ਮਨੁੱਖਤਾ ਨੇ ਲੱਖਾਂ ਸਾਲਾਂ ਤੋਂ ਨਸਲ ਦਰ ਨਸਲ ਵਿਕਾਸ ਕੀਤਾ ਹੈ। ਹਰ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਵਿਕਾਸ ਦਾ ਅਗਲਾ ਪੰਧ ਤਹਿ ਕਰਦੀ ਰਹੀ ਹੈ। ਪਹਿਲੀ ਪੀੜ੍ਹੀ ਨੇ ਆਪਣੀ ਸੁਹਿਰਦਤਾ ਨਾਲ ਆਪਣੀ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਿਰਾਸਤ ਆਪਣੀ ਸੰਤਾਨ ਨੂੰ ਦਿੱਤੀ ਹੈ। ਮਾਪੇ ਸੰਤਾਨ ਦਾ ਹਮੇਸ਼ਾ ਦਿਲੋਂ ਭਲਾ ਲੋੜਦੇ ਹਨ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਅਤੇ ਪਰਿਵਾਰ ਦੇ ਸਫ਼ਲ ਕਮਾਊ ਬਣਾਉਣਾ ਸੋਚਦੇ ਹਨ। ਨਵੀਂ ਪੀੜ੍ਹੀ ਦੀ ਸਿਖਲਾਈ ਵਿੱਚ ਜਿੱਥੇ ਸਮਾਜ ਆਪਣਾ ਵਿਵਸਥਾਮਈ ਕਰਤੱਵ ਨਿਭਾਉਂਦਾ ਹੈ, ਉਥੇ ਮਾਪੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਸੰਤਾਨ ਦਾ ਪੱਥ-ਪ੍ਰਦਰਸ਼ਨ ਕਰਦੇ ਹਨ। ਉਹਨਾਂ ਲਈ ਸਿਖਲਾਈ ਦਾ ਮਾਧਿਅਮ, ਆਧਾਰ ਅਤੇ ਵਿਧੀ ਚੁਣਦੇ ਹਨ।
ਮਾਪਿਆਂ ਅਤੇ ਸਮਾਜ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਤਾਨ ਦੇ ਸਰਬਪੱਖੀ ਵਿਕਾਸ ਲਈ ਸਹੂਲਤਾਂ ਮੁਹੱਈਆ ਕਰਨ ਤਾਂ ਜੋ ਉਹ ਆਪਣੇ ਆਗਾਮੀ ਜੀਵਨ ਵਿੱਚ, ਰੁਜ਼ਗਾਰ ਅਤੇ ਕਿੱਤੇ ਵਿੱਚ ਉਤਮ ਮੁਹਾਰਤ ਹਾਸਲ ਕਰ ਸਕਣ। ਸਵਾਲ ਮੁਢਲੀ ਸਿਖਲਾਈ ਦੇ ਮਾਧਿਅਮ ਦਾ ਹੈ। ਬੱਚਾ ਮਾਂ ਆਪਣੇ ਬਚਪਨ ਦੇ ਸੰਗੀਆਂ ਸਾਥੀਆਂ, ਆਲੇ ਦੁਆਲੇ ਤੋਂ ਸਭ ਤੋਂ ਪਹਿਲਾਂ ਸਿੱਖਦਾ ਹੈ। ਉਸਦੇ ਗਿਆਨ ਗ੍ਰਹਿਣ ਕਰਨ ਦਾ ਉਤਮ ਵਸੀਲਾ ਉਸਦੀ ਮਾਂ ਬੋਲੀ ਹੀ ਹੋ ਸਕਦੀ ੈ। ਉਸਦੀ ਮੁਢਲੀ ਯੋਗਤਾ ਅਤੇ ਉਸਦੇ ਜੀਵਨ ਪੈਂਤੜੇ ਦਾ ਆਧਾਰ ਬਣਦੀ ਹੈ। ਉਸਨੂੰ ਸੋਚਣ ਅਤੇ ਸਮਝਣ ਦੀ ਜਾਚ ਸਿਖਾਉਣ ਅਤੇ ਉਸਨੂੰ ਪ੍ਰਪੱਕ ਕਰਨ ਵਿੱਚ ਸਹਾਇਤਾ ਦਿੰਦੀ ਹੈ। ਮੁਢਲੀ ਸਟੇਜ ਉਤੇ ਭਾਸ਼ਾਈ ਸੁਭਾਵਿਕਤਾ ਅਤੇ ਇੱਕਾਗਰਤਾ ਉਸਦੀਆਂ ਮੌਲਿਕ ਸ਼ਕਤੀਆਂ ਨੂੰ ਪ੍ਰਪੱਕ ਕਰਨ ਵਿੱਚ ਸਹਾਇੱਕ ਹੁੰਦੀ ਹੈ।
