ਹਿੰਦੋਸਤਾਨ ਦੇ ਬਲਾਤਕਾਰੀ ਬਾਬੇ ਅੱਜਕਲ੍ਹ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਰ ਰੋਜ਼ ਕਲਯੁਗੀ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਲੋਕ ਇਹਨਾਂ ਵਿਰੁੱਧ ਆਪਣੇ ਦਬਾਏ ਹੋਏ ਜਜ਼ਬਾਤਾਂ ਨੂੰ ਜੁਬਾਨ ਦੇ ਰਹੇ ਹਨ। ਤਾਜ਼ਾ ਕੇਸ ਰਾਜਸਥਾਨ ਦੇ ਬਾਬਾ ਕੌਸ਼ਲੇਂਦਰ ਫ਼ਲਾਹਰੀ ਮਹਾਰਾਜ ਦੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹੋਣ ਨਾਲ ਸਬੰਧਤ ਹੈ। ਇਸ ਬਾਬੇ ਦੀ ਕਹਾਣੀ 1988 ਵਿੱਚ ਆਰੰਭ ਹੁੰਦੀ ਹੈ। 1988 ਵਿੱਚ ਰੋਮਾਨੀ ਮਿਸ਼ਰਾ ਨਾਮ ਦਾ ਵਿਅਕਤੀ ਅਲਬਰ ਵਿਖੇ ਆਉਂਦਾ ਹੈ ਅਤੇ ਅ ਸ਼ੋਕਾ ਟਾਕੀ ਦੇ ਪਿੱਛੇ ਕਿਆਮ ਕਰਦਾ ਹੈ। ਰੋਮਾਨੀ ਮਿਸ਼ਰਾ ਨੂੰ ਸੰਸਕ੍ਰਿਤ ਅਤੇ ਵੇਦ ਦਾ ਗਿਆਨ ਸੀ ਅਤੇ ਉਹ ਭਾਗਵਤ ਦੀ ਕਥਾ ਕਰ ਲੈਂਦਾ ਸੀ। ਮਿਸ਼ਰਾ ਨੇ ਥੋੜ੍ਹੇ ਦਿਨਾਂ ਬਾਅਦ ਕਾਲਾ ਭੂਆਂ ਇਲਾਕੇ ਵਿੱਚ ਮਧੂਸੂਦਨ ਵੇਦ ਨਾਮ ਦਾ ਆਸ਼ਰਮ ਖੋਲ੍ਹ ਲਿਆ। ਹੌਲੀ ਹੌਲੀ ਉਸਦੀ ਮਹਿਮਾ ਵਧਣ ਲੱਗੀ। ਮਿਸ਼ਰਾ ਤਾਂ ਥੋੜ੍ਹਾ ਵੇਦਾਂ ਦਾ ਗਿਆਨ ਰੱਖਦਾ ਸੀ ਅਤੇ ਸੰਸਕ੍ਰਿਤ ਦੇ ਸਲੋਕ ਵੀ ਬੋਲ ਲੈਂਦਾ ਸੀ। ਇਸ ਕਰਕੇ ਲੋਕਾਂ ‘ਚ ਉਸਦਾ ਪ੍ਰਭਾਵ ਪੈਣਾ ਕੁਦਰਤੀ ਸੀ।ਸਾਡੇ ਦੇਸ਼ ਵਿੱਚ ਤਾਂ ਲੋਕ ਬਾਣੇ ਨੂੰ ਵੇਖ ਕੇ ਹੀ ਪ੍ਰਭਾਵ ਕਬੂਲ ਲੈਂਦੇ ਹਨ। ਜਿਉਂ-ਜਿਉਂ ਉਸਦਾ ਪ੍ਰਭਾਵ ਵਧਣ ਲੱਗਾ, ਤਿਉਂ-ਤਿਉਂ ਉਹ ਨਵੇਂ ਤੋਂ ਨਵੇਂ ਪਾਖੰਡ ਰਚਨ ਲੱਗਾ। ਉਸਨੇ ਅੰਨ ਦਾ ਤਿਆਗ ਕਰ ਦਿੱਤਾ ਅਤੇ ਸਿਰਫ਼ ਫ਼ਲ ਖਾਣੇ ਸ਼ੁਰੂ ਕਰ ਦਿੱਤੇ। ਇਸ ਕਾਰਨ ਉਹ ਫ਼ਲਾਹਾਰੀ ਬਾਬੇ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ।
