ਬਿਜਲੀ ਦੇ ਰੇਟਾਂ ਵਿਚ ਵਾਧੇ ਖਿਲਾਫ ‘ਆਪ’ ਦਾ ਧਰਨਾ

ਪਟਿਆਲਾ/ਚੰਡੀਗੜ – ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮੀਟੇਡ ਦੇ ਪਟਿਆਲਾ ਦਫਤਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਦੁਆਰਾ ਬਿਜਲੀ ਦੇ ਰੇਟਾਂ ਵਿਚ ਕੀਤੇ 9.33% ਵਾਧੇ ਦਾ ਵਿਰੋਧੀ ਕੀਤਾ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸਹਿ-ਪ੍ਰਧਾਨ ਅਮਨ ਅਰੋੜਾ ਸਮੇਤ ਪਾਰਟੀ ਦੇ ਵਿਧਾਇਕ ਅਤੇ ਆਗੂ ਇਸ ਦੌਰਾਨ ਮੌਜੂਦ ਰਹੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਅਤੇ ਸਰਕਾਰ ਸਥਾਪਤੀ ਦੇ 6 ਮਹੀਨਿਆਂ ਬਾਅਦ ਹੀ ਲੋਕ ਕਾਂਗਰਸ ਤੋਂ ਦੁਖੀ ਹੋ ਗਏ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਲੀਡਰ ਅਤੇ ਸਰਕਾਰ ਵਿਚਲੇ ਮੰਤਰੀ ਖੁਦ ਹੀ ਭਿ੍ਰਸ਼ਟਾਚਾਰ ਵਿਚ ਲਿਪਤ ਹੋ ਗਏ ਹਨ ਅਤੇ ਜਿਸਦਾ ਖਮਿਆਜਾ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਲੋਕ ਪੱਖੀ ਨੀਤੀਆਂ ਲਾਗੂ ਕਰਨਾ ਸਿੱਖਣ।
ਮਾਨ ਨੇ ਕਿਹਾ ਕਿ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਥਾਂ ਸਰਕਾਰ ਉਨਾਂ ‘ਤੇ ਵਾਧੂ ਭਾਰ ਕੇ ਆਪਣੀ ਮੰਤਰੀਆਂ ਅਤੇ ਨੇਤਾਵਾਂ ਨੂੰ ਲਾਭ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਸਰਕਾਰ ਦੇ ਮੰਤਰੀ ਸੂਬੇ ਵਿਚ ਗੈਰ ਕਾਨੂੰਨੀ ਰੇਤ, ਬਜਰੀ, ਟਰਾਂਸਪੋਰਟ ਅਤੇ ਨਸ਼ੇ ਦੇ ਵਪਾਰ ਵਿਚ ਲੱਗੇ ਹੋਏ ਹਨ ਉਨਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਹਨ।
ਅਮਰਿੰਦਰ ਸਿੰਘ ਸਰਕਾਰ ਦੁਆਰਾ ਸੂਬੇ ਦੇ ਲੋਕਾਂ ਉਤੇ ਬਿਜਲੀ ਰੇਟਾਂ ਵਿਚ ਵਾਧੇ ਰਾਹੀਂ ਭਾਰ ਪਾਉਣ ਦੀ ਆਲੋਚਨਾ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰ ਪਹਿਲਾਂ ਤੋਂ ਹੀ ਖੁਦਕੁਸ਼ੀਆਂ ਕਰ ਰਿਹਾ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਅਜਿਹੇ ਕਦਮ ਉਠਾਉਣ ਲਈ ਮਜਬੂਰ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਮਦਨੀ ਵਧਾਉਣ ਦੀ ਥਾਂ ਸਰਕਾਰ ਉਨਾਂ ਉਤੇ ਤਰਾਂ ਤਰਾਂ ਦੇ ਟੈਕਸ ਲਗਾ ਕੇ ਉਨਾਂ ਦਾ ਕਚੂਮਰ ਕੱਢ ਰਹੀ ਹੈ।
ਖਹਿਰਾ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕੀਤੀ ਸੀ, ਹੁਣ ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿਚ ਆਪਣੇ ਹੀ ਲੋਕਾਂ ਉਤੇ ਅਤਿਆਚਾਰ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਬਿਜਲੀ ਦੇ ਰੇਟਾਂ ਵਿਚ 7 ਤੋਂ 12 ਪ੍ਰਤੀਸ਼ਤ ਦਾ ਵਾਧਾ ਅਤਿ ਨਿੰਦਾਣ ਯੋਗ ਹੈ ਅਤੇ ਸਰਕਾਰ ਨੂੰ ਇਹ ਫੌਰੀ ਤੌਰ ਤੇ ਵਾਪਸ ਲੈਣਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਵਾਅਦਾ ਉਸ ਸਮੇਂ ਆਇਆ ਹੈ ਜਦੋਂ ਕਿ ਆਮ ਆਦਮੀ ਪਹਿਲਾਂ ਹੀ ਮਹਿੰਗਾਈ ਦੀ ਮਾਰ ਅਤੇ ਵਪਾਰੀ ਵਰਗ ਮੰਦੀ ਕਾਰਨ ਦਿਨ ਗੁਜਰ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਹੈ ਕਿ ਇਹ ਅਤਿ ਦੁਖਦਾਈ ਹੈ ਕਿ ਸਰਕਾਰ ਨੇ ਟੈਕਸ ਲਗਾਉਦਿਆਂ ਅਤੇ ਬਿਜਲੀ ਦੇ ਰੇਟਾਂ ਵਿਚ ਵਾਧਾ ਕਰਨ ਸਮੇਂ ਅਤਿ ਗਰੀਬ ਲੋਕਾਂ ਨੂੰ ਵੀ ਨਹੀਂ ਬਖਸ਼ਿਆ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਵਾਧਾ 1 ਅਪ੍ਰੈਲ 2017 ਤੋਂ ਲਾਗੂ ਹੋਵੇਗਾ ਅਤੇ ਲੋਕਾਂ ਨੂੰ ਪਿਛਲੇ ਕਰੀਬ 7 ਮਹੀਨਿਆਂ ਦਾ ਵੀ ਹੋਰ ਬਿੱਲ ਦੇਣਾ ਪਵੇਗਾ।
ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਹੁਣੇ ਹੀ ਮਾਰਕਿਟ ਕਮੇਟੀ ਫੀਸ ਅਤੇ ਰੂਰਲ ਡਿਵੈਲਪਮੈਂਟ ਫੀਸ 1 ਪ੍ਰਤੀਸ਼ਤ ਤੋਂ 3 ਪ੍ਰਤੀਸ਼ਤ ਕੀਤੀ ਹੈ ਜਿਸ ਨਾਲ ਕਿ ਪੰਜਾਬ ਦੇ ਕਿਸਾਨਾਂ ਉਤੇ 900 ਕਰੋੜ ਰੁਪਏ ਦਾ ਵਾਧੂ ਭਾਰ ਆਇਆ ਹੈ। ਅਰੋੜਾ ਨੇ ਮਨੋਰੰਜਨ ਅਤੇ ਪ੍ਰੋਫੈਸਨਲ ਟੈਕਸ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸਰਕਾਰ ਦੇ ਇਕ ਦੇਸ਼ ਇਕ ਟੈਕਸ ਦੀ ਫਾਰਮੂਲੇ ਨੂੰ ਹੀ ਝੂਠਾ ਸਾਬਤ ਕਰਦਾ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਬਿਜਲੀ ਦੇ ਰੇਟਾਂ ਵਿਚ ਕੀਤੇ ਵਾਧੇ ਨੂੰ ਫੌਰ ਤੌਰ ਤੇ ਵਾਪਸ ਲਿਆ ਜਾਵੇ ਅਤੇ ਪਹਿਲਾਂ ਤੋਂ ਹੀ ਨਿਘੱਰ ਚੁੱਕੇ ਪੰਜਾਬ ਦੇ ਵਪਾਰ ਨੂੰ ਹੋਰ ਨਾ ਉਜਾੜਿਆ ਜਾਵੇ।
ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ, ਨਾਜਰ ਸਿੰਘ ਮਾਨਸ਼ਾਹੀਆ, ਮੀਤ ਹੇਅਰ, ਪਿਰਮਲ ਸਿੰਘ ਧੌਲਾ, ਜਗਦੇਵ ਸਿੰਘ ਕਮਾਲੂ, ਪਿ੍ਰੰਸੀਪਲ ਬੁਧ ਰਾਮ, ਕੁਲਤਾਰ ਸਿੰਘ, ਅਮਰਜੀਤ ਸਿੰਘ ਸੰਧੋਆ, ਆਪ ਆਗੂ ਦਲਵੀਰ ਢਿੱਲੋਂ, ਬਲਦੇਵ ਅਜਾਦ, ਡਾ. ਬਲਵੀਰ ਸਿੰਘ, ਕਰਨ ਟੀਵਾਣਾ, ਗਿਆਨ ਸਿੰਘ ਮੰਗੋ, ਤੇਜਿੰਦਰ ਮਹਿਤਾ, ਪਲਵਿੰਦਰ ਕੌਰ ਅਤੇ ਸੂਬੇ ਦੇ ਹੋਰ ਆਗੂ ਇਸ ਮੌਕੇ ਹਾਜਰ ਸਨ।