ਅਸਾਮ ਵਿਧਾਨ ਸਭਾ ਨੇ 18 ਸਤੰਬਰ 2017 ਨੂੰ ‘ਦੀ ਅਸਾਮ ਇੰਪਲਾਈਜ਼ ਪੇਰੈਂਟਸ ਰਿਸਪਾਂਸੀਬਿਲਟੀ ਐਂਡ ਨਾਰਮਜ਼ ਫ਼ਾਰ ਅਕਾਊਂਟੇਬਿਲਟੀ ਐਂਡ ਮਾਨੀਟਰਿੰਗ ਬਿਲ-2017 ਪਾਸ ਕੀਤਾ ਹੈ। ਇਸ ਸਬੰਧੀ ਖਬਰ ਪੜ੍ਹ ਕੇ ਮੈਨੂੰ ਦੋ ਕੁ ਵਰ੍ਹੇ ਪਹਿਲਾਂ ਮਿਲਿਆ ਇੱਕ ਬਜ਼ੁਰਗ ਯਾਦ ਆ ਗਿਆ। ਗੱਲ ਇਵੇਂ ਵਾਪਰੀ ਕਿ ਅਸੀਂ ਆਪਣੀ ਸੰਸਥਾ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਬਾਹਰ ਦਿਨ ਕੱਟੀ ਕਰ ਰਹੇ ਬੇਘਰੇ ਬਜ਼ੁਰਗਾਂ ਨਾਲ ਲੋਹੜੀ ਮਨਾਉਣ ਗਏ ਸਾਂ। ਉਥੇ ਜਦੋਂ ਇੱਕ 70-72 ਦੇ ਬਜ਼ੁਰਗ ਨੂੰ ਗਜਕ, ਰਿਓੜੀਆਂ ਅਤੇ ਮੂੰਗਫ਼ਲੀ ਦਾ ਲਿਫ਼ਾਫ਼ਾ ਦੇਣ ਲੱਗੇ ਤਾਂ ਉਸਨੇ ਬੜੇ ਸਲੀਕੇ ਨਾਲ ਇੱਕ ਰਿਓੜੀ ਚੁੱਕ ਕੇ ਧੰਨਵਾਦ ਕਰਦੇ ਹੋਏ ਲਿਫ਼ਾਫ਼ਾ ਵਾਪਸ ਕਰ ਦਿੱਤਾ।
ਮੈਂ ਸ਼ੂਗਰ ਦਾ ਮਰੀਜ ਹਾਂ ਮਿੱਠਾ ਖਾਣਾ ਮੇਰੇ ਲਈ ਠੀਕ ਨਹੀਂ। ਉਹ ਬਜ਼ੁਰਗ ਕਹਿਣ ਲੱਗਾ।
ਮੇਰੀ ਉਤਸੁਕਤਾ ਵੱਧ ਗਈ ਕਿ ਇੱਕ 70 ਵਰ੍ਹਿਆਂ ਦਾ ਸ਼ੂਗਰ ਦਾ ਮਰੀਜ ਸੜਕ ਉਤੇ ਕਿਉਂ ਦਿਨ ਕੱਟੀ ਕਰ ਰਿਹਾ ਹੈ। ਮੇਰੇ ਪੁੱਛਣ ‘ਤੇ ਬਜ਼ੁਰਗ ਨੇ ਦੱਸਿਆ ਕਿ ਨੂੰਹ-ਪੁੱਤ ਨੇ ਜੋ ਵੀ ਜ਼ਮੀਨ ਜਾਇਦਾਦ ਸੀ, ਆਪਣੇ ਨਾਮ ਕਰਵਾ ਲਈ। ਹੁਣ ਜਦੋਂ ਸੇਵਾ ਦਾ ਮੌਕਾ ਆਇਆ ਤਾਂ ਜਲੀਲ ਕਰਕੇ ਘਰੋਂ ਕੱਢ ਦਿੱਤਾ। ਪਤਨੀ ਤਾਂ ਪਹਿਲਾਂ ਹੀ ਰੱਬ ਨੁੰ ਪਿਆਰੀ ਹੋ ਚੁੱਕੀ ਹੈ। ਨੂੰਹ ਹੱਥੋਂ ਜ਼ਲੀਲ ਹੋਣ ਨਾਲੋਂ ਤਾਂ ਆਹ ਜ਼ਿੰਦਗੀ ਠੀਕ ਹੈ। ਜਜ਼ਬਾਤੀ ਹੋ ਕੇ ਉਸ ਬਜ਼ੁਰਗ ਨੇ ਬੱਚਿਆਂ ਵੰਲੋਂ ਤ੍ਰਿਸਕਾਰੇ ਮਾਪਿਆਂ ਬਾਰੇ ਅਜਿਹਾ ਕੁਝ ਦੱਸਿਆ ਕਿ ਸੁਣ ਕੇ ਅੱਖਾਂ ਗਿੱਲੀਆਂ ਹੋਣੋਂ ਨਹੀਂ ਰਹਿ ਸਕੀਆਂ। ਇੱਕ ਸਮਾਂ ਸੀ ਕਿ ਮਾਪਿਆਂ ਦੀ ਸੇਵਾ ਵਿਚ ਸਵਰਗ ਮੰਨਿਆ ਜਾਂਦਾ ਸੀ ਅਤੇ ਬਜ਼ੁਰਗ ਮਾਪਿਆਂ ਦੀ ਖੁਸ਼ੀ ਲਈ ਔਲਾਦ ਸਭ ਕੁਝ ਕਰਨ ਨੂੰ ਤਿਆਰ ਰਹਿੰਦੀ ਸੀ। ਪਰ ਅੱਜ ਸਮਾਂ ਬਦਲ ਗਿਆ ਹੈ ਜਦੋਂ ਬੁਢਾਪੇ ਵਿਚ ਮਾਪਿਆਂ ਨੂੰ ਬੱਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਕਾਫ਼ੀ ਕੇਸਾਂ ਵਿਚ ਵੇਖਣ ਨੂੰ ਮਿਲਿਆ ਹੈ ਕਿ ਬੱਚਿਆਂ ਨੇ ਜ਼ਮੀਨ-ਜਾਇਦਾਦ ਆਪਣੇ ਨਾਮ ਕਰਵਾ ਕੇ ਮਾਪਿਆਂ ਨੂੰ ਇੱਕਲਾਪੇ ਦਾ ਸੰਤਾਪ ਭੋਗਣ ਲਈ ਛੱਡ ਦਿੱਤਾ ਜਾਂਦਾ ਹੈ। ਆਪਣੀ ਜ਼ਿੰਦਗੀ ਦਾ ਆਥਣ ਵੇਲਾ ਬਹੁਤ ਸਾਰੇ ਬਜ਼ੁਰਗ ਬੇਘਰ ਹੋ ਕੇ ਕੱਟਣ ਲਈ ਮਜਬੂਰ ਹੋ ਜਾਂਦੇ ਹਨ।
ਬਜ਼ੁਰਗ ਮਾਪਿਆਂ ਦੇ ਦੁੱਖਾਂ ਨੂੰ ਹਰਨ ਲੲ 2002 ਵਿਚ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ‘ਬਜ਼ੁਰਗ ਮਾਪੇ ਅਤੇ ਆਸ਼ਰਿਤ ਦੇਖਭਾਲ ਕਾਨੂੰਨ’ ਬਣਾਇਆ ਸੀ। ਇਸ ਕਾਨੂੰਨ ਅਧੀਨ ਦੋਸ਼ੀ ਔਲਾਦ ਨੂੰ ਮਾਪਿਆਂ ਦੀ ਜਾਇਦਾਦ ਤੋਂ ਵਾਂਝੇ ਕਰਨ, ਸਰਕਾਰੀ ਜਾਂ ਜਨਤਕ ਖੇਤਰ ਵਿ ਚ ਨੌਕਰੀਆਂ ਨਾ ਦੇਣ ਅਤੇ ਸਰਵਿਸ ਕਰ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ‘ਚੋਂ ਕੁਝ ਰਕਮ ਕੱਟ ਕੇ ਮਾਂ-ਪਿਓ ਨੂੰ ਦੇਣ ਦੀ ਵਿਵਸਥਾ ਕੀਤੀ ਗਈ ਸੀ। ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਅਤੇ ਇੰਮਪਾਵਰਮੈਂਟ ਮੰਤਰਾਲੇ ਨੇ 2007 ਵਿਚ ‘ਮੇਨਟੇਨੈਂਸ ਐਂਡ ਵੈਲਫ਼ੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜਨਜ਼ ਐਕਟ 2007’ ਪਾਸ ਕਰਵਾਇਆ ਸੀ, ਜਿਸ ਰਾਹੀਂ ਬਜ਼ੁਰਗਾਂ ਦੀ ਦੇਖਭਾਲ ਨਾ ਕਰਨ ਵਾਲਿਆਂ ਲਈ ਸਜਾ ਦੀ ਵਿਵਸਥਾ ਕੀਤੀ ਗਈ ਸੀ। ਹਿਮਾਚਲ, ਗੋਆ, ਤ੍ਰਿਪੁਰਾ ਅਤੇ ਮਹਾਰਾਸ਼ਟਰ ਤੋਂ ਬਾਅਦ ਉਕਤ ਬਿਲ ਨੂੰ ਲਾਗੂ ਕਰਨ ਵਾਲਾ ਪੰਜਾਬ ਪੰਜਵਾਂ ਰਾਜ ਬਣਿਆ। ਪੰਜਾਬ ਨੇ ਇਹ 27 ਅਗਸਤ 2012 ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਸਿਲਸਿਲੇ ਵਿਚ ਹੁਣ ਅਸਾਮ ਰਾਜ ਦੀ ਵਿਧਾਨ ਸਭਾ ਨੇ 15 ਸਤੰਬਰ 2017 ਨੂੰ ਪਾਸ ਕੀਤੇ ਬਿਲ ਰਾਹੀਂ ਸਰਕਾਰੀ ਮੁਲਾਜ਼ਮਾਂ ਵਾਸਤੇ ਫ਼ੌਰੀ ਪ੍ਰਭਾਵ ਤੋਂ ਆਪਣੇ ਉਪਰ ਨਿਰਭਰ ਮਾਂ-ਪਿਓ ਅਤੇ ਅਪਾਹਜ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਲਾਜ਼ਮੀ ਕਰ ਦਿੱਤੀ ਗਈ ਹੈ। ਜੇ ਔਲਾਦ ਮਾਪਿਆਂ ਦੀ ਸਹੀ ਦੇਖਭਾਲ ਨਹੀਂ ਕਰਦੀ ਤਾਂ ਮਾਪੇ ਉਸ ਵਿਭਾਗ ਦੇ ਮੁਖੀ ਕੋਲ ਸ਼ਿਕਾਇਤ ਕਰ ਸਕਦੇ ਹਨ, ਜਿੱਥੇ ਮੁਲਾਜ਼ਮ ਕੰਮ ਕਰਦਾ ਹੈ। ਵਿਭਾਗ ਦਾ ਮੁਖੀ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀ ਨੂੰ ਦੋਸ਼ੀ ਪਾਏ ਜਾਣ ਤੇ ਉਸਦੀ ਤਨਖਾਹ ਵਿਚੋਂ 15 ਫ਼ੀਸਦੀ ਰਕਮ ਕੱਟ ਕੇ ਪੀੜਤ ਮਾਪਿਆਂ ਜਾਂ ਅ ਪਾਹਜ ਭੈਣ-ਭਰਾਵਾਂ ਦੇ ਖਾਤੇ ਵਿਚ ਜਮ੍ਹਾ ਕਰਾਉਣ ਦਾ ਹੱਕ ਰੱਖਦਾ ਹੈ। ਅਸਾਮ ਦੇ ਵਿੱਤ ਮੰਤਰੀ ਸ੍ਰੀ ਹੇਮੰਤ ਬਿਸਵਾ ਨੇ ਇਸ ਬਿਲ ਸਬੰਧੀ ਬੋਲਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਸਦ ਮੈਂਬਰਾਂ, ਵਿਧਾਇੱਕਾਂ, ਜਨਤਕ ਅਦਾਰਿਆਂ ਅਤੇ ਅ ਸਾਮ ਵਿਚ ਚੱਲ ਰਹੀਆਂ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ ਲਈ ਵੀ ਇੱਕ ਅਜਿਹਾ ਬਿਲ ਪੇਸ਼ ਕੀਤਾ ਜਾਵੇਗਾ।
