ਗੁਰੂ ਕੇ ਲਾਲ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾ 3 ਮਈ 1718 ਨੂੰ ਸ੍ਰੀ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ 10 ਵਰ੍ਹੇ ਬਾਅਦ ਹੋਇਆ ਸੀ। ਪੰਜਾਬ ਦੇ ਭਾਸ਼ਾ ਵਿਭਾਗ ਨੇ ‘ਪੰਜਾਬ ਦੇ ਨਾਇਕ’ ਲੜੀ ਅਧੀਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਉਪਰ ਖੋਜ ਆਧਾਰਿਤ ਪੁਸਤਕ 1983 ਵਿੱਚ ਪ੍ਰਕਾਸ਼ਿਤ ਕੀਤੀ ਸੀ। ਇਸਦੇ ਲੇਖਕ ਪ੍ਰੋ. ਸੁਰਜੀਤ ਸਿੰਘ ਗਾਂਧੀ ਨੇ ਤਵਾਰੀਖ ਰਿਆਸਤ ਕਪੂਰਥਲਾ, ਰਤਨ ਸਿੰਘ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼, ਡਾ. ਗੰਡਾ ਸਿੰਘ ਗੰਡਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਤਾਰੀਖ-ਏ-ਹਿੰਦ, ਤਾਰੀਖ-ਏ ਆਲਮਗੀਰੀ ਅਤੇ ਡਾ. ਗੰਡਾ ਸਿੰਘ ਦੀ ਪੁਸਤਕ ਅਹਿਮਦਸ਼ਾਹ ਦੁਰਾਨੀ ਆਦਿ ਅਨੇਕਾਂ ਦਸਤਾਵੇਜ਼ਾਂ ਅਤੇ ਪੁਸਤਕਾਂ ਦੇ ਹਵਾਲੇ ਨਾਲ ਇਹ ਪੁਸਤਕ ਲਿਖੀ ਸੀ। ਇਸ ਪੁਸਤਕ ਅਨੁਸਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਪੂਰਵਜ ਸੋਲ੍ਹਵੀ ਸਦੀ ਵਿੱਚ ਤਰਨਤਾਰਨ ਦੇ ਨੇੜੇ ਗਲੋਬ ਚੱਕ ਨਾਮਕ ਸਥਾਨ ਉਤੇ ਵੱਸੇ ਸਨ। ਸ. ਜੱਸਾ ਸਿੰਘ ਆਹਲੂਵਾਲੀਆ ਦੇ ਪਰਿਵਾਰ ਦਾ ਸਿੱਖ ਪੰਥ ਨਾਲ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਇਹਨਾਂ ਸਬੰਧਾਂ ਦਾ ਆਰੰਭ ਭਾਈ ਨੈਤਾ ਸਿੰਘ ਅਤੇ ਉਸਦੇ ਸਪੁੱਤਰ ਬਧਾਵਾ ਸਿੰਘ ਵੱਲੋਂ ਸਤਿਗੁਰੂ ਜੀ ਦੁਸ਼ਟ-ਦਮਨ ਫ਼ੌਜ ਵਿੱਚ ਭਰਤੀ ਹੋਣ ਨਾਲ ਹੁੰਦਾ ਹੈ। ਦੋਵੇਂ ਪਿਓ-ਪੁੱਤ ਬਹਾਦਰ ਸੂਰਬੀਰ ਯੋਧੇ ਸਨ ਅਤੇ ਗੁਰੂ ਹਰਗੋਬਿੰਦ ਜੀ ਉਹਨਾਂ ਤੋਂ ਬਹੁਤ ਖੁਸ਼ ਸਨ। ਭਾਈ ਵਧਾਵਾ ਸਿੰਘ ਦਾ ਪੁੱਤ ਭਾਈ ਗੰਡਾ ਸਿੰਘ ਵੀ ਆਪਣੇ ਪਿਓ ਅਤੇ ਦਾਦੇ ਵਾਂਗ ਵੱਡਾ ਪ੍ਰਤਾਪੀ ਯੋਧਾ ਸੀ। ਭਾਈ ਗੰਡਾ ਸਿੰਘ ਦਾ ਲਾਹੌਰ ਦੇ ਇਲਾਕੇ ਵਿੱਚ ਪੂਰਾ ਦਾਬਾ ਕਾਇਮ ਸੀ। ਮੁਗਲਾਂ ਦੀਆਂ ਫ਼ੌਜਾਂ ਨੂੰ ਟਿੱਚ ਸਮਝਦਾ ਸੀ। ਜਦੋਂ ਭਾਈ ਗੰਡਾ ਸਿੰਘ ਮੁਗਲਾਂ ਦੇ ਹੱਥ ਨਾ ਆਇਆ ਤਾਂ ਲਾਹੌਰ ਦੇ ਨਾਇਬ ਹਾਕਿਮ ਦਿਲਾਵਰ ਖਾਂ ਨੇ ਭਾਈ ਗੰਡਾ ਸਿੰਘ ਨੂੰ ਮੁਗਲਾਂ ਦੀ ਫ਼ੌਜ ਵਿੱਚ ਭਰਤੀ ਹੋਣ ਲਈ ਮਨਾ ਲਿਆ। ਮੁਲਤਾਨ ਦੀ ਇਕ ਲੜਾਈ ਵਿੱਚ ਭਾਈ ਗੰਡਾ ਸਿੰਘ ਦੀ ਬਹਾਦਰੀ ਵੇਖ ਕੇ ਦਿਲਾਵਰ ਖਾਂ ਨੇ ਭਾਈ ਨੂੰ ਆਹਲੂ, ਹਲੋ, ਸਾਧੋ, ਤੂਰ ਅਤੇ ਚੱਕ ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ।
ਆਹਲੂ ਪਿੰਡ ਦੀ ਜ਼ਿੰਮੇਵਰੀ ਮਿਲਣ ਤੋਂ ਬਾਅਦ ਭਾਈ ਗੰਡਾ ਸਿੰਘ ਦੇ ਵੰਸ਼ਜ਼ਾਂ ਨੂੰ ਆਹਲੂਵਾਲੀਆ ਕਿਹਾ ਜਾਣ ਲੱਗਾ। ਭਾਈ ਗੰਡਾ ਸਿੰਘ ਦੇ ਪੁੱਤਰ ਸਾਧੂ ਸਿੰਘ ਦਾ ਵਿਆਹ ਕਲਾਲ ਵੰਸ਼ ਦੀ ਕੰਨਿਆ ਨਾਲ ਹੋਇਆ। ਸਾਧੂ ਸਿੰਘ ਦੇ ਘਰ ਚਾਰ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ ਅਤੇ ਇਹਨਾਂ ਪੰਜਾਂ ਦਾ ਵਿਆਹ ਵੀ ਕਲਾਲਾਂ ਪਰਿਵਾਰਾਂ ਵਿੱਚ ਹੋਇਆ। ਇਸੇ ਕਰਕੇ ਕਈ ਲੋਕ ਇਹਨਾਂ ਨੂੰ ਆਹਲੂਵਾਲੀਆ ਕਲਾਲ ਵੀ ਲਿਖਦੇ ਹਨ। ਇਸੇ ਪਰਿਵਾਰ ਦੇ ਦੋ ਮੁੰਡੇ ਗੁਪਾਲ ਸਿੰਘ ਅਤੇ ਦੇਵਾ ਸਿੰਘ ਆਸਥਾਵਾਨ ਸਿੱਖ ਸਨ। ਦੇਵਾ ਸਿੰਘ ਤਾਂ ਕੁਝ ਸਮੇਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਵੀ ਰਹੇ ਸਨ। ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਬੇਟੇ ਸਨ। ਇਹਨਾਂ ਦੇ ਨਾਮ ਸਨ ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਬਦਰ ਸਿੰਘ ਸਰੀਰਕ ਤੌਰ ‘ਤੇ ਬਹੁਤ ਬਲਵਾਨ ਅਤੇ ਉਚੇ ਕੱਦ ਦਾ ਸਰਦਾਰ ਸੀ। ਸਰੀਰਕ ਸ਼ਕਤੀ ਦੇ ਨਾਲ ਨਾਲ ਉਹ ਉਚੀ ਆਤਮਕ ਸ਼ਕਤੀ ਦਾ ਵੀ ਮਾਲਕ ਸੀ। ਬਦਰ ਸਿੰਘ ਨੇ ਆਪਣੇ ਪਿਤਾ ਦੇਵਾ ਸਿੰਘ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕਰ ਕਮਲਾਂ ਨਾਲ ਅੰਮ੍ਰਿਤਪਾਨ ਕੀਤਾ ਸੀ।
ਭਾਈ ਬਦਰ ਸਿੰਘ ਦਾ ਵਿਆਹ ਹਲੋ-ਸਾਧੋ ਪਿੰਡ ਦੇ ਸਰਦਾਰ ਬਾਹਾ ਸਿੰਘ ਦੀ ਭੈਣ ਨਾਲ ਹੋਇਆ ਸੀ। ਭਾਈ ਬਦਰ ਸਿੰਘ ਦੀ ਪਤਨੀ ਧਾਰਮਿਕ ਤੌਰ ‘ਤੇ ਬਹੁਤ ਉਚੀ ਅਵਸਥਾ ‘ਤੇ ਸੀ ਅਤੇ ਗੁਰਬਾਣੀ ਕੀਰਤਨ ਵਿੱਚ ਵੀ ਬਹੁਤ ਪ੍ਰਬੀਨ ਸੀ। ਉਹ ਦੋਵਾਰਾ ਬਜਾਉਣ ਵਿੱਚ ਮਾਹਿਰ ਸੀ ਅਤੇ ਰੋਜ਼ਾਨਾ ਖੁਦ ਕੀਰਤਨ ਕਰਦੀ ਸੀ। ਉਹਨਾਂ ਦੇ ਪਵਿੱਤਰ ਜੀਵਨ ਦਾ ਪ੍ਰਭਾਵ ਉਹਨਾਂ ਦੇ ਪੁੱਤਰ ਸਰਦਾਰ ਜੱਸਾ ਸਿੰਘ ਦੇ ਜੀਵਨ ਉਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਭਾਈ ਬਦਰ ਸਿੰਘ ਅਤੇ ਉਹਨਾਂ ਦੀ ਪਤਨੀ ਪੂਰਨ ਗੁਰਸਿੱਖੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਪਰ ਇਕ ਕਮੀ ਸੀ, ਉਹਨਾਂ ਦੇ ਜੀਵਨ ਵਿੱਚ। ਵਿਆਹ ਤੋਂ ਲੰਮੇ ਸਮੇਂ ਤੱਕ ਉਹਨਾਂ ਦੇ ਕੋਈ ਸੰਤਾਨ ਨਹੀਂ ਹੋਈ। ਪਤੀ-ਪਤਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਸਾਹਿਬ ਨੇ ਕਿਹਾ, ”ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ। ਸਾਧ ਸੰਗਤ ਦੀ ਸੇਵਾ ਕਰੋ। ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।” ਗੁਰੂ ਸਾਹਿਬ ਆਦੇਸ਼ ਮੁਤਾਬਕ ਦੋਵੇਂ ਪਤੀ-ਪਤਨੀ ਸਾਧ ਸੰਗਤ ਦੀ ਸੇਵਾ ਵਿੱਚ ਲੱਗੇ ਰਹੇ ਅਤੇ 3 ਮਈ 1718 ਨੂੰ ‘ਗੁਰੂ ਕੇ ਲਾਲ’ ਨਵਾਬ ਜੱਸਾ ਸਿੰਘ ਦਾ ਜਨਮ ਹੋਇਆ।
ਇਉਂ ਗੁਰੂ ਗੋਬਿੰਦ ਸਿੰਘ ਦੇ ਆਸ਼ੀਰਵਾਦ ਨਾਲ ਪੈਦਾ ਹੋਏ ਸਰਦਾਰ ਜੱਸਾ ਸਿੰਘ ਆਹਲੂਵਾਲੀਾ ਸਿੱਖ ਕੌਮ ਦੇ ਅਜਿਹੇ ਜਰਨੈਲ ਬਣੇ ਜਿਹਨਾਂ ਨੂੰ ਕੌਮ ਦੇ ਸੁਲਤਾਨ ਹੋਣ ਦਾ ਮਾਣ ਪ੍ਰਾਪਤ ਹੋਇਆ। ਜੱਸਾ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਤਨੀ ਮਾਤਾ ਸੁੰਦਰੀ ਦੀ ਗੋਦ ਵਿੱਚ ਖੇਡਣ ਦਾ ਵੀ ਮਾਣ ਪ੍ਰਾਪਤ ਹੋਇਆ ਸੀ। 300 ਸਾਲ ਪਹਿਲਾਂ ਪੈਦਾ ਹੋੲ ੇਇਸ ‘ਗੁਰੂ ਕੇ ਲਾਲ’ ਦਾ ਤਿੰਨ ਸੌ ਸਾਲਾ ਜਨਮ ਦਿਨ ਅਗਲੇ ਵਰ੍ਹੇ ਮਨਾਇਆ ਜਾ ਰਿਹਾ ਹੈ।
ਪੱਤਰਕਾਰ ਬਣਾਉਣ ਦਾ ਗੋਰਖਧੰਦਾ ਵੱਧ ਰਿਹੈ
ਰਿਪੋਰਟ ਬਣਨ ਦਾ ਸੁਨਹਿਰੀ ਮੌਕਾ। ਲੋੜ ਹੈ ਪੱਤਰਕਾਰਾਂ ਦੀ ਅਤੇ ਕੈਮਰਾਮੈਨ ਦੀ। ਚਾਹਵਾਨ ਲੋਕ ਦਿੱਤੇ ਗਏ ਨੰਬਰ ‘ਤੇ ਸੰਪਰਕ ਕਰਨ। ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਹੈ ਅੱਜ ਕੱਲ੍ਹ। ਅਜਿਹੇ ਵਿਗਿਆਪਨਾਂ ਤੋਂ ਇਲਾਵਾ ਮੈਨੂੰ ਨਿੱਜੀ ਤੌਰ ‘ਤੇ ਹਰ ਮਹੀਨੇ ਦੋ-ਚਾਰ ਫ਼ੋਨ ਆਉਂਦੇ ਹਨ ਜੋ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਸਿਖਲਾਈ ਲਈ ਟਰੇਨੀ ਜਾਂ ਇੰਟਰਨ ਦੇ ਤੌਰ ‘ਤੇ ਬੁਲਾਉਂਦੇ ਹਨ। ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਨਖਾਹ ਕਿੰਨੀ ਦਿਓਗੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪਹਿਲੇ ਤਿੰਨ ਮਹੀਨੇ ਤਾਂ ਅਸੀਂ ਕੰਮ ਸਿਖਾਵਾਂਗੇ ਅਤੇ ਫ਼ਿਰ ਉਹਨਾਂ ਦੀ ਸਕਿਲ ਦੇ ਮੁਤਾਬਕ ਤਨਖਾਹ ਵੀ ਦੇ ਦੇਵਾਂਗੇ। ਅਜਿਹੀ ਪੇਸ਼ਕਸ਼ ਜਦੋਂ ਕਿਸੇ ਚੰਗੇ ਅਖਬਾਰ ਜਾਂ ਟੀ. ਵੀ. ਚੈਨਲ ਵੱਲੋਂ ਆਉਂਦੀ ਹੈ ਤਾਂ ਮੈਂ ਬੱਚਿਆਂ ਨੂੰ ਉਹਨਾਂ ਦੀ ਸਕਿਲ ਜਾਂ ਪ੍ਰਬੀਨਤਾ ਮੁਤਾਬਕ ਸਲਾਹ ਦੇ ਦਿੰਦਾ ਹਾਂ ਅਤੇ ਸਿਫ਼ਾਰਸ਼ ਵੀ ਕਰ ਦਿੰਦਾ ਹਾਂ। ਕਈ ਵਾਰ ਚੈਨਲਾਂ ਵਾਲੇ ਯੂਨੀਵਰਸਿਟੀ ਆ ਕੇ ਵਿਦਿਆਰਥੀਆਂ ਦੇ ਟੈਸਟ ਲੈ ਕੇ ਯੋਗ ਵਿਦਿਆਰਥੀਆਂ ਨੂੰ ਚੁਣ ਲੈਂਦੇ ਹਨ। ਪਰ ਮੈਂ ਆਰੰਭ ਵਿੱਚ ਜਿਹਨਾਂ ਇਸ਼ਤਿਹਰਾਂ ਦੀ ਗੱਲ ਕੀਤੀ ਹੈ ਉਹ ਨਾ ਤਾਂ ਕਿਸੇ ਜਾਣੇ-ਪਹਿਚਾਣੇ ਅਦਾਰੇ ਵੱਲੋਂ ਹੁੰਦੇ ਹਨ ਅਤੇ ਨਾ ਉਹਨਾਂ ਦੇ ਮਾਲਕਾਂ ਦੀ ਕੋਈ ਵਿਸ਼ਵਾਸਯੋਗਤਾ ਹੁੰਦੀ ਹੈ।
ਇਸ ਤਰ੍ਹਾਂ ਦਾ ਧੰਦਾ ਜ਼ਿਆਦਾਤਰ ਨਿੱਤ ਨਵੀਆਂ ਖੁੱਲ੍ਹ ਰਹੀਆਂ ਲਿਊਜ਼ ਵੈਬਸਾਈਟਾਂ ਦੁਆਰਾ ਕੀਤਾ ਜਾ ਰਿਹਾ ਹੈ। ਅਜਿਹੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਦੇ ਕੇ ਪੱਤਰਕਾਰੀ ਨੂੰ ਇਕ ਮਜਾਕ ਬਣਾ ਕੇ ਰੱਖ ਦਿੱਤਾ ਹੈ। ਵਟਸਅੱਪ ਗਰੁੱਪਾਂ ਵਿੱਚ ਅਜਿਹੇ ‘ਜ਼ਰੂਰਤ ਹੈ’ ਵਾਲੇ ਇਸ਼ਤਿਹਾਰ ਅਕਸਰ ਵੇਖਣ ਨੂੰ ਮਿਲ ਜਾਂਦੇ ਹਨ। ਬਹੁਤ ਸਾਰੇ ਅਖਬਾਰਾਂ ਵਾਲੇ ਵੀ ਆਪਣੇ ‘ਵੈਬ ਚੈਨਲ’ ਲਈ ਪੱਤਰਕਾਰਾਂ ਦੀ ਮੰਗ ਵਾਲੇ ਵਿਗਿਆਪਨ ਵੀ ਦੇ ਰਹੇ ਹਨ। ਇਸ ਕੰਮ ਵਿੱਚ ਸਾਰੇ ਛੋਟੇ ਵੱਡੇ ਅਖਬਾਰ ਸ਼ਾਮਲ ਹਨ ਪਰ ਹੈਰਾਨੀ ਤਾਂ ਵੈਬਸਾਈਟਾਂ ਵੱਲੋਂ ਰਿਪੋਟਰਾਂ ਦੀ ਮੰਗ ਕਰਨ ਦੇ ਇਸ਼ਤਿਹਾਰਾਂ ‘ਤੇ ਹੁੰਦੀ ਹੈ। ਇਕ ਸੀਨੀਅਰ ਰਿਪੋਰਟਰ ਨੇ ਦੱਸਿਆ ਕਿ ਉਸਨੇ ਅਜਿਹੇ ਇਕ ਇਸ਼ਤਿਾਰ ਨੂੰ ਹੁੰਗਾਰਾ ਦਿੰਦੇ ਹੋਏ ਇਕ ਨਿਊਜ਼ ਵੈਬਸਾਈਟ ਨੂੰ ਦਿੱਤੇ ਹੋਏ ਨੰਬਰ ‘ਤੇ ਫ਼ੋਨ ਕੀਤਾ। ਉਸਨੂੰ ਪੁੱਛਿਆ ਗਿਆ ਕਿ ਮੇਰਾ ਪੱਤਰਕਾਰੀ ਦਾ ਕੋਈ ਅਨੁਭਵ ਹੈ ਅਤੇ ਮੈਂ ਨਾਂਹ ਵਿੱਚ ਜਵਾਬ ਦਿੱਤਾ ਤਾਂ ਉਹਨਾਂ ਨੇ ਪੁੱਛਿਆ ਕਿ ਮੈਂ ਪੱਤਰਕਾਰ ਕਿਉਂ ਬਣਨਾ ਚਾਹੁੰਦਾ ਹਾਂ। ਜਵਾਬ ਵਿੱਚ ਸੀਨੀਅਰ ਪੱਤਰਕਾਰ ਨੇ ਮਚਲੇ ਹੋ ਕੇ ਕਿਹਾ ਕਿ ਬੱਸ ਸ਼ੌਂਕ ਪੂਰਾ ਕਰਨਾ ਹੈ। ਇਸ ਤਰ੍ਹਾਂ ਇੰਟਰਵਿਊ ਦੇ ਡਰਾਮੇ ਤੋਂ ਬਾਅਦ ਨਿਊਜ਼ ਵੈਬਸਾਈਟ ਦੇ ਮਾਲਕ ਨੇ ਕਿਹਾ ਕਿ ਪੰਜ ਫ਼ੋਟੋਆਂ ਦੇ ਨਾਲ 3 ਹਜ਼ਾਰ ਰੁਪਏ ਭੇਜੋ ਤਾਂ ਕਿ ਤੁਹਾਨੂੰ ਆਈ ਕਾਰਡ, ਅਥਾਰਟੀ ਲੈਟਰ ਅਤੇ ਮਾਈਕ ਆਈ. ਡੀ. ਭੇਜ ਸਕੀਏ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤਨਖਾਹ ਕਿੰਨੀ ਦੇਵੋਗੇ ਤਾਂ ਜਵਾਬ ਆਇਆ ਤਨਖਾਹ ਨਹੀਂ ਮਿਲੇਗੀ, ਸਿਰਫ਼ ਕਮੀਸ਼ਨ ਮਿਲੇਗਾ ਇਸ਼ਤਿਹਾਰਾ ਵਿੱਚੋਂ। ਜੋ ਵੀ ਇਸ਼ਤਿਹਾਰ ਤੁਸੀਂ ਲੈ ਕੇ ਆਓਗੇ ਤਾਂ ਤੁਹਾਨੂੰ 30-40 ਫ਼ੀਸਦੀ ਕਮੀਸ਼ਨ ਦਿੱਤਾ ਜਾਵੇਗਾ। ਇਹ ਤੁਹਾਡੀ ਹਿੰਮਤ ਹੈ ਜਿੰਨੇ ਮਰਜੀ ਪੈਸੇ ਕਮਾ ਲਵੋ। ਇਸੇ ਤਰ੍ਹਾਂ ਵੱਖ-ਵੱਖ ਚੈਨਲਾਂ ਨੇ ਆਪੋ ਆਪਦੇ ਤਰੀਕੇ ਖੋਜ ਰੱਖੇ ਨੇ ਪੈਸੇ ਬਟੋਰਨ ਦੇ ਅਤੇ ਪੱਤਰਕਾਰ ਬਣਾਉਣ ਦੇ। ਇਸ ਤਰ੍ਹਾਂ ਪੱਤਰਕਾਰ ਬਣਾਉਣ ਦਾ ਇਹ ਗੋਰਖਧੰਦਾ ਪੂਰੇ ਦੇਸ਼ ਵਿੱਚ ਫ਼ੈਲਿਆ ਹੋਇਆ ਹੈ। ਕਈ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਯੂਨੀਵਰਸਿਟੀਆਂ ਵਿੱਚ 2 ਸਾਲ ਪੂਰੀ ਮਿਹਨਤ ਤੋਂ ਬਾਅਦ ਥਿਊਰੀ ਅਤੇ ਪ੍ਰੈਕਟੀਕਲ ਕਰਵਾ ਕੇ ਪੱਤਰਕਾਰੀ ਦੀ ਡਿਗਰੀ ਦਿੰਦੇ ਹਾਂ। ਅਜਿਹੇ ਵੈਬ ਚੈਨਲ ਵਾਲੇ 3-5 ਹਜ਼ਾਰ ਰੁਪਏ ਅਨਪੜਾਂ ਅਤੇ ਅੱਧਪੜ੍ਹਾਂ ਨੂੰ ਮਿੰਟਾਂ ਵਿੱਚ ਪੱਤਰਕਾਰ ਹੋਣ ਦਾ ਸਰਟੀਫ਼ਿਕੇਟ ਦੇ ਦਿੰਦੇ ਹਨ।
ਮੈਨੂੰ ਅਕਸਰ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਬਾਰੇ ਸਵਾਲ ਕੀਤੇ ਜਾਂਦੇ ਹਨ। ਹੁਣ ਆਪਣਾ ਝੱਗਾ ਚੱਕਾਂਗੇ ਤਾਂ ਕਹਿਣ ਦੀ ਲੋੜ ਨਹੀਂ ਤਾਂ ਕੀ ਹੋਵੇਗਾ। ਅਜਿਹੇ ਸੜਕਛਾਪ ਪੱਤਰਕਾਰ ਫ਼ਿਰ ਪੱਤਰਕਾਰੀ ਦੇ ਨਾਮ ‘ਤੇ ਦਲਾਲੀ ਕਰਨ ਲੱਗਦੇ ਹਨ ਜਾਂ ਫ਼ਿਰ ਬਲੈਕਮੇਲਿੰਗ ਦੇ ਧੰਦੇ ਵਿੱਚ ਪੈ ਕੇ ਪੱਤਰਕਾਰੀ ਦਾ ਰੰਗ ਪੀਲਾ ਕਰ ਦਿੰਦੇ ਹਨ। ਪੈਸੇ ਦੇ ਕੇ ਆਈ ਕਾਰਡ ਖਰੀਦਣ ਵਾਲੇ ਪੱਤਰਕਾਰ ਆਪਦੇ ਵਾਹਨਾਂ ‘ਤੇ ਪ੍ਰੈਸ ਲਿਖਵਾ ਕੇ ਗਰਦਨ ਅਕੜਾਈ ਫ਼ਿਰਦੇ ਨਜ਼ਰੀ ਪੈਂਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਰੋਅਬ ਝਾੜਦੇ ਹੋਏ ਕਈ ਵਾਰ ਆਪਣੀ ਝਾੜ ਝੰਬ ਵੀ ਕਰਵਾ ਲੈਂਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਲੋਕ ਨੈਤਿਕਤਾ ਦੇ ਅਨੁਸਾਰ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਕਿਉਂਕਿ :
ਪੀਣੇ ਵਾਲਾ ਏਕ ਹੋ ਜਾਂ ਦੋ
ਮੁਫ਼ਤ ਮੇਂ ਮੈਖਾਨਾ ਬਦਨਾਮ ਹੋਤਾ ਹੈ।