ਪੱਛਮੀ ਦੇਸ਼ਾਂ ਦੇ ਆਧੁਨਿਕ ਸਿੱਖਿਆ ਸ਼ਾਸਤਰੀਆਂ ਨੇ ਇਹ ਗੱਲ ਸਿੱਧ ਕਰ ਲਈ ਹੈ ਕਿ ਹਰ ਇੱਕ ਬੱਚਾ ਅਪਣੀ ਪ੍ਰੰਪਰਾਗਤ ਮਾਂ ਬੋਲੀ ਵਿੱਚ ਹੀ ਸਹਿਜ ਸਫ਼ਲਤਾ ਅਤੇ ਤੇਜ਼ੀ ਨਾਲ ਸਿੱਖਿਆ ਗ੍ਰਹਿਣ ਕਰ ਸਕਦਾ ਹੈ। ਆਰੰਭਕ ਪੜਾਅ ਉਤੇ ਉਸਨੂੰ ਕਿਸੇ ਹੋਰ ਭਾਸ਼ਾ ਦੇ ਝੰਜਟ ਵਿੱਚ ਪਾਉਣਾ ਬੱਚੇ ਦੀਆਂ ਸਿੱਖਿਆ ਸ਼ਕਤੀਆਂ ਨਾਲ ਕੁਕਰਮ ਹੈ। ਪੱਛਮੀ ਮੁਲਕਾਂ ਨੇ ਵਿਦੇਸ਼ੀ ਭਾਵੀ ਬੱਚਿਆਂ ਨੂੰ ਉਹਨਾਂ ਦੀਆਂ ਮਾਤ ਭਾਸ਼ਾਵਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਵਿਦਿਅਕ ਕਾਨੂੰਨ ਲਾਗੂ ਕਰ ਦਿੱਤੇ ਹੋਏ ਹਨ।
ਸੰਸਾਰ ਦਾ ਹਰ ਇੱਕ ਉਨਤ, ਬੌਧਿਕ ਅਤੇ ਸਮਾਜਿਕ ਤੌਰ ਉਤੇ ਸੁਤੰਤਰ ਦੇਸ਼ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਸਿੱਖਿਆ ਦਿੰਦਾ ਹੈ। ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਰਾਹੀਂ ਸਿੱਖਿਆ ਦਿੱਤੀ ਜਾਣੀ ਸੁਭਾਵਿਕ ਹੈ। ਅੰਗਰੇਜ ਲੱਗਭੱਞ ਡੇਢ ਸਦੀ ਸਾਰੀ ਦੁਨੀਆਂ ਉਤੇ ਰਾਜਸੀ, ਸਭਿਆਚਾਰਕ, ਸਾਹਿਤਕ ਅਤੇ ਭਾਸ਼ਾਈ ਪੱਖ ਤੋਂ ਛਾਏ ਰਹੇ ਹਨ। ਅਸੀਂ ਭਾਰਤੀਆਂ ਨੇ ਅੰਗਰੇਜ਼ਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਬਹੁਤ ਕੁਝ ਗਵਾਇਆ ਹੈ। ਅਸੀਂ ਉਹਨਾਂ ਦੀ ਜੀਵਨ ਜਾਚ, ਲਿਬਾਸ, ਵਿੱਚਾਰਧਾਰਾ ਨੂੰ ਪਹਿਲਾਂ ਅੰਗਰੇਜ਼ ਹਾਕਮਾਂ ਨੂੰ ਖੁਸ਼ ਕਰਨ ਲਈ ਅਤੇ ਮਾਤਿਹਤੀ-ਪ੍ਰਬੰਧਕੀ ਨੌਕਰੀਆਂ ਪ੍ਰਾਪਤ ਕਰਨ ਲਈ ਅਪਣਾਇਆ ਅਤੇ ਦਫ਼ਤਰੀ ਅਫ਼ਸਰਸ਼ਾਹੀ ਦੀ ਪ੍ਰਾਪਤੀ ਲਈ ਅੰਗਰੇਜ਼ੀ ਇੱਕ ਜ਼ਰੂਰੀ ਵਸੀਲਾ ਬਣ ਗਈ।
ਅੰਗਰੇਜ਼ ਚਲੇ ਗਏ ਪਰ ਉਹ ਆਪਣਾ ਸਭਿਆਚਾਰਕ ਅਤੇ ਭਾਸ਼ਾਈ ਇੰਦਰਜਾਲ ਪਿੱਛੇ ਭਾਰਤ ਵਿੱਚ ਛੱੜ ਗਏ। ਜਦਕਿ ਹਿੰਦੀ ਨੂੰ ਅਸੀਂ ਆਪਣੀ ਰਾਸ਼ਟਰੀ ਭਾਸ਼ਾ ਅਤੇ ਇਲਾਕਾਈ ਭਾਸ਼ਾਵਾਂ ਨੂੰ ਸੂਬਾਈ ਭਾਸ਼ਾਵਾਂ ਸੰਵਿਧਾਨਕ ਤੌਰ ਤੇ ਮੰਨ ਲਿਆ ਹੈ ਫ਼ਿਰ ਵੀ ਥੋੜ੍ਹੀ ਜਿਹੀ ਖੁਸ਼ਹਾਲੀ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਮੁਢਲੇ ਪੜਾਅ ਉਤੇ ਅੰਗਰੇਜ਼ੀ ਪੜ੍ਹਾਉਣ ਦੇ ਭਰਮ ਜਾਲ ਵਿੱਚ ਫ਼ਸੇ ਹੋਏ ਹਨ। ਅਜਿਹੇ ਪੜ੍ਹੇ, ਅੱਧਪੜ੍ਹ ਜਾਂ ਅਨਪੜ੍ਹ ਮਾਪੇ ਅਸਲ ਵਿੱਚ ਜ਼ਿਹਨੀ ਤੌਰ ਤੇ ਹਾਲੇ ਤੱਕ ਵੀ ਗੁਲਾਮ ਹਨ ਅਤੇ ਆਪਣੀ ਸੰਤਾਨ ਦੇ ਦੁਸ਼ਮਣ।
