾਂ ਸੁਣਦੇ ਨਹੀਂ ਵੇਖਦੇ ਹਨ।
ਕਮਾਲ ਇਹ ਹੈ ਕਿ ਇਸ ਪੱਖੋਂ ਹਿੰਦੋਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਹ ਵਰਤਾਰਾ ਪਾਇਆ ਜਾਂਦਾ ਹੈ। ਉਦਾਹਰਣ ਵਜੋਂ ਅਮਰੀਕਾ ਦੇ ਏ. ਬੀ. ਸੀ. ਡਲਾਸ ਦੇ ਚੈਨਲ 8 ਦੀ ਐਂਕਰ ਡੇਮੋਟ੍ਰਿਆ ਔਬਿਲੋਰ ਨਾਲ ਪਿਛਲੇ ਦਿਨੀਂ ਹੋਏ ਵਿਵਹਾਰ ਨੂੰ ਲਿਆ ਜਾ ਸਕਦਾ ਹੈ। ਕਾਲੇ ਰੰਗ ਦੀ ਡੇਮੇਟ੍ਰਿਆ ਡਲਾਸ ਚੈਨਲ 8 ‘ਤੇ ਹਰ ਰੋਜ਼ ਸਵੇਰੇ ਚਾਰ ਵਜੇ ਤੋਂ ਸੱਤ ਵਜੇ ਤੱਕ ਟ੍ਰੈਫ਼ਿਕ ਬੀਟ ਦੇ ਸਮਾਚਾਰ ਪੇਸ਼ਕਰਦੀ ਹੈ। ਅਮਰੀਕਾ ਵਿੱਚ ਸਵੇਰੇ ਦਫ਼ਤਰ ਜਲਦੀ ਖੁੱਲ੍ਹ ਜਾਂਦੇ ਹਨ ਅਤੇ ਇਹੀ ਸਮਾਂ ਹੁੰਦਾ ਹੈ ਜਦੋਂ ਸੜਕਾਂ ਉਤੇ ਭਾਰੀ ਆਵਾਜਾਈ ਹੁੰਦੀ ਹੈ। ਲੋਕ ਇਸ ਟ੍ਰੈਫ਼ਿਕ ਬੀਟ ਨੁੰ ਕਾਫ਼ੀ ਦੇਖਦੇ ਹਨ ਅਤੇ ਡੇਮੇਟ੍ਰਿਆ ਦੀ ਆਪਣੀ ਇੱਕ ਪਹਿਚਾਣ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਹੈ ਅਤੇ ਟਵਿੱਟਰ ਉਤੇ ਉਸਦੇ 56000 ਤੋਂ ਵੱਧ ਫ਼ਾਲੋਅਰਜ਼ ਹਨ। ਡੇਮੇਟ੍ਰਿਆ ਦੀ ਆਪਣੀ ਇੱਕ ਵੈਬਸਾਈਟ ਵੀ ਹੈ ਅਤੇ ਇਸ ਸਾਈਟ ‘ਤੇ ਉਹ ਆਪਣੀ ਜ਼ਿੰਦਗੀ ਅਨੁਭਵ ਸਾਂਝੇ ਕਰਦੀ ਰਹਿੰਦੀ ਹੈ।ਅੱਜਕਲ੍ਹ ਡੇਮੇਟ੍ਰਿਆ ਖਿਲਾਫ਼ ਅਪਮਾਨ ਜਨਕ ਟਿੱਪਣੀਆਂ ਲਿਖੀਆਂ ਜਾ ਰਹੀਆਂ ਹਨ। ਉਸਦੀਆਲੋਚਨਾ ਦੋ ਗੱਲਾਂ ਕਰਕੇ ਹੋ ਰਹੀ ਹੈ- ਪਹਿਲੀ ਗੱਲ ਕਿ ਉਸਦਾ ਸਰੀਰ ਭਾਰਾ ਹੈ ਜਾਂ ਇਉਂ ਕਹੋ ਕਿ ਉਹ ਮੋਟੀ ਭਾਵੇਂ ਨਹੀਂ ਪਰ ਜੀਰੋ ਫ਼ਿਗਰ ਵਾਲੀ ਪਤਲੀ ਨਾਰ ਵੀ ਨਹੀਂ।
