ਪਿਛਲੇ ਦਿਨੀਂ ਐਨ. ਡੀ. ਟੀਵੀ ਦੇ ਪ੍ਰਸਿੱਧ ਐਂਕਰ ਰਵੀਸ਼ ਕੁਮਾਰ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਬੰਗਲਾ ਸਾਹਿਬ ਦੀ ਲੰਗਰ ਸੇਵਾ ਬਾਰੇ ਕੀਤਾ। ਰਵੀਸ਼ ਕੁਮਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੇ ਹਵਾਲੇ ਨਾਲ ਦੱਸਿਆ ਕਿ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਪਣੀਆਂ ਮੰਗਾਂ ਮਨਾਉਣ ਲਈ ਧਰਨੇ ਪ੍ਰਦਰਸ਼ਨ ਕਰਨ ਜੰਤਰ ਮੰਤਰ ‘ਤੇ ਆਉਂਦੇ ਹਨ ਅਤੇ ਬੰਗਲਾ ਸਾਹਿਬ ਵਿਖੇ ਹ ਜ਼ਾਰਾਂ ਪ੍ਰਦਰਸ਼ਨਕਾਰੀ ਆ ਕੇ ਪ੍ਰਸ਼ਾਦਾ ਛਕਦੇ ਹਨ ਅਤੇ ਬੰਗਲਾ ਸਾਹਿਬ ਤੋਂ ਹਜ਼ਾਰਾਂ ਬੰਦਿਆਂ ਦਾ ਲੰਗਰ ਟੈਂਪੂਆਂ ਰਾਹੀਂ ਜੰਤਰ ਮੰਤਰ ਲਿਜਾ ਕੇ ਛਕਾਇਆ ਜਾਂਦਾ ਹੈ। ਲੰਗਰ ਛਕਣ ਵਾਲੇ ਕਾਂਗਰਸੀ, ਕਾਮਰੇਡ, ਕਿਸਾਨ, ਸਾਬਕਾ ਫ਼ੌਜੀ, ਬੇਰੁਜ਼ਗਾਰ, ਵਿਕਲਾਂਗ ਗੱਲ ਕੀ ਸਮਾਜ ਦੇ ਹਰ ਵਰਗ ਦੇ ਲੋਕ ਹੁੰਦੇ ਹਨ। ਰਵੀਸ਼ ਕੁਮਾਰ ਨੇ ਅਜੈ ਮਾਕਨ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਬੇਨਤੀ ਪੱਤਰਾਂ ਵਾਲੀ ਫ਼ਾਈਲ ਵਿਖਾਉਂਦੇ ਹੋਏ ਇਹ ਦੱਸਿਆ ਕਿ ਬਾਬਾ ਨਾਨਕ ਦੇ ਘਰ ਵਿੱਚ ਪਾਰਟੀ, ਜਾਤ ਅਤੇ ਧਰਮ ਦੇ ਨਾਮ ਤੇ ਕੋਈ ਵਿਤਕਰਾ ਨਹੀਂ। ਜੋ ਵੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਗਿਆ ਉਸਨੂੰ ਸੰਗਤ ਦੇ ਰੂਪ ਵਿੱਚ ਹੀ ਵੇਖਿਆ ਜਾਂਦਾ ਹੈ।
ਰਵੀਸ਼ ਦੇ ਇਸ ਪ੍ਰੋਗਰਾਮ ਨੇ ਇੱਕ ਵਾਰ ਫ਼ਿਰ ਸਿੱਖਾਂ ਦੀ ਲੰਗਰ ਦੀ ਸੇਵਾ ਬਾਰੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਹੈ ਪਰ ਸੱਚ ਤਾਂ ਇਹ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਬਿਪਤਾ ਹੋਵੇ ਜਾਂ ਕੋਈ ਹਾਦਸਾ ਹੋਇਆ ਹੋਵੇ, ਸਿੱਖ ਹਮੇਸ਼ਾ ਸੇਵਾ ਲਈ ਹਾਜ਼ਰ ਹੁੰਦਾ ਹੈ। ਸਿੱਖਾਂ ਬਾਰੇ ਇਹ ਸੱਚ ਤਾਂ ਹੁਣ ਦੁਨੀਆਂ ਸਵੀਕਾਰ ਕਰਨ ਲੱਗੀ ਹੈ। ਰਵੀਸ਼ ਦਾ ਇਹ ਪ੍ਰੋਗਰਾਮ ਵੇਖਣ ਸਮੇਂ ਮੇਰਾ ਯਾਦਾਂ ਦਾ ਸਿਲਸਿਲਾ ਮੈਨੂੰ 12 ਵਰ੍ਹੇ ਪਹਿਲਾਂ ਪਾਕਿਸਤਾਨ ਲੈ ਗਿਆ। ਮੈਂ ਅਤੇ ਮੇਰੇ ਕੁਝ ਸਾਥੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੋਂ 18 ਕੁ ਕਿਲੋਮੀਟਰ ਦੂਰ ਸਥਿਤ ਟੈਕਸਲਾ ਮਿਊਜ਼ੀਅਮ ਵੇਖਣ ਚਲੇ ਗਏ। ਉਥੇ ਸਾਡੀ ਮੁਲਾਕਾਤ ਪੰਜਾਬੀ ਯੂਨੀਵਰਸਿਟੀ ਦੇ ਧਰਮ ਦੇ ਪ੍ਰੋਫ਼ੈਸਰ ਡਾ. ਹਰਪਾਲ ਸਿੰਘ ਪੰਨੂ ਅਤੇ ਕੁਝ ਹੋਰ ਦੋਸਤਾਂ ਨਾਲ ਹੋ ਗਈ। ਇਉਂ ਅਸੀਂ ਪਟਿਆਲਾ ਨਾਲ ਸਬੰਧਤ 10-12 ਬੰਦੇ ਉਥੇ ਇੱਕੱਠੇ ਹੋ ਗਏ। ਮਿਊਜ਼ੀਅਮ ਵੇਖਦੇ ਹੋਏ ਅਤੇ ਗੱਪਸ਼ਪ ਲਾਉਂਦੇ ਹੋਏ ਵਕਤ ਤੇਜ਼ੀ ਨਾਲ ਗੁਜ਼ਰਨ ਲੱਗਾ। ਪਾਕਿਸਤਾਨੀ ਸਕੂਲ ਦੇ ਕੁਝ ਬੱਚੇ ਸਾਡੇ ਨਾਲ ਤਸਵੀਰਾਂ ਉਤਰਵਾ ਰਹੇ ਸਨ, ਸ਼ਾਇਦ ਉਹਨਾਂ ਸਿੱਖ ਸਰੂਪ ਲੋਕਾਂ ਨੂੰ ਪਹਿਲੀ ਵਾਰ ਵੇਖਿਆ ਹੋਵੇ।
”ਸਰ, ਮੇਰਾ ਨਾਮ ਡਾ. ਜਮਸ਼ੇਦ ਅਲੀ ਖਾਨ ਹੈ। ਮੈਂ ਪੋਲੀਟੀਕਲ ਸਾਇੰਸ ਦਾ ਪ੍ਰੋਫ਼ੈਸਰ ਹਾਂ। ਲਾਹੌਰ, ਪੰਜਾਬ ਯੂਨੀਵਰਸਿਟੀ ਵਿਚ। ਤੁਹਾਡੀਆਂ ਗੱਲਾਂ ਤੋਂ ਲਗਦੈ ਕਿ ਤੁਸੀਂ ਵੀ ਚੜ੍ਹਦੇ ਪੰਜਾਬ ਦੀ ਕਿਸੇ ਯੂਨੀਵਰਸਿਟੀ ਨਾਲ ਸਬੰਧਤ ਹੋ।” ਮੈਨੂੰ ਇੱਕ ਵਿਅਕਤੀ ਬੜੇ ਸਲੀਕੇ ਤੇ ਨਿੱਘ ਨਾਲ ਮਿਲਿਆ ਮੈਂ ਵੀ ਉਸੇ ਗਰਮਜੋਸ਼ੀ ਨਾਲ ਆਪਣੇ ਦੋਸਤਾਂ ਦੀ ਜਾਣ-ਪਛਾਣ ਕਰਵਾਈ।
”ਮੇਰੀ ਇੱਕ ਤਾਕੀਦ ਹੈ ਕਿ ਤੁਸੀਂ ਟੈਕਸਲਾ ਦੇ ਖੰਡਰ ਜ਼ਰੂਰ ਵੇਖ ਕੇ ਜਾਇਓ। ਬੱਸ ਇੱਥੋਂ 2 ਕੁ ਮਿੰਟ ਹੀ ਲੱਗਦੇ ਹਨ।” ਡਾ. ਖਾਨ ਨੇ ਕਿਹਾ।
ਅਸੀਂ ਉਂਝ ਵੀ ਸ਼ਾਮ ਤੱਕ ਵਿਹਲੇ ਸਾਂ। ਸੋ ਅਸੀਂ ਡਾ. ਖਾਨ ਦੇ ਦੱਸੇ ਅਨੁਸਾਰ ਟੈਕਸਲਾ ਦੇ ਖੰਡਰ ਵੇਖਣ ਚਲੇ ਗਏ। ਉਥ ਤਕਰੀਬਨ ਸਾਨੂੰ ਘੰਟਾ ਡੇਢ ਘੰਟਾ ਲੱਗ ਗਿਆ ਹੋਣੈ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਅਸੀਂ ਵੇਖਿਆ ਕਿ ਡਾ. ਖਾਨ ਆਪਣੀ ਬੇਗਮ ਅਤੇ ਬੇਟੀਆਂ ਸਮੇਤ ਗੇਟ ‘ਤੇ ਸਾਡਾ ਇੰਤਜ਼ਾਰ ਕਰ ਰਿਹੈ।
”ਮੈਂ ਸੋਚਿਆ, ਭੁੱਖ ਲੱਗੀ ਹੋਣੀ ਐ। ਸੋ, ਆਹ ਤਿਲ ਫ਼ੁੱਲ ਹਾਜ਼ਰ ਹੈ।” ਉਹਨਾਂ ਨੇ ਸਾਨੂੱ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ। ਮੈਂ ਜ਼ਰਾ ਜਜਬਾਤੀ ਹੁੰਦੇ ਹੋਏ ਡਾ. ਖਾਨ ਨੂੰ ਕਿਹਾ,
”ਇਸ ਦੀ ਕੀ ਲੋੜ ਸੀ, ਤੁਸੀਂ ਕਿਉਂ ਤਕਲੀਫ਼ ਕੀਤੀ।”
”ਤਕਲੀਫ਼ ਕਾਹਦੀ ਜੀ। ਸਾਡੇ ਕਸ਼ਮੀਰ ਵਿੱਚ ਜਲਜਲਾ ਆਇਆ। ਵੱਡਾ ਨੁਕਸਾਨ ਹੋਇਆ। ਸਿੱਖਾਂ ਨੇ ਇੱਕ ਵਰ੍ਹੇ ਤੋਂ ਲੰਗਰ ਲਾਇਆ ਹੋਇਐ” ਡਾ. ਖਾਨ ਵੀ ਭਾਵੁਕ ਹੋ ਗਿਆ।
”ਮੈਂ ਤਾਂ ਇੰਗਲੈਂਡ ਵਿੱਚ ਪੜ੍ਹਿਆ ਹਾਂ। ਮੈਨੂੰ ਸਿੱਖਾਂ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਜੀ ।ਇੰਨੇ ਵੱਡੇ ਪੱਧਰ ‘ਤੇ ਰੋਜ਼ਾਨਾ ਖਾਣਾ ਮੁਫ਼ਤ ਖਵਾਉਂਦੇ ਹੋਏ ਵੇਖ ਕੇ ਮੈਨੂੰ ਆਪਣੇ ਅੱਬੂ ਤੋਂ ਪੁੱਛਣਾ ਪਿਆ ਕਿ ਇਹ ਲੋਕ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਭੋਜਨ ਕਿਵੇਂ ਖਵਾ ਦਿੰਦੇ ਨੇ?’