ਅੰਗਰੇਜ਼ੀ ਤੇ ਪਬਲਿਕ ਸਕੂਲਾਂ ਦੇ ਨਾਮ ਉਤੇ ਕੁਝ ਲੋਕਾਂ ਨੇ ਉਹਨਾਂ ਦੀ ਇਸ ਕੁਰੁਚੀ ਦਾ ਲਾਭ ਉਠਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ ਅਤੇ ਮਾਤ ਭਾਸ਼ਾ ਪੰਜਾਬੀ ਵਿਰੁੱਧ ਆਪਣਾ ਗੱਦਾਰੀ ਭਰਿਆ ਘਿਨਾਉਣਾ ਰੋਲ ਅਦਾ ਕਰ ਰਹੇ ਹਨ। ਅਜਿਹੇ ਦੰਭੀ ਅੰਗਰੇਜ਼ੀ ਸਕੂਲਾਂ ਦੇ ਚਤਰ ਤੇ ਚਾਪਲੂਸ ਪ੍ਰਿੰਸੀਪਲ ਅਤੇ ਸਟਾਫ਼ ਨਿੱਕੇ ਨਿੱਕੇ ਪੰਜਾਬੀ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਬੋਲਣ ਉਤੇ ਮਜਬੂਰ ਕਰਕੇ ਉਹਨਾਂ ਦੀ ਆਤਮਾ ਦਾ ਗਲਾ ਘੁੱਟ ਰਹੇ ਹਨ। ਵੱਧ ਫ਼ੀਸਾਂ, ਵਰਦੀਆਂ, ਇਮਾਰਤਾਂ, ਪੱਖੇ ਅਤੇ ਪਾਣੀ ਅਤੇ ਸਾਈਕਲ ਰੱਖਣ ਤੱਕ ਦੀਆਂ ਸਹੂਲਤਾਂ ਦੇ ਇੰਨੇ ਪੈਸੇ ਲੈਂਦੇ ਹਨ ਅਤੇ ਇਵਜ਼ ਵਿੱਚ ਸਿਵਾਏ ਚਾਰ ਅੱਖਰੀ ਅੰਗਰੇਜ਼ੀ ਤੋਂ ਬੁਨਿਆਦੀ ਤੌਰ ਉਤੇ ਕੁਝ ਵੀ ਨਹੀਂ ਸਿਖਾਉਂਦੇ। ਅੰਗਰੇਜ਼ੀ ਦਾ ਅਭਿਆਸ ਨਾ ਹੋਣ ਕਰਕੇ ਅਜਿਹੇ ਬੱਚੇ ਪਹਿਲੀ ਸਟੇਜਉਤੇ ਹੀ ਸਧਾਰਨ ਬੁਨਿਆਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਮਾਰ ਖਾ ਜਾਂਦੇ ਹਨ। ਅਜਿਹੀ ਬੇ-ਕਾਰਨੀ ਅਸਫ਼ਲਤਾ ਦਾ ਬੱਚਿਆਂ ਦੇ ਮਨ ਉਤੇ ਸੁਭਾਵਿਕ ਬੋਝ ਪੈਂਦਾ ਹੈ ਅਤੇ ਦੋ ਤਿੰਨ ਸਾਲ ਖਰਾਬ ਕਰਕੇ ਮੁੜ ਅਜਿਹੇ ਬੱਚਿਆਂ ਨੂੰ ਮਾਤ ਭਾਸ਼ਾ ਰਾਹੀਂ ਸਿੱਖਿਆ ਦੇਣ ਵਾਲੇ ਸਕੂਲਾਂਵਿੱਚ ਦਾਖਲ ਕਰਵਾਇਆ ਜਾਂਦਾ ਹੈ। ਅਜਿਹਾ ਗਰੀਬ ਤੇ ਥੋੜ੍ਹੇ ਪੜ੍ਹੇ ਲਾਈਲੱਗ ਕਿਸਮ ਦੇ ਮਾਪਿਆਂ ਨੂੰ ਸੰਤਾਪ ਸਾਬਤ ਹੁੰਦਾ ਹੈ।
ਸਾਡੇ ਸਰਕਾਰੀ ਸਕੂਲਾਂ ਵਿੱਚ ਸੁਵਿਧਾਵਾਂ ਦੀ ਕਮੀ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਕਮੀ ਹੁੰਦੀ ਹੈ। ਸਰਕਾਰੀ ਸਕੂਲਾਂ ਦੀ ਪੜ੍ਹਾਈ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਦੂਜੇ ਪਾਸੇ ਸਾਡੇ ਵਿੱਚੋਂ ਹੀ ਅਨੇਕਾਂ ਲੋਕ ਅਜਿਹੇ ਹਨ ਜਿਹਨਾਂ ਦੀ ਮਾਨਸਿਕਤਾ ਵਿੱਚ ਅੰਗਰੇਜ਼ੀ ਅੱਵਲ ਸਥਾਨ ‘ਤੇ ਹੈ। ਸੈਂਕੜੇ ਰੁਪਏ ਟਿਊਸ਼ਨ ਫ਼ੀਸ ਦੇਦ ਵਾਲੇ ‘ਅਮੀਰ ਸਮਰੱਥ’ ਮਾਪੇ ਆਪਣੀ ਹਊਮੈ ਨੂੰ ਬਰਕਰਾਰ ਰੱਖਣ ਲਈ ਆਪਣੀ ਸੰਤਾਨ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਭੇਜੀ ਜਾਂਦੇ ਹਨ ਅਤੇ ਉਹਨਾਂ ਦਾ ਹਸ਼ਰ ਐਂਟਰਸ ਪੱਧਰ ਦੀ ਪ੍ਰੀਖਿਆ ਵਿੱਚ ਥੋੜ੍ਹੇ ਅੰਕਾਂ ਦੀ ਸੂਰਤ ਵਿੱਚ ਨਿਕਲਦਾ ਹੈ। ਅਜਿਹੇ ਬੱਚਿਆਂ ਨੂੰ ਸਰਕਾਰੀ ਕਾਲਜਾਂ ਵਿੱਚ ‘ਮੁਕਾਬਲੇ’ ਵਿੱਚ ਦਾਖਲਾ ਨਹੀਂ ਮਿਲਦਾ। ਫ਼ਿਰ ਅਜਿਹੇ ‘ਦੋ’ ਨੰਬਰ ਦੇ ਵਸੀਲਿਆਂ ਵਾਲੇ ਮਾਪੇ ਆਪਣੀ ਭਾਸ਼ਾ ਸਬੰਧੀ ਆਪਣੀ ਗਲਤੀ ਮੰਨਣ ਦੀ ਥਾਂ ਦੋਸ਼ ਮਾਤਭਾਸ਼ਾ ਰਾਹੀਂ ਸਿੱਖਿਆ ਪ੍ਰਣਾਲੀ ਤੇ ਮੜ੍ਹਦੇ ਹਨ। ਉਹ ਭੁੱਲ ਜਾਂਦੇ ਹਨ ਕਿ ਉਹਨਾਂ ਆਪਣੇ ਸਮਾਜਿਕ ਰੁਤਬੇ ਦਾ ਹੰਕਾਰ ਜਿਤਾਉਣ ਲਈ ਆਪਣੇ ਬੱਚਿਆਂ ਦੀ ਯੋਗਤਾ ਨਾਲ ਧਰੋਅ ਕਮਾਇਆ ਹੁੰਦਾ ਹੈ। ਉਹੀ ਬੱਚੇ ਉਸ ਨਾਲੋਂ ਦਸ ਗੁਣਾਂ ਘੱਟ ਖਰਚੇ ਰਾਹੀਂ ਦੁੱਗਣੀ ਯੋਗਤਾ ਪ੍ਰਾਪਤ ਕਰ ਸਕਦੇ ਹਨਜੇਕਰ ਉਹਨਾਂ ਨੂੰ ਸਾਰਾ ਗਿਆਨ ਮਾਤ ਭਾਸ਼ਾ ਰਾਹੀਂ ਪ੍ਰਦਾਨ ਕਰਨ ਦੇ ਮੌਕੇ ਦਿੱਤੇ ਜਾਣ ਤੇ ਅੰਗਰੇਜ਼ੀ ਉਹਨਾਂ ਨੂੰ ਇੱਕ ਭਾਸ਼ਾ ਵਜੋਂ ਪੂਰੇ ਪ੍ਰਬੰਧ ਨਾਲ ਪੜ੍ਹਾਈ ਜਾਵੇ। ਇਉਂ ਬੱਚੇ ਸਾਰੇ ਵਿਸ਼ਿਆਂ ਦਾ ਉਤਮ ਗਿਆਨ ਵੀ ਪ੍ਰਾਪਤ ਕਰ ਲੈਣਗੇ ਅਤੇ ਵਿਸ਼ੇ ਅਤੇ ਅੰਗਰੇਜ਼ੀ ਵਿੱਚ ਲੋੜੀਂਦੀ ਮੁਹਾਰਤਵੀ ਹਾਸਲ ਹੋ ਜਾਵੇਗੀ। ਮੇਰਾ ਇਹ ਨਿੱਜੀ ਮੱਤ ਹੀ ਨਹੀਂ ਸਗੋਂ ਇਸਨੂੰ ਵਿਗਿਆਨਕ ਸਿੱਖਿਅਕ ਪ੍ਰੋੜ੍ਹਤਾ ਵੀ ਪ੍ਰਾਪਤ ਹੈ।
ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਅਤੇ ਲਿਪੀ ਦੇ ਮੁਦਈ, ਰਾਜਸੀ ਨੇਤਾ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਕਾਂਡ ਵਿਦਵਾਨ ਕਹਾਉਣ ਵਾਲੇ ਵਿਦਵਾਨ ਅਤੇ ਪੰਜਾਬੀ ਦੇ ਪ੍ਰੋਫ਼ੈਸਰ ਅਤੇ ਬਹੁਤੇ ਅਧਿਆਪਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਨ ਦਾ ਦੰਭ ਰਚੀ ਬੈਠੇ ਹਨ। ਜੇ ਉਹਨਾਂ ਨੇ ਅਜਿਹੀ ਮਾਤ ਭਾਸ਼ਾ ਪ੍ਰਤੀ ਵਿਅਕਤੀਗਤ, ਪਰਿਵਾਰਕ ਅਤੇ ਸਮਾਜਿਕ ਦੁਸ਼ਮਣੀ ਹੀ ਕਮਾਉਣੀ ਹੈ ਤਾਂ ਉਹਨਾਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਰੋਜ਼ੀ ਕਮਾਉਣ ਦਾ ਕੀ ਹੱਕ ਹੈ? ਜੋ ਲੋਕ ਪੰਜਾਬੀ ਦੇ ਨਾਮ ‘ਤੇ ਵੋਟਾਂ ਲੈਂਦੇ ਹਨ, ਅਜਿਹੇ ਲੋਕਾਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਰੋਜ਼ੀ ਕਮਾਉਣ ਦਾ ਕੀ ਹੱਕ ਹੈ? ਕੀ ਇਹ ਮਾਤ ਭਾਸ਼ਾ ਨਾਲ ਗੱਦਾਰੀ ਨਹੀਂ? ਇਹ ਇੱਕ ਭਾਸ਼ਾਈ ਮਲੀਨਤਾ ਅਤੇ ਸਭਿਆਚਾਰਕ ਬੁਜ਼ਦਿਲੀ ਹੈ। ਕੀ ਉਹ ਮਾਤ ਭਾਸ਼ਾ ਪੰਜਾਬੀ ਦਾ ਝੰਡਾ ਬੁਲੰਦ ਕਰਨ ਦੀ ਨੈਤਿਕ ਦਲੇਰੀ ਨਹੀਂ ਰੱਖਦੇ? ਇਹ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਜ਼ੁਬਾਨ ਨੂੰ ਧਰਮ ਨਾਲ ਜੋੜਨਾ ਕੂਟਨੀਤਿਕ ਚਤੁਰਾਈ ਤਾਂ ਬੇਸ਼ੱਕ ਹੋਵੇ ਪਰ ਇਤਿਹਾਸਕ ਅਤੇ ਸਮਾਜਿਕ ਗਲਤੀ ਜ਼ਰੂਰ ਹੈ। ਮਾਤ ਭਾਸ਼ਾ ਪੰਜਾਬੀ ਪ੍ਰਤੀ ਅਜਿਹੇ ਗਲਤ ਪੈਂਤੜੇ ਦੇ ਸਿੱਟਿਆਂ ਦੀ ਭਿਆਨਕਤਾ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ। ਜਿੱਥੇ ਇਹ ਪੰਜਾਬ ਦੇ ਹਿੱਤਾਂ ਪ੍ਰਤੀ ਦੁਸ਼ਮਣੀ ਹੈ, ਉਥੇ ਆਪਣੇ ਬੱਚਿਆਂ ਨੂੰ ਨਿਰੋਲ ਅੰਗਰੇਜ਼ੀ ਰਾਹੀਂ ਸਿੱਖਿਆ ਦਿਵਾਉਣਾ ਬੱਚਿਆਂ ਦੀਆਂ ਯੋਗਤਾਵਾਂ ਨਾਲ ਧਰੋਅ ਕਮਾਉਣਾ ਹੈ। ਅਸੀਂ ਬਿਨਾਂ ਧਰਮ, ਜਨਮ, ਕਰਮ, ਜਾਤ ਮੱਤ ਕਿੱਤਾ ਅਤੇ ਰੁਜ਼ਗਾਰ ਦੇ ਵਿਤਕਰੇ ਦੇ ਸਮੂਹ ਪੰਜਾਬੀ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਤ ਭਾਸ਼ਾ ਦੇ ਬੁਨਿਆਦੀ ਵਿਦਿਅਕ ਮਹੱਤਵ ਨੂੰ ਸਮਝਣ ਅਤੇ ਆਪਣੀ ਸੰਤਾਨ ਨਾਲ ਸਭਿਆਚਾਰਕ ਦੁਸ਼ਮਣੀ ਕਮਾਉਣੀ ਬੰਦ ਕਰਨ।
ਅਜਿਹੇ ਬਹੁਤ ਅੰਗਰੇਜ਼ੀ ਸਕੂਲਾਂ ਵਿੱਚ ਉਹਨਾਂ ਦੀ ਪੰਜਾਬੀ ਭਾਰਤੀ ਧਾਰਮਿਕ, ਪਰਿਵਾਰਕ ਅਤੇ ਵਾਤਸਲੀ ਰਵਾਇਤਾਂ ਨਾਲੋਂ ਪੂਰਾ ਦਿਲ ਲਾ ਕੇ ਬੇਮੁੱਖ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਸਕੂਲਾਂ ਵਿੱਚੋਂ ਨਿਕਲਦੇ ਹਨ ਤਾਂ ਉਹ ਜ਼ਿੰਦਗੀ ਦੀਆਂ ਕਰੜੀਆਂ ਹਕੀਕਤਾਂ ਦਾ ਵਿਅਕਤੀਗਤ ਤੌਰ ਉਤੇ ਟਾਕਰਾ ਨਹੀਂ ਕਰ ਸਕਦੇ। ਭਾਈਚਾਰਕ ਰਵਾਇਤਾਂ ਤੋਂ ਬਿਲਕੁਲ ਅਣਭਿੱਜ ਹੁੰਦੇ ਹਨ ਅਤੇ ਬੜੀ ਬੇਸ਼ਰਮੀ ਨਾਲ ਸਵੀਕਾਰ ਕਰਦੇ ਹਨ ਕਿ ”ਸਾਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਂਦੀ, ਕੀ ਅਸੀਂ ਇਸਨੂੰ ਅਜਿਹੇ ਪੰਜਾਬੀ ਬੱਚਿਆਂ ਦੀ ਬੌਧਿਕ ਨਿਪੁੰਸਕਤਾ ਦਾ ਨਾਮਦੇ ਦੇਈਏ? ਸਾਡੇ ਯੂਰਪੀਅਨ ਅਤੇ ਪੂਰਬੀ ਦੇਸ਼ਾਂ ਦੇ ਵੱਡੇ ਵੱਡੇ ਸਾਇੰਸਦਾਨ ਆਪੋ ਆਪਣੀ ਮਾਤ ਭਾਸ਼ਾ ਵਿੱਚ ਸੋਚਦੇ ਅਤੇ ਕੰਮ ਕਰਦੇ ਹਨ ਅਤੇ ਦੂਜੀ ਭਾਸ਼ਾ ਨੂੰ ਕੇਵਲ ਹਵਾਲਾ ਗਿਆਨ ਲਈ ਲੋੜ ਲਈ ਸਿੱਖਦੇ ਹਨ। ਸਾਡਾ ਨਿਸ਼ਾਨਾਗਿਆਨ ਸਿੱਖਣਾ ਹੋਣਾ ਚਾਹੀਦਾ ਹੈ ਨਾ ਕਿ ਇੱਕ ਵਿਦੇਸ਼ੀ ਭਾਸ਼ਾਦੀ ਦਲਦਲ ਵਿੱਚ ਆਪਣੇ ਬੱਚਿਆਂ ਦੀ ਯੋਗਤਾ ਨੂੰ ਫ਼ਸਾ ਦੇਣਾ।
