ਅਜੀਬੋ ਗ਼ਰੀਬ ਮੌਤ ਮਰ ਰਹੀ ਹੈ ਪੰਜ ਦਰਿਆਵਾਂ ਦੀ ਧਰਤੀ

ਕਦੇ ਰੱਜਾ-ਪੁੱਜਾ ਸੂਬਾ ਕਹਿਲਾਉਣ ਵਾਲਾ ਰਾਜ ਪੰਜਾਬ ਅੱਜ ਆਪਣੇ ਅੰਤਮ ਸਾਹ ਗਿਣ ਰਿਹਾ ਜਾਪਦੈ
ਲੇਖਕ ਜਸਪਾਲ ਸਿੰਘ, ਪੰਜਾਬੀ ਰੂਪਾਂਤਰ ਕੰਵਰ ਸੰਦੀਪ ਸਿੰਘ
ਡਗਲਸ ਮਰੇ ਦੀ ਹਾਲੀਆ ਬੈੱਸਟ ਸੈਲਰ ਕਿਤਾਬ ‘ਦਾ ਸਟਰੇਂਜ ਡੈੱਥ ਔਫ਼ ਯੌਰਪ: ਇਮੀਗ੍ਰੇਸ਼ਨ, ਆਈਡੈਂਟਿਟੀ ਐਂਡ ਇਸਲਾਮ (ਯੌਰਪ ਦੀ ਅਜੀਬੋ-ਗ਼ਰੀਬ ਮੌਤ: ਪ੍ਰਵਾਸ, ਸਵੈ-ਪਹਿਚਾਣ ਅਤੇ ਇਸਲਾਮ), ਦੇ ਸੰਦਰਭ ਵਿੱਚ ਇਹ ਸਹੀ ਵਕਤ ਹੈ ਆਪਣੇ ਜਨਮ ਸਥਾਨ ਪੰਜਾਬ ਦੀ ਦੁਰਦਸ਼ਾ ਬਾਰੇ ਸੋਚਣ ਦਾ ਜੋ ਕਿ ਇੱਕ ਅਜਿਹਾ ਸੂਬਾ ਹੈ ਜਿਸ ਦੀ ਕਿਸਮਤ ਵਿੱਚ ਵੀ ਅਜਿਹੀ ਅਜੀਬੋ-ਗ਼ਰੀਬ ਮੌਤ ਹੀ ਲਿਖੀ ਲੱਗਦੀ ਹੈ ਬੇਸ਼ੱਕ ਇਸ ਦੇ ਕਾਰਨ ਯੌਰਪ ਦੇ ਨਿਘਾਰ ਤੋਂ ਬਿਲਕੁਲ ਵੱਖਰੇ ਹੋਣਗੇ।
ਸਮੁੱਚੇ ਹਿੰਦੋਸਤਾਨ ਦਾ ਅੰਨਦਾਤਾ ਮੰਨਿਆ ਜਾਂਦਾ ਪੰਜਾਬ ਰਾਜ ਕਦੇ ਵੀ ਸੈਲਾਨੀਆਂ ਦਾ ਪਸੰਦੀਦਾ ਸ ਥਾਨ ਨਹੀਂ ਰਿਹਾ। ਉੱਥੇ ਗੋਆ ਵਰਗੇ ਬੀਚ ਨਹੀਂ ਅਤੇ ਨਾ ਹੀ ਕਸ਼ਮੀਰ ਜਾਂ ਹਿਮਾਚਲ ਵਰਗੇ ਪਹਾੜ ਹੀ ਹਨ। ਬਲਕਿ, ਇਹ ਵਾਹੀਯੋਗ ਧਰਤੀ ਦਾ ਇੱਕ ਅਜਿਹਾ ਪੱਧਰਾ ਟੁੱਕੜਾ ਹੈ ਜਿੱਥੋਂ ਦੇ ਲਗਭਗ ਸਾਰੇ ਜੰਗਲ ਖ਼ਤਮ ਕਰ ਦਿੱਤੇ ਗਏ ਹਨ ਅਤੇ ਜਿੱਥੋਂ ਦੀ ਆਬਾਦੀ ਅੱਜ ਉਸ ਦੇ ਸ੍ਰੋਤਾਂ ਦੀ ਸਮਰੱਥਾ ਤੋਂ ਕਿਤੇ ਵੱਧ ਹੈ।