ਇਹਨਾਂ ‘ਸਿੱਖਾਂ’ ਦਾ ਇੱਕ ਪੀਰ ਹੋਇਆ ਹੈ ਨਾਨਕ। ਨਾਨਕ ਨੇ ਬਚਪਨ ਵਿੱਚ 20 ਰੁਪਏ ਦੀ ਇੱਕ ਐਫ਼. ਡੀ. ਕੀਤੀ ਸੀ। ਇਹ ਉਸਨੂੰ ਭੰਨਾ ਰਹੇ ਨੇ। ਉਸ ਐਫ਼. ਡੀ. ਦੀ ਰਕਮ ਕਦੇ ਨਹੀਂ ਮੁੱਕਦੀ। ਜਿਉਂ ਜਿਉਂ ਖਰਚਦੇ ਨੇ ਵਧਦੀ ਜਾਂਦੀ ਹੈ।’ ਮੇਰੇ ਅੱਬੂ ਦਾ ਜਵਾਬ ਸੀ।
ਬੱਸ ਮੈਂ ਤਾਂ ਜੀ ਉਸ ਨਾਨਕ ਪੀਰ ਦਾ ਮੁਰੀਦ ਹੋ ਗਿਆ। ਜਦੋਂ ਵੀ ਮੌਕਾ ਮਿਲਦੈ ਉਹਦੇ ਪਦਚਿੰਨਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਅੱਜ ਤੁਸੀਂ ਮੈਨੂੰ ਮੌਕਾ ਦੇ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫ਼ੈਸਰ ਖਾਨ ਵੀ ਭਾਵੁਕ ਸੀ ਅਤੇ ਮੈਂ ਵੀ ਕੁਝ ਬੋਲ ਨਾ ਸਕਿਆ, ਬੱਸ ਬਾਬਾ ਨਾਨਕ ਦੇ ਪੈਰਾਂ ਤੇ ਸੀਸ ਝੁਕਾ ਕੇ ਇਹ ਸੋਚ ਰਿਹਾ ਸੀ ਕਿ ਬਾਬੇ ਨੇ ਕੈਸੀ ਐਫ਼. ਡੀ. ਕਰਵਾਈ ਜੋ ਪੂਰੀ ਦੁਨੀਆਂ ਨੂੰ ਰਜਾ ਰਹੀ ਹੈ। ਅੱਜ ਦੁਨੀਆਂ ਵਿੱਚ ਸਿੱਖਾਂ ਦੀ ਸੇਵਾ ਦੇ ਚਰਚੇ ਹਨ। ਇਸ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਕੁਦਰਤੀ ਜਾਂ ਗੈਰ ਕੁਦਰਤੀ ਬਿਪਤਾ ਪੈ ਗਈ ਹੋਵੇ ਤਾਂ ਸਿੱਖ ਲੰਗਰ ਦੀ ਸੇਵਾ ਲੈ ਕੇ ਹਾਜ਼ਰ ਹੁੰਦਾ ਹੈ। ਹੜ੍ਹ ਅਤੇ ਤੂਫ਼ਾਨ ਵਿੱਚ ਘਿਰੇ ਲੋਕਾਂ ਦੀ ਮਦਦ ਲਈ ਜਿੱਥੇ ਸਰਕਾਰਾਂ ਦੇ ਸਬੰਧਤ ਮਹਿਕਮੇ ਜਾਣ ਤੋਂ ਡਰਦੇ ਹਨ, ਉਥੇ ਬਾਬੇ ਨਾਨਕ ਦੇ ਸਿੱਖ ਸਰਬੱਤ ਦਾ ਭਲਾ ਮੰਗਦੇ ਹੋਏ ਹਾਜ਼ਰ ਹੁੰਦੇ ਹਨ। ਅਮਰੀਕਾ ਹੋਵੇ, ਕੈਨੇਡਾ ਹੋਵੇ, ਇੰਗਲੈਂਡ ਹੋਵੇ ਜਾਂ ਸ਼ੰਘਾਈ ਹੋਵੇ ਜਾਂ ਦਿੱਲੀ ਜਾਂ ਪਾਕਿਸਤਾਨੀ ਕਸ਼ਮੀਰ ਹੋਵੇ, ਸਿੱਖ ਹਰ ਥਾਂ ਹਾਜਰ ਹੁੰਦੈ ਅਤੇ ਜਿੱਥੇ ਸਿੱਖ ਹਾਜਰ ਹੁੰਦੈ, ਉਥੇ ਬਾਬੇ ਨਾਨਕ ਦਾ ਲੰਗਰ ਹੋਣਾ ਤਾਂ ਸੁਭਾਵਿਕ ਹੀ ਹੈ।