ਸਾਡੇ ਦੇਸ਼ ਵਿੱਚ ਜਦੋਂ ਕੋਈ ਸੰਤ, ਮਹਾਤਮਾ ਜਾਂ ਬਾਬਾ ਪ੍ਰਸਿੱਧ ਹੋ ਜਾਂਦਾ ਹੈ ਭਾਵੇਂ ਉਹ ਕਿੰਨਾ ਪਾਖੰਡੀ ਹੀ ਕਿਉਂ ਨਾ ਹੋਵੇ। ਸਿਆਸਤਦਾਨ ਉਸਦੇ ਪੈਰਾਂ ‘ਚ ਸਿਰ ਨਿਵਾਉਣ ਲਈ ਤੱਤਪਰ ਰਹਿੰਦੇ ਹਨ।ਭਾਵੇਂ ਉਹ ਬਾਪੂ ਆਸਾਰਾਮ ਹੋਵੇ, ਗੁਰਮੀਤ ਰਾਮ ਰਹੀਮ ਹੋਵੇ ਜਾਂ ਫ਼ਿਰ ਕੌਸ਼ਲੇਂਦਰ ਫ਼ਲਾਹਾਰੀ ਮਹਾਰਾਜ ਹੋਵੇ। ਫ਼ਲਾਹਾਰੀ ਦੇ ਡੇਰੇ ‘ਤੇ ਵੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਫ਼ੇਰਾ ਪਾਉਂਦੇ ਸਨ। 21 ਜੁਲਾਈ 2017 ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੀ ਆਸ਼ਰਮ ਪਹੁੰਚੇ ਸਨ। ਵੱਡੇ ਵੱਡੇ ਲੀਡਰਾਂ ਨੂੰ ਵੇਖ ਕੇ ਆਮ ਜਨਤਾ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ। ਬਾਬੇ ਦੇ ਆਸ਼ਰਮ ਵਿੱਚ ਸਾਰੇ ਸਿਆਸੀ ਨੇਤਾ ਗੇੜੇ ਲਾਉਂਦੇ ਹਨ ਪਰ ਬਾਬਾ ਭਾਜਪਾ ਦੇ ਨੇੜੇ ਮੰਨਿਆ ਜਾਂਦਾ ਹੈ। ਜੁਲਾਈ 2017 ਵਿੱਚ ਉਹ ਭਾਜਪਾ ਵੱਲੋਂ ਕਰਵਾਏ ਸੰਤ ਸਮਾਗਮ ਵਿੱਚ ਹਿੱਸਾ ਲੈਣ ਜੈਪੁਰ ਵੀ ਗਿਆ ਸੀ। ਬਾਬੇ ਨੇ 7 ਨਵੰਬਰ 2016 ਨੂੰ ਇੱਕ ਰੱਥ ਯਾਤਰਾ ਵੀ ਸ਼ੁਰੂ ਕੀਤੀ ਸੀ। ਜੋ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਅਜੇ ਵੀ ਚੱਲ ਰਹੀ ਹੈ ਤੇ 2018 ਵਿੱਚ ਖਤਮ ਹੋਵੇਗੀ। ਅੱਜਕਲ੍ਹ ਅਲਵਰ ਵਿੱਚ ਬਾਬੇ ਦਾ ਵੈਂਕਟੇਸ਼ ਦਿਵਿਆ ਬਾਲਾ ਜੀ ਧਾਮ ਆਸ਼ਰਮ ਹੈ, ਜਿੱਥੇ ਹਰ ਰੋਜ਼ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਉਹ ਯੋਗ ਕਰਵਾਉਂਦਾ ਹੈ। ਭਜਨ ਕੀਰਤਨ ਚਲਦਾ ਰਹਿੰਦਾ ਹੈ। ਵੱਡੀ ਗਿਣਤੀ ਵਿੱਚ ਲੋਕ ਉਸਦੇ ਸ਼ਰਧਾਲੂ ਹਨ।