ਅਸਾਮ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਪਰ ਦੁੱਖ ਦੀ ਗੱਲ ਹੈ ਕਿ ਔਲਾਦ ਨੂੰ ਕਾਨੂੰਨ ਰਾਹੀਂ ਮਾਪਿਆਂ ਦੀ ਦੇਖਭਾਲ ਲਈ ਕਹਿਣਾ ਪੈ ਰਿਹਾ ਹੈ। ਜਿਸ ਦੇਸ਼ ਵਿਚ ਸਰਵਣ ਵਰਗੇ ਪੁੱਤਰਾਂ ਦੀਆਂ ਕਥਾਵਾਂ ਪ੍ਰਚੱਲਿਤ ਹੋਣ ਹੁਣ ਉਸ ਦੇਸ਼ ਦੇ ਮਾਪੇ ਆਪਣੀ ਜ਼ਿੰਦਗੀ ਅਖੀਰਲੇ ਵਕਤ ਸੜਕਾਂ ‘ਤੇ ਰੁਲਣ ਲਈ ਮਜਬੂਰ ਹੋਣ। ਹਾਲਾਤ ਤਾਂ ਇਹ ਬਣ ਚੁੱਕੇ ਹਨ ਕਿ ਪੈਸੇ ਦੀ ਖਾਤਰ ਬਜ਼ੁਰਗ ਪਿਓ ਦਾ ਕਤਲ ਹੋ ਰਿਹਾ ਹੈ, ਮਾਂ ਨੂੰ ਢਿੱਡ ਭਰਨ ਲਈ ਲੋਕਾਂ ਦਾ ਗੋਹਾ-ਕੂੜਾ ਕਰਨਾ ਪੈ ਰਿਹਾ ਹੈ। ਕਾਨੂੰਨ ਵੀ ਬਣਨਾ ਚਾਹੀਦਾ ਹੈ। ਅਸਾਮ ਵਾਂਗ ਹੋਰ ਰਾਜਾਂ ਵਿਚ ਅਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਪਰ ਦੂਜੇ ਪਾਸੇ ਸਾਨੂੰ ਘਰਾਂ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਮਾਪਿਆਂ ਦੀ ਸੇਵਾ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਨੌਜਵਾਨਾਂ ਨੂੰ ਆਪਣੇ ਮਾਪਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹਨਾ ਬੱਚਿਆਂ ਦੇ ਮਨਾਂ ਵਿਚ ਬਚਪਨ ਤੋਂ ਹੀ ਸੇਵਾ ਭਾਵਨਾ ਪੈਦਾ ਹੋ ਜਾਵੇ। ਸ਼ਾਇਰ ਸਾਗਰ ਸੂਦ ਦੀ ਨਸੀਹਤ ਸੁਣਨਯੋਗ ਹੈ:
ਨਾ ਮੰਦਿਰ ਕੋ ਬਣਾਨਾ ਤੁਮ, ਨਾ ਕੋਈ ਦੇਵਤਾ ਰੱਖਣਾ
ਬਜ਼ੁਰਗੋਂ ਕੇ ਲੀਏ ਲੇਕਿਨ ਜਗ੍ਹਾ ਘਰ ਮੇਂ ਸਦਾ ਰਖਨਾ।
‘ਸੌਰੀ’ ਸ਼ਬਦ ਦੀ ਸਮਰੱਥਾ ਨੂੰ ਸਮਝਣ ਦੀ ਲੋੜ ਹੈ
ਮੇਰੀ ਕਾਰ ਦੀ ਤਾਕੀ ਖੋਲ੍ਹਣ ਸਮੇਂ ਨਾਲ ਖੜ੍ਹੀ ਕਾਰ ਨਾਲ ਥੋੜ੍ਹੀ ਛੋਹ ਗਈ। ਉਸ ਕਾਰ ਵਿਚ ਬੈਠੇ ਦੋ ਨੌਜਵਾਨ ਕੌੜੀਆਂ ਨਜ਼ਰਾਂ ਨਾਲ ਘੂਰਦੇ ਹੋਏ ਮੇਰੇ ਵੱਲ ਆਏ। ਇਸ ਤੋਂ ਪਹਿਲਾਂ ਉਹ ਕੁਝ ਬੋਲਦੇ, ਮੈਂ ਕਿਹਾ, ‘ਸੌਰੀ, ਬੇਟਾ, ਸ਼ਾਇਦ ਬੇਧਿਆਨੀ ਵਿਚ ਟੱਚ ਕਰ ਗਈ।’
‘ਕੋਈ ਨੀ ਅੰਕਲ’ ਉਹਨਾਂ ਨੇ ਆਪਣੀ ਕਾਰ ‘ਤੇ ਉਪਰੀ ਜਿਹੀ ਨਜ਼ਰ ਮਾਰੀ ਵੇਖਿਆ ਕੋਈ ਨਿਸ਼ਾਨ ਤਾਂ ਨਹੀਂ ਪਿਆ ਅਤੇ ਜਾ ਕੇ ਆਪਣੀ ਗੱਡੀ ਵਿਚ ਬੈਠ ਗਏ। ਮੈਨੂੰ ਯਕੀਨ ਹੈ ਕਿ ਜੇ ਮੈਂ ‘ਸੌਰੀ’ ਨਾ ਕਹਿੰਦਾ ਤਾਂ ਗੱਲ ਇਉਂ ਖਤਮ ਨਹੀਂ ਹੋਣੀ ਸੀ। ਇਹ ਘਟਨਾ ਪਟਿਆਲੇ ਦੇ ਸ਼ੇਰਾਂ ਵਾਲੇ ਗੇਟ ਦੀ ਹੈ। ਬਿਲਕੁਲ ਇਸੇ ਥਾਂ ਤੇ ਇਸ ਤਰ੍ਹਾਂ ਦੀ ਘਟਨਾ ਕਾਰਨ ਨਵਜੋਤ ਸਿੰਘ ਸਿੱਧੂ ਦੇ ਹੱਥੋਂ ਇੱਕ ਬੰਦਾ ਮਾਰੇ ਜਾਣ ਦਾ ਦੋਸ਼ ਲੱਗਾ ਸੀ।
ਮੇਰੇ ਬੇਟੇ ਦੇ ਵਿਆਹ ਸਮੇਂ ਬਹੁਤ ਸਾਰੇ ਅਜਿਹੇ ਮਿੰਤਰ ਅਤੇ ਰਿਸ਼ਤੇਦਾਰ ਵੀ ਸਨ, ਜਿਹਨਾਂ ਨੂੰ ਮੈਂ ਬੁਲਾਇਆ ਸੀ ਅਤੇ ਉਹ ਆਏ ਨਹੀਂ ਜਾਂ ਆ ਨਹੀਂ ਸਕੇ। ਉਹਨਾਂ ਵਿਚੋਂ ਬਹੁਤਿਆਂ ਨੇ ਮੈਨੂੰ ਮਿਲ ਕੇ ਜਾਂ ਫ਼ੋਨ ‘ਤੇ ਮਾਫ਼ੀ ਮੰਗ ਲਈ ਪਰ ਮੇਰੀ ਸੂਚੀ ਪੰਜ ਵਿਅਕਤੀ ਅਜਿਹੇ ਹਨ ਜਿਹਨਾਂ ਨੇ ਨਾ ਆਉਣ ਦੇ ਕਾਰਨ ਨਾ ਕੋਈ ਸੱਚਾ-ਝੂਠਾ ਬਹਾਨਾ ਬਣਾਇਆ ਅਤੇ ਨਾ ਹੀ ਅਫ਼ਸੋਸ ਪ੍ਰਗਟ ਕੀਤਾ। ਜਿਹਨਾਂ ਲੋਕਾਂ ਨੇ ‘ਸੌਰੀ’ ਕਹਿ ਦਿੱਤਾ, ਉਹਨਾਂ ਪ੍ਰਤੀ ਮੇਰਾ ਗੁੱਸਾ ਗਿਲਾ ਜਾਂਦਾ ਰਿਹਾ ਪਰ ਜੋ ਮਿੱਤਰ ਇਹ ਲਫ਼ਜ਼ ਨਹੀਂ ਬੋਲੇ ਉਹਨਾਂ ਨੂੰ ਮੇਰਾ ਬੁਲਾਉਣ ਦਾ ਚਿੱਤ ਉੱਕਾ ਹੀ ਨਹੀਂ ਕਰਦਾ।