ਦੂਜੀ ਗੱਲ ਜਿਸ ਕਾਰਨ ਉਹ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਕਿ ਨਸਲ ਵਜੋਂ ਗੋਰੀ ਨਹੀਂ, ਕਾਲੀ ਹੈ, ਅਸ਼ਵੇਤ ਹੈ। ਸੋਸ਼ਲ ਮੀਡੀਆ ‘ਤੇ ਉਸਦੇ ਖਿਲਾਫ਼ ਲਿਖਣ ਵਾਲੀ ਗੋਰੀ ਔਰਤ ਨੇ ਲਿਖਿਆ ਹੈ ਕਿ ਉਸਨੂੰ ਇਸ ਗੱਲ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ ਕਿ ਉਹ ਗੋਰੀ ਹੈ ਜਾਂ ਕਾਲੀ ਪਰ ਜਿਸ ਤਰੀਕੇ ਨਾਲ ਉਹ ਆਪਣੇ ਰਿਸ਼ਟ ਪੁਸ਼ਟ ਸਰੀਰ ਲਈ ਪਹਿਰਾਵਾ ਚੁਣਦੀ ਹੈ, ਉਸ ਵਿੱਚ ਉਹ ਭੈੜੀ ਲੱਗਦੀ ਹੈ। ਉਸਨੂੰ ਆਪਣੇ ਸਰੀਰ ਨੂੰ ਧਿਆਨ ਵਿੱਚ ਰੱਖ ਕੇ ਪਹਿਰਾਵਾ ਪਾਉਣਾ ਚਾਹੀਦਾ ਹੈ।
ਅਜਿਹੀਆਂ ਟਿੱਪਣੀਆਂ ਤੋਂ ਦੁਖੀ ਹੋ ਕੇ ਔਬਿਲੋਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਰੰਗਭੇਦ ਅਤੇ ਨਸਲੀ ਵਿਤਕਰੇ ਵਾਲੀ ਘਟਨਾ ਹੈ ਅਤੇ ਇਸਦੀ ਨਿੰਦਾ ਕਰਨੀ ਚਾਹੀਦਾ ਹੈ। ਡੇਮੇਟ੍ਰਿਆ ਔਪਿਲੋਰ ਦੀ ਵੀਡੀਓ ਵੇਖ ਕੇ ਕਾਫ਼ੀ ਲੋਕ ਉਸਦੇ ਹੱਕ ਵਿੱਚ ਨਿੱਤਰੇ ਹਨ।ਇਹਨਾਂ ਲੋਕਾਂ ਨੇ ਔਬਿਲੋਰ ਦੇ ਖਿਲਾਫ਼ ਲਿਖਣ ਵਾਲੀ ਗੋਰੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਕਾਲੇ ਵੀ ਸੁੰਦਰ ਹੁੰਦੇ ਹਨ। ਉਧਰ ਡੇਮੇਟ੍ਰਿਆ ਨੇ ਆਪਣੇ ਉਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਜਿਹੋ ਜਿਹੀ ਵੀ ਹੈ ਚੰਗੀ ਹੈ ਅਤੇ ਬਹੁਤ ਖੁਸ਼ ਹੈ। ਉਹ ਇਸੇ ਤਰ੍ਹਾਂ ਹੀ ਰਹੇਗੀ ਅਤੇ ਜਿਹਨਾਂ ਲੋਕਾਂ ਨੂੰ ਸ਼ਿਕਾਇਤ ਹੈ ਉਹ ਆਪਣੇ ਬਾਰੇ ਸੋਚਣ। ਉਸਨੇ ਸਾਰੀ ਦੁਨੀਆਂ ਦੀਆਂ ਮੁਟਿਆਰਾਂ ਨੂੰ ਸਲਾਹ ਦਿੱਤੀ ਕਿ ਸਿਹਤਮੰਦ ਰਹਿਣਾ ਜ਼ਰੂਰੀ ਹੁੰਦਾ ਹੈ। ਜਿਵੇਂ ਤੁਹਾਡਾ ਦਿਲ ਕਰਦਾ ਹੈ, ਉਸ ਤਰ੍ਹਾਂ ਰਹੋ।ਜ਼ਰੂਰੀ ਨਹੀਂ ਕਿ ਦੂਜਿਆਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜੀਵੀਏ। ਡੇਮੇਟ੍ਰਿਆ ਨੇ ਕਿਹਾ ਕਿ ਉਸਨੂੰ ਆਪਣੇ ਉਪਰ ਮਾਣ ਹੈ ਅਤੇ ਮੈਨੂੰ ਆਪਣੇ ਪਲੱਸ ਸਾਈਜ਼ ‘ਤੇ ਕੋਈ ਰੰਜ ਨਹੀਂ।
ਔਬਿਲੋਰ ਬਾਰੇ ਛਿੜੇ ਇਸ ਵਿਵਾਦ ਨੇ ਇੱਕ ਵਾਰ ਫ਼ਿਰ ਦੁਨੀਆਂ ਵਿੱਚ ਗੋਰੇ ਅਤੇ ਕਾਲੇ ਰੰਗ ਦੇ ਭੇਦ ਨੂੰ ਉਜਾਗਰ ਕੀਤਾ ਹੈ। ਇਹ ਵਿਵਾਦ ਇਸ ਪਾਸੇ ਵੀ ਸਾਡੇ ਧਿਆਨ ਖਿੱਚ ਰਿਹਾ ਹੈ ਕਿ ਸਾਡੇ ਬਹੁਤ ਸਾਰੇ ਪੇਸ਼ਿਆਂ ਵਿੱਚ ਰੰਗ ਨੂੰ ਲੈ ਕੇ ਵਿਤਕਰਾ ਬਰਕਰਾਰ ਹੈ। ਫ਼ਿਲਮਾਂ ਅਤੇ ਟੀ. ਵੀ. ਮੀਡੀਆ ਵਿੱਚ ਇਸ ਪੱਖੋਂ ਹਮੇਸ਼ਾ ਚਰਚਾ ਵਿੱਚ ਰਹੇ ਹਨ। ਉਂਝ ਹਿੰਦੋਸਤਾਨ ਵਿੱਚ ‘ਫ਼ੇਅਰ ਐਂਡ ਲਵਲੀ’ ਵਰਗੇ ਵਿਗਿਆਪਨ ਰੋਜ਼ਾਨਾ ਕਰੋੜਾਂ ਕਾਲੇ ਰੰਗ ਦੇ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰਕੇ ਉਹਨਾਂ ਵਿੱਚ ਹੀਣ ਭਾਵਨਾਂ ਪੈਦਾ ਕਰਨ ਦਾ ਸਾਧਨ ਬਣਦੇ ਹਨ। ਔਰਤਾਂ ਨੂੰ ਸਰੀਰਕ ਖੂਬਸੂਰਤੀ ਕਰਕੇ ਨਹੀਂ ਸਗੋਂ ਉਹਨਾਂ ਦੇ ਪੇਸ਼ੇਵਰ ਗੁਣਾਂ ਨੂੰ ਮੁੱਖ ਰੱਖ ਕੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਏਅਰ ਹੋਸਟਸਾਂ ਅਤੇ ਰਿਸੈਪਸ਼ਨਿਸਟਾਂ ਆਦਿ ਦੀਆਂ ਅਸਾਮੀਆਂ ਲਈ ਵੀ ਗੁਣਾਂ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਟੀ. ਵੀ. ਦੇ ਖੇਤਰ ਵਿੱਚ ਭਾਸ਼ਾ ਦਾ ਗਿਆਨ, ਉਚਾਰਣ, ਚਲੰਤ ਮਾਮਲਿਆਂ ਅਤੇ ਆਮ ਗਿਆਨ ਨੂੰ ਮੁੱਖ ਰੱਖ ਕੇ ਨੌਕਰੀਆਂ ਲਈ ਚੋਣ ਕਰਨੀ ਚਾਹੀਦੀ ਹੈ ਨਾ ਕਿ ਕੁੜੀ ਦੀ ਫ਼ਿੱਗਰ, ਰੰਗ ਅਤੇ ਡਰੈਸ ਆਦਿ ਵੇਖ ਕੇ। ਇਹ ਵਰਤਾਰੇ ਨੂੰ ਬਦਲਣ ਦੀ ਲੋੜ ਹੈ ਅਤੇ ਕੋਈ ਤਾਂ ਇਸ ਪਾਸੇ ਪਹਿਲ ਕਰੇਗਾ,ਫ਼ਿਰ ਆਪਾਂ ਕਿਉਂ ਨਹੀਂ ਪਾਸੇ ਪਹਿਲਾ ਕਦਮ ਪੁੱਟਦੇ।