ਪਟਨਾ (ਗਯਾ) ਰੇਲਵੇ ਲਾਈਨ ਦੇ ਕੋਲ ਕਈ ਟੁਕੜਿਆਂ ਵਿੱਚ ਮਿਲੀ ਲਾਸ਼ ਦੀ ਗੁੱਥੀ ਨੂੰ ਇੱਕ ਬੈਨਰ ਨੇ ਸੁਲਝਾ ਦਿੱਤਾ। 45 ਸਾਲਾ ਗੀਤਾ ਦੀ ਲਾਸ਼ ਦੇ ਕੁਝ ਟੁਕੜੇ ਸਰਸਵਤੀ ਪੂਜਾ ਦੇ ਲਈ ਬਣੇ ਬੈਨਰ ਵਿੱਚ ਲਿਪਟੇ ਮਿਲੇ ਸਨ। ਉਸ ਬੈਨਰ ਤੇ ਫ਼੍ਰੈਂਡਸ ਕਲੱਬ ਲਿਖਿਆ ਹੋਇਆ ਸੀ।ਫ਼ਰੈਂਡਸ ਕਲੱਬ ਜੋ ਕਿ ਕੁਸਮਪੁਰ ਕਾਲੋਨੀ, ਨੱਥੂ ਰੋਡ, ਪਰਸਾ ਬਜ਼ਾਰ ਦਾ ਬਣਿਆ ਹੋਇਆ ਸੀ, ਨੇ ਸਾਰਾ ਭੇਦ ਖੋਲ੍ਹ ਦਿੱਤਾ।
ਇਸ ਗੁੱਥੀ ਨੂੰ ਸੁਲਝਾਉਣ ਦੇ ਲਈ ਸਦਰ ਅਨੁਮੰਡਲ ਪੁਲਿਸ ਇੰਸਪੈਕਟਰ ਦੀ ਅਗਵਾਈ ਵਿੱਚ ਜੱਕਨਪੁਰ ਥਾਣਾ ਇੰਚਾਰਜ ਅਮਰਿੰਦਰ ਕੁਮਾਰ ਝਾਅ ਅਤੇ ਪਰਸਾ ਬਜ਼ਾਰ ਥਾਣਾ ਮੁਖੀ ਅਤੇ ਦਰੋਗੇ ਦੀ ਟੀਮ ਬਣਾਈ ਗਈ।
ਪੁੱਛਗਿੱਛ ਤੋਂ ਬਾਅਦ ਪਤਾ ਲੱਗਿਆ ਕਿ ਉਸ ਬੈਨਰ ਨੂੰ ਰੰਜਨ ਅਤੇ ਮਕੈਨਿਕ ਰਾਜੇਸ਼ ਆਪਣੇ ਨਾਲ ਲੈ ਕੇ ਗਿਆ ਸੀ। ਪੁਲਿਸ ਨੇ ਤੁਰੰਤ ਰਾਜੇਸ਼ ਨੂੰ ਦਬੋਚ ਲਿਆ। ਰਾਜੇਸ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕਤਲ ਦੀ ਗੁੱਥੀ ਚੁਟਕੀਆਂ ਵਿੱਚ ਹੱਲ ਹੋ ਗਈ। ਗੀਤਾ ਦਾ ਕਤਲ ਉਸ ਦੇ ਆਪਣਿਆਂ ਨੇ ਹੀ ਕਰ ਦਿੱਤਾ ਸੀ। ਕਤਲ ਤੋਂ ਜ਼ਿਆਦਾ ਦਿਲ ਦਹਿਲਾਉਣ ਵਾਲਾ ਮਾਮਲਾ ਲਾਸ਼ ਨੂੰ ਠਿਕਾਣੇ ਲਗਾਉਣ ਲਈ ਕੀਤੀ ਗਈ ਹੈਵਾਨੀਅਤ ਸੀ।
ਗੀਤਾ ਦੇ ਪਤੀ ਉਮੇਸ਼ ਚੌਧਰੀ, ਬੇਟੀ ਪੂਨਮ ਦੇਵੀ ਅਤੇ ਜਵਾਈ ਰੰਜਨ ਨੇ ਮਿਲ ਕੇ ਗੀਤਾ ਦਾ ਕਤਲ ਕੀਤਾ ਸੀ। ਰੰਜਨ ਅਤੇ ਉਸ ਦੇ ਦੋਸਤ ਰਾਜੇਸ਼ ਨੇ ਮਿਲ ਕੇ ਲਾਸ਼ ਨੂੰ 15 ਛੋਟੇ-ਛੋਟੇ ਟੁਕੜਿਆਂ ਵਿੱਚ ਕੱਟਿਆ, ਉਮੇਸ਼, ਪੂਨਮ ਅਤੇ ਰਾਜੇਸ਼ ਨੂੰ ਪੁਲਿਸ ਨੇ ਦਬੋਚ ਲਿਆ ਹੈ, ਜਦਕਿ ਰੰਜਨ ਫ਼ਰਾਰ ਸੀ। ਹੱਤਿਆ ਵਿੱਚ ਵਰਤੇ ਗਏ 3 ਧਾਰਦਾਰ ਹਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ। ਰੰਜਨ ਅਤੇ ਰਾਜੇਸ਼ ਨੇ ਗੀਤਾ ਦੀ ਲਾਸ਼ ਨੂੰ ਚੌਕੀ ਤੇ ਰੱਖ ਕੇ ਅਤੇ ਵੱਡਾ ਤਿੱਖਾ ਚਾਕੂ (ਖਪਰਾ) ਲੈ ਕੇ ਪਹਿਲਾਂ ਸਿਰ ਨੂੰ ਧੜ ਤੋਂ ਅਲੱਗ ਕੀਤਾ। ਸਿਰ ਨੂੰ ਕੱਟਣ ਤੋਂ ਬਾਅਦ ਖੂਨ ਦੇ ਫ਼ੁਹਾਰੇ ਵਹਿਣ ਲੱਗੇ ਤਾਂ ਖੂਨ ਨੂੰ ਇੱਕ ਪਲਾਸਟਿਕ ਦੇ ਟੱਬ ਵਿੱਚ ਇੱਕੱਠਾ ਕਰ ਲਿਆ ਅਤੇ ਟਾਇਲਟ ਦੇ ਬੇਸਿਨ ਵਿੱਚ ਸੁੱਟ ਕੇ ਫ਼ਲੱਸ਼ ਚਲਾ ਦਿੱਤਾ। ਉਸ ਤੋਂ ਬਾਅਦ ਲਾਸ਼ ਦੇ ਦੋਵੇਂ ਹੱਥਾਂ ਪੈਰਾਂ ਨੂੰ ਕੱਟਿਆ ਗਿਆ।
ਗੀਤਾ ਦੀ ਬੋਟੀ-ਬੋਟੀ ਕੱਟ ਕੇ ਉਸਨੂੰ ਕਈ ਪੋਲੀਥੀਨਾਂ ਵਿੱਚ ਬੰਨ੍ਹ ਕੇ ਦੂਰ ਦੂਰ ਅਲੱਗ ਅਲੱਗ ਥਾਵਾਂ ਤੇ ਸੁੱਟ ਦਿੱਤਾ। ਧੜ ਨੂੰ ਕੁਸਮਪੁਰ ਵਿੱਚ ਹੀ ਪਾਣੀ ਨਾਲ ਭਰੇ ਇੱਕ ਖੱਡੇ ਵਿੱਚ ਸੁੱਟ ਦਿੱਤਾ ਗਿਆ। ਸਿਰ ਨੂੰ ਜੱਕਨਪੁਰ ਥਾਣੇ ਦੇ ਕੋਲ ਗਯਾ ਵਿੱਚ ਸੁੱਟ ਦਿੱਤਾ, ਉਥੇ ਹੀ ਹੱਤਿਆ ਵਿੱਚ ਇਸਤੇਮਾਲ ਕੀਤੇ ਗਏ ਗੰਡਾਸੇ ਅਤੇ ਖਪਰੇ ਵਗੈਰਾ ਨੂੰ ਵੀ ਸੁੱਟ ਦਿੱਤਾ ਗਿਆ।
ਹੱਥਾਂ-ਪੈਰਾਂ ਦੇ ਟੁਕੜਿਆਂ ਨੂੰ ਪਟਨਾ ਗਯਾ ਪਸੈਂਜਰ ਟ੍ਰੇਨ ਵਿੱਚ ਰੱਖ ਕੇ ਰੰਜਨ ਅਤੇ ਰਾਜੇਸ਼ ਪੁਨਪੁਨ ਰੇਲਵੇ ਸਟੇਸ਼ਨ ਤੇ ਉਤਰ ਗਏ। ਪਟਨਾ ਗਯਾ ਪਸੈਂਜਰ ਟ੍ਰੇਨ ਜਦੋਂ ਗਯਾ ਸਟੇਸ਼ਨ ਪਹੁੰਚੀ ਤਾਂ ਰੇਲਵੇ ਪੁਲਿਸ ਨੇ ਇੱਕ ਡੱਬੇ ਵਿੱਚ ਲਾਵਾਰਿਸ ਬੈਗ ਬਰਾਮਦ ਕੀਤਾ। ਉਸ ਬੈਗ ਵਿੱਚ ਹੱਥ ਪੈਰ ਦੇ ਟੁਕੜੇ ਮਿਲਣ ਕਾਰਨ ਗਯਾ ਪੁਲਿਸ ਨੇ 18 ਅਪ੍ਰੈਲ ਨੂੰ ਪਟਨਾ ਪੁਲਿਸ ਨੂੰ ਸੂਚਿਤ ਕੀਤਾ। ਪਟਨਾ ਪੁਲਿਸ ਨੂੰ ਧੜ ਅਤੇ ਸਿਰ ਪਹਿਲਾਂ ਹੀ ਮਿਲ ਚੁੱਕੇ ਸਨ। ਪਟਨਾ ਦੇ ਐਸ. ਐਸ. ਪੀ. ਮਨੂ ਮਹਾਰਾਜ ਕਹਿੰਦੇ ਹਨ ਕਿ ਅਪਰਾਧੀ ਚਾਹੇ ਕਿੰਨੀ ਵੀ ਚਲਾਕੀ ਕਰ ਲਵੇ, ਕੋਈ ਨਾ ਕੋਈ ਸਬੂਤ ਪੁਲਿਸ ਦੇ ਲਈ ਛੱਡ ਹੀ ਜਾਂਦਾ ਹੈ।
ਗੀਤਾ ਦੀ ਹੱਤਿਆ ਕਰਨ ਵਾਲਿਆਂ ਨੇ ਵੀ ਕਾਨੂੰਨ ਦੀ ਪਕੜ ਤੋਂ ਬਚਣ ਦੇ ਲਈ ਪੂਰਾ ਉਪਾਅ ਕੀਤਾ ਸੀ, ਪਰ ਉਸ ਦੇ ਜਵਾਈ ਨੇ ਅਜਿਹਾ ਸਬੂਤ ਛੱਡ ਦਿੱਤਾ ਕਿ ਪੁਲਿਸ ਆਸਾਨੀ ਨਾਲ ਉਹਨਾਂ ਤੱਕ ਪਹੁੰਚ ਗਈ।
ਕਤਲ ਦੇ 40 ਘੰਟੇ ਦੇ ਅੰਦਰ ਪਟਨਾ ਸਦਰ ਪੁਲਿਸ ਦੀ ਟੀਮ ਨੇ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ। 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੀਤਾ ਦਾ ਕਤਲ ਕਰਕੇ ਉਮੇਸ਼ ਆਪਣੀ ਬੇਟੀ ਪੂਨਮ ਦੇ ਨਾਲ ਮਸੌਢੀ ਚਲਾ ਗਿਆ ਸੀ। ਉਸ ਤੋਂ ਬਾਅਦ ਰੰਜਨ ਨੇ ਆਪਣੇ ਨਾਲ ਕੰਮ ਕਰਨ ਵਾਲੇ ਦੋਸਤ ਰਾਜੇਸ਼ ਨੂੰ ਘਰੇ ਬੁਲਾਇਆ ਅਤੇ ਉਸ ਦੀ ਮਦਦ ਨਾਲ ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਦਿੱਤਾ। ਇਸ ਦੇ ਬਦਲੇ ਵਿੱਚ ਰੰਜਨ ਨੇ ਉਸਨੂੰ 20 ਹਜ਼ਾਰ ਦੇਣ ਦਾ ਲਾਲਚ ਦਿੱਤਾ ਸੀ।
17 ਅਪ੍ਰੈਲ ਦੀ ਰਾਤ ਨੂੰ ਪੂਨਮ ਨੇ ਆਪਣੀ ਮਾਂ ਗੀਤਾ ਨੂੰ ਚਿਕਨ ਖਾਣ ਦੇ ਲਈ ਘਰੇ ਬੁਲਾਇਆ ਸੀ। ਉਥੇ ਉਮੇਸ਼ ਅਤੇ ਰੰਜਨ ਪਹਿਲਾਂ ਹੀ ਮੌਜੂਦ ਸਨ। ਪੂਨਮ ਨੇ ਚਿਕਨ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਖਾਣਾ ਖਾਣ ਤੋਂ ਬਾਅਦ ਗੀਤਾ ਬੇਹੋਸ਼ ਹੋ ਗਈ। ਤਕਰੀਬਨ 5 ਘੰਟੇ ਬਾਅਦ ਗੀਤਾ ਨੂੰ ਹੋਸ਼ ਆਇਆ ਤਾਂ ਉਸਨੂੰ ਕਾਫ਼ੀ ਕਮਜ਼ੋਰੀ ਮਹਿਸੂਸ ਹੋ ਰਹੀ ਸੀ।
ਗੀਤਾ ਨੇ ਕਮਰੇ ਵਿੱਚ ਇੱਧਰ-ਉਧਰ ਦੇਖਿਆ ਤਾਂ ਕੋਈ ਨਜ਼ਰ ਨਹੀਂ ਆਇਆ। ਕਿਸੇ ਤਰ੍ਹਾਂ ਉਸ ਨੇ ਆਪਣੇ ਮੋਬਾਇਲ ਫ਼ੋਨ ਤੇ ਤੁਰੰਤ ਆਪਣੇ ਪ੍ਰੇਮੀ ਅਰਮਾਨ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸ ਦੀ ਤਬੀਅਤ ਕਾਫ਼ੀ ਖਰਾਬ ਲੱਗ ਰਹੀ ਹੈ। ਇਸੇ ਵਿੱਚਕਾਰ ਗੀਤਾ ਦਾ ਜਵਾਈ ਰੰਜਨ ਕਮਰੇ ਵਿੱਚ ਪਹੁੰਚ ਗਿਆ ਅਤੇ ਉਸ ਨੇ ਗੀਤਾ ਨੂੰ ਮੋਬਾਇਲ ਫ਼ੋਨ ਤੇ ਕਿਸੇ ਨਾਲ ਗੱਲ ਕਰਦੇ ਸੁਣ ਲਿਆ। ਰੰਜਨ ਨੇ ਗੁੱਸੇ ਵਿੱਚ ਆ ਕੇ ਗੀਤਾ ਦਾ ਗਲਾ ਦਬਾਅ ਕੇ ਉਸਨੂੰ ਮਾਰ ਦਿੱਤਾ।
ਪੁਲਿਸ ਦੀ ਜਾਂਚ ਪੜਤਾਲ ਵਿੱਚ ਪਤਾ ਲੱਗਿਆ ਕਿ ਗੀਤਾ ਦਾ ਅਰਮਾਨ ਨਾਂ ਦੇ ਵਿਅਕਤੀ ਨਾਲ ਨਜਾਇਜ਼ ਰਿਸ਼ਤਾ ਸੀ। ਇਸੇ ਕਾਰਨ ਪਤੀ ਅਤੇ ਬੇਟੀ ਨੇ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ।
ਗੀਤਾ ਹਰ ਮਹੀਨੇ ਆਪਣੇ ਪਤੀ ਉਮੇਸ਼ ਤੋਂ ਪੈਸੇ ਲੈਣ ਪਹੁੰਚ ਜਾਂਦੀ ਸੀ ਅਤੇ ਉਸ ਨਾਲ ਉਸ ਦੀ ਤਨਖਾਹ ਦਾ ਵੱਡਾ ਹਿੱਸਾ ਲੈ ਕੇ ਆਪਣੇ ਪ੍ਰੇਮੀ ਅਰਮਾਨ ਨੂੰ ਦੇ ਦਿੱਤੀ ਸੀ। ਪਿਛਲੇ 20 ਸਾਲਾਂ ਤੋਂ ਗੀਤਾ ਅਤੇ ਅਰਮਾਨ ਵਿੱਚਕਾਰ ਨਜਾਇਜ਼ ਰਿਸ਼ਤਾ ਸੀ। ਗੀਤਾ ਦਾ ਪਤੀ ਉਮੇਸ਼ ਸਕੱਤਰੇਤ ਵਿੱਚ ਭਵਨ ਨਿਰਮਾਣ ਵਿਭਾਗ ਵਿੱਚ ਡ੍ਰਾਫ਼ਸਮੈਨ ਸੀ।
55 ਸਾਲ ਦੇ ਉਮੇਸ਼ ਦਾ ਵਿਆਹ 30 ਸਾਲ ਪਹਿਲਾਂ ਮਸੌਢੀ ਡੇ ਤਰੇਗਾਨਾ ਡੀਹ ਦੀ ਰਹਿਣ ਵਾਲੀ ਗੀਤਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਗੀਤਾ ਸਹੁਰੇ ਘਰ ਰਹਿਣ ਲੱਗੀ ਅਤੇ ਉਹਨਾਂ ਦੇ 3 ਬੱਚੇ ਵੀ ਹੋਏ। ਕੁਝ ਸਾਲਾਂ ਬਾਅਦ ਉਮੇਸ਼ ਲਕਵੇ ਦਾ ਸ਼ਿਕਾਰ ਹੋ ਗਿਆ। ਪਤੀ ਦੀ ਬਿਮਾਰੀ ਦਾ ਫ਼ਾਇਦਾ ਉਠਾਉਂਦੇ ਹੋਏ ਗੀਤਾ ਨੇ ਆਪਣੇ ਪੜੌਸੀ ਅਰਮਾਨ ਨਾਲ ਦੋਸਤੀ ਵਧਾਉਣੀ ਆਰੰਭ ਕਰ ਦਿੱਤੀ ਅਤੇ ਉਸ ਤੋਂ ਬਾਅਦ ਜਿਸਮਾਨੀ ਰਿਸ਼ਤੇ ਵੀ ਬਣੇ। ਉਹ ਜ਼ਿਆਦਾ ਤੋਂ ਜ਼ਿਆਦਾ ਵਕਤ ਅਰਮਾਨ ਦੇ ਨਾਲ ਹੀ ਗੁਜ਼ਾਰਦੀ ਸੀ।
ਗੀਤਾ ਦੀ ਇਸ ਹਰਕਤ ਕਾਰਨ ਉਮੇਸ਼ ਅਤੇ ਉਸ ਦੀਆਂ ਬੇਟੀਆਂ ਗੁੱਸੇ ਵਿੱਚ ਰਹਿੰਦੀਆਂ ਸਨ। ਉਹਨਾਂ ਨੇ ਕਈ ਵਾਰ ਗੀਤਾ ਨੂੰ ਸਮਝਾਉਣ ਅਤੇ ਪਰਿਵਾਰ ਨੂੰ ਸੰਭਾਲਣ ਦੀ ਗੱਲ ਕੀਤੀ ਪਰ ਗੀਤਾ ਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ। ਇਹੀ ਕਾਰਨ ਸੀ ਕਿ ਗੀਤਾ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਿੰਡ ਵਾਲਿਆਂ ਦੇ ਤਾਅਨੇ ਸੁਣ ਕੇ ਉਮੇਸ਼ ਪ੍ਰੇਸ਼ਾਨ ਰਹਿਣ ਲੱਗਿਆ ਸੀ ਅਤੇ ਉਸ ਨੇ ਆਪਣਾ ਜੱਦੀ ਘਰ ਵੀ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉਮੇਸ਼ ਨੇ ਕੁਸਮਪੁਰ ਵਾਲਾ ਘਰ ਵੀ ਛੱਡ ਦਿੱਤਾ। ਕਦੀ-ਕਦੀ ਉਹ ਮਸੌੜੀ ਵਿੱਚ ਆਪਣੇ ਸਹੁਰੇ ਘਰ ਵਾਲਿਆਂ ਦੇ ਘਰ ਵਿੱਚ ਰਹਿੰਦਾ ਸੀ ਅਤੇ ਕਦੀ ਪਟਨਾ ਵਿੱਚ ਵੀ ਰਹਿੰਦਾ ਸੀ।
ਐਸ. ਐਸ. ਪੀ. ਮਨੂ ਮਹਾਰਾਜ ਨੇ ਦੱਸਿਆ ਕਿ ਹੱਤਿਆਰਿਆਂ ਨੇ ਹੱਤਿਆ ਵਿੱਚ ਇਸਤੇਮਾਲ ਕੀਤੇ ਗਏ ਗੰਡਾਸੇ ਅਤੇ ਖਪਰੇ ਨੂੰ ਫ਼ਲੈਕਸ ਵਿੱਚ ਲਪੇਟ ਕੇ ਸੁੱਟਿਆ ਸੀ। ਬੈਨਰ ਤੇ ਕੁਸਮਪੁਰ ਫ਼੍ਰੈਡਸ ਕਲੱਬ ਦਾ ਪਤਾ ਲਿਖਿਆ ਹੋਇਆ ਸੀ। ਉਸੇ ਐਡਰੈਸ ਦੇ ਸਹਾਰੇ ਪੁਲਿਸ ਕੁਸਮਪੁਰ ਪਹੁੰਚੀ ਅਤੇ ਫ਼੍ਰੈਂਡਸ ਕਲੱਬ ਦਾ ਪਤਾ ਕਰਕੇ ਹੱਤਿਆਰਿਆਂ ਤੱਕ ਆਸਾਨੀ ਨਾਲ ਪਹੁੰਚ ਗਈ।