ਬਾਬੇ ਦੇ ਸ਼ਰਧਾਲੂਆਂ ਵਿੱਚ ਇੱਕ ਪਰਿਵਾਰ ਛੱਤੀਸਗੜ੍ਹ ਦੇ ਬਿਲਾਸਪੁਰ ਦਾ ਵੀ ਹੈ। ਇਸ ਪਰਿਵਾਰ ਦੀ ਇੱਕ ਲੜਕੀ ਨੇ ਐਲ. ਐਲ. ਬੀ. ਤੱਕ ਦੀ ਪੜ੍ਹਾਈ ਕੀਤੀ। ਬਾਬੇ ਦੀ ਸਿਫ਼ਾਰਸ਼ ‘ਤੇ ਉਸ ਲੜਕੀ ਨੁੰ ਦਿੱਲੀ ਦੇ ਇੱਕ ਵਕੀਲ ਕੋਲ ਭੇਜ ਦਿੱਤਾ। ਇੰਟਰਨਸ਼ਿਪ ਖਤਮ ਹੋਣ ‘ਤੇ ਲੜਕੀ ਨੂੰ 3 ਹਜ਼ਾਰ ਰੁਪਏ ਮਿਹਨਤਾਨਾ ਮਿਲਿਆ। ਲੜਕੀ ਦੇ ਪਰਿਵਾਰ ਵਾਲੇ ਬਾਬੇ ਦੇ ਅੰਨ੍ਹੇ ਸ਼ਰਧਾਲੂ ਸਨ ਅਤੇ ਉਹਨਾਂ ਨੇ ਲੜਕੀ ਨੂੰ ਕਿਹਾ ਕਿ ਇਹ ਆਪਣੀ ਪਹਿਲੀ ਕਮਾਈ ਬਾਬੇ ਦੇ ਚਰਨਾਂ ‘ਤੇ ਭੇਂਟ ਕਰਕੇ ਆਵੇ। ਆਪਣੇ ਪਰਿਵਾਰ ਵਾਲਿਆਂ ਦੀ ਸ਼ਰਧਾ ਅਤੇ ਭਾਵਨਾ ਅਨੁਸਾਰ ਲੜਕੀ 7 ਅਗਸਤ ਨੂੰ ਦਿੱਲੀ ਤੋਂ ਅਲਵਰ ਪਹੁੰਚੀ। ਉਸਨੁੰ ਅਲਵਰ ਪਹੁੰਚਦੇ ਪਹੁੰਚਦੇ ਸ਼ਾਮ ਪੈ ਗਈ ਅਤੇ ਉਸਨੇ ਆਸ਼ਰਮ ਵਿੱਚ ਹੀ ਰੁਕਣ ਦਾ ਮਨ ਬਣਾ ਲਿਆ। ਰਾਮ ਰਹੀਮ ਦੀ ਗੁਫ਼ਾ ਵਾਂਗ ਇਸ ਬਾਬੇ ਨੇ ਵੀ ਇੱਕ ਭੌਰਾ ਬਣਾਇਆ ਹੋਇਆ ਹੈ। ਬਾਬੇ ਨੇ ਲੜਕੀ ਨੂੰ ਭੌਰੇ ਵਿੱਚ ਬੁਲਾਇਆ ਅਤੇ ਕਹਿਣ ਲੱਗਾ ਕਿ ਉਸਨੁੰ ਦਿਵਯ ਮੰਤਰ ਦੇਵੇਗਾ। ਉਸਨੇ ਲੜਕੀ ਦੀ ਜੀਭ ਤੇ ਓਮ ਲਿਖਿਆ ਅਤੇ ਆਪਣੀ ਜੀਭ ‘ਤੇ ਲਿਖੇ ਉਸ ਨੂੰ ਜੀਭ ਨਾਲ ਮਿਟਾਉਣ ਲਈ ਕਿਹਾ। ਅਜਿਹੀਆਂ ਅਸ਼ਲੀਲ ਹਰਕਤਾਂ ਤੋਂ ਸ਼ੁਰੂ ਹੋ ਕੇ ਇਹ ਅਖੌਤੀ ਸੰਤ ਆਪਣੀ ਅਸਲੀਅਤ ‘ਤੇ ਆ ਗਿਆ। ਇਸ 70 ਸਾਲਾ ਢੌਂਗੀ ਨੇ 21 ਸਾਲਾ ਕੁੜੀ ਨੂੰ ਕਿਹਾ ਕਿ ਉਹ ਤੈਨੂੰ ਭਰਾ ਦੇਣਾ ਚਾਹੁੰਦਾ ਸੀ ਪਰ ਤੇਰੀ ਮਾਂ ਦੀ ਤਬੀਅਤ ਠੀਕ ਨਾ ਹੋਣ ਕਰਕੇ ਅਜਿਹਾ ਨਹੀਂ ਕਰ ਸਕਿਆ। ਉਸਨੇ ਕੁੜੀ ਨੂੰ ਕਿਹਾ ਕਿ ਹੁਣ ਉਹ ਤੈਨੂੰ ਇੱਕ ਤੇਜਸਵੀ ਪੁੱਤਰ ਦੀ ਦਾਤ ਦੇਵੇਗਾ। ਉਹ ਲੜਕੀ ਇੰਨੀ ਡਰ ਗਈ ਕਿ ਉਸਨੇ ਇਸ ਸਬੰਧੀ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਨੂੰ ਹੋਈ ਸਜ਼ਾ ਨੇ ਲੜਕੀ ਨੂੰ ਹਿੰਮਤ ਦਿੱਤੀ ਅਤੇ ਉਸਨੇ 11 ਸਤੰਬਰ ਨੂੰ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ। ਜਦੋਂ ਬਾਬੇ ਨੂੰ ਪੁਲਿਸ ਰਿਪੋਰਟ ਬਾਰੇ ਜਾਣਕਾਰੀ ਮਿਲੀ ਤਾਂ ਉਹ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਵਿੱਚ ਭਰਤੀ ਹੋ ਗਿਆ। 23 ਸਤੰਬਰ ਨੂੰ ਪੁਲਿਸ ਨੇ ਬਾਬੇ ਨੂੰ ਹਸਪਤਾਲ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ।
ਅਲਵਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਸ਼ਰਮਾ ਅਨਸਾਰ ਇਹ ਮਹਾਰਾਜ ਨੂੰ ਫ਼ਸਾਉਣ ਦੀ ਇੱਕ ਸੋਚੀ-ਸਮਝੀ ਸਾਜਿਸ਼ ਹੈ। ਬਾਬਾ ਫ਼ਲਾਹਾਰੀ ਨੇ ਕਿਹਾ ਕਿ ਉਸਨੁੰ ਕਾਨੂੰਨ ਤੇ ਭਰੋਸਾ ਹੈ। ਇਹ ਗੱਲ ਵੀ ਸੱਚ ਹੈ ਕਿ ਅਦਾਲਤ ਸੱਚ ਤੇ ਝੂਠ ਦਾ ਨਿਰਣਾ ਕਰੇਗੀ ਪਰ ਦੂਜੇ ਪਾਸੇ ਇਹ ਗੱਲ ਗੰਭੀਰ ਸੋਚ ਦੀ ਮੰਗ ਕਰਦੀ ਹੈ ਕਿ ਸਾਡੇ ਦੇਸ਼ ਵਿੱਚ ਸੰਤਾਂ, ਮਹਾਤਮਾਂ ਅਤੇ ਬਾਬਿਆਂ ਦੀ ਵਿਸ਼ਵਾਸਯੋਗਤਾ ‘ਤੇ ਇੱਕ ਵੱਡਾ ਪ੍ਰਸ਼ਨ ਚਿੰਨ ਕਿਉਂ ਲੱਗ ਰਿਹਾ ਹੈ। ਇਸ ਧਾਰਮਿਕ ਦੇਸ਼ ਦੇ ਸੰਤਾਂ ਅਤੇ ਮਹਾਤਮਾਵਾਂ ਨੂੰ ਅੱਗੇ ਆ ਕੇ ਇਸ ਪੱਖੋਂ ਕੁਝ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਸਾਡੇ ਦੇਸ਼ ਦੇ ਲੋਕਾਂ ਵਿੱਚ ਵੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਯਤਨ ਕਰਨ ਦੀ ਜ਼ਰੂਰਤ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅੱਖਾਂ ਮੀਟ ਕੇ ਅਜਿਹੇ ਅਖੌਤੀ ਬਾਬਿਆਂ ਦੇ ਮਗਰ ਨਾ ਲੱਗਣ ਅਤੇ ਨਾ ਹੀ ਆਪਣੀਆਂ ਧੀਆਂ ਨੂੰ ਇਹਨਾਂ ਦੇ ਚੁੰਗਲ ਵਿੱਚ ਫ਼ਸਣ ਦੇ ਮੌਕੇ ਦੇਣ। ਸਿਆਸੀ ਲੋਕਾਂ ਨੂੰ ਇਸ ਪੱਖੋਂ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ।