ਮੇਰੀ ਕਿਤਾਬ ‘ਜਿੱਤ ਦਾ ਮੰਤਰ’ ਛਪ ਕੇ ਆਈ। ਹੁਣ ਤਾਂ ਸਰਬੱਤ ਦਾ ਭਲਾ ਟਰੱਸਟ ਉਸ ਕਿਤਾਬ ਨੂੰ ਸਾਰੇ ਪੰਜਾਬ ਵਿਚ ਮੁਫ਼ਤ ਵੰਡ ਰਿਹਾ ਹੈ ਪਰ ਉਸ ਸਮੇਂ ਮੈਂ ਲਕ ਗੀਤ ਵਾਲੇ ਹਰੀਸ਼ ਜੈਨ ਤੋਂ ਖਰੀਦ ਕੇ ਕੁਝ ਲੋਕਾਂ ਨੂੰ ਭੇਂਟ ਕੀਤੀ। ਜਿਸਦੇ ਹੁੰਗਾਰੇ ਵਜੋਂ ਜਿਸ ਕਿਸੇ ਨੇ ਕੋਈ ਸ਼ਬਦ ਵੀ ਨਹੀਂ ਕਿਹਾ। ਉਹ ਸੱਜਣ ਮੈਨੂੰ ਰੜਕਣ ਲੱਗਾ ਪਰ ਜਿਸ ਨੇ ਕਿਹਾ ਕਿ ਸੌਰੀ, ਮੈਂ ਕਿਤਾਬ ਪੜ੍ਹੀ ਪਰ ਤੈਨੂੰ ਮੁਬਾਰਕਬਾਦ ਨਹੀਂ ਦੇ ਸਕਿਆ। ਉਹ ਵਿਅਕਤੀ ਉਸੇ ਤਰ੍ਹਾਂ ਮੇਰੇ ਦੋਸਤਾਂ ਦੀ ਸੂਚੀ ਵਿਚ ਕਾਇਮ ਹੈ।
ਉਕਤ ਤਿੰਨ ਗੱਲਾਂ ਜਾਂ ਘਟਨਾਵਾਂ ਇੱਕ ਸੂਤਰ ਨੂੰ ਸਪਸ਼ਟ ਕਰ ਰਹੀਆਂ ਕਿ ‘ਮੈਨੂੰ ਅਫ਼ਸੋਸ ਹੈ’ ਜਾਂ ‘ਸੌਰੀ’ ਮੈਂ ਗਲਤੀ ਤੇ ਹਾਂ ਆਦਿ ਸ਼ਬਦ ਬਹੁਤ ਸ਼ਕਤੀਸ਼ਾਲੀ ਅਰਥਾਂ ਦੇ ਮਾਲਕ ਹਨ। ਸੌਰੀ ਸ਼ਬਦ ਇੰਨਾ ਸ਼ਕਤੀਸ਼ਾਲੀ ਹੈ ਜੋ ਤੁਹਾਡੇ ਰਿਸ਼ਤੇ ਜੋੜ ਵੀ ਸਕਦਾ ਹੈ ਅਤੇ ਤੋੜ ਵੀ ਸਕਦਾ ਹੈ। ਰਿਸ਼ਤਿਆਂ ਦੇ ਤਾਣੇ ਬਾਣੇ ਵਿਚ ਇਸਦੀ ਬਹੁਤ ਮਹੱਤਤਾ ਹੁੰਦੀ ਹੈ। ਉਂਝ ਮਾਫ਼ੀ ਮੰਗਣਾ ਅਤੇ ਮਾਫ਼ ਕਰਨਾ ਵੱਡੀ ਹਿੰਮਤ ਅਤੇ ਜਿਗਰੇ ਦਾ ਕੰਮ ਹੁੰਦਾ ਹੈ।
ਰਿਕ ਡੀਵੋਸ ਅਨੁਸਾਰ ‘ਮੈਨੂੰ ਖ਼ੇਦ ਹੈ’ ਕਹਿਣ ਦੀ ਯੋਗਤਾ ਦਰਸਾਉਂਦੀ ਹੈ ਕਿ ਅਸੀਂ ਦੂਜੇ ਵਿਅਕਤੀ ਦੇ ਨੁਕਤਾ-ਨਿਗਾਹ ਨੂੰ ਸਮਝਣ ਦੀ ਯੋਗਤਾ ਰੱਖਦੇ ਹਾਂ, ਕਿ ਅਸੀਂ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਅਤੇ ਅਸੀਂ ਐਨੇ ਵੱਡੇ ਨਹੀਂ ਕਿ ਉਨ੍ਹਾਂ ਤਕ ਪਹੁੰਚ ਸਕੀਏ ਤੇ ਦੂਜਿਆਂ ਵਿੱਚ ਚੰਗਿਆਈ ਦੇਖ ਸਕੀਏ। ਮਾਫ਼ੀ ‘ਤੇ ਪੁੱਜਣਾ ਇੱਕ ਸੁਚੇਤ ਫ਼ੈਸਲਾ ਹੈ ਜੇ ਉਦੋਂ ਜਨਮ ਲੈਂਦਾ ਹੈ ਜਦੋਂ ਸਾਡੇ ਵਿੱਚ ਦੂਜਿਆਂ ਦੇ ਅਹਿਸਾਸਾਂ ਲਈ ਹਮਦਰਦੀ ਹੁੰਦੀ ਹੈ। ਸਾਡੀ ਮਾਫ਼ੀ ਦਾ ਦੂਜੇ ਬੰਦੇ ‘ਤੇ ਹਮੇਸ਼ਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਦਿਲੋਂ ਮੰਨੀ ਗ਼ਲਤੀ ਨਾ ਸਿਰਫ਼ ਤੁਹਾਡੇ ਰਿਸ਼ਤੇ ਨੂੰ ਬਰਕਰਾਰ ਰੱਖਦੀ ਹੈ ਸਗੋਂ ਕਈ ਵਾਰ ਤੁਹਾਡੇ ਰਿਸ਼ਤੇ ਮਜਬੂਤ ਵੀ ਕਰ ਦਿੰਦੀ ਹੈ। ਸਭਿਅਕ ਸਮਾਜ ਵਿਚ ਲੋਕ ਬੱਚਿਆਂ ਨੂੰ ਧੰਨਵਾਦ ਕਹਿਣ ਦੇ ਨਾਲ ਨਾਲ ਆਪਣੀ ਗਲਤੀ ਸਵੀਕਾਰ ਕੇ ‘ਸੌਰੀ’ ਕਹਿਣ ਦਾ ਪਾਠ ਵੀ ਪੜ੍ਹਾਉਂਦੇ ਹਨ। ਤੁਹਾਡੇ ਵਿਚੋਂ ਬਹੁਤੇ ਲੋਕਾਂ ਨੇ ਵਟਸਐਪ ‘ਤੇ ਇੱਕ ਵੀਡੀਓ ਵੇਖੀ ਹੋਵੇਗੀ। ਜਿਸ ਵਿਚ ਇੱਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਇੱਕ ਗਰੌਸਰੀ ਸਟੋਰ ਤੇ ਖਰੀਦਦਾਰੀ ਕਰਨ ਜਾਂਦਾ ਹੈ। ਛੋਟੀ ਬੱਚੀ ਤੋਂ ਕੋਈ ਗਲਤੀ ਹੁੰਦੀ ਹੈ ਅਤੇ ਉਹ ਉਸਨੂੰ ਸੌਰੀ ਕਹਿਣ ਲਈ ਮਜਬੂਰ ਕਰਦਾ ਹੈ। ਇਸੇ ਦੌਰਾਨ ਇੱਕ ਔਰਤ ਉਸ ਛੋਟੀ ਬੱਚੀ ਨਾਲ ਟਕਰਾਉਂਦੀ ਹੈ। ਉਹ ਵਿਅਕਤੀ ਉਸ ਔਰਤ ਨੁੰ ਕਹਿੰਦਾ ਹੈ ਕਿ ਉਹ ਬੱਚੀ ਕੋਲ ਅਫ਼ਸੋਸ ਪ੍ਰਗਟ ਕਰੇ ਅਤੇ ਸੌਰੀ ਕਹੇ ਪਰ ਉਹ ਔਰਤ ਆਪਣੀ ਆਕੜ ਦੀ ਵਜ੍ਹਾ ਕਾਰਨ ਸੌਰੀ ਨਹੀਂ ਕਹਿ ਰਹੀ। ਇਸ ਹਾਲਤ ਵਿਚ ਉਹ ਵਿਅਕਤੀ ਪੁਲਿਸ ਨੂੰ ਬੁਲਾ ਕੇ ਉਸਦੀ ਸ਼ਿਕਾਇਤ ਕਰਦਾ ਹੈ। ਇਹ ਵੀਡੀਓ ਬੱਚਿਆਂ ਅਤੇ ਨੌਜਵਾਨਾਂ ਨੂੰ ਇਹ ਸਬਕ ਸਿਖਾਉਣ ਲਈ ਹੈ ਕਿ ਹਮੇਸ਼ਾ ਆਪਣੀ ਗਲਤੀ ਮੰਨਣ ਅਤੇ ਅਫ਼ਸੋਸ ਪ੍ਰਗਟ ਕਰਨ ਵਿਚ ਪਹਿਲ ਕਰੋ। ਇਸਦਾ ਹੋਰਨਾਂ ਨੋਕਾਂ ‘ਤੇ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਸਮਾਜ ਵਿਚ ਵਿੱਚਰਨ ਵਾਲੇ ਲੋਕ ਜ਼ਿੰਦਗੀ ਦਾ ਸਲੀਕਾ ਸਿੱਖਦੇ ਹਨ।