ਜੇ ਮੈਂ ਬੋਲਿਆ ਤਾਂ ਮਾਰ ਦਿੱਤਾ ਜਾਵਾਂਗਾ
ਜੇ ਮੈਂ ਚੁੱਪ ਰਿਹਾ ਤਾਂ ਮਰ ਜਾਵਾਂਗਾ
ਜੇ ਮੈਂ ਬੋਲਿਆ ਤਾਂ ਮਾਰ ਦਿੱਤਾ ਜਾਵਾਂਗਾ।
ਪਾਕਿਸਤਾਨੀ ਸ਼ਾਇਰ ਦਾ ਉਕਤ ਸ਼ੇਅਰ ਗੌਰੀ ਲੰਕੇਸ਼ ਉਤੇ ਪੂਰਾ ਢੁੱਕਦਾ ਹੈ। ਚੁੱਪ ਰਹਿ ਕੇ ਮਰਨ ਨਾਲੋਂ ਉਸਨੇ ਬੋਲ ਕੇ ਮਰਨ ਨੂੰ ਤਰਜੀਹ ਦਿੱਤੀ। ਮੰਗਲਵਾਰ ਦੀ ਸ਼ਾਮ ਬੰਗਲੌਰ ਵਿੱਚ ਬੇਖੌਫ਼ ਲੇਖਣੀ ਅਤੇ ਬੇਬਾਕ ਜੁਬਾਨ ਦੀ ਮਾਲਕ ਕੰਨੜ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦਾ ਉਸਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 55 ਵਰ੍ਹਿਆਂ ਦੀ ਗੌਰੀ ‘ਲੰਕੇਸ਼ ਪੱਤਰਕਾ’ ਸਪਤਾਹਿਕ ਦੀ ਸੰਪਾਦਕ ਸੀ। ਗੌਰੀ ਲੰਕੇਸ਼ ਗੁਜਰਾਤ ਦੇ ਦੰਗਿਆਂ ਬਾਰੇ ਖੋਜੀ ਪੱਤਰਕਾਰ ਰਾਣਾ ਅਯੂਬ ਵੱਲੋਂ ਲਿਖੀ ਕਿਤਾਬ ‘ਗੁਜਰਾਤ ਫ਼ਾਇਲਜ਼’ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਕਾਰਨ ਵੀ ਚਰਚਾ ਵਿੱਚ ਸੀ। ਗੌਰੀ ਕੰਨੜ ਭਾਸ਼ਾ ਦੇ ਉਘੇ ਸਾਹਿਤਕਾਰ ਅਤੇ ਨਿਰਪੱਖ ਪੱਤਰਕਾਰ ਲੰਕੇਸ਼ ਦੀ ਬੇਟੀ ਸੀ। ਲੰਕੇਸ਼ ਨੇ ‘ਲੰਕੇਸ਼ ਪੱਤ੍ਰਿਕਾ’ ਨਾਮ ਦਾ ਸਪਤਾਹਿਕ ਪੱਤਰ ਸ਼ੁਰੂ ਕੀਤਾ ਹੋਇਆ ਸੀ। ਲੰਕੇਸ਼ ਖੁਦ ਵੱਡਾ ਸਾਹਿਤਕਾਰ ਸੀ, ਇਸ ਕਾਰਨ ਉਸਦੀ ਪੱਤਰਿਕਾ ਸਾਹਿਤਕ ਪੱਤਰਕਾਰੀ ਵਿੱਚ ਵੱਡਾ ਨਾਮ ਤੇ ਸਥਾਨ ਰੱਖਦੀ ਸੀ। ਲੰਕੇਸ਼ ਦੀ ਮੌਤ ਤੋਂ ਬਾਅਦ ਗੌਰੀ ਨੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਿਆ। ਉਹ ਵੀ ਆਪਣੇ ਪਿਤਾ ਵਾਂਗ ਵਿਦਰੋਹੀ ਬੁਰ ਵਾਲੀ ਬੇਖੌਫ਼ ਪੱਤਰਕਾਰ ਦੇ ਤੌਰ ਤੇ ਪ੍ਰਸਿੱਧ ਹੋ ਗਈ ਸੀ। ਗੌਰੀ ਨੇ ‘ਲੰਕੇਸ਼ ਪੱਤ੍ਰਿਕਾ’ ਰਾਹੀਂ ਭ੍ਰਿਸ਼ਟ ਸਿਆਸਤਦਾਨਾਂ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਆਪਣੀ ਖੋਜੀ ਪੱਤਰਕਾਰੀ ਰਾਹੀਂ ਉਸਨੇ ਭ੍ਰਿਸ਼ਟ ਲੀਡਰਾਂ ਅਤੇ ਜਰਾਇਮ ਪੇਸ਼ਾ ਲੋਕਾਂ ਨੂੰ ਨੰਗੇ ਕਰਨ ਦਾ ਬੀੜਾ ਉਠਾ ਰੱਖਿਆ ਸੀ। ਇਸੇ ਕਾਰਨ ਅਜਿਹੇ ਲੋਕ ਉਸਦੇ ਵਿਰੁੱਧ ਸਨ। ਗੌਰੀ ਦੇ ਖਿਲਾਫ਼ ਮਾਣਹਾਨੀ ਦੇ ਕੇਸ ਕਈ ਅਦਾਲਤਾਂ ਵਿੱਚ ਚੱਲ ਰਹੇ ਸਨ। ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਵਿੱਚੋਂ ਦੋ ਵਿੱਚ ਉਹ ਦੋਸ਼ੀ ਕਰਾਰ ਦਿੱਤੀ ਜਾ ਚੁੱਕੀ ਸੀ।
ਗੌਰੀ ਲੰਕੇਸ਼ ਹਿੰਦੂਤਵ ਦੀ ਕੱਟੜ ਵਿਰੋਧੀ ਸੀ, ਅਸਹਿਣਸ਼ੀਲਤਾ ਅਤੇ ਭਗਵਾਂਕਰਨ ਦੇ ਵਿਰੋਧ ਵਿੱਚ ਬੇਬਾਕ ਹੋ ਕੇ ਬੋਲਦੀ ਅਤੇ ਲਿਖਦੀ ਸੀ। ‘ਗੁਜਰਾਤ ਫ਼ਾਇਲਜ਼’ ਦੀ ਲੇਖਿਕਾ ਰਾਣਾ ਅਯੂਬ ਦਾ ਕਹਿਣਾ ਹੈ ਕਿ ਬੰਗਲਰੂ ਜਾਂ ਪੂਰੇ ਦੇਸ਼ ਵਿੱਚ ਉਹ ਇੱਕੱਲੀ ਔਰਤ ਸੀ ਜੋ ਸੱਜੇ ਪੱਖੀ ਤਾਕਤਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ। ਉਸਦੀ ਹੱਤਿਆ ਕਰਨ ਦਾ ਕੰਮ ਅਜਿਹੀਆਂ ਤਾਕਤਾਂ ਦਾ ਹੀ ਹੋ ਸਕਦਾ ਹੈ।” ਰਾਣਾ ਨੇ ਦੱਸਿਆ ਕਿ ਗੌਰੀ ਨੇ ਉਸਨੂੰ ਕਈ ਵਾਰ ਦੱਸਿਆ ਸੀ ਉਸਦੀ ਵਿਚਾਰਧਾਰਾ, ਲੇਖਾਂ ਅਤੇ ਭਾਸ਼ਣਾਂ ਨੂੰ ਲੈ ਕੇ ਉਸਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸਦਾ ਕਤਲ ਯਕੀਨਨ ਉਸਦੀ ਵਿਚਾਰਧਾਰਾ ਕਾਰਨ ਹੋਇਆ। ਸੱਜੇ ਪੱਖੀ ਤਾਕਤਾਂ ਦੋ ਵਰ੍ਹਿਆਂ ਤੋਂ ਉਸਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਅੰਤ ਵਿੱਚ ਉਹ ਸਫ਼ਲ ਹੋ ਗਏ।” ਲੇਖਕ ਮੰਗਲੇਸ਼ ਤਬਰਾਲ ਦਾ ਕਹਿਣਾ ਹੈ ਕਿ ਕਰਨਾਟਕ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਸੱਜੇ ਪੱਖੀ ਤਾਕਤਾਂ ਬਹੁਤ ਸਰਗਰਮ ਹੋ ਚੁੱਕੀਆਂ ਹਨ। ਸੰਘ ਪਰਿਵਾਰ ਦੇ ਲੋਕ ਕਿਸੇ ਵੀ ਤਰ੍ਹਾਂ ਸੱਤਾ ਹਥਿਆਉਣਾ ਚਾਹੁੰਦੇ ਹਨ। ਲੋਕਾਂ ਨੂੰ ਡਰਾਉਣਾ-ਧਮਕਾਉਣਾ, ਆਪਣਾ ਆਂਤਕ ਪੈਦਾ ਕਰਨਾ ਅਤੇ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਦਾ ਇੱਕ ਤਰੀਕਾ ਹੈ। ਇਸ ਤੋਂ ਪਹਿਲਾਂ ਵੀ ਹਿੰਦੂਤਵ ਵਿਰੋਧੀ ਤਰਕਸ਼ੀਲ ਲੇਖਿਕਾ ਤੇ ਵਿਦਵਾਨਾਂ ਨਰੇਂਦਰ ਦਾਭੋਲਕਰ, ਗੋਬਿੰਦ ਪਨਸਾਰੇ ਅਤੇ ਐਮ. ਐਮ. ਕੁਲਬੁਰਗੀ ਆਦਿ ਦੇ ਵੀ ਕਤਲ ਹੋ ਚੁੱਕੇ ਹਨ। ਗੌਰੀ ਲੰਕੇਸ਼ ਦੀ ਹੱਤਿਆ ਵੀ ਇਸੇ ਕੜੀ ਵਿੱਚ ਦੇਖੀ ਜਾ ਰਹੀ ਹੈ।
ਅੱਜ ਪੂਰੇ ਦੇਸ਼ ਵਿੱਚ ਗੌਰੀ ਦੇ ਕਤਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਇੱਕ-ਦੂਜੇ ਤੇ ਇਲਜਾਮਤਰਾਸ਼ੀ ਕਰ ਰਹੇ ਹਨ। ਨਿਰਪੱਖ ਤਾਕਤਾਂ ਅਤੇ ਚਿੰਤਨਸ਼ੀਲ ਲੋਕ ਇਸ ਕਤਲ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਤੇ ਵੀ ਇੱਕ ਵੱਡਾ ਵਾਰ ਗਰਦਾਨ ਰਹੇ ਹਨ। ਗੌਰੀ ਲੰਕੇਸ਼ ਪੱਤਰਕਾਰੀ ਦੀ ਸ਼ਹੀਦ ਬਣ ਚੁੱਕੀ ਹੈ ਅਤੇ ਦੇਸ਼ ਦੀਆਂ ਨਿਰਪੱਖ ਅਤੇ ਤਰਕਸ਼ੀਲ ਤਾਕਤਾਂ ਉਸਦੀ ਸ਼ਹੀਦੀ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।