ਇਸ ਸਭ ਦੇ ਬਾਵਜੂਦ, ਇਸ ਧਰਤੀ ਦਾ ਇੱਕ ਸ਼ਾਨਮੱਤਾ ਇਤਿਹਾਸ ਹੈ, ਪਰ ਅਫ਼ਸੋਸ ਪੱਛਮ ਦੇ ਲੋਕ ਇਸ ਤੋਂ ਬਿਲਕੁਲ ਅਣਜਾਣ ਹਨ। ਇਰਾਕ ਦੇ ਮੈਸੋਪੋਟਾਮੀਆ ਅਤੇ ਚੀਨ ਦੇ ਯਾਂਗਸੀ ਦਰਿਆ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਛੁੱਟ ਪੰਜਾਬ ਦਾ ਖਿੱਤਾ ਵੀ ਸਭਿਅਤਾ ਦਾ ਅਜਿਹਾ ਪੰਘੂੜਾ ਮੰਨਿਆ ਜਾਂਦਾ ਹੈ ਜਿੱਥੇ ਦਰਿਆ ਸਿੰਧੂ ਦੇ ਕੰਢਿਆਂ ‘ਤੇ ਹਜ਼ਾਰਾਂ ਸਾਲ ਪਹਿਲਾਂ ਸਿੰਧੂ ਘਾਟੀ ਦੀ ਸਭਿਅਤਾ ਪਨਪੀ ਸੀ। ਸਿਕੰਦਰ ਦੇ ਯੂਨਾਨੀਆਂ ਤੋਂ ਲੈ ਕੇ ਬਾਬਰ ਦੇ ਮੁਗ਼ਲਾਂ ਤਕ, ਸਾਰੀਆਂ ਧਾੜਵੀ ਫ਼ੌਜਾਂ ਲਈ ਪੰਜ ਦਰਿਆਵਾਂ ਦੀ ਇਹ ਅਤਿ ਜ਼ਰਖ਼ੇਜ ਜ਼ਮੀਨ ਮੁੱਢ ਕਦੀਮ ਤੋਂ ਹੀ ਭਾਰਤੀ ਉੱਪਮਹਾਂਦੀਪ ਵਿੱਚ ਦਾਖ਼ਲ ਹੋਣ ਲਈ ਮੁੱਖ ਪ੍ਰਵੇਸ਼ ਦੁਆਰ ਬਣੀ ਰਹੀ ਹੈ।
ਪੰਜਾਬ ਰਾਜ ਦੇ ਨਾਲ ਨਾਲ ਇੱਥੇ ਵੱਸਦੇ ਸਿੱਖਾਂ ਦਾ ਇਤਿਹਾਸ ਵੀ ਦੁਖਾਂਤਾਂ ਭਰਪੂਰ ਹੈ। ਮੁਗ਼ਲਾਂ ਵਲੋਂ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਹਿੰਦੋਸਤਾਨੀਆਂ ਉੱਪਰ ਢਾਏ ਗਏ ਅਕਹਿ ਅਤੇ ਅਸਹਿ ਹਕੂਮਤੀ ਜਬਰ ਨੇ ਉਸ ਵੇਲੇ ਇੱਕ ਨਵੇਂ ਜੰਗਜੂ ਫ਼ੌਜੀ ਪ੍ਰਬੰਧ ਨੂੰ ਜਨਮ ਦਿੱਤਾ ਜਿਸ ਨੂੰ ਖ਼ਾਲਸਾ ਵਜੋਂ ਜਾਣਿਆ ਗਿਆ। ਮੁਗ਼ਲਾਂ ਦੇ ਪਤਨ ਤੋਂ ਬਾਅਦ ਪਰਸ਼ੀਆ ਦੇ ਨਾਦਰ ਸ਼ਾਹ ਨੇ ਪੰਜਾਬ ‘ਤੇ ਹੱਲਾ ਬੋਲ ਦਿੱਤਾ ਅਤੇ ਬਾਅਦ ਵਿੱਚ ਇੱਕ ਅਫ਼ਗ਼ਾਨੀ ਅਹਿਮਦ ਸ਼ਾਹ ਅਬਦਾਲੀ ਨੇ ਰਾਜ ਦੀ ਮਨਚਾਹੀ ਲੁੱਟ-ਖਸੁੱਟ ਕੀਤੀ। ਮਹਾਰਾਜਾ ਰਣਜੀਤ ਸਿੰਘ ਅਧੀਨ ਖ਼ਾਲਸਾ ਰਾਜ ਦੀ ਸਥਾਪਨਾ ਹੋਣ ਤੋਂ ਬਾਅਦ 1799 ਵਿੱਚ ਜਾ ਕੇ ਸਿੱਖਾਂ ਨੂੰ ਖ਼ੁਦਮੁਖ਼ਤਿਆਰੀ ਹਾਸਲ ਹੋਈ।
ਮਹਾਰਾਜੇ ਦੀ ਮੌਤ ਤੋਂ ਬਾਅਦ, ਸਿੱਖ ਰਾਜ ਬੇਤਰਤੀਬੀ ਦੇ