ਰਾਸਤੇ ਆਵਾਜ਼ ਦੇਤੇ ਹੈਂ ਸਫ਼ਰ ਜਾਰੀ ਰੱਖੋ
ਰਾਹ ਕੇ ਪੱਥਰ ਸੇ ਬੜਕੇ, ਕੁਛ ਨਹੀਂ ਹੈ ਮੰਜ਼ਿਲੇਂ
ਰਾਸਤੇ ਆਵਾਜ਼ ਦੇਤੇ ਹੈਂ ਸਫ਼ਰ ਜਾਰੀ ਰੱਖੋ
ਸ਼ਾਇਰ ਰਾਹਤ ਇੰਦੌਰੀ ਆਵਾਜ਼ ਦੇ ਰਿਹਾ ਹੈ ਕਿ ਸਫ਼ਰ ਜਾਰੀ ਰੱਖੋ। ਸਡੇ ਦੇਸ਼ ਵਿੱਚ ਕਰੋੜਾਂ ਲੋਕ ਅਜਿਹ ਹਨ ਜੋ ਸਫ਼ਰ ਜਾਰੀ ਤਾਂ ਰੱਖਣਾ ਚਾਹੁੰਦੇ ਹਨ ਪਰ ਉਹਨਾਂ ਕੋਲ ਸਾਧਨਾਂ ਦੀ ਕਮੀ ਹੈ। ਪੜ੍ਹਾਈ ਲਿਖਾਈ ਤਾਂ ਇੱਕ ਪਾਸੇ ਰਹੀ, ਬਹੁਤਿਆਂ ਕੋਲ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਹੁੰਦਾ। ਇਸ ਦੇਸ਼ ਵਿੱਚ ਤਾਂ ਹਨਰਮੰਦ ਅਤੇ ਉਚ ਸਿੱਖਿਆ ਪ੍ਰਾਪਤ ਲੋਕ ਵੀ ਰੁਜ਼ਗਾਰ ਦੀ ਤਲਾਸ਼ ਕਰਦੇ ਕਰਦੇ ਘੋਰ ਉਦਾਸੀ ਦੇ ਆਲਮ ਵਿੱਚ ਗਰਕ ਹੋ ਜਾਂਦੇ ਹਨ। ਇਹ ਉਦਾਸੀ ਅਤੇ ਨਿਰਾਸ਼ਾ ਹੀ ਮਨ ਦੀ ਢਹਿੰਦੀ ਕਲਾ ਵਾਲੇ ਬੰਦੇ ਨੂੰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦੀ ਹੈ। ਪਰ ਅਜਿਹੇ ਲੋਕ ਵੀ ਅਕਸਰ ਮਿਲ ਜਾਂਦੇ ਹਨ ਜੋ ਅਜਿਹੇ ਮਾੜੇ ਅਤੈ ਉਦਾਸ ਮੌਸਮ ਦਾ ਮੁਕਾਬਲਾ ਬਹੁਤ ਸਿਦਕਦਿਲੀ ਨਾਲ ਕਰਦੇ ਹਨ। ਅਜਿਹੇ ਲੋਕਾਂ ਬਾਰੇ ਹੀ ਕਿਹਾ ਜਾਂਦਾ ਹੈ ਕਿ:
ਦੂਰ ਤਕ ਕਾਂਟੇ ਬਿਛੇ ਥੇ, ਜ਼ਿੰਦਗੀ ਕੀ ਰਾਹ ਮੇਂ
ਢੂੰਡਨੇ ਵਾਲੋਂ ਨੇ ਦੇਖੋ, ਫ਼ਿਰ ਵੀ ਕਲੀਆਂ ਢੂੰਡ ਲੀ।
ਤਾਮਿਲਨਾਡੂ ਪ੍ਰਾਂਤ ਵਿੱਚ ਪੈਦਾ ਹੋਇਆ ਮੁਥੂ ਵੀ ਇੱਕ ਅਜਿਹਾ ਵਿਅਕਤੀ ਹੈ, ਜਿਸਨੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਅਨੇਕਾਂ ਹੋਰ ਕਠਿਨਾਈਆਂ ਦਾ ਸਾਹਮਣਾ ਕਰਦੇ ਆਪਣੇ ਮਿੱਥੇ ਮਨੋਰਥ ਨੂੰ ਹਾਸਲ ਕਰਕੇ ਦੁਨੀਆਂ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ। ਗਰੀਬ ਪਰਿਵਾਰ ਵਿੱਚ ਪੈਦਾ ਹੋਏ ਮੁਥੂ ਲਈ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਸੀ। ਸਕੂਲ ਜਾਣ ਦਾ ਸੁਪਨਾ ਭਲਾ ਉਹ ਅਤੇ ਉਸਦਾ ਪਰਿਵਾਰ ਕਿਵੇਂ ਪੂਰਾ ਕਰਦਾ। ਉਸਦੇ ਮਜ਼ਦੂਰ ਪਿਤਾ ਨੇ ਉਸਨੂੰ ਸਕੂਲ ਭੇਜਿਆ ਤਾਂ ਸੀ ਪਰ ਘਰ ਦੇ ਹਾਲਾਤ ਨੇ ਮਜਬੂਰ ਕਰ ਦਿੱਤਾ ਕਿ ਉਹ ਸਕੂਲ ਛੱਡੇ ਅਤੇ ਆਪਣੇ ਨੰਨੇ ਹੱਥਾਂ ਵਿੱਚ ਕਲਮ ਦੀ ਬਜਾਏ ਖੁਰਪਾ ਫ਼ੜ ਲਵੇ। ਮੁਥੂ ਦੇ ਪਿਤਾ ਜਿਸ ਜ਼ਿੰਮੀਦਾਰ ਕੋਲ ਦਿਹਾੜੀ ਕਰਦੇ ਸਨ, ਉਸੇ ਜ਼ਿੰਮੀਦਾਰ ਕੋਲ ਬੱਚਾ ਮੁਥੂ ਵੀ ਦਿਹਾੜੀ ਕਰਨ ਲੱਗਾ। ਭਾਵੇਂ ਮੁਥੂ ਨੇ ਸਕੂਲ ਛੱਡ ਦਿੱਤਾ ਸੀ, ਭਾਵੇਂ ਉਹ ਦਿਹਾੜੀ ਮਜ਼ਦੂਰ ਬਣ ਗਿਆ ਸੀ ਪਰ ਉਸਦੇ ਮਨ ਵਿੱਚ ਵੱਡੇ ਸੁਪਨੇ ਮਚਲ ਰਹੇ ਸਨ। ਉਹ ਵੀ ਅਮੀਰ ਆਦਮੀ ਬਣਨਾ ਚਾਹੁੰਦਾ ਸੀ। ਉਹ ਵੀ ਚਾਹੁੰਦਾ ਸੀ ਕਿ ਉਸਦਾ ਚਿਹਰਾ ਟੀ. ਵੀ. ‘ਤੇ ਦਿਖਾਈ ਦੇਵੇ। ਉਹ ਵੀ ਜ਼ਿੰਮੀਦਾਰ ਵਰਗੀ ਆਪਣੀ ਜ਼ਿੰਦਗੀ ਜਿਊਣ ਦਾ ਸੁਪਨਾ ਮਨ ਵਿੱਚ ਲੈ ਕੇ ਲਗਾਤਾਰ ਮਿਹਨਤ ਕਰ ਰਿਹਾ ਸੀ। ਜ਼ਿੰਮੀਦਾਰ ਵੱਲੋਂ ਮਿਲੇ ਪੈਸਿਆਂ ਨਾਲ ਮੁਥੂ ਦੇ ਪਰਿਵਾਰ ਦੀ ਰੋਟੀ ਹੀ ਮਸਾਂ ਚਲਦੀ ਸੀ।ਜਦੋਂ ਤੁਹਾਡੇ ਮਨ ਵਿੱਚ ਕੋਈ ਵੱਡਾ ਵਿੱਚਾਰ ਪਨਪਣਦਾ ਹੈ ਤਾਂ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਮੁਥੂ ਨੇ ਮਨ ਦੀ ਆਵਾਜ਼ ਸੁਣੀ, ਦਿਹਾੜੀਦਾਰੀ ਛੱਡ ਕੇ ਕੁਲੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਕੰਮ ਸਮੁੰਦਰੀ ਜਹਾਜ਼ਾਂ ਤੋਂ ਸਮਾਨ ਉਤਾਰਨ ਅਤੇ ਚੜ੍ਹਾਉਣ ਦਾ ਸੀ। ਮੁਥੂ ਨੇ ਕੁਲੀ ਦੇ ਕੰਮ ਵਿੱਚੋਂ ਪੈਸੇ ਦੀ ਬੱਚਤ ਕਰਨੀ ਆਰੰਭ ਕੀਤੀ ਤਾਂ ਕਿ ਉਹ ਠੇਕੇਦਾਰੀ ਕਰ ਸਕੇ। ਆਪਣੀ ਮਿਹਨਤ ਸਦਕਾ ਉਹ ਮਦਰਾਸ ਪੋਰਟ ‘ਤੇ ਛੋਟਾ ਠੇਕੇਦਾਰ ਬਣ ਗਿਆ। ਛੋਟੀ ਸਫ਼ਲਤਾ ਹਮੇਸ਼ਾ ਵੱਡੀ ਸਫ਼ਲਤਾ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। ਉਸਨੇ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਕੰਪਨੀ ਰਜਿਸਟਰ ਕਰਵਾਈ ਅਤੇ ਅਗਲੀ ਮੰਜ਼ਿਲ ਸਰ ਕਰਨ ਲਈ ਸਫ਼ਰ ਆਰੰਭ ਕਰ ਲਿਆ।
ਠਾਨ ਲਿਆ ਹੈ ਇਸ ਮੌਸਮ ਮੇਂ, ਕੁਛ ਅਨਦੇਖਾ ਦੇਖੇਂਗੇ
ਤੁਮ ਖੇਮੇ ਮੇਂ ਛੁਪ ਜਾਓ, ਹਮ ਜ਼ੋਰ ਹਵਾ ਕਾ ਦੇਖੇਂਗੇ।
ਦ੍ਰਿੜ੍ਹ ਇਰਾਦੇ ਅਤੇ ਆਤਮ ਵਿਸ਼ਵਾਸ ਨਾਲ ਕੀਤੀ ਸਖਤ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਮੁਥੂ ਨੂੰ ਵੀ ਕਾਮਯਾਬੀ ਮਿਲਣੀ ਸ਼ੁਰੂ ਹੋ ਗਈ। ਅੱਜ ਉਸਦੀ ਬਣਾਈ ਕੰਪਨੀ ‘ਐਮ. ਜੀ. ਐਮ. ਗਰੁੱਪ’ ਇੱਕ ਕਾਮਯਾਬ ਗਰੁੱਪ ਵਜੋਂ ਦੇਖੀ ਜਾਂਦੀ ਹੈ। ਇਸ ਕੰਪਨੀ ਦਾ ਲਾਜਿਸਟਿਕ ਦੇ ਖੇਤਰ ਵਿੱਚ ਵੱਡਾ ਨਾਮ ਹੈ। ਮਾਈਨਿੰਗ ਅਤੇ ਹੋਟਲਾਂ ਵਿੱਚ ਵੀ ਮੁਥੂ ਨੇ ਆਪਣਾ ਸਰਮਾਇਆ ਲਗਾਇਆ ਹੋਇਆ ਹੈ। ਕਿਸੇ ਸਮੇਂ ਸਕੂਲ ਦੀ ਫ਼ੀਸ ਨਾ ਭਰ ਸਕਣ ਵਾਲਾ ਮੁਥੂ ਅੱਜਕਲ੍ਹ ਸਕੂਲਾਂ ਦਾ ਮਾਲਕ ਹੈ ਅਤੇ ਕਰੋੜਾਂ ਰੁਪਏ ਹਰ ਵਰ੍ਹੇ ਉਸਦੀ ਆਮਦਨ ਵਿੱਚ ਵਾਧਾ ਕਰ ਰਹੇ ਹਨ। ਮੁਥੂ ਦੀ ਕਹਾਣੀ ਸਪਸ਼ਟ ਸੂਤਰ ਦਿੰਦੀ ਹੈ ਕਿ ਬੰਦਾ ਚਾਹੇ ਤਾਂ ਹਰ ਹਾਲਤ ਵਿੱਚ ਕਾਮਯਾਬੀ ਹਾਸਲ ਕਰਨ ਦੇ ਸਮਰੱਥ ਹੁੰਦਾ ਹੈ।