ਸਾਡੇ ਸਮਾਜ ਵਿਚ ਬਹੁਤ ਸਾਰੇ ਪੜ੍ਹੇ-ਲਿਖੇ, ਉਚ ਪਦਵੀਆਂ ‘ਤੇ ਬਿਰਾਜਮਾਨ ਲੋਕ ਅਤੇ ਸਿਆਸੀ ਅਹੁਦਿਆਂ ਦੀ ਸਤਾ ਦਾ ਆਨੰਦ ਮਾਣ ਰਹੇ ਲੋਕ ਅਕਸਰ ਹਉਮੈ ਦਾ ਸ਼ਿਕਾਰ ਹੋ ਕੇ ਇਹ ਸ਼ਬਦ ਵਿਸਾਰ ਦਿੰਦੇ ਹਨ। ਮੈਂ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਦੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਨੀ ਸੀ। ਇਸ ਸੈਮੀਨਾਰ ਦਾ ਮੁੱਖ ਮਹਿਮਾਨ ਦਿੱਲੀ ਸਰਕਾਰ ਦਾ ਇੱਕ ਉਚ ਅਫ਼ਸਰ ਸੀ, ਜਿਹੜਾ ਤਕਰੀਬਨ 40 ਮਿੰਟ ਦੇਰੀ ਨਾਲ ਪਹੁੰਚਿਆ ਸੀ। ਜਦੋਂ ਉਹ ਸਟੇਜ ‘ਤੇ ਬੋਲਣ ਲੱਗਾ ਤਾਂ ਉਸਨੇ ਦੇਰੀ ਨਾਲ ਆਉਣ ਲਈ ਨਾ ਕੋਈ ਕਾਰਨ ਦੱਸਿਆ ਅਤੇ ਨਾ ਹੀ ਖੇਦ ਪ੍ਰਗਟ ਕੀਤਾ। ਨਤੀਜੇ ਵਜੋਂ ਹਾਜ਼ਰ ਵਿਦਿਆਰਥੀਆਂ ਨੇ ਉਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸਨੂੰ ਸੁਣਨ ਤੋਂ ਹਿਨਕਾਰ ਕਰ ਦਿੱਤਾ। ਮੈਨੂੰ ਪੂਰਾ ਯਕੀਨ ਹੈ ਕਿ ਜੇ ਉਹ ਆਪਣੇ ਭਾਸ਼ਣ ਦੇ ਆਰੰਭ ਵਿਚ ‘ਸੌਰੀ’ ਸ਼ਬਦ ਦਾ ਇਸਤੇਮਾਲ ਕਰਦਾ ਤਾਂ ਅਜਿਹਾ ਨਾ ਵਾਪਰਦਾ। ਸੋ, ਜ਼ਿੰਦਗੀ ਦੇ ਇਸ ਸੂਤਰ ਨੂੰ ਸਮਝਣਾ ਅਤੇ ਜ਼ਿੰਦਗੀ ਵਿਚ ਵਰਤਣਾ ਬਹੁਤ ਜ਼ਰੂਰੀ ਹੈ। ਇਹ ਸ਼ਬਦ ਦੀ ਸਮਰੱਥਾ ਨੂੰ ਸਮਝਣ ਵਾਲੇ ਲੋਕਾਂ ਦੇ ਦੋਸਤਾਂ ਵਿਚ ਹਮੇਸ਼ਾ ਵਾਧਾ ਹੁੰਦਾ ਰਹਿੰਦਾ ਹੈ ਅਤੇ ਉਹਨਾਂ ਦੇ ਰਿਸ਼ਤ ਸਦਾ ਮਜਬੂਤ ਰਹਿੰਦੇ ਹਨ।