ਪੰਜਾਬੀ ਨੂੰ ਲਾਗੂ ਕਰਨ ਸਬੰਧੀ ਕੁਝ ਸੁਝਾਅ
ਪੰਜਾਬੀਅਤ ਪੰਜਾਬ ਦਾ ਪਿਆਰ ਹੈ। ਪੰਜਾਬੀ ਜ਼ੁਬਾਨ ਦਾ ਪਿਆਰ ਹੈ। ਪੰਜਾਬੀ ਰਹਿਤਲ ਦਾ ਪਿਆਰ ਹੈ। ਪੰਜਾਬੀਅਤ ਦੀ ਅੰਤਰ ਰਾਸ਼ਟਰੀਅਤਾ ਇੱਕ ਵਿਆਪਕ ਲੋੜ ਹੈ। ਅੱਜ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਹੈ ਅਤੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਤਾਂ ਪੰਜਾਬੀ ਦੀ ਪੜ੍ਹਾਈ ਲਈ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਸਬੰਧੀ ਸਮੱਸਿਆਵਾਂ ਦੀ ਸਮਝ ਆਉਂਦੀ ਹੈ ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਨੂੰ ਸਮਝਣਾ ਅਤੇ ਹਜ਼ਮ ਕਰਨਾ ਬਹੁਤ ਔਖਾ ਹੈ। ਪੰਜਾਬੀ ਬੁੱਧੀਜੀਵੀਆਂ ਅਤੇ ਜਾਗਰੂਕ ਪੰਜਾਬੀਆਂ ਨੂੰ ਸੰਪਰਦਾਇੱਕਤਾ ਨੂੰ ਇੱਕ ਪਾਸੇ ਰੱਖ ਕੇ ਪੰਜਾਬੀਅਤ ਦੇ ਉਮਦਾ ਤੱਤਾਂ ਨੂੰ ਉਭਾਰ ਕੇ ਸੰਚਾਰ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੀ ਮਾਂਬੋਲੀ ਲਈ ਅਵੇਸਲੇ ਰਹਾਂਗੇ ਅਤੇ ਪੰਜਾਬੀ ਨਾਲ ਹੋ ਰਹੇ ਵਿਤਕਰੇ ਬਾਰੇ ਚੁੱਪ ਰਹਾਂਗੇ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਾਡੀਆਂ ਆਪਣੀਆਂ ਹੀ ਪੀੜ੍ਹੀਆਂ ਸਾਡੀ ਭਾਸ਼ਾਈ ਜ਼ਿਹਨੀ-ਗੁਲਾਮੀ ਦਾ ਤ੍ਰਿਸਕਾਰ ਕਰਨਗੀਆਂ। ਸਾਡੇ ਵਾਰਸਸਾਡੇ ਵਕਤੀ ਭਾਸ਼ਾਈ-ਦਬਸਪੁਣੇ ਲਈ ਸਾਨੂੰ ਕੋਸਣਗੇ। ਮਾਂ ਬੋਲੀ ਦੇ ਮਹੱਤਵ ਨੂੰ ਨਾ ਮੰਨਣਾ ਸਮਾਜ ਨੂੰ ਕੁਰਾਹੇ ਪਾਉਣਾ ਤੇ ਇਤਿਹਾਸ ਦਾ ਕਲੰਕ ਖੱਟਣਾ ਹੈ। ਇਯ ਕਲੰਕ ਤੋਂ ਬਚਣ ਲਈ ਸਾਨੂੰ ਪੰਜਾਬੀ ਦੇ ਹੱਕ ਵਿੱਚ ਉਠਣਾ ਪਵੇਗਾ। ਇਸ ਸਬੰਧੀ ਕੁਝ ਸੁਝਾਅ ਤੁਹਾਡੇ ਅੱਗੇ ਰੱਖ ਰਿਹਾ ਹਾਂ।
1. ਪੰਜਾਬ ਸਰਕਾਰ ਪੰਜਾਬ ਵਿੱਚ ਗੁਰਮੁੱਖੀ ਪੰਜਾਬੀ ਦੇ ਸਿੱਖਿਆ ਮਾਧਿਅਮ ਨੂੰ ਇੱਕਾਗਰਤਾ ਅਤੇ ਪੂਰੀ ਸਮਰੱਥਾ ਨਾਲ ਲਾਗੂ ਕਰੇ। ਇਸਦਾ ਉਲੰਘਣ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਲੋੜਵੰਦਾਂ ਨੂੰ ਸਹੂਲਤਾਂ ਦਿੱਤੀਆਂ ਜਾਣ।
2. ਸਾਰੇ ਪੰਜਾਬ ਦੀ ਕਾਲਜ ਵਿੱਦਿਆ ਵਿੱਚ ਹਰ ਪ੍ਰਕਾਰ ਦੇ ਵਿਦਿਆਰਥੀਆਂ ਲਈ ਗੁਰਮੁੱਖੀ ਪੰਜਾਬੀ ਨੂੰ ਲਾਜ਼ਮੀ ਕਰਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦਾ ਹਰ ਇੱਕ ਸੁਸਿੱਖਿਅਤ ਨਾਗਰਿਕ ਗੁਰਮੁੱਖੀ ਪੰਜਾਬੀ ਤੋਂ ਅਣਜਾਣ ਨਾ ਰਹੇ।
3. ਪੰਜਾਬ ਵਿੱਚ ਥਾਂ-ਥਾਂ ਖੁੰਬਾਂ ਵਾਂਗ ਉਗੇ ਅੰਗਰੇਜ਼ੀ ਮਾਡਲ ਅਤੇ ਪਬਲਿਕ ਸਕੂਲ ਭਾਸ਼ਾਈ ਪੱਖ ਤੋਂ ਵੱਡੇ ਗੁਨਾਹਗਾਰ ਹਨ। ਇਹਨਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕੇਵਲ ਅੰਗਰੇਜ਼ੀ ਤੇ ਹਿੰਦੀ ਬੋਲਣ ਤੇ ਮਜਬੂਰ ਕਰਨਾ ਸੰਵਿਧਾਨਕ ਅਤੇ ਇਲਾਕਾਈ ਜੁਰਮ ਹੈ। ਪੰਜਾਬੀ ਹਿਤੈਸ਼ੀਆਂ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਹਰ ਸ਼ਹਿਰ ਵਿੱਚ ਪੰਜਾਬੀ ਪ੍ਰੇਮੀ ਕਮੇਟੀਆਂ ਬਣਾ ਕੇ ਅਜਿਹੇ ਸਕੂਲਾਂ ‘ਤੇ ਨਜ਼ਰ ਰੱਖਣ ਅਤੇ ਲੋੜ ਪੈਣ ‘ਤੇ ਕਾਰਵਾਈ ਕਰਨ।
4. ਪੰਜਾਬੀ ਦੇ ਅਧਿਆਪਕਾਂ ਲਈ ਕੁਝ ਅਜਿਹੀਆਂ ਬੁਨਿਆਦੀ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣ ਜੋ ਗੁਰਮੁੱਖੀ ਲਿਪੀ ਸਿੱਖਣ ਵਿੱਚ ਨਿਰਵਿਘਨ ਸਹਾਈ ਹੋਣ। ਇਸ ਬੁਨਿਆਦੀ ਕਾਰਜ ਵਿੱਚ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ ਅਤੇ ਪੰਜਾਬੀ ਬੁੱਧੀਜੀਵੀਆਂ ਦੀ ਯੋਗਤਾ ਪ੍ਰਾਪਤ ਕੀਤੀ ਜਾਵੇ।
5. ਸਰਕਾਰੀ ਦਫ਼ਤਰਾਂ ਵਿੱਚ ਹਰ ਪੱਧਰ ‘ਤੇ ਪੰਜਾਬੀ ਵਿੱਚ ਕੰਮ ਕਰਨਾ ਅਤੇ ਕਰਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂਨੂੰ ਸਜ਼ਾ ਮਿਲੇ ਅਤੇ ਉਹਨਾਂ ਦੀ ਸਾਲਾਨਾ ਰਿਪੋਰਟਾਂ ਵੀ ਨਕਾਰਾਤਮਕ ਕਰ ਦਿੱਤੀਆਂ ਜਾਣ। ਜਿਵੇਂ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਦਾਲਤਾਂ ਦਾ ਕੰਮ ਵੀ ਮਾਂ ਬੋਲੀ ਵਿੱਚ ਹੋਵੇ। ਇਸ ਪੱਖੋਂ ਵੀ ਪੰਜਾਬੀ ਹਿਤੈਸ਼ੀ ਅੱਗੇ ਆਉਣ। 2005 ਦੇ ਜਾਣਕਾਰੀ ਦੇ ਕਾਨੂੰਨ ਦੀ ਮਦਦ ਨਾਲ ਪੰਜਾਬੀ ਵਿਰੋਧੀ ਅਨਸਰਾਂ ‘ਤੇ ਨਕੇਲ ਕਸੀ ਜਾ ਸਕਦੀ ਹੈ।
6. ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਆਪਣੇ ਆਪਣੇ ਵਿਸ਼ੇ ‘ਤੇ ਘੱਟੋ ਘੱਟ ਦੋ ਪੁਸਤਕਾਂ ਪੰਜਾਬੀ ਵਿੱਚ ਲਿਖਣੀਆਂ ਲਾਜ਼ਮੀ ਕਰਨੀਆਂ ਚਾਹੀਦੀਆਂ ਹਨ। ਇਉਂ ਹਰ ਵਿਸ਼ੇ ‘ਤੇ ਸਮੱਗਰੀ ਉਪਲਬਧ ਹੋ ਜਾਵੇਗੀ।
7. ਉਤਰ ਪ੍ਰਦੇਸ਼ ਦੀ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਵਾਂਗ ਪੰਜਾਬ ਵਿੱਚ ਵੀ ਸਰਕਾਰੀ ਅਫ਼ਸਰਾਂ ਅਤੇ ਅਧਿਆਪਕਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ਕਰ ਦਿੱਤਾ ਜਾਵੇ।ਨੌਕਰੀ ਨਾਲ ਇਹ ਸ਼ਰਤ ਰੱਖੀ ਜਾ ਸਕਦੀ ਹੈ।
5. ਦੋਹਾਂ ਪੰਜਾਬਾਂ ਵਿੱਚ ਪੰਜਾਬੀ ਦੇ ਲੋਕ ਮੁਖੀ ਸਰੂਪ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਜਿੱਥੇ ਪਾਕਿਸਤਾਨੀ ਪੰਜਾਬੀ ਵਿਦਵਾਨ ਭਾਰਤੀ ਪੰਜਾਬੀ ਦੀ ਸੰਸਕ੍ਰਿਤੀ ਛਾਪ ਤੋਂ ਦੁਖੀ ਹਨ, ਉਥੇ ਗੁਰਮੁਖੀ ਪੰਜਾਬੀ ਦਾ ਵਿਦਿਆਰਥੀ ਉਰਦੂ ਫ਼ਾਸੀ ਸ਼ਬਦਾਵਲੀ ਦੀ ਭਰਮਾਰ ਤੋਂ ਦੁਖੀ ਹੈ। ਦੋਹਾਂ ਪੰਜਾਬੀਆਂ ਵਿੱਚ ਵਿਆਪਕ ਤਾਲਮੇਲ ਦੀ ਲੋੜ ਹੈ। ਬੇਸ਼ੱਕ ਇਸ ਵਿੱਚ ਅਜੋਕੀਆਂ ਰਾਜਨੀਤਿਕ ਹਾਲਤਾਂ ਦੀ ਦਖਲਅੰਦਾਜ਼ੀ ਹੈ। ਪਰ ਪੰਜਾਬੀਅਤ ਦੇ ਅਲੰਬਰਦਾਰਾਂ ਨੂੰ ਇਹ ਸਰਹੱਦੋਂ ਆਰ ਪਾਰ ਦੇ ਉਪਰਾਲੇ ਤੇਜ਼ ਕਰਨੇ ਚਾਹੀਦੇ ਹਨ।
6. ਸਾਰੇ ਭਾਰਤੀ ਪੰਜਾਬੀਆਂ ਨੂੰ ਗੁਰਮੁਖੀ-ਪੰਜਾਬੀ ਲਿਖਣੀ, ਪੜ੍ਹਨੀ ਚਾਹੀਦੀ ਹੈ। ਜਿਹੜੇ ਲੋਕ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਦਾ ਪ੍ਰਚਾਰ ਕਰ ਰਹੇ ਹਨ, ਉਹਨਾਂ ਦਾ ਵਿਰੋਧ ਕਰਨ ਦੀ ਲੋੜ ਹੈ। ਪੰਜਾਬੀ ਨਾਲ ਸਾਰੇ ਅਦਾਰੇ ਅਤੇ ਸੰਸਥਾਵਾਂ ਆਪਣੇ ਸਾਰੇ ਵਸੀਲੇ ਜੁਟਾ ਕੇ ਇਸਦਾ ਜ਼ੋਰਦਾਰ ਪ੍ਰਚਾਰ ਕਰਨ।
ਉਕਤ ਸੁਝਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂਹਨ ਜੋ ਪੰਜਾਬੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਹਿਤ ਕੀਤੀਆਂ ਜਾ ਸਕਦੀਆਂ ਹਨ। ਸਥਾਨ ਦੀ ਸੀਮਾ ਨੂੰ ਮੁੱਖ ਰੱਖਦੇ ਹੋਏ ਅੱਜ ਇੰਨੇ ਸੁਝਅ ਹੀ ਕਬੂਲ ਫ਼ਰਮਾਓ।ਆਓ ਆਪਾਂ ਜ਼ਿਹਨੀ ਗੁਲਾਮੀ ਤੋਂ ਛੁਟਕਾਰਾ ਪਾਕੇ ਆਪਣੀ ਆਤਮਾ ਦੇ ਮੁਕੰਮਲ ਪ੍ਰਗਟਾਵੇ ਲਈ ਪੰਜਾਬੀ ਅਪਣਾਈਏ।