ਪ੍ਰਦੁਮਨ ਕਤਲ ਕੇਸ : ਦੋਸ਼ੀ ਵਿਦਿਆਰਥੀ ਦੇ ਪਿਤਾ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਉਠਾਏ ਸਵਾਲ

ਗੁਰੂਗਰਾਮ — ਪ੍ਰਦੁਮਨ ਕਤਲ ਕਾਂਡ ‘ਚ ਸੀ.ਬੀ.ਆਈ. ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਦੋਸ਼ੀ ਬਣਾਇਆ ਹੈ। ਦੂਸਰੇ ਪਾਸੇ ਮੁਲਜ਼ਮ ਦੇ ਪਿਤਾ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁਲਜ਼ਮ ਵਿਦਿਆਰਥੀ ਦੇ ਪਿਤਾ ਦੇ ਮੁਤਾਬਕ ਸੀ.ਬੀ.ਆਈ. ਨੇ ਉਨ੍ਹਾਂ ਦੇ ਬੇਟੇ ਨੂੰ ਨਸ਼ੇ ਦਾ ਆਦੀ ਅਤੇ ਮਾਨਸਿਕ ਰੋਗੀ ਦੱਸਿਆ ਹੈ ਜੋ ਕਿ ਬਿਲਕੁੱਲ ਹੀ ਝੂਠ ਹੈ। ਦੋਸ਼ੀ ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਜਲਦਬਾਜ਼ੀ ‘ਚ ਉਨ੍ਹਾਂ ਦੇ ਬੇਟੇ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੀ.ਬੀ.ਆਈ. ‘ਤੇ ਸਵਾਲ ਕਰਦੇ ਹੋਏ ਕਿਹਾ ਕਿ ਬਿਨ੍ਹਾਂ ਕਿਸੇ ਮੈਡੀਕਲ ਰਿਪੋਰਟ ਅਤੇ ਬਿਨ੍ਹਾਂ ਕਿਸੇ ਸਬੂਤ ਦੇ ਉਨ੍ਹਾਂ ਦੇ ਬੇਟੇ ਨੂੰ ਨਸ਼ੇ ਦਾ ਆਦੀ ਕਿਉਂ ਦੱਸਿਆ ਗਿਆ।
ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਬਿਨ੍ਹਾਂ ਜਾਂਚ ਦੇ ਉਨ੍ਹਾਂ ਦੇ ਬੇਟੇ ਨੂੰ ਮਾਨਸਿਕ ਰੋਗੀ ਕਿਉਂ ਦੱਸਿਆ ਗਿਆ ਜਦੋਂਕਿ ਉਨ੍ਹਾਂ ਦਾ ਬੇਟਾ ਤਾਂ ਬਿਲਕੁੱਲ ਠੀਕ ਹੈ। ਮੁਲਜ਼ਮ ਦੇ ਪਿਤਾ ਨੇ ਸੀ.ਬੀ.ਆਈ. ਦੀ ਪੂਰੀ ਥਿਊਰੀ ‘ਤੇ ਹੀ ਸਵਾਲ ਖੜ੍ਹੇ ਕੀਤੇ ਹਨ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਕੋਰਟ ‘ਚ ਲੜਾਈ ਲੜਣ ਦੀ ਗੱਲ ਕਹੀਂ।
ਮੁਲਜ਼ਮ ਵਿਦਿਆਰਥੀ ਨੂੰ ਫਿਲਹਾਲ ਕੋਰਟ ਨੇ ਬਾਲ ਸੁਧਾਰ ਘਰ ਭੇਜਿਆ ਹੈ ਅਤੇ ਇਸ ਤੋਂ ਪਹਿਲਾਂ ਦੋਸ਼ੀ ਵਿਦਿਆਰਥੀ ਨੇ ਆਪਣਾ ਦੋਸ਼ ਕਬੂਲ ਵੀ ਕਰ ਲਿਆ ਸੀ। ਦੂਸਰੇ ਪਾਸੇ ਹਰਿਆਣਾ ਪੁਲਸ ਦੀ ਥਿਊਰੀ ‘ਤੇ ਸੀ.ਬੀ.ਆਈ. ਜਾਂਚ ‘ਤੋਂ ਬਾਅਦ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਜਲਦੀ ਹੀ ਹਰਿਆਣਾ ਪੁਲਸ ਦੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਸਕਦੀ ਹੈ।