ਦਿੱਲੀ ਨਾਲ ਲੱਗਦਾ ਨੋਇਡਾ ਬੇਸ਼ੱਕ ਹੀ ਹਾਈਟੈਕ ਸਿਟੀ ਦੇ ਰੂਪ ਵਿੱਚ ਵਿਕਸਤ ਹੋ ਰਿਹਾ ਹੈ ਪਰ ਹਰ ਰੋਜ਼ ਹੋਣ ਵਾਲੇ ਅਪਰਾਧ ਇਸ ਉਦਯੋਗਿਕ ਨਗਰੀ ਦੇ ਮੱਥੇ ‘ਤੇ ਕਲੰਕ ਵਾਂਗ ਹਨ। 31 ਮਈ 2017 ਦੀ ਸਵੇਰ ਨੋਇਡਾ ਦੇ ਸੈਕਟਰ 63 ਸਥਿਤ ਪੌਸ਼ ਸੁਸਾਇਟੀ ਸ਼ਤਾਬਦੀ ਰੇਲ ਵਿਹਾਰ ਨੂੰ ਵੀ ਇੱਕ ਅਜਿਹੇ ਅਪਰਾਧਿਕ ਕਲੰਕ ਨਾਲ ਦੋ-ਚਾਰ ਹੋਣਾ ਪਿਆ। ਜੋ ਇਸ ਸੁਸਾਇਟ. ਦੇ ਰਹਿਣ ਵਾਲਿਆਂ ਦੀ ਕਲਪਨਾ ਤੋਂ ਦੂਰ ਸੀ।
ਉਸ ਦਿਨ ਸਵੇਰੇ ਰੇਲ ਵਿਹਾਰ ਸੁਸਾਇਟੀ ਦੇ ਪਾਰਕਿੰਗ ਦੇ ਕੋਲ ਇੱਕ ਲੜਕੀ ਖੂਨ ਨਾਲ ਲੱਥਪੱਥ ਮਿਲੀ। ਉਸ ਦੇ ਸਿਰ ਤੋਂ ਕਾਫ਼ੀ ਖੂਨ ਵਹਿ ਚੁੱਕਾ ਸੀ। ਸੁਸਾਇਟੀ ਵਿੱਚ ਜਿਸ ਨੇ ਵੀ ਸੁਣਿਆ ਹੈਰਾਨ ਰਹਿ ਗਿਆ। ਜ਼ਰਾ ਜਿਹੀ ਦੇਰ ਵਿੱਚ ਉੱਥੇ ਕਾਫ਼ੀ ਲੋਕ ਇੱਕੱਠੇ ਹੋ ਗਏ। ਕਾਹਲੀ-ਕਾਹਲੀ ਵਿੱਚ ਕੁਝ ਲੋਕ ਉਸ ਲੜਕੀ ਨੂੰ ਨਜ਼ਦੀਕੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸਨੂੰ ਦੇਖਦੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਥੇ ਹੀ ਪਤਾ ਲੱਗਿਆ ਕਿ ਮ੍ਰਿਤਕਾ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ।
ਸੁਸਾਇਟੀ ਵਿੱਚ ਲੋਕਾਂ ਦੀ ਭੀੜ ਲੱਗ ਚੁੱਕੀ ਸੀ। ਉਹਨਾਂ ਵਿੱਚੋਂ ਕਿਸੇ ਨੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵੀ ਮੌਕੇ ਤੇ ਆ ਗਈ। ਪੁਲਿਸ ਨੇ ਮੌਕੇ ਤੇ ਮੁਆਇਨਾ ਕੀਤਾ ਤਾਂ ਉਥੇ ਪਿਸਟਲ ਦਾ ਇੱਕ ਖਾਲੀ ਕਾਰਤੂਸ ਮਿਲਿਆ, ਜਿਸਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ। ਪੁਲਿਸ ਨੇ ਡੌਗ ਸਕੁਆਇਡ ਨੂੰ ਵੀ ਮੌਕੇ ਤੇ ਬੁਲਵਾਇਆ, ਪਰ ਉਸ ਤੋਂ ਕੋਈ ਖਾਸ ਮਦਦ ਨਹੀਂ ਮਿਲੀ।
ਇਸੇ ਵਿੱਚਕਾਰ ਮ੍ਰਿਤਕਾ ਦੀ ਸ਼ਨਾਖਤ ਜ਼ਰੂਰ ਹੋ ਗਈ। ਉਸਦਾ ਨਾਂ ਅੰਜਲੀ ਰਾਠੌਰ ਸੀ। 22 ਸਾਲਾ ਅੰਜਲੀ ਉਰਫ਼ ਅੰਨੂ ਮੂਲ ਤੌਰ ਤੇ ਹਰਿਆਣੇ ਦੇ ਯਮੁਨਾਨਗਰ ਨਿਵਾਸੀ ਤੇਜਪਾਲ ਸਿੰਘ ਦੀ ਲੜਕੀ ਸੀ ਅਤੇ ਨੋਇਡਾ ਦੇ ਸੈਕਟਰ 64 ਸਥਿਤ ਲਾਵਾ ਮੋਬਾਇਲ ਕੰਪਨੀ ਵਿੱਚ ਬਤੌਰ ਇੰਜੀਨੀਅਰ ਨੌਕਰੀ ਕਰਦੀ ਸੀ।
ਅੰਜਲੀ ਸੁਸਾਇਟੀ ਦੇ ਇੱਕ ਟਾਵਰ ਵਿੱਚ ਤੀਜੀ ਮੰਜ਼ਿਲ ਤੇ ਬਣੇ ਇੱਕ ਫ਼ਲੈਟ ਵਿੱਚ ਰੂਮਮੇਟ ਲੜਕੀਆਂ ਨਾਲ ਰਹਿੰਦੀ ਸੀ। ਪੁਲਿਸ ਨੇ ਅੰਜਲੀ ਦੇ ਮੋਬਾਇਲ ਨੰਬਰ ਭਾਲ ਕੇ ਉਸ ਦੇ ਘਰ ਵਾਲਿਆਂ ਨੂੰ ਵੀ ਇਸਦੀ ਸੂਚਨਾ ਦੇ ਦਿੱਤੀ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਵਾਰਦਾਤ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ 7 ਵਜੇ ਇੱਕ ਲੜਕੀ ਬੈਂਕ ਦੀ ਕੋਚਿੰਗ ਕਲਾਸ ਵਿੱਚ ਜਾਣ ਲਈ ਨਿਕਲੀ। ਸਭ ਤੋਂ ਪਹਿਲਾਂ ਉਸੇ ਨੇ ਅੰਜਲੀ ਨੂੰ ਗਰਾਉਂਡ ਫ਼ਲੋਰ ਵਿੱਚ ਪਾਰਕਿੰਗ ਦੇ ਕੋਲ ਪਈ ਦੇਖਿਆ। ਉਸਨੂੰ ਲੱਗਿਆ ਕਿ ਅੰਜਲੀ ਪੌੜੀਆਂ ਤੋਂ ਡਿੱਗੀ ਹੋਵੇਗੀ। ਇਸ ਤੋਂ ਬਾਅਦ ਹੀ ਲੋਕ ਇੱਕੱਠੇ ਹੋਏ ਅਤੇ ਅੰਜਲੀ ਨੂੰ ਹਸਪਤਾਲ ਲੈ ਗੲੈ।
ਪੁਲਿਸ ਮੂਹਰੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇੰਨੀ ਵੱਡੀ ਘਟਨਾ ਆਖਿਰ ਕਿਉਂ ਅਤੇ ਕਿਵੇਂ ਹੋਈ? ਜਾਹਿਰ ਸੀ ਕਿ ਹੱਤਿਆਰਾ ਬਾਹਰ ਤੋਂ ਹੀ ਆਇਆ ਹੋਵੇਗਾ। ਸੁਸਾਇਟੀ ਦੇ ਗੇਟ ਤੇ ਸਕਿਊਰਟੀ ਗਾਰਡ ਹੁੰਦੇ ਸਨ, ਉਥੇ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਸਨ। ਪੁਲਿਸ ਨੇ ਗਾਰਡਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਥੋੜ੍ਹਾ ਬਾਅਦ ਮੋਢੇ ਤੇ ਬੈਗ ਲਟਕਾਈ ਇੱਕ ਲੜਕਾ ਆਇਆ ਸੀ ਅਤੇ ਕੁਝ ਮਿੰਟ ਬਾਅਦ ਹੀ ਵਾਪਸ ਚਲਾ ਗਿਆ।
ਉਸ ਦੀਆਂ ਗਤੀਵਿਧੀਆਂ ‘ਤੇ ਕੋਈ ਸ਼ੱਕ ਨਹੀਂ ਹੋਇਆ, ਇਸ ਕਰਕੇ ਕਿਸੇ ਨੇ ਵੀ ਉਸ ਨੂੰ ਨਹੀਂ ਰੋਕਿਆ। ਉਸ ਨੇ ਗੇਟ ਦੇ ਰਜਿਸਟਰ ਵਿੱਚ ਐਂਟਰੀ ਵੀ ਕੀਤੀ ਸੀ। ਪੁਲਿਸ ਨੇ ਰਜਿਸਟਰ ਚੈਕ ਕੀਤਾ ਤਾਂ ਉਸ ਵਿੱਚ ਸਤਰੁ ਨਾਂ ਦੀ ਐਂਟਰੀ ਸੀ। ਲੜਕੇ ਦਾ ਮੋਬਾਇਲ ਨੰਬਰ ਵੀ ਲਿਖਿਆ ਸੀ, ਉਸ ਨੰਬਰ ਤੇ ਕਾਲ ਕੀਤੀ ਗਈ ਤਾਂ ਉਹ ਸਵਿੱਚ ਆਫ਼ ਮਿਲਿਆ।
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਖਣੀ ਚਾਹੀ ਤਾਂ ਪਤਾ ਲੱਗਿਆ ਕਿ ਮੁੱਖ ਗੇਟਦੇ ਕੈਮਰੇ ਦਾ ਫ਼ੋਕਸ ਵਿਗੜਿਆ ਹੋਇਆ ਸੀ, ਜਿਸ ਕਾਰਨ ਲੜਕਾ ਆਉਂਦਾ-ਜਾਂਦਾ ਤਸਵੀਰਾਂ ਵਿੱਚ ਨਾ ਆ ਸਕਿਆ। ਚੰਗੀ ਗੱਲ ਇਹ ਸੀ ਕਿ ਪਾਰਕਿੰਗ ਸਾਈਡ ਦਾ ਕੈਮਰਾ ਸਹੀ ਸੀ। ਉਸ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਗਈ ਤਾਂ ਦੋ ਪਿੱਲਰਾਂ ਵਿੱਚਕਾਰ ਰਿਕਾਰਡਿੰਗ ਵਿੱਚ ਦਿਖਾਈ ਦਿੱਤਾ ਕਿ ਲੜਕੀ ਬਚਾਅ ਦੀ ਮੁਦਰਾ ਵਿੱਚ ਭੱਜ ਰਹੀ ਸੀ, ਜਦਕਿ ਹੱਥ ਵਿੱਚ ਹਥਿਆਰ ਲਈ ਉਹ ਲੜਕਾ ਉਸ ਦੇ ਪਿੱਛੇ ਦੌੜ ਰਿਹਾ ਸੀ।ਲੜਕੇ ਦੇ ਮੋਢੇ ਤੇ ਬੈਗ ਸੀ। ਇਸ ਤੋਂ ਸਾਫ਼ ਹੋ ਗਿਆ ਕਿ ਇਹ ਉਹੀ ਲੜਕਾ ਸੀ, ਜਿਸ ਦਾ ਜ਼ਿਕਰ ਗਾਰਡ ਨੇ ਕੀਤਾ ਸੀ। ਕੈਮਰੇ ਦੀ ਰਿਕਾਰਡਿੰਗ ਤੋਂ ਲੜਕੇ ਦੀ ਪਛਾਣ ਸਾਫ਼ ਨਹੀਂ ਹੋ ਪਾ ਰਹੀ ਸੀ। ਇਸੇ ਵਿੱਚਕਾਰ ਮ੍ਰਿਤਕਾ ਦੇ ਘਰ ਵਾਲੇ ਅਤੇ ਰਿਸ਼ਤੇਦਾਰ ਵੀ ਆ ਗਏ। ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁਲਿਸ ਨੇ ਅੰਜਲੀ ਦੀ ਲਾਸ਼ ਦਾ ਪੰਚਨਾਮਾ ਕਰਕੇ ਉਸਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ। ਪੁਲਿਸ ਇਹ ਨਹੀਂ ਸਮਝ ਪਾ ਰਹੀ ਸੀ ਕਿ ਉਸ ਲੜਕੀ ਦੀ ਅੰਜਲੀ ਨਾਲ ਆਖਿਰ ਕੀ ਦੁਸ਼ਮਣੀ ਰਹੀ ਹੋਵੇਗੀ।
ਮਾਮਲਾ ਪ੍ਰੇਮ-ਪਿਆਰ ਦਾ ਵੀ ਲੱਗ ਰਿਹਾ ਸੀ, ਕਿਉਂਕਿ ਉਹ ਲੜਕਾ ਅੰਜਲੀ ਦੀ ਹੱਤਿਆ ਦੇ ਇਰਾਦੇ ਨਾਲ ਹੀ ਆਇਆ ਸੀ। ਅੰਜਲੀ ਵੀ ਆਪਣੀ ਮਰਜ਼ੀ ਨਾਲ ਉਸ ਨੂੰ ਮਿਲਣ ਫ਼ਲੈਟ ਤੋਂ ਹੇਠਾਂ ਆਈ ਸੀ। ਪੁਲਿਸ ਨੇ ਅੰਜਲੀ ਦੇ ਘਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਪਰ ਉਸ ਤੋਂ ਕੋਈ ਸੁਰਾਗ ਨਾ ਮਿਲ ਸਕਿਆ।
ਅੰਜਲੀ ਦੇ ਮੋਬਾਇਲ ਦੀ ਜਾਂਚ ਤੋਂ ਪਤਾ ਲੱਗਿਆ ਕਿ ਸਵੇਰੇ ਉਸ ਦੇ ਮੋਬਾਇਲ ਤੇ ਅਸ਼ਵਨੀ ਯਾਦਵ ਨਾਂ ਦੇ ਕਿਸੇ ਲੜਕੇ ਦੀ ਕਾਲ ਆਈ ਸੀ। ਅਸ਼ਵਨੀ ਦੇ ਬਾਰੇ ਜ਼ਿਆਦਾ ਨਾ ਪਤਾ ਲੱਗ ਸਕਿਆ। ਪੁਲਿਸ ਨੇ ਗੇਟ ਰਜਿਸਟਰ ਵਿੱਚ ਲਿਖੇ ਮੋਬਾਇਲ ਨੰਬਰ ਦੀ ਜਾਂਚ ਕਰਵਾਈ ਤਾਂ ਉਹ ਅਸ਼ਵਨੀ ਦੇ ਨਾਂ ਤੇ ਨਿਕਲਿਆ। ਪੁਲਿਸ ਨੇ ਅੰਜਲੀ ਦੇ ਪਿਤਾ ਤੇਜਪਾਲ ਸਿੰਘ ਦੀ ਤਹਿਰੀਰ ਤੇ ਅਸ਼ਵਨੀ ਦੇ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ। ਵੱਡਾ ਸਵਾਲ ਇਹ ਵੀ ਸੀ ਕਿ ਅਜਿਹੇ ਕਿਹੜੇ ਹਾਲਤ ਸਨ ਕਿ ਅਸ਼ਵਨੀ ਅੰਜਲੀ ਦਾ ਹੱਤਿਆਰਾ ਬਣ ਗਿਆ?
ਮਾਮਲਾ ਸਨਸਨੀਖੇਜ਼ ਵੀ ਸੀ ਅਤੇ ਇੱਕ ਇੰਜੀਨੀਅਰ ਦੀ ਹੱਤਿਆ ਦਾ ਵੀ। ਪੁਲਿਸ ਨੇ ਇੱਕ ਟੀਮ ਬਣਾਈ। ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀ ਤੋਂ ਪੁਲਿਸ ਨੂੰ ਅਸ਼ਵਨੀ ਦਾ ਪਤਾ ਮਿਲ ਗਿਆ। ਪਤਾ ਦਿੱਲੀ ਦਾ ਹੀ ਸੀ। ਪੁਲਿਸ ਟੀਮ ਉਸ ਪਤੇ ਤੇ ਪਹੁੰਚੀ ਤਾਂ ਜਾਣਕਾਰੀ ਮਿਲੀ ਕਿ ਉਹ ਪਤਾ ਉਸ ਦੇ ਇੱਕ ਜਾਨਣ ਵਾਲੇ ਦਾ ਸੀ, ਜਿਸ ਤੇ ਉਸ ਨੇ ਸਿਮ ਕਾਰਡ ਲਿਆ ਸੀ। ਹੈਰਾਨੀ ਇਹ ਰਹੀ ਕਿ ਉਥੋਂ ਪੁਲਿਸ ਨੂੰ ਅਸ਼ਵਨੀ ਦਾ ਪਤਾ ਮਿਲ ਗਿਆ।
ਉਹ ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਪਿੰਡ ਭਾਵਲਪੁਰ ਦਾ ਰਹਿਣ ਵਾਲਾ ਸ਼ੈਲੇਂਦਰ ਦਾ ਲੜਕਾ ਸੀ। ਉਸ ਦਾ ਮੋਬਾਇਲ ਬੇਸ਼ੱਕ ਹੀ ਬੰਦ ਸੀ ਪਰ ਵਾਰਦਾਤ ਦੇ ਵਕਤ ਅਤੇ ਉਸ ਤੋਂ ਅੱਧਾ ਘੰਟਾ ਬਾਅਦ ਤੱਕ ਉਸ ਦੀ ਲੁਕੇਸ਼ਨ ਘਟਨਾ ਸਥਾਨ ਦੇ ਆਸ ਪਾਸ ਹੀ ਸੀ। ਇਸ ਤੋਂ ਇਹ ਗੱਲ ਪੱਕੇ ਤੌਰ ਤੇ ਸਾਫ਼ ਹੋ ਗਈ ਕਿ ਅੰਜਲੀ ਦੀ ਹੱਤਿਆ ਉਸ ਨੇ ਹੀ ਕੀਤੀ ਹੈ।
ਅਗਲੇ ਦਿਨ ਪੁਲਿਸ ਟੀਮ ਇਟਾਵਾ ਪਹੁੰਚੀ। ਅਸ਼ਵਨੀ ਦੇ ਘਰ ਵਾਲਿਆਂ ਤੋਂ ਪਤਾ ਲੱਗਿਆ ਕਿ ਉਹ ਘਟਨਾ ਤੋਂ ਬਾਅਦ ਘਰ ਤਾਂ ਆਇਆ ਸੀ ਪਰ ਥੋੜ੍ਹੀ ਦੇਰ ਰੁਕ ਕੇ ਚਲਾ ਗਿਆ ਸੀ। ਸ਼ੱਕਾ ਸੀ ਕਿ ਉਹ ਕਿਤੇ ਲੁਕ ਗਿਆ ਹੈ।
ਪੁਲਿਸ ਨੇ ਉਸ ਦੇ ਮੋਬਾਇਲ ਨੰਬਰ ਹਾਸਲ ਕਰਕੇ ਸਰਵਿਲਾਂਸ ਤੇ ਲਗਾ ਦਿੱਤੇ। ਇਸ ਤੋਂ ਪੁਲਿਸ ਨੂੰ ਮੋਬਾਇਲ ਦੀ ਲੁਕੇਸ਼ਨ ਦੇ ਆਧਾਰ ਤੇ ਅਸ਼ਵਨੀ ਦੇ ਮੈਨਪੁਰੀ ਜ਼ਿਲ੍ਹੇ ਦੇ ਪਿੰਡ ਅੰਧਿਆਰੀ ਵਿੱਚ ਇੱਕ ਰਿਸ਼ਤੇਦਾਰ ਕੋਲ ਲੁਕੇ ਹੋਣ ਦੀ ਸੂਚਨਾ ਮਿਲੀ। ਪੁਲਿਸ ਟੀਮ ਉਥੇ ਗਈ ਤਾਂ ਉਸ ਨੂੰ ਪਕੜ ਲਿਆ ਗਿਆ।
ਉਸਨੂੰ ਪਕੜ ਕੇ ਨੋਇਡਾ ਲਿਆਂਦਾ ਗਿਆ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਉਸ ਤੋਂ ਵਿਸਥਾਰ ਵਿੱਚ ਪੁੱਛਿਆ ਤਾਂ ਇੱਕਪਾਸੜ ਪਿਆਰ ਵਿੱਚ ਪਏ ਇੱਕ ਅਜਿਹੇ ਜਨੂੰਨੀ ਆਸ਼ਿਕ ਦੀ ਕਹਾਣੀ ਨਿਕਲ ਕੇ ਸਾਹਮਣੇ ਆਈ, ਜੋ ਹਾਰ ਹਾਲਤ ਵਿੱਚ ਅੰਜਲੀ ਨੂੰ ਆਪਣਾ ਬਣਾਉਣਾ ਚਾਹੁੰਦਾ ਸੀ।
ਦਰਅਸਲ ਅੰਜਲੀ ਅਤੇ ਅਸ਼ਵਨੀ ਨੇ ਪੰਜਾਬ ਦੇ ਜਲੰਧਰ ਸਥਿਤ ਲਵਲੀ ਯੂਨੀਵਰਸਿਟੀ ਵਿੱਚ ਇੱਕੱਠਿਆਂ ਪੜ੍ਹਾਈ ਕੀਤੀ ਸੀ। ਦੋਵਾਂ ਵਿੱਚਕਾਰ ਡੂੰਘੀ ਦੋਸਤੀ ਸੀ। ਅਸ਼ਵਨੀ ਨੇ ਬੀ. ਸੀ. ਏ. ਕੀਤੀ ਸੀ, ਜਦਕਿ ਅੰਜਲੀ ਨੇ ਬੀ. ਟੈਕ। ਸੰਨ 2016 ਵਿੱਚ ਦੋਵਾਂ ਨੇ ਆਪਣਾ ਕੋਰਸ ਪਰਾ ਕੀਤਾ। ਬੀ. ਟੈਕ ਕਰਦੇ ਹੀ ਅੰਜਲੀ ਦੀ ਨੌਕਰੀ ਲਾਵਾ ਕੰਪਨੀ ਵਿੱਚ ਲੱਗ ਗਈ।
ਦੂਜੇ ਪਾਸੇ ਅਸ਼ਵਨੀ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਉਸ ਦੇ ਪਿਤਾ ਸਧਾਰਨ ਕਿਸਾਨ ਸਨ। ਉਹਨਾਂ ਨੇ ਮੁਸ਼ਕਿਲ ਨਾਲ ਲੜਕੇ ਨੂੰ ਪੜ੍ਹਾਇਆ ਅਤੇ ਚੰਗਾ ਇਨਸਾਨ ਬਣਾਉਣ ਦੀ ਚਾਹਤ ਸੀ। ਇਹ ਗੱਲ ਅਲੱਗ ਸੀ ਕਿ ਕਾਫ਼ੀ ਯਤਨਾਂ ਤੋਂ ਬਾਅਦ ਜਦੋਂ ਉਸਨੂੰ ਚੰਗੀ ਲੌਕਰੀ ਨਾ ਮਿਲੀ ਤਾਂ ਉਸ ਨੇ ਦਿੱਲੀ ਦੇ ਲਾਜਪਤਨਗਰ ਵਿੱਚ ਕੱਪੜੇ ਦੇ ਇੱਕ ਸ਼ੋਅਰੂਮ ਵਿੱਚ ਕੰਮ ਕਰਨਾ ਆਰੰਭ ਕਰ ਦਿੱਤਾ। ਉਹ ਅਤੇ ਅੰਜਲੀ ਫ਼ੋਨ ਤੇ ਗੱਲਾਂ ਕਰਿਆ ਕਰਦੇ ਸਨ। ਅਸ਼ਵਨੀ ਉਸ ਦਾ ਚੰਗਾ ਦੋਸਤ ਸੀ। ਇਸ ਕਰਕੇ ਉਸਨੂੰ ਚੰਗੀ ਨੌਕਰੀ ਕਰਨ ਦੀ ਸਲਾਹ ਦਿੰਦੀ ਸੀ।
ਅੰਜਲੀ ਨੂੰ ਉਸ ਦੀ ਫ਼ਿਕਰ ਹੈ, ਇਹ ਗੱਲ ਅਸ਼ਵਨੀ ਨੂੰ ਉਤਸ਼ਾਹਿਤ ਕਰਦੀ ਸੀ। ਉਸਨੇ ਆਪਣੇ ਕੈਰੀਅਰ ਤੋਂ ਜ਼ਿਆਦਾ ਅੰਜਲੀ ਬਾਰੇ ਸੋਚਣਾ ਆਰੰਭ ਕਰ ਦਿੱਤਾ, ਜਦਕਿ ਅੰਜਲੀ ਆਪਣੀ ਨਵੀਂ ਨੌਕਰੀ ਤੋਂ ਖੁਸ਼ ਸੀ ਅਤੇ ਮਨ ਲਗਾ ਕੇ ਕੰਮ ਕਰ ਰਹੀ ਸੀ। ਅੰਜਲੀ ਨੂੰ ਇਸ ਗੱਲ ਦੀ ਖਬਰ ਨਹੀਂ ਸੀਕਿ ਅਸ਼ਵਨੀ ਉਸ ਨੂੰ ਇੱਕ ਪਾਸੜ ਪਿਆਰ ਕਰਦਾ ਹੈ। ਹਾਲਾਂਕਿ ਕਈ ਵਾਰ ਇਸ਼ਾਰਿਆਂ ਅਤੇ ਗੱਲਾਂ ਵਿੱਚ ਉਸ ਨੇ ਅੰਜਲੀ ਦੇ ਸਾਹਮਣੇ ਜਾਹਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝ ਨਾ ਸਕੀ। ਅਸ਼ਵਨੀ ਮਨ ਦੀ ਗੱਲ ਖੁੱਲ੍ਹ ਕੇ ਇਸ ਕਰਕੇ ਨਾ ਕਹਿ ਪਾਉਂਦਾ ਕਿ ਕਿਤੇ ਅੰਜਲੀ ਨਰਾਜ਼ ਨਾ ਹੋ ਜਾਵੇ ਅਤੇ ਦੂਰ ਨਾ ਚਲੀ ਜਾਵੇ।
ਅੰਜਲੀ ਦੇ ਕੁਝ ਸ਼ੁਭਚਿੰਤਕ ਕਲਾਸਮੇਟਸ ਤੋਂ ਪਤਾ ਲੱਗਿਆ ਕਿ ਅਸ਼ਵਨੀ ਉਸ ਨੂੰ ਇੱਕਪਾਸੜ ਪਿਆਰ ਕਰਦਾ ਹੈ ਤਾਂ ਉਹਨਾਂ ਨੇ ਉਸਨੂੰ ਸਾਵਧਾਨ ਰਹਿਣ ਲਈ ਕਿਹਾ। ਫ਼ਿਲਹਾਲ ਵਕਤ ਆਪਣੀ ਗਤੀ ਨਾਲ ਚਲਦਾ ਰਿਹਾ। ਕੰਮ ਦੇ ਰੁਝੇਵਿਆਂ ਕਾਰਨ ਅੰਜਲੀ ਦੀ ਅਸ਼ਵਨੀ ਨਾਲ ਗੱਲਬਾਤ ਘੱਟ ਹੋਣ ਲੱਗੀ।
ਇਸੇ ਸਾਲ ਜਨਵਰੀ 2017 ਵਿੱਚ ਅਸ਼ਵਨੀ ਦੀ ਨੌਕਰੀ ਚਲੀ ਗਈ, ਜਿਸ ਤੋਂ ਬਾਅਦ ਉਹ ਆਪਣੇ ਪਿੰਡ ਚਲਾ ਗਿਆ। ਪਿੰਡ ਜਾ ਕੇ ਉਸ ਦਾ ਦਿਮਾਗ ਹੋਰ ਵੀ ਖਾਲੀ ਹੋ ਗਿਆ। ਉਸ ਨੇ ਆਪਣੇ ਦਿਲ ਦੀ ਗੱਲ ਅੰਜਲੀ ਨੂੰ ਦੱਸ ਕੇ ਉਸਨੂੰ ਹਾਸਲ ਕਰਨ ਬਾਰੇ ਸੋਚਿਆ। ਉਸ ਨੇ ਫ਼ੋਨ ਤੇ ਅੰਜਲੀ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤਾਂ ਉਸ ਨੇ ਸਮਝਾ ਦਿੱਤਾ ਕਿ ਮੈਂ ਤੇਰੀ ਦੋਸਤ ਹਾਂ, ਇਸ ਤੋਂ ਜ਼ਿਆਦਾ ਕੁਝ ਨਹੀਂ।
ਅਸ਼ਵਨੀ ਨੂੰ ਝਟਕਾ ਲੱਗਿਆ। ਉਸਦੀ ਗੱਲਬਾਤ ਵੀ ਅੰਜਲੀ ਨਾਲ ਘੱਟ ਹੋ ਗਈ। ਉਸ ਨੂੰ ਗਲਤਫ਼ਹਿਮੀਆਂ ਪੈਦਾ ਹੋ ਗਈਆਂ, ਪਰ ਪ੍ਰੇਸ਼ਾਨੀ ਇਹ ਸੀ ਕਿ ਉਹ ਅੰਜਲੀ ਦੇ ਕਿਸੇ ਪ੍ਰੇਮੀ ਨੂੰ ਨਹੀਂ ਜਾਣਦਾ ਸੀ। ਅਜਿਹੀ ਸਥਿਤੀ ਵਿੱਚ ਇਹ ਜਾਣਕਾਰੀ ਅੰਜਲੀ ਹੀ ਦੇ ਸਕਦੀ ਸੀ। ਉਸ ਨੇ ਸੋਚਿਆ ਕਿ ਉਹ ਨੋਇਡਾ ਜਾ ਕੇ ਅੰਜਲੀ ਦੇ ਪ੍ਰੇਮੀ ਨੂੰ ਤਾਂ ਰਸਤੇ ਤੋਂ ਹਟਾਵੇਗਾ ਹੀ, ਨਾਲ ਹੀ ਅੰਜਲੀ ਦੇ ਸਾਹਮਣੇ ਵੀ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰੇਗਾ।
ਅਸ਼ਵਨੀ ਦੇ ਹੀ ਪਿੰਡ ਦਾ ਇੱਕ ਦੋਸਤ ਸੀ ਵਿਪੁਲ। ਉਸ ਨੇ ਵਿਪੁਲ ਨੂੰ ਸਾਰੀਆਂ ਗੱਲਾਂ ਦੱਸੀਆ ਤਾਂ ਉਹ ਦੋਸਤੀ ਦੀ ਖਾਤਿਰ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਿਆ। ਵਿਪੁਲ ਨੇ ਅਪਰਾਧਿਕ ਕਿਸਮ ਦੇ ਇੱਕ ਵਿਅਕਤੀ ਕੋਰਾ ਨਾਲ ਸੰਪਰਕ ਕਰਕੇ ਇੱਕ ਹਫ਼ਤੇ ਦੇ ਲਈ 3 ਹਜ਼ਾਰ ਰੁਪਏ ਕਿਰਾੲੈ ਤੇ 32 ਬੋਰ ਦੀ ਪਿਸਟਲ ਲੈ ਲਈ। ਉਸ ਨੇ ਅੰਜਲੀ ਨੂੰ ਵੀ ਫ਼ੋਨ ਕਰ ਦਿੱਤਾ ਅਤੇ ਮਿਲਣ ਦਾ ਸੱਦਾ ਦਿੱਤਾ।
30 ਮਈ ਨੂੰ ਉਹ ਆਪਣੇ ਦੋਸਤ ਦੇ ਨਾਲ ਨੋਇਡਾ ਪਹੁੰਚ ਗਿਆ। ਉਸ ਨੇ ਅੰਜਲੀ ਨੂੰ ਫ਼ੋਨ ਕੀਤਾ ਅਤੇ ਮਿਲਣ ਦੀ ਜਿੱਦ ਕੀਤੀ ਤਾਂ ਆਫ਼ਿਸ ਟਾਈਮ ਤੋਂ ਬਾਅਦ ਉਸ ਨੇ ਸੁਸਾਇਟੀ ਆ ਕੇ ਮਿਲਣ ਲਈ ਕਿਹਾ। ਕਰੀਬ 8 ਵਜੇ ਉਹ ਸੁਸਾਇਟੀ ਵਿੱਚ ਉਸ ਨੂੰ ਮਿਲਣ ਗਿਆ। ਦੋਵਾਂ ਵਿੱਚਕਾਰ ਕਾਫ਼ੀ ਗੱਲਬਾਤ ਹੋਈ।
ਅਸ਼ਵਨੀ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅੰਜਲੀ। ਇਹੀ ਗੱਲ ਤੁਹਾਨੂੰ ਸਮਝਾਉਣਾ ਚਹੁੰਦਾ ਹਾਂ ਪਰ ਤੁਸੀਂ ਸਮਝਣ ਲਈ ਤਿਆਰ ਨਹੀਂ।
ਬਦਲੇ ਵਿੱਚ ਅੰਜਲੀ ਨੇ ਹਲਕੇ ਗੁੱਸੇ ਦਾ ਇਜ਼ਹਾਰ ਕੀਤਾ ਕਿਉਂਕਿ ਤੁਹਾਨੂੰ ਅਜਿਹੀ ਗੱਲ ਸਮਝਾਉਣਾ ਚਾਹੁੰਦੀ ਹਾਂ, ਜੋ ਹੈ ਉਹ ਗਲਤ ਹੈ, ਮੈਂ ਆਪਣਾ ਧਿਆਨ ਕੈਰੀਅਰ ਤੇ ਲਗਾਉਣਾ ਚਾਹੁੰਦੀ ਹਾਂ।ਪਰ ਮੈਂ ਤਾਂ ਤੁਹਾਨੂੰ ਦਿਲ ਤੋਂ ਚਾਹੁੰਦਾ ਹਾਂ, ਅਸ਼ਵਨੀ ਨੇ ਕਿਹਾ।
ਅੰਜਲੀ ਨੇ ਜਦੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹ ਚਲਾ ਗਿਆ।
ਰਾਤ ਨੂੰ ਉਸ ਨੇ ਗੈਸਟ ਹਾਊਸ ਵਿੱਚ ਕਰਵਟਾਂ ਮਾਰੀਆਂ। ਉਸ ਦੀ ਜ਼ਿੰਦਗੀ ਦਾ ਇੱਕ ਉਦੇਸ਼ ਸੀ ਅੰਜਲੀ ਨੂੰ ਪਿਆਰ ਦੇ ਲਈ ਤਿਆਰ ਕਰਨਾ ਅਤੇ ਉਸ ਨਾਲ ਦੁਨੀਆਂ ਵਸਾਉਣਾ। ਦਿਨ ਨਿਕਲਦੇ ਹੀ ਸਵੇਰੇ 8 ਵਜੇ ਉਸ ਨੇ ਅੰਜਲੀ ਨੂੰ ਫ਼ੋਨ ਕੀਤਾ ਅਤੇ ਕਿਹਾ, ਮੈਂ ਆ ਰਿਹਾ ਹਾਂ ਅੰਜਲੀ।
ਕੀ ਕਰੋਗੇ, ਮੈਂ ਫ਼ੈਸਲਾ ਲੈ ਚੁੱਕੀ ਹਾਂ।
ਕੀ? ਉਸ ਨੇ ਉਤਸੁਕਤਾ ਨਾਲ ਪੁੱਛਿਆ ਤਾਂ ਅੰਜਲੀ ਨੇ ਬੇਰੁੱਖੀ ਨਾਲ ਜਵਾਬ ਦਿੱਤਾ, ਇਹੀ ਕਿ ਤੁਸੀਂ ਆਪਣੇ ਕੈਰੀਅਰ ਤੇ ਧਿਆਨ ਦੇਣਾ ਚਾਹੁੰਦੇ ਹੋ। ਇੱਕ ਹੋਰ ਗੱਲ, ਮੈਂ ਤੁਹਾਡੇ ਨਾਲ ਦੋਸਤੀ ਨਹੀਂ ਰੱਖਣਾ ਚਾਹੁੰਦੀ। ਕਹਿਣ ਦੇ ਨਾਲ ਹੀ ਅੰਜਲੀ ਨੇ ਫ਼ੋਨ ਕੱਟ ਦਿੱਤਾ ਤਾਂ ਅਸ਼ਵਨੀ ਤੜਫ਼ ਗਿਆ। ਫ਼ਿਰ ਉਸ ਨੇ ਸੁਸਾਇਟੀ ਜਾਣ ਦਾ ਫ਼ੈਸਲਾ ਕੀਤਾ ਅਤੇ ਖਤਰਨਾਕ ਇਰਾਦਾ ਬਣਾ ਲਿਆ। ਇਸੇ ਇਰਾਦੇ ਨਾਲ ਉਹ ਸ਼ਤਾਬਦੀ ਰੇਲ ਵਿਹਾਰ ਸੁਸਾਇਟੀ ਪਹੁੰਚ ਗਿਆ। ਉਸ ਦਾ ਦੋਸਤ ਵਿਪੁਲ ਬਾਹਰ ਹੀ ਖੜ੍ਹਾ ਰਿਹਾ। ਸੁਸਾਇਟੀ ਦੇ ਗੇਟ ਤੇ ਐਂਟਰੀ ਰਜਿਸਟਰ ਵਿੱਚ ਉਸ ਨੇ ਸੰਨੁ ਨਾਂ ਦੀ ਐਂਟਰੀ ਕਰਵਾ ਕੇ ਅੰਦਰ ਚਲਾ ਗਿਆ। ਉਸ ਵਿੱਚ ਉਸ ਦੇ ਘਰ ਦਾ ਨਾਂ ਸੀ। ਉਸ ਨੇ ਅੰਜਲੀ ਨੂੰ ਫ਼ੋਨ ਕਰਕੇ ਆਖਰੀ ਵਾਰ ਹੇਠਾਂ ਆ ਕੇ ਮਿਲਣ ਲਈ ਕਿਹਾ। ਉਹ ਹੇਠਾਂ ਆ ਗਈ, ਦੋਵੇਂ ਪਾਰਕਿੰਗ ਦੀਆਂ ਪੌੜੀਆਂ ਦੇ ਕੋਲ ਖੜ੍ਹੇ ਸਨ।
‘ਤੁਸੀਂ ਕਿਸੇ ਨਾਲ ਪਿਆਰ ਕਰਦੀ ਹੋ ਅੰਜਲੀ? ਮੈਨੂੰ ਆਪਣੇ ਪ੍ਰੇਮੀ ਬਾਰੇ ਦੱਸ ਦਿਓ, ਮੈਂ ਉਸ ਨੂੰ ਖਤਮ ਕਰ ਦਿਆਂਗਾ, ਤਾਂ ਜੋ ਤੁਸੀਂ ਮੇਰੀ ਹੋ ਸਕੋ।’
ਅਜਿਹੀ ਗੱਲ ਨਹੀਂ ਹੈ ਅਸ਼ਵਨੀ। ਅੱਗੇ ਤੋਂ ਮੈਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰਨਾ। ਅੰਜਲੀ ਦੀ ਗੱਲ ਸੁਣ ਕੇ ਉਹ ਭੜਕ ਗਿਆ ਅਤੇ ਉਸ ਨੇ ਸਖਤ ਲਹਿਜ਼ੇ ਨਾਲ ਗਾਲੀਆਂ ਦਿੱਤੀਆਂ ਅਤੇ ਬੈਗ ਤੋਂ ਪਿਸਟਲ ਕੱਢ ਕੇ ਅੰਜਲੀ ਦੇ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਹੀ ਅੰਜਲੀ ਡਿੱਗ ਗਈ। ਕੁਝ ਹੀ ਦੇਰ ਵਿੱਚ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਾ ਚੱਲੀ। ਫ਼ਿਰ ਉਹ ਨਿਕਲ ਗਿਆ।