ਆਖਰੀ ਇੱਛਾ ਘੰਟਾ ਘਰ ਨੇ ਰਾਤ ਦੇ ਸੰਨਾਟੇ ਨੂੰ ਭੰਗ ਕਰ ਕੇ ਦੋ ਵਜਾਏ। ਉਸ ਫ਼ੁੱਟਪਾਥ ‘ਤੇ ਰਹਿਣ ਵਾਲੇ ਹਰੀਆ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਉਹ ਪਾਸੇ ਪਰਤਦਾ ਰਿਹਾ ਅਤੇ ਵਾਰ-ਵਾਰ ਉਸ ਨੂੰ ਵੱਡੇ ਬਾਬੂ ਦੀ ਦਿੱਤੀ ਚਿਤਾਵਨੀ ਯਾਦ ਆ ਰਹੀ ਸੀ ਕਿ ਦੋ ਦਿਨਾਂ ਦੇ ਵਿੱਚ-ਵਿੱਚ ਇਹ ਫ਼ੁੱਟ ਪਾਥ ਖਾਲੀ ਕਰ ਦੇਣਾ, ਨਹੀਂ ਤਾਂ ਸਾਮਾਨ ਚੁੱਕ ਕੇ ਕੂੜਾ ਦਾਨ ਵਿੱਚ ਸੁੱਟ ਦਿੱਤਾ ਜਾਵੇਗਾ। ਹੁਣ ਇੱਥੇ ਛੇਤੀ ਹੀ ਇਸ ਫ਼ੁੱਟਪਾਥ ਨੂੰ ਤੁੜਵਾ ਕੇ ਵੱਡੀ ਅਤੇ ਖੁੱਲ੍ਹੀ ਸੜਕ ਬਣਾਉਣੀ ਹੈ। ਵੱਡੇ ਬਾਬੂ ਦੀ ਚਿਤਾਵਨੀ ਨੇ ਅਸਰ ਕੀਤਾ ਸੀ। ਉਸ ਫ਼ੁੱਟਪਾਥ ‘ਤੇ ਰਹਿਣ ਵਾਲੇ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਇਹ ਜਗ੍ਹਾ ਛੱਡ ਕੇ ਕਿਸੇ ਹੋਰ ਸਥਾਨ ‘ਤੇ ਆਪਣਾ ਟਿਕਾਣਾ ਬਣਾ ਲਿਆ ਸੀ ਪਰ ਉਹ ਨਹੀਂ ਜਾ ਸਕਿਆ। ਇਸ ਫ਼ੁੱਟਪਾਥ ਨਾਲ ਉਸ ਨੂੰ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ। ਇਸ ਦਾ ਖੁਰਦਰਾ ਫ਼ਰਸ਼ ਉਸ ਨੂੰ ਕਿਸੇ ਸੇਠ ਦੇ ਪਲੰਘ ਨਾਲੋਂ ਘੱਟ ਨਹੀਂ ਲੱਗਦਾ ਸੀ। ਬਚਪਨ ਦੀਆਂ ਸ਼ਰਾਰਤਾਂ, ਚੜ੍ਹਦੀ ਹੋਈ ਜਵਾਨੀ ਦੇ ਦਿਨ ਅਤੇ ਹੁਣ ਢਲਦੀ ਹੋਈ ਉਮਰ ਦਾ ਦੁਖ ਵੀ ਤਾਂ ਇਸੇ ਫ਼ੁੱਟਪਾਥ ‘ਤੇ ਗੁਜ਼ਰਿਆ ਸੀ। ਇੱਕ-ਇੱਕ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀ। ਲੋਕ ਦੱਸਦੇ ਹਨ ਕਿ ਉਸ ਦੀ ਮਾਂ ਵੀ ਇਸੇ ਫ਼ੁੱਟਪਾਥ ‘ਤੇ ਰਹਿ ਕੇ ਰੱਬ ਨੂੰ ਪਿਆਰੀ ਹੋ ਗਈ ਸੀ। ਜਦੋਂ ਕਦੇ ਉਹ ਕਿਸੇ ਤੋਂ ਆਪਣੇ ਬਾਪ ਬਾਰੇ ਪੁੱਛਦਾ ਤਾਂ ਉਸੇ ਫ਼ੁੱਟਪਾਥ ‘ਤੇ ਰਹਿਣ ਵਾਲਾ ਰਾਮੂ ਕਾਕਾ ਜਵਾਬ ਦਿੰਦਾ, ”ਉਏ ਇਸ ਫ਼ੁੱਟਪਾਥ ‘ਤੇ ਰਹਿਣ ਵਾਲੇ ਦਾ ਇੱਕ ਬਾਪ ਥੋੜ੍ਹਾ ਹੁੰਦਾ ਹੈ। ਤੇਰੀ ਮਾਂ ਨੂੰ ਵੀ ਰਾਤ ਦੇ ਹਨੇਰੇ ਵਿੱਚ ਸਮਾਜ ਦੇ ਸਫ਼ੈਦਪੋਸ਼ ਲੈ ਜਾਂਦੇ ਸਨ ਅਤੇ ਚਾਂਦੀ ਦੇ ਚਾਰ ਸਿੱਕੇ ਉਸ ਦੀ ਝੋਲੀ ਵਿੱਚ ਪਾ ਕੇ ਸਵੇਰੇ ਵਾਪਸ ਛੱਡ ਜਾਂਦੇ ਸਨ। ਕੀ ਪਤੈ ਤੂੰ ਕਿਸ ਦਾ ਖ਼ੂਨ ਏਂ? ਉਨ੍ਹਾਂ ਲੋਕਾਂ ਵਿੱਚੋਂ ਕੁਝ ਲੋਕਾਂ ਨੂੰ ਬੀਮਾਰੀਆਂ ਵੀ ਲੱਗੀਆਂ ਹੁੰਦੀਆਂ ਸਨ, ਜੋ ਤੇਰੀ ਮਾਂ ਨੂੰ ਲੱਗ ਗਈਆਂ ਸਨ। ਕੁਝ ਸਮੇਂ ਵਿੱਚ ਇੱਕ ਬੀਮਾਰੀ ਨੇ ਖ਼ਤਰਨਾਕ ਰੂਪ ਧਾਰ ਲਿਆ ਅਤੇ ਉਹ ਵਿੱਚਾਰੀ ਤੜਪ-ਤੜਪ ਕੇ ਮਰ ਗਈ ਸੀ। ਉਦੋਂ ਤੇਰੀ ਉਮਰ ਸਿਰਫ਼ ਤਿੰਨ ਸਾਲਾਂ ਦੀ ਸੀ ਤੇ ਮੈਂ ਤੈਨੂੰ ਗੋਦ ਲੈ ਲਿਆ ਸੀ।” ਇਹ ਦੁਖਦਾਈ ਘਟਨਾ ਯਾਦ ਕਰ ਕੇ ਹਰੀਆ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫ਼ਿਰ ਪਤਾ ਨਹੀਂ ਕਿਉਂ ਉਹ ਅਚਾਨਕ ਮੁਸਕਰਾ ਪਿਆ। ਉਸ ਨੂੰ ਬਚਪਨ ਵਿੱਚ ਕੀਤੀ ਇੱਕ ਸ਼ਰਾਰਤ ਚੇਤੇ ਆ ਗਈ ਸੀ। ਬਚਪਨ ਸਾਰਿਆਂ ਦਾ ਹੀ ਸ਼ਰਾਰਤਾਂ ਭਰਿਆ ਹੋਇਆ ਹੁੰਦਾ ਹੈ। ਭਾਵੇਂ ਉਹ ਮਹਿਲਾਂ ਵਿੱਚ ਰਹਿਣ ਵਾਲਾ ਰਾਜਕੁਮਾਰ ਹੋਵੇ ਜਾਂ ਫ਼ੁੱਟਪਾਥ ‘ਤੇ ਰਹਿਣ ਵਾਲਾ ਭਿਖਾਰੀ। ਜਦੋਂ ਉਹ ਪੰਜ ਸਾਲਾਂ ਦਾ ਹੋਇਆ ਸੀ ਉਦੋਂ ਤੋਂ ਹੀ ਰਾਮੂ ਕਾਕਾ ਨੇ ਉਸ ਨੂੰ ਭੀਖ ਮੰਗਣ ਲਈ ਭੇਜ ਦਿੱਤਾ ਸੀ। ਉਹ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ ਸੀ। ਇੱਕ ਵਾਰ ਜਦੋਂ ਉਹ ਪਾਰਕ ਵਿੱਚ ਆਉਣ-ਜਾਣ ਵਾਲਿਆਂ ਤੋਂ ਭੀਖ ਮੰਗ ਰਿਹਾ ਸੀ ਤਾਂ ਉਸ ਨੇ ਇੱਕ ਮੋਟੇ ਸੇਠ ਤੋਂ ਵੀ ਕੁਝ ਖਾਣ ਲਈ ਮੰਗਿਆ ਸੀ। ਸੇਠ ਨੇ ਕੁਝ ਦੇਣ ਦੀ ਬਜਾਏ ਉਸ ਨੂੰ ਝਿੜਕ ਦਿੱਤਾ ਸੀ ਅਤੇ ਪਾਰਕ ਵਿੱਚ ਮਖਮਲੀ ਘਾਹ ‘ਤੇ ਆ ਕੇ ਲੇਟ ਗਿਆ ਸੀ। ਹਰੀਆ ਨੇ ਚੁੱਪ-ਚਾਪ ਇੱਕ ਡੱਡੂ ਚੁੱਕਿਆ ਅਤੇ ਉਸ ਸੇਠ ਕੋਲ ਪਹੁੰਚ ਕੇ ਉਸ ਦੀ ਕਮੀਜ਼ ਵਿੱਚ ਉਸ ਦੇ ਢਿੱਡ ‘ਤੇ ਰੱਖ ਦਿੱਤਾ ਸੀ। ਜਦੋਂ ਮੋਟੇ ਸੇਠ ਨੇ ਅਚਾਨਕ ਆਪਣੇ ਪੇਟ ‘ਤੇ ਕੁਤਕੁਤਾੜੀ ਜਿਹੀ ਮਹਿਸੂਸ ਕੀਤੀ ਤਾਂ ਉਹ ਉੱਠ ਕੇ ਬੈਠ ਗਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਤਾਂ ਡੱਡੂ ਹੈ ਤਾਂ ਉਹ ਚੀਕਾਂ ਮਾਰਦਾ ਉੱਥੋਂ ਭੱਜ ਗਿਆ ਸੀ। ਇਹੀ ਨਹੀਂ ਸ਼ਾਮ ਨੂੰ ਜਦੋਂ ਉਹ ਫ਼ੁੱਟਪਾਥ ‘ਤੇ ਰਹਿਣ ਵਾਲੇ ਹੋਰ ਬੱਚਿਆਂ ਨਾਲ ਖੇਡਦਾ ਸੀ ਤਾਂ ਲੋਕ ਉਸ ਦੀਆਂ ਸ਼ਰਾਰਤਾਂ ਵੇਖ ਕੇ ਹੈਰਾਨ ਹੋ ਜਾਂਦੇ ਸਨ। ਉਸ ਫ਼ੁੱਟਪਾਥ ਤੋਂ ਕੁਝ ਦੂਰੀ ‘ਤੇ ਇੱਕ ਬਾਣੀਏ ਦਾ ਘਰ ਸੀ। ਉਸ ਬਾਣੀਏ ਦੀ ਦੁਕਾਨ ਵੀ ਉਸ ਦੇ ਘਰ ਦੇ ਬਾਹਰ ਵਾਲੇ ਕਮਰੇ ਵਿੱਚ ਸੀ। ਸਾਰੇ ਫ਼ੁੱਟਪਾਥੀਏ ਆਪਣੀ ਜ਼ਰੂਰਤ ਦਾ ਸਾਰਾ ਸਾਮਾਨ ਉਸ ਬਾਣੀਏ ਤੋਂ ਲੈਂਦੇ ਸਨ। ‘ਹਰੀਆ ਮੰਡਲੀ’ ਨੂੰ ਉਸ ਬਾਣੀਏ ਨੂੰ ਸਤਾਉਣ ਵਿੱਚ ਬਹੁਤ ਮਜ਼ਾ ਆਉਂਦਾ ਸੀ। ਇੱਕ ਵਾਰ ਰਾਤ ਦੇ 12 ਵਜੇ ਜਦੋਂ ਸਾਰੇ ਸੌਂ ਰਹੇ ਸਨ, ਦੁਕਾਨ ਵੀ ਬੰਦ ਪਈ ਸੀ, ਉਦੋਂ ‘ਹਰੀਆ ਮੰਡਲੀ’ ਨੇ ਇੱਕ ਆਵਾਰਾ ਕੁੱਤਾ ਉਸ ਬਾਣੀਏ ਦੀ ਦੁਕਾਨ ਦੇ ਬਾਹਰ ਬੰਨ੍ਹ ਦਿੱਤਾ ਸੀ ਅਤੇ ਘੰਟੀ ਵਜਾ ਕੇ ਭੱਜ ਗਏ ਸਨ। ਜਿਉਂ ਹੀ ਉਸ ਬਾਣੀਏ ਨੇ ਦਰਵਾਜ਼ਾ ਖੋਲ੍ਹਿਆ, ”ਭੌਂ-ਭੌਂ-ਭੌਂ” ਕੁੱਤਾ ਭੌਂਕਦਾ ਹੋਇਆ ਬਾਣੀਏ ‘ਤੇ ਝਪਟ ਪਿਆ ਸੀ ਅਤੇ ਬਾਣੀਆ ਆਪਣੀ ਧੋਤੀ ਸੰਭਾਲਦਾ ਅੰਦਰ ਭੱਜ ਗਿਆ ਸੀ। ਫ਼ੁੱਟਪਾਥ ‘ਤੇ ਪਿਆ ਹਰੀਆ ਇਹ ਘਟਨਾ ਯਾਦ ਕਰ ਕੇ ਹੱਸ ਪਿਆ। ਬਚਪਨ ਦੀਆਂ ਇੰਨੀਆਂ ਪਿਆਰੀਆਂ ਯਾਦਾਂ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਚਲੇ ਜਾਣਾ ਕਿਵੇਂ ਸੰਭਵ ਸੀ? ਹਰੀਆ ਨੇ ਤਾਂ ਆਪਣੀ ਸਾਰੀ ਜ਼ਿੰਦਗੀ ਹੀ ਇੱਥੇ ਗੁਜ਼ਾਰ ਦਿੱਤੀ ਸੀ। ਹੁਣ ਤਾਂ ਉਹ ਕਬਰ ਵਿੱਚ ਪੈਰ ਲਟਕਾਈ ਬੈਠਾ ਸੀ। ਉਸ ਨੂੰ ਯਾਦ ਆਇਆ, ਜਦੋਂ ਉਹ ਹੱਟਾ-ਕੱਟਾ ਜਵਾਨ ਹੁੰਦਾ ਸੀ। ਉਦੋਂ ਉਸ ਫ਼ੁੱਟਪਾਥ ਦੇ ਦੂਜੇ ਕਿਨਾਰੇ ‘ਤੇ ਰਹਿਣ ਵਾਲੀ ਜੋਸ਼ੀ ਨਾਲ ਉਸ ਦਾ ਪ੍ਰੇਮ ਪੈ ਗਿਆ ਸੀ। ਉਹ ਦੋਵੇਂ ਅਕਸਰ ਹੀ ਪਾਰਕ ਵਿੱਚ ਬੈਠ ਕੇ ਕੁਲਫ਼ੀਆਂ ਖਾਂਦੇ ਸਨ ਅਤੇ ਸਿਨੇਮਾ ਦੀ ਥਰਡ ਕਲਾਸ ਵਿੱਚ ਬੈਠ ਕੇ ਫ਼ਿਲਮ ਦਾ ਨਜ਼ਾਰਾ ਲੈਂਦੇ ਸਨ। ਉਦੋਂ ਉਸ ਨੇ ਭੀਖ ਮੰਗਣਾ ਛੱਡ ਦਿੱਤਾ ਸੀ ਅਤੇ ਕਾਰਾਂ ਦੀ ਸਫ਼ਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਦੁਨੀਆਂ ਵਿੱਚ ਉਸ ਦਾ ਹੋਰ ਕੋਈ ਹੈ ਹੀ ਨਹੀਂ ਸੀ। ਇਸ ਲਈ ਉਸ ਦਾ ਆਰਾਮ ਨਾਲ ਗੁਜ਼ਾਰਾ ਹੋ ਜਾਂਦਾ ਸੀ। ਹਰੀਆ ਨੂੰ ਪਤਾ ਸੀ ਕਿ ਉਸ ਦੀ ਮਾਂ ਵਾਂਗ ਜੋਸ਼ੀ ਕੋਲ ਵੀ ਕੁਝ ਲੋਕ ਆਉਂਦੇ ਸਨ ਪਰ ਜੋਸ਼ੀ ਹਰ ਕਿਸੇ ਨਾਲ ਨਹੀਂ ਜਾਂਦੀ ਸੀ। ਉਹ ਕੁਝ ਖ਼ਾਸ ਅਸਾਮੀਆਂ ਨਾਲ ਹੀ ਜਾਂਦੀ ਸੀ। ਇਹ ਵੇਖ ਕੇ ਹਰੀਆ ਦਾ ਖ਼ੂਨ ਨਹੀਂ ਖੌਲਦਾ ਸੀ। ਉਹ ਜਾਣਦਾ ਸੀ ਕਿ ਇਸ ਫ਼ੁੱਟਪਾਥ ‘ਤੇ ਰਹਿਣ ਵਾਲੀ ਤਕਰੀਬਨ ਹਰ ਔਰਤ ਨਾਲ ਅਜਿਹਾ ਹੀ ਹੁੰਦਾ ਸੀ। ਸਭ ਦਾ ਆਪਣਾ-ਆਪਣਾ ਢਿੱਡ ਸੀ ਅਤੇ ਸਭ ਆਪੋ-ਆਪਣੇ ਪੈਰਾਂ ‘ਤੇ ਖੜ੍ਹੇ ਸਨ। ਦੋ ਵਕਤ ਦੀ ਰੋਟੀ ਅਤੇ ਸ਼ਾਮ ਨੂੰ ਇੱਕ ਪਊਆ ਹੀ ਉਸ ਦੀ ਰੋਜ਼ ਦੀ ਲੋੜ ਸੀ। ਹਰੀਆ ਭੁੱਲਿਆ ਨਹੀਂ ਹੈ, ਉਸ ਨੂੰ ਇਹ ਸਾਰੀਆਂ ਗੱਲਾਂ ਯਾਦ ਹਨ। ਇੱਕ-ਇੱਕ ਘਟਨਾ ਉਸ ਨੂੰ ਯਾਦ ਹੈ। ਉਸ ਨੂੰ ਇਹ ਵੀ ਯਾਦ ਹੈ ਕਿ ਜਦੋਂ ਉਸ ਨੇ ਇਸੇ ਫ਼ੁੱਟਪਾਥ ‘ਤੇ ਜੋਸ਼ੀ ਨਾਲ ਵਿਆਹ ਕਰਵਾਇਆ ਸੀ। ਵਿਆਹ ਤਾਂ ਸਾਰੇ ਹੀ ਕਰਵਾਉਂਦੇ ਹਨ ਪਰ ਫ਼ੁੱਟਪਾਥ ‘ਤੇ ਵਿਆਹ ਕਰਵਾਉਣ ਦਾ ਮਜ਼ਾ ਭਿਖਾਰੀ ਹੀ ਲੈਂਦੇ ਹਨ। ਉਸ ਨੇ ਜੋਸ਼ੀ ਨਾਲ ਇੱਕ ਛੋਟੇ ਜਿਹੇ ਮੰਦਰ ਵਿੱਚ ਵਿਆਹ ਕਰਵਾਇਆ ਸੀ। ਫ਼ੁੱਟਪਾਥ ਦੇ ਉਸ ਕੋਨੇ ਤੋਂ ਇਸ ਕੋਨੇ ਤਕ ਉਹ ਜੋਸ਼ੀ ਨੂੰ ਦੁਲਹਨ ਬਣਾ ਕੇ ਲਿਆਇਆ ਸੀ। ਇਸੇ ਖ਼ੁਸ਼ੀ ‘ਚ ਉਸ ਨੇ ਆਪਣੇ ਨਾਲ ਰਹਿਣ ਵਾਲੇ ਸਾਰੇ ਫ਼ੁੱਟਪਾਥੀਆਂ ਨੂੰ ਪਾਰਟੀ ਦਿੱਤੀ ਸੀ। ਗੁਆਂਢੀਆਂ ਨੇ ਵੀ ਉਸ ਪਾਰਟੀ ਦਾ ਹੱਕ ਆਪਣੇ ਬਿਸਤਰੇ ਦੂਰ ਵਿਛਾ ਕੇ ਅਦਾ ਕਰ ਦਿੱਤਾ ਸੀ। ਕਿੰਨੀ ਹੁਸੀਨ ਰਾਤ ਸੀ ਉਹ, ਇਹ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੀ। ਇੱਕ ਵਾਰ ਫ਼ਿਰ ਯਾਦਾਂ ਦੇ ਸਮੁੰਦਰ ਵਿੱਚ ਤੂਫ਼ਾਨ ਆਇਆ ਅਤੇ ਉਸ ਦੀਆਂ ਲਹਿਰਾਂ ਹਰੀਆ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਗਈਆਂ। ਉਸ ਸਮੇਂ ਜੋਸ਼ੀ ਮਾਂ ਬਣਨ ਵਾਲੀ ਸੀ। ਉਸ ਦੇ ਪਹਿਲਾ ਬੱਚਾ ਹੋਣ ਵਾਲਾ ਸੀ। ਇਸੇ ਖ਼ੁਸ਼ੀ ਵਿੱਚ ਹਰੀਆ ਫ਼ੁੱਲਿਆ ਨਹੀਂ ਸਮਾ ਰਿਹਾ ਸੀ। ਉਸ ਰਾਤ ਜੋਸ਼ੀ ਦੇ ਪੇਟ ਵਿੱਚ ਦਰਦ ਹੋਇਆ ਤੇ ਉਹ ਭੱਜਾ-ਭੱਜਾ ਲਾਜੋ ਮਾਸੀ ਕੋਲ ਗਿਆ ਸੀ ਜੋ ਉਸ ਫ਼ੁੱਟਪਾਥ ‘ਤੇ ਦਾਈ ਦਾ ਕੰਮ ਕਰਦੀ ਸੀ। ਤਕਰੀਬਨ ਚਾਰ ਘੰਟਿਆਂ ਪਿੱਛੋਂ ਸਭ ਸ਼ਾਂਤ ਹੋ ਗਿਆ ਸੀ। ਹੁਣ ਉੱਥੇ ਸਿਰਫ਼ ਬੱਚੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਉੱਠ ਕੇ ਨੇੜੇ ਗਿਆ ਤਾਂ ਵੇਖਿਆ ਕਿ ਜੋਸ਼ੀ ਇਸ ਦੁਨੀਆਂ ਤੋਂ ਸਦਾ ਲਈ ਜਾ ਚੁੱਕੀ ਸੀ। ”ਨਹੀ ਨਹੀਂ ਨਹੀਂ।” ਉਹ ਚੀਕ ਪਿਆ ਸੀ ਪਰ ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਜੋਸ਼ੀ ਜਾਗੀ ਨਹੀਂ ਸੀ। ਜੋਸ਼ੀ ਦਾ ਵਿਛੋੜਾ ਉਸ ਤੋਂ ਬਰਦਾਸ਼ਤ ਨਹੀਂ ਹੋ ਸਕਿਆ। ਇਸ ਲਈ ਉਹ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਉਹ ਸ਼ਰਾਬ ਵਿੱਚ ਇੰਨਾ ਡੁੱਬ ਗਿਆ ਸੀ ਕਿ ਉਸ ਦਾ ਦੋ ਮਹੀਨਿਆਂ ਦਾ ਬੱਚਾ ਵੀ ਇਸ ਦੁਨੀਆਂ ‘ਚੋਂ ਉੱਠ ਗਿਆ ਸੀ। ਹੁਣ ਉਹ ਇੱਕੱਲਾ ਰਹਿ ਗਿਆ ਸੀ। ਪਹਿਲਾਂ ਵਾਂਗ ਹੀ। ਹੁਣ ਤਾਂ ਉਸ ਕੋਲ ਸਿਰਫ਼ ਯਾਦਾਂ ਹੀ ਰਹਿ ਗਈਆਂ ਸਨ, ਜੋ ਨਾਗਣ ਬਣ ਕੇ ਉਸ ਨੂੰ ਅੰਦਰ ਹੀ ਅੰਦਰ ਡੱਸ ਰਹੀਆਂ ਸਨ ਜਾਂ ਸ਼ਰਾਬ ਸੀ ਜੋ ਉਸ ਨੂੰ ਅੰਦਰ ਹੀ ਅੰਦਰ ਖ਼ਤਮ ਕਰ ਰਹੀ ਸੀ। ”ਖਊਂ੩ ਖਊਂ੩ ਖਊਂ੩।” ਹਰੀਆ ਜ਼ੋਰ-ਜ਼ੋਰ ਨਾਲ ਖੰਘਣ ਲੱਗਾ। ਉਸ ਦੀ ਵਧਦੀ ਉਮਰ ਦੇ ਨਾਲ-ਨਾਲ ਟੀ ਬੀ ਦੀ ਬੀਮਾਰੀ ਵੀ ਵਧਦੀ ਜਾ ਰਹੀ ਸੀ ਜੋ ਸ਼ਰਾਬ ਅਤੇ ਬੀੜੀ ਦੇ ਜ਼ਿਆਦਾ ਸੇਵਨ ਅਤੇ ਆਪਣੀ ਸਿਹਤ ਦਾ ਧਿਆਨ ਨਾ ਰੱਖਣ ਕਾਰਨ ਉਸ ਨੂੰ ਲੱਗ ਗਈ ਸੀ। ਵੈਦ ਬਾਬਾ ਨੇ ਕਹਿ ਦਿੱਤਾ ਸੀ ਕਿ ਤੂੰ ਹੁਣ ਨਹੀਂ ਬਚ ਸਕੇਂਗਾ। ਹੁਣ ਮੈਂ ਕੁਝ ਦਿਨਾਂ ਦਾ ਮਹਿਮਾਨ ਹਾਂ ਫ਼ਿਰ ਕਿਉਂ ਇਹ ਫ਼ੁੱਟਪਾਥ ਛੱਡ ਕੇ ਜਾਵਾਂ? ਇਹ ਉਸ ਨੇ ਫ਼ੈਸਲਾ ਕਰ ਲਿਆ ਸੀ। ਹਰੀਆ ਸੋਚਣ ਲੱਗਾ ਕਿ ਮੇਰਾ ਸਭ ਕੁਝ ਇਸ ਫ਼ੁੱਟਪਾਥ ਨਾਲ ਜੁੜਿਆ ਹੋਇਆ ਹੈ। ਮੈਂ ਜੋ ਵੀ ਇਸ ਫ਼ੁੱਟਪਾਥ ਤੋਂ ਲਿਆ ਸੀ, ਇਸੇ ਨੂੰ ਹੀ ਵਾਪਸ ਕਰ ਦਿੱਤਾ ਹੈ। ਹੁਣ ਸਿਰਫ਼ ਇੱਕ ਜਾਨ ਬਾਕੀ ਰਹਿ ਗਈ ਹੈ।  ਉਹ ਬਾਬੂ ਅੱਜ-ਕੱਲ੍ਹ ਬੜੀ ਸਖ਼ਤੀ ਨਾਲ ਪੇਸ਼ ਆਉਣ ਲੱਗਾ ਹੈ। ਕਹਿ ਰਿਹਾ ਸੀ ਉਪਰੋਂ ਆਰਡਰ ਆਇਆ ਹੈ ਕਿ ਛੇਤੀ ਤੋਂ ਛੇਤੀ ਇਸ ਫ਼ੁੱਟਪਾਥ ਨੂੰ ਖਾਲੀ ਕਰਵਾ ਕੇ ਸੜਕ ਦਾ ਨਿਰਮਾਣ ਕਰਵਾਓ। ਪਹਿਲਾਂ ਤਾਂ ਇਨ੍ਹਾਂ ਬਾਬੂਆਂ ਨੂੰ 20 ਰੁਪਏ ਮਹੀਨਾ ਦੇ ਕੇ ਹੀ ਉਹ ਇੱਥੇ ਰਹਿ ਜਾਂਦੇ ਸਨ। ਹੁਣ ਤਾਂ 50 ਰੁਪਏ ‘ਚ ਵੀ ਨਹੀਂ ਮੰਨਦੇ। ਸ਼ਾਇਦ ਉਪਰ ਵਾਲਾ ਬਾਬੂ ਕੁਝ ਜ਼ਿਆਦਾ ਹੀ ਦਮ ਵਾਲਾ ਹੈ। ਭਾਵੇਂ ਕੁਝ ਵੀ ਹੋ ਜਾਵੇ, ਮੈਂ ਇਹ ਫ਼ੁੱਟਪਾਥ ਛੱਡ ਕੇ ਨਹੀਂ ਜਾਵਾਂਗਾ। ਬਚੀ ਹੋਈ ਜਾਨ ਵੀ ਮੈਂ ਇਸੇ ਨੂੰ ਹੀ ਮੋੜ ਕੇ ਜਾਣਾ ਹੈ। ਇੱਥੇ ਹੀ ਮਰਾਂਗਾ ਮੈਂ। ”ਹਾਂ! ਇੱਥੇ ਹੀ ਮਰਾਂਗਾ ਮੈਂ!” ਚੀਕ ਪਿਆ ਹਰੀਆ। ਚੀਕ ਦੇ ਨਾਲ ਹੀ ਉਸ ਨੂੰ ਖਾਂਸੀ ਦਾ ਦੌਰਾ ਪਿਆ, ”ਖਊਂ ਖਊਂ੩ ਖਊਂ੩।” ਲਗਾਤਾਰ ਖੰਘਣ ਨਾਲ ਹਰੀਆ ਦਾ ਸਾਹ ਫ਼ੁੱਲ ਗਿਆ ਪਰ ਖੰਘ ਸੀ ਕਿ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਲਗਪਗ 15 ਮਿੰਟਾਂ ਬਾਅਦ ਹਰੀਆ ਦਾ ਸਰੀਰ ਸ਼ਾਂਤ ਹੋ ਗਿਆ ਸੀ। ਹਮੇਸ਼ਾਂ ਵਾਂਗ ਸਵੇਰ ਹੋਈ। ਥੋੜ੍ਹੇ ਜਿਹੇ ਭਿਖਾਰੀ ਜੋ ਇਸ ਫ਼ੁੱਟਪਾਥ ‘ਤੇ ਰਹਿ ਗਏ ਸਨ, ਉਹ ਆਪੋ-ਆਪਣਾ ਸਾਮਾਨ ਚੁੱਕ ਕੇ ਬੰਨ੍ਹਣ ਲੱਗੇ ਪਰ ਅੱਜ ਹਰੀਆ ਨਹੀਂ ਜਾਗਿਆ ਸੀ। ਉਹ ਹੁਣ ਤਕ ਸੌਂ ਰਿਹਾ ਸੀ ਸਦਾ ਲਈ।- ਮੂਲ: ਕ੍ਰਿਸ਼ਨ ਕੁਮਾਰ ਆਸ਼ੂਅਨੁਵਾਦ: ਹਰਪਾਲ ਸਨੇਹੀ ਘੱਗਾ