ਅੱਜ ਜਦੋਂ ਮੈਂ ਆਪਣਾ ਰੋਜ਼ਾਨਾ ਕਾਲਮ ਲਿਖਣ ਲਈ ਕਲਮ ਚੁੱਕੀ ਤਾਂ ਮੈਨੂੰ ਸਿੱਖ ਕੌਮ ਦੇ ਮਹਾਨ ਇਤਿਹਾਸ ਦਾ ਉਹ ਪੰਨਾ ਯਾਦ ਆਇਆ ਜਦੋਂ 20 ਅਕਤੂਬਰ 1783 ਨੁੰ ਕੌਮ ਦਾ ਮਹਾਨ ਜਰਨੈਲ, ਬੰਦੋਛੋੜ ਸੁਲਤਾਨ-ਉਲ-ਕੋਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਦਾ ਲਈ ਗਰੁ ਚਰਨਾਂ ਵਿੱਚ ਜਾ ਬਿਰਾਜੇ ਸਨ। ‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ 3 ਮਈ 1718 ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੀਰਵਾਦ ਨਾਲ ਹੋਇਆ ਸੀ। 18ਵੀਂ ਸਦੀ ਦਾ ਇਹ ਮਹਾਨ ਸਿੱਖ ਨਾਇੱਕ ਆਪਣੀ 65 ਸਾਲ ਦੀ ਉਮਰ ਵਿੱਚੋਂ 50 ਵਰ੍ਹੇ ਸਿਖ ਕੌਮ ਦੀ ਚੜ੍ਹਤ ਅਤੇ ਸਿੱਖ ਕੌਮ ਦੀਆਂ ਜੜ੍ਹਾਂ ਮਜਬੂਤ ਕਰਨ ਹਿਤ ਯੁੱਧ ਕਰਕੇ ਕੌਮ ਨੂੰ ਚੜ੍ਹਦੀਕਲਾ ਦਾ ਸੁਨੇਹਾ ਦਿੰਦਾ ਰਿਹਾ। ਲਾਹੌਰ ਦੇ ਲਾਗਲ ਪਿੰਡ ਆਹਲੂ ਵਿਖੇ ਪਿਤਾ ਸ. ਬਿਦਰ ਸਿੰਘ ਦੇ ਘਰ ਪੈਦਾ ਹੋਇਆ ਸ. ਜੱਸਾ ਸਿੰਘ ਦੇ ਮਾਤਾ ਜੀ ਬਹੁਤ ਧਾਰਮਿਕ ਬਿਰਤੀ ਦੇ ਮਾਲਕ ਸਨ। ਉਹਨਾਂ ਦੇ ਪਵਿੱਤਰ ਜੀਵਨ ਦਾ ਪ੍ਰਭਾਵ ਸ. ਜੱਸਾ ਸਿੰਘ ਦੇ ਜੀਵਨ ਉਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਅਜੇ ਆਪ ਸਿਰਫ਼ 4 ਸਾਲਾਂ ਦੇ ਹੀ ਸਨ ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਇਹ ਸਮਾਂ ਸਿੱਖਾਂ ਲਈ ਬੜਾ ਭਿਆਨਕ ਸਮਾਂ ਸੀ। ਸਮੇਂ ਦੀ ਸਰਕਾਰ ਸਮੇਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਅਜਿਹੀ ਹਾਲਤ ਵਿੱਚ ਮਾਮਾ ਸ. ਬਾਘ ਸਿੰਘ ਨੇ ਆਪਣੀ ਭੈਣ ਅਤੇ ਮਾਸੂਮ ਭਾਣਜੇ ਸ. ਜੱਸਾ ਸਿੰਘ ਨੁੰ ਦਿੱਲੀ, ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ। ਸ. ਜੱਸਾ ਸਿੰਘ ਨੇ ਗਿਆਰਾਂ ਸਾਲ ਤੱਕ ਮਾਤਾ ਸੁੰਦਰੀ ਜੀ ਪਾਸ ਰਹਿ ਕੇ ਹਰ ਤਰ੍ਹਾਂ ਦੀ ਵਿੱਦਿਆ ਵਿੱਚ ਪ੍ਰਬੀਨਤਾ ਹਾਸਲ ਕੀਤੀ। ਮਾਤਾ ਸੁੰਦਰੀ ਕੌਰ ਜੀ ਤੋਂ ਆਸ਼ੀਰਵਾਦ ਲੈ ਕੇ ਸ. ਜੱਸਾ ਸਿੰਘ ਪੰਜਾਬ ਗਏ ਅਤੇ ਫ਼ਿਰ ਨਵਾਬ ਕਪੂਰ ਸਿੰਘ ਦੇ ਸੰਪਰਕ ਵਿੱਚ ਆ ਗਏ। ਉਹਨਾਂ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤਲਵਾਰ ਅਤੇ ਨੇਜ਼ੇਬਾਜ਼ੀ ਆਦਿ ਸ਼ਾਸਤਰ ਵਿਦਿਆ ਵਿੱਚ ਮਾਹਿਰ ਬਣਾ ਦਿੱਤਾ। ਆਪ ਬੜੇ ਗੰਭੀਰ, ਨੀਤੀਵਾਨ ਅਤੇ ਤੀਖਣ ਬੁੱਧੀ, ਬਲਵਾਨ ਯੋਧੇ ਸਨ। ਆਪ ਨੇ ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਪੰਜਾਹ ਸਾਲ ਜੰਗ ਦੇ ਮੈਦਾਨ ਵਿੱਚ ਗੁਜ਼ਾਰੇ।
ਸ. ਜੱਸਾ ਸਿੰਘ ਆਹਲੂਵਾਲੀਆ ਨੇ ਦੀਵਾਨ ਲੱਖਪਤ ਰਾਏ ਅਤੇ ਦੀਵਾਨ ਜਸਪਤ ਰਾਏ ਨੂੰ ਸੋਧਿਆ, ਜਿਹਨਾਂ ਨੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ 1753 ਈ. ਵਿੱਚ ਆਪ ਨੂੰ ਜਥੇਦਾਰ ਥਾਪਿਆ ਗਿਆ ਅਤੇ ਨਵਾਬ ਦੀ ਉਪਾਧੀ ਦਿੱਤੀ ਗਈ। ਆਪ ਨੇ ਸਿੱਖ ਫ਼ੌਜਾਂ ਨੂੰ ਬਾਰਾਂ ਮਿਸਲਾਂ ਵਿੱਚ ਵੰਡਿਆ ਅਤੇ ਆਪ ਦਲ ਖਾਲਸਾ ਦੇ ਪਹਿਲੇ ਮੁਖੀ ਥਾਪੇ ਗਏ ਸਨ। 5 ਫ਼ਰਵਰੀ 1762 ਨੂੰ ਅਹਿਮਦਗੜ੍ਹ ਨੇੜੇ ਕੁੱਪ ਰਹੀੜੇ ਦੇ ਥੇਹ ਉਤੇ ਅਹਿਮਦਸ਼ਾਹ ਅਬਦਾਲੀ ਨੇ ਆਪਣੀ ਪੂਰੀ ਤਾਕਤ ਨਾਲ ਸਿੱਖਾਂ ‘ਤੇ ਹਮਲਾ ਕੀਤਾ, ਜਿਸਨੂੰ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਇਸ ਔਖੇ ਵਕਤ ਦਲ ਖਾਲਸਾ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਕੋਲ ਸੀ। ਬੇਸ਼ੱਕ ਇਸ ਯੁੱਧ ਵਿੱਚ ਸਿੱਖਾਂ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ ਪਰ ਉਹਨਾਂ ਨੇ ਵੈਰੀਆਂ ਦੇ ਹਮਲਿਆਂ ਦਾ ਅਨੋਖੀ ਬਹਾਦਰੀ, ਦਲੇਰੀ ਅਤੇ ਹੌਸਲ ਨਾਲ ਮੁਕਾਬਲਾ ਕੀਤਾ। ਦੁਨੀਆਂ ਦੇ ਇਤਿਹਾਸਕਾਰ ਹੈਰਾਨੀ ਨਾਲ ਲਿਖਦੇ ਹਨ ਕਿ ਇੰਨੇ ਜਾਨੀ ਨੁਕਸਾਨ ਦੇ ਬਾਵਜੂਦ ਸਿੱਖਾਂ ਨੇ ਅਗਲੇ ਵਰ੍ਹੇ ਸੰਨ 1763 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਰਹੰਦ ‘ਤੇ ਮੁੜ ਕਬਜਾ ਕਰ ਲਿਆ ਅਤੇ ਅਬਦਾਲੀ ਦਾ ਸਾਥ ਦੇਣ ਵਾਲੇ ਜੈਨ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤਰ੍ਹਾਂ ਜਦੋਂ ਦਲ ਖ਼ਾਲਸਾ ਨੇ 1761 ਵਿੱਚ ਲਾਹੌਰ ‘ਤੇ ਕਬਜ਼ਾ ਕੀਤਾ ਸੀ ਉਸ ਵੇਲੇ ਵੀ ਸਿੱਖਾਂ ਦੀ ਕਮਾਨ ਸ੍ਰ. ਜੱਸਾ ਸਿੰਘ ਆਹਲੂਵਾਲੀਆ ਕੋਲ ਸੀ। ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਆਪਣਾ ਸਿੱਕਾ ਜਾਰੀ ਕੀਤਾ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦਾ ਖ਼ਿਤਾਬ ਦੇ ਕੇ ਆਪਣਾ ਬਾਦਸ਼ਾਹ ਥਾਪ ਦਿੱਤਾ। ਇਉਂ ਸੁਤੰਤਰ ਖ਼ਾਲਸਾ ਰਾਜ ਦੀ ਨੀਂਹ ਰੱਖੀ ਗਈ। ਇੱਥੇ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਮੁੜਦਾ ਸੀ, ਉਹ ਆਪਣੇ ਨਾਲ ਇੱਥੋਂ ਦੀਆਂ ਬਹੂ-ਬੇਟੀਆਂ ਨੂੰ ਬੰਦੀ ਬਣਾ ਕੇ ਲੈ ਜਾਂਦਾ ਸੀ। ਨਵਾਬ ਜੱਸਾ ਸਿੰਘ ਦੀ ਅਗਵਾਈ ਵਿੱਚ ਜਿੱਥੇ ਖ਼ਾਲਸਾ ਲੁੱਟ ਦੇ ਮਾਲ ਨੂੰ ਲੁੱਟਦਾ ਸੀ, ਉਥੇ ਬੰਦੀ ਬਣਾਈਆਂ ਔਰਤਾਂ ਨੂੰ ਛੁਡਾ ਕੇ ਉਹਨਾਂ ਦੇ ਘਰ ਪਹੁੰਚਾਇਆ ਕਰਦਾ ਸੀ। ਇਸੇ ਕਾਰਨ ਇਹਨਾਂ ਨੂੰ ਬੰਦੀਛੋੜ ਦਾ ਖ਼ਿਤਾਬ ਵੀ ਦਿੱਤਾ ਗਿਆ।
ਉਹ ਅਜਿਹਾ ਸਮਾਂ ਸੀ ਕਿ ਹਿੰਦੁਸਤਾਨ ਵਿੱਚ ਅਜਿਹੀ ਕੋਈ ਸ਼ਕਤੀ ਨਹੀਂ ਸੀ, ਜਿਹੜੀ ਅਹਿਮਦਸ਼ਾਹ ਨਾਲ ਟੱਕਰ ਲੈ ਸਕਦੀ। ਅਜਿਹੇ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਾ ਦੀ ਅਗਵਾਈ ਵਿੱਚ ਸਿੱਖ ਇੱਕ ਸ਼ਕਤੀ ਦੇ ਰੂਪ ਵਿੱਚ ਉਭਰੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਅਜਿਹੀ ਬਲਵਾਨ ਸ਼ਕਤੀ ਬਣ ਗਏ ਕਿ ਜਮਨਾ ਤੋਂ ਅਟਕ ਦੇ ਵਿੱਚਕਾਰਲਾ ਇਲਾਕਾ ਸਿੰਘਾਂ ਦੇ ਘੋੜਿਆਂ ਦੇ ਸੁੰਮਾਂ ਹੇਠ ਦਰੜਿਆ ਗਿਆ। ਪੰਜਾਬ ਦੇ ਜੰਗਲ ਬੇਲੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜਣ ਲੱਗੇ। ਮੁਗਲ ਸਾਮਰਾਜ ਅਤੇ ਅਹਿਮਦਸ਼ਾਹ ਅਬਦਾਲੀ ਕੇਵਲ ਨਾ ਦੇ ਹਾਕਮ ਰਹਿ ਗਏ ਸਨ। ਅਸਲੀ ਤੌਰ ‘ਤੇ ਸਾਰੇ ਪੰਜਾਬ ਉਤੇ ਦਲ ਖਾਲਸਾ ਰਾਜ ਕਾਇਮ ਹੋ ਗਿਆ ਸੀ। ਨਵਾਬ ਜੱਸਾ ਸਿੰਘ ਦੀ ਅਗਵਾਈ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਉਦੋਂ ਲਿਖਿਆ ਗਿਆ ਜਦੋਂ 11 ਮਾਰਚ 1783 ਨੂੰ ਸਿੱਖ ਫ਼ੌਜਾਂ ਨੇ ਦਿੱਲੀ ਦੇ ਲਾਲ ਕਿਲੇ ਉਤੇ ਕਬਜਾ ਕਰ ਲਿਆ। ਦਲ ਖਾਲਸਾ ਦੇ ਮੁਖੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਵੱਲੋਂ ਦੀਵਾਨੇ ਆਮ ਤੇ ਬਿਠਾਇਆ ਗਿਆ ਤੇ ਬਾਦਸ਼ਾਹ ਐਲਾਨਿਆ ਗਿਆ। ਇਹ ਉਹ ਸਮਾਂ ਸੀ ਜਦੋਂ ਸਿੱਖ ਹਿੰਦੁਸਤਾਨ ਦੇ ਰਾਜੇ ਬਣੇ ਸਨ।
ਇਸ ਲਾਸਾਨੀ ਯੋਧੇ ਅਤੇ ਅਣਖੀਲੇ ਜਰਨੈਲ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਇਸ ਕਾਲਮ ਰਾਹੀਂ ਤਾਂ ਮੈਂ ਸਿੱਖ ਕੌਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਹਾਂ ਕਿ ਕੌਮ ਦੇ ਇਸ ਜਰਨੈਲ ਦੀ 3 ਮਈ 2018 ਨੂੰ 300ਵੀਂ ਜਨਮ ਸ਼ਤਾਬਦੀ ਆ ਰਹੀ ਹੈ। ਇਸ ਦਿਨ ਨੁੰ ਵੱਡੇ ਪੱਧਰ ਤੇ ਮਨਾਉਣ ਦੀ ਲੋੜ ਹੈ। ਜਿਸ ਜਰਨੈਲ ਨ ਦਿੱਲੀ ਝੁਕਾਈ, ਕਾਬਲ ਨੂੰ ਝੁਕਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਹਵਾਲੇ ਕੀਤਾ। ਜਿਸ ਨੇ ਸਰਹੰਦ ਜਿੱਤੀ, ਕਪੂਰਥਲਾ ਜਿੱਤਿਆ, ਲਾਹੌਰ ਜਿੱਤਿਆ ਅਤੇ ਦਿੱਲੀ ਜਿੱਤੀ ਜੋ ਬੁੱਢਾ ਦਲ ਦਾ ਮੁਖੀ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਿਹਾ, ਦਲ ਖਾਲਸਾ ਦਾ ਸੁਪਰੀਮ ਕਮਾਂਡਰ ਰਿਹਾ, ਜਿਸਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੁੜ ਉਸਾਰਿਆ। ਅਜਿਹੇ ਬਹਾਦਰ, ਨਿਡਰ ਅਤੇ ਅਡੋਲ ਜਰਨੈਲ ਦੀ 300ਵੀਂ ਵਰ੍ਹੇਗੰਢ ਕੌਮ ਵੱਲੋਂ ਧੂੰਮ ਧਾਮ ਨਾਲ ਮਨਾਈ ਜਾਵੇ। ਹਿੰਦੁਸਤਾਨ ਦੀ ਸਰਕਾਰ ਨੇ 1985 ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਸੀ ਪਰ ਕੋਈ ਵੀ ਢੁਕਵੀਂ ਯਾਦਗਾਰ ਨਹੀਂ ਬਣਾਈ ਗਈ। ਸ਼੍ਰੋਮਣੀ ਕਮੇਟੀ ਅੱਗੇ ਆਵੇ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕੋਈ ਢੁਕਵੀਂ ਯਾਦਗਾਰ ਬਣਾਵੇ।
***
ਸ਼ੋਹਰਤ ਹਮੇਸ਼ਾ ਸਿਆਸਤ ਨੂੰ ਰਾਸ ਆਉਂਦੀ ਹੈ
ਉਨ ਕਾ ਜੋ ਫ਼ਰਜ਼ ਹੈ
ਵੋ ਅਹਿਲੇ ਸਿਆਸਤ ਜਾਨੇ
ਮੇਰਾ ਪੈਗਾਮ ਮੁਹੱਬਤ ਹੈ, ਜਹਾਂ ਤੱਕ ਪਹੁੰਚੇ
ਜਿਗਰ ਮੁਰਾਦਾਬਾਦੀ ਸ਼ਾਇਰ ਉਕਤ ਸ਼ੇਅਰ ਰਾਹੀਂ ਇੱਕ ਸ਼ੇਅਰ, ਇੱਕ ਕਲਾਕਾਰ ਅਤੇ ਇੱਕ ਅਦਾਕਾਰ ਦਾ ਫ਼ਰਜ਼ ਬਿਆਨ ਕਰ ਰਹੇ ਹਨ ਅਤੇ ਉਹਨਾਂ ਦਾ ਫ਼ਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗਾਮ। ਆਪਣੀ ਸ਼ਾਇਰੀ, ਆਪਣੀ ਅਦਾਕਾਰੀ ਅਤੇ ਆਪਣੀ ਕਲਾਕਾਰੀ ਰਾਹੀਂ ਅਵਾਮ ਦੇ ਦਿਲਾਂ ਤੱਕ ਪਹੁੰਚਾਉਣਾ। ਆਪਣੀ ਕਲਾ ਦੇ ਸਿਰ ‘ਤੇ ਇੱਕ ਕਲਾਕਾਰ ਸ਼ੋਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚ ਜਾਂਦਾ ਹੈ। ਲੋਕ ਉਸਨੂੰ ਮੁਹੱਬਤ ਦਿੰਦੇ ਹਨ, ਪਿਆਰ ਦਿੰਦੇ ਹਨ, ਉਸਦੀ ਦੀਦ ਦੇ ਦੀਵਾਨੇ ਬਣ ਜਾਂਦੇ ਹਨ। ਅਜਿਹੀ ਸ਼ੋਹਰਤ ਦੀ ਬੁਲੰਦ ਉਤੇ ਪੁੱਜੇ ਹੋਏ ਕਲਾਕਾਰਾਂ, ਗਾਇੱਕਾਂ, ਅਦਾਕਾਰਾਂ ਅਤੇ ਖਿਡਾਰੀਆਂ ਉਪਰ ਸਿਆਸਤਦਾਨਾਂ ਦੀ ਅੱਖ ਹੁੰਦੀ ਹੈ। ਕਈ ਵਾਰ ਕਲਾਕਾਰ ਵੀ ਸ਼ੋਹਰਤ ਦੇ ਨਾਲ ਨਾਲ ਸੱਤਾ ਦੀ ਲਾਲਸਾ ਰੱਖਦਾ ਹੈ। ਸ਼ਾਇਦ ਅਜਿਹੇ ਹੀ ਹਾਲਾਤ ਪੰਜਾਬ ਦੇ ਗਾਇੱਕਾਂ, ਅਦਾਕਾਰਾਂ, ਕਲਾਕਾਰਾਂ ਅਤੇ ਖਿਡਾਰੀਆਂ ਦੇ ਹਨ।
ਉਂਝ ਇਹ ਕੋਈ ਨਵਾਂ ਵਰਤਾਰਾ ਨਹੀਂ। ਸਮੇਂ-ਸਮੇਂ ਸਿਆਸੀ ਪਾਰਟੀਆਂ ਕਲਾਕਾਰਾਂ ਦੀ ਪ੍ਰਸਿੱਧੀ ਨੂੰ ਵਰਤਦੀਆਂ ਰਹੀਆਂ ਹਨ। ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕਈ ਵੱਡੇ ਨਾਮ ਵਿੱਚਰਦੇ ਰਹੇ ਹਨ। ਜਿਵੇਂ ਅਮਿਤਾਬ ਬਚਨ, ਅਲਾਹਾਬਾਦ ਤੋਂ ਸਾਂਸਦ ਰਹੇ। ਰਾਮਾਨੰਦ ਸਾਗਰ ਦੀ ਰਮਾਇਣ ਵਿ ਚ ਰਾਮ ਦਾ ਰੋਲ ਕਰਨ ਵਾਲੇ ਅਰੁਣ ਗੋਇਲ, ਕ੍ਰਿਸ਼ਨ ਦਾ ਰੋਲ ਕਰਨ ਵਾਲੇ ਨਿਤੀਸ਼ ਭਾਰਦਵਾਜ, ਭੱਪੀ ਲਹਿਰੀ, ਚਰਨਜੀਵੀ, ਦਾਰਾ ਸਿੰਘ, ਸੀਤਾ ਦੀ ਭੂਮਿਕਾ ਕਰਨ ਵਾਲੀ ਦੀਪਿਕਾ, ਧਰਮਿੰਦਰ, ਹੇਮਾ ਮਾਲਿਨੀ, ਜਯਾ ਬਚਨ, ਜੈਲਲਿਤਾ, ਜੈਪ੍ਰਦਾ, ਕਿਰਨ ਖੇਰ, ਜਾਵੇਦ ਜਾਫ਼ਰੀ, ਮਿਠੁਨ ਚੱਕਰਵਰਤੀ, ਰੇਖਾ, ਰਾਜ ਬੱਬਰ, ਵਿਨੋਦ ਖੰਨਾ, ਸ਼ਤਰੂਘਨ ਸਿਨਹਾ, ਮੁਨਮੁਨ ਸੇਨ, ਸੰਜੇ ਦੱਤ, ਸ਼ਬਾਨਾ ਆਜ਼ਮੀ, ਸਿਮਰਤੀ ਇਰਾਨੀ, ਸੁਨੀਲ ਦੱਤ, ਸੁਰੇਸ਼ ਉਬਰਾਏ ਅਤੇ ਗੋਬਿੰਦਾ ਆਦਿ। ਪੰਜਾਬ ਦਾ ਪੁੱਤਰ ਧਰਮਿੰਦਰ 14ਵੀਂ ਲੋਕ ਸਭਾ ਵਿੱਚ ਬੀਕਾਨੇਰ ਤੋਂ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਬਣਿਆ। ਐਨ. ਟੀ. ਰਾਮਾਰਾਓ ਦਾ ਸਾਥੀ ਐਕਟਰ ਬਾਬੂ ਮੋਹਨ ਲਾਲ ਐਮ. ਐਲ. ਏ. ਰਿਹਾ। ਤੇਲਗੂ ਸਿਨੇਮਾ ਦਾ ਵੱਡਾ ਨਾਮ ਚਿਰਨਜੀਵੀ ਸਿਆਸਤ ਵਿੱਚ ਵੀ ਵੱਡਾ ਨਾਮ ਬਦਿਆ ਅਤੇ ਉਹ ਟੂਰਿਜ਼ਮ ਦਾ ਰਾਜ ਮੰਤਰੀ ਰਿਹਾ। ਕੇ. ਬੀ. ਗਨੇਸ਼ ਕੁਮਾਰ ਕੇਰਲਾ ਦਾ ਜੰਗਲਾਤ ਮੰਤਰੀ ਰਿਹਾ ਹੈ। ਉਹ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਹੈ। ਕਾਂਤਾ ਸ੍ਰੀਨਿਵਾਸ ਰਾਮਾ ਤੇਲਗੂ ਸਿਨੇਮਾ ਦਾ ਪ੍ਰਸਿੱਧ ਐਕਟਰ ਆਂਧਰਾ ਪ੍ਰਦੇਸ਼ ਵਿੱਚ ਐਮ. ਐਲ. ਏ. ਹੈ। ਦੱਖਣੀ ਭਾਰਤ ਦੇ ਸਿਨੇਮਾ ਕਲਾਕਾਰ ਸਿਆਸਤ ਵਿੱਚ ਬਹੁਤ ਕਾਮਯਾਬ ਰਹੇ ਹਨ। ਐਨ ਟੀ. ਰਾਓ ਅਤੇ ਜੈਲਲਿਤਾ ਇਸ ਪੱਖੋਂ ਮਹੱਤਵਪੂਰਨ ਉਦਾਹਰਣਾਂ ਹਨ। ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚੋਂ ਦੋ ਕੌਮੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਫ਼ਿਲਮੀ ਅਦਾਕਾਰਾਂ, ਗਾਇੱਕਾਂ ਅਤੇ ਖਿਡਾਰੀਆਂ ਦੀ ਸ਼ੋਹਰਤ ਦਾ ਖੂਬ ਸਿਆਸੀ ਲਾਹਾ ਲਿਆ ਹੈ।
ਫ਼ਿਲਮੀ ਕਲਾਕਾਰਾਂ ਦਾ ਸਿਆਸਤ ਵਿੱਚ ਆਪਣੀ ਸਿਆਸੀ ਭੂਮਿਕਾ ਨਿਭਾਉਣ ਦਾ ਵਰਤਾਰਾ ਵਿਸ਼ਵ ਵਿਆਪੀ ਹੈ। ਕੈਨੇਡਾ ਦੇ ਐਕਟਰ ਅਤੇ ਗਾੲਕ ਜੀਨ ਲੈਪਉਨਿਟੇ ਲਿਬਰਲ ਪਾਰਟੀ ਵੱਲੋਂ ਐਮ. ਪੀ. ਰਹੇ ਹਨ। ਫ਼ਿਲਮ ਅਭਿਨੇਤਰੀ ਰੀਨਾ ਕੀਪਰ ਵੀ ਐਮ. ਪੀ. ਰਹੀ ਹੈ। ਅਮਰੀਕਾ ਵਿੱਚ ਅਨੇਕਾਂ ਕਲਾਕਾਰਾਂ ਨ ੇਸਿਆਸਤ ਵਿੱਚ ਜ਼ੋਰ ਅਜਮਾਈ ਕੀਤੀ ਹੈ। ਉਦਾਹਰਣ ਵਜੋਂ ਏ. ਐਲ. ਫ਼ਰੈਂਕਣ ਸੈਨੇਟਰ ਰਹੇ ਹਨ। ਆਰਨੋਲਡ ਕੈਲੇਫ਼ੋਰਨੀਆ ਦੇ ਗਵਰਨਰ ਰਹੇ ਹਨ। ਬੈਨ ਜੋਟਾ ਕਾਂਗਰਸ ਦੇ ਮੈਂਬਰ ਸਨ ਅਤੇ ਜੌਰਜ ਮਰਫ਼ੀ ਸੈਨਟਰ ਰਹੇ ਹਨ। ਬਰਤਾਨੀਆ ਵਿੱਚ ਕਲਾਕਾਰ ਮਾਈਕਲ ਲੇਬਰ ਪਾਟੀ ਵੱਲੋਂ ਪਾਰਲੀਮੈਂਟ ਦੇ ਮੈਂਬਰ ਸਨ। ਐਂਡਰਿਊ ਵੀ ਲੇਬਰ ਐਮ. ਪੀ. ਸਨ ਅਤੇ ਜੈਨਸਨ ਨੇ ਵੀ ਲੇਬਰ ਪਾਰਟੀ ਵੱਲੋਂ ਸਿਆਸਤ ਕੀਤੀ। ਸ਼੍ਰੀਲੰਕਾ ਦੇ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਇਲਗਰਾਂਟੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਵਿਜਾਇ ਕਮਾਰਟੁੰਗਾ ਕਲਾਕਾਰ ਹੋਣ ਦੇ ਨਾਲ ਨਾਲ ਸ਼੍ਰੀਲੰਕਾ ਮਹਜਨਾਂ ਪਾਰਟੀ ਦੇ ਸੰਸਥਾਪਕ ਸਨ। ਜੀਨ ਕਮਾਰਟੁੰਗਾ ਵੀ ਕੈਬਨਿਟ ਵਿੱਚ ਸ਼ਾਮਲ ਸਨ। ਫ਼ਿਲਮਾਇਨ ਦੇ 30 ਤੋਂ ਵੱਧ ਕਲਾਕਾਰ ਸਿਆਸਤ ਵਿੱਚ ਸਰਗਰਮ ਹਨ।
ਪੰਜਾਬ ਦੀ ਸਿਆਸਤ ਵਿੱਚ ਵੀ ਅਨੇਕਾਂ ਗਾਇੱਕ, ਟੀ. ਵੀ. ਅਤੇ ਫ਼ਿਲਮੀ ਕਲਾਕਾਰ ਅਤੇ ਖਿਡਾਰੀ ਸਿਆਸਤ ਵਿੱਚ ਸਰਗਰਮ ਹਨ। ਕ੍ਰਿਕਟਰ ਅਤੇ ਟੀ. ਵੀ. ਕਲਾਕਾਰ ਨਵਜੋਤ ਸਿੰਘ ਸਿੱਧੂ ਪੰਜਾਬ ਕੈਬਨਿਟ ਵਿੱਚ ਮੰਤਰੀ ਹਨ। ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਵਿਧਾਇੱਕ ਹੈ। ਪੰਜਾਬ ਆਮ ਆਦਮੀ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਦਾ ਮੈਂਬਰ ਹੈ।
ਪਿਛਲੀ ਵਿਧਾਨ ਸਭਾ ਵਿੱਚ ਮੁਹੰਮਦ ਸਦੀਕ ਵਿਧਾਇੱਕ ਸੀ। ਗਾਇੱਕ ਕੁਲਦੀਪ ਮਾਣਕ ਅਤੇ ਹੰਸ ਰਾਜ ਹੰਸ ਨੇ ਵੀ ਸਿਆਸਤ ਵਿੱਚ ਹੱਥ ਅਜਮਾਏ ਸਨ। ਸਤਵਿੰਦਰ ਬਿੱਟੀ, ਗੁਰਪ੍ਰੀਤ ਘੁੱਗੀ, ਜੱਸੀ ਜਸਰਾਜ, ਕੇ. ਐਸ. ਮੱਖਣ, ਦਲੇਰ ਮਹਿੰਦੀ, ਗੁਲ ਪਨਾਗ, ਕਿਰਨ ਖੇਰ, ਹਰਭਜਨ ਮਾਨ ਅਤੇ ਬਚਨ ਬੇਦਿਲ ਆਦਿ ਕਲਾਕਾਰ ਸਿਆਸਤ ਵਿੱਚ ਹੱਥ ਪੈਰ ਮਾਰ ਚੁੱਕੇ ਹਨ ਅਤੇ ਕੁਝ ਅਜੇ ਵੀ ਸਰਗਰਮ ਹਨ। ਸਿਆਸੀ ਪਾਰਟੀਆਂ ਨੂੰ ਤਾਂ ਹਰ ਹਰਮਨ ਪਿਆਰਾ ਕਲਾਕਾਰ ਰਾਸ ਆ ਜਾਂਦਾ ਹੈ ਪਰ ਸਾਰੇ ਕਲਾਕਾਰਾਂ ਨੂੰ ਸਿਆਸਤ ਰਾਸ ਨਹੀਂ ਆਉਂਦੀ। ਸਿਆਸਤ ਰਾਸ ਆਵੇ ਜਾਂ ਨਾ ਪਰ ਇਹ ਵਰਤਾਰਾ ਲਗਾਤਾਰ ਜਾਰੀ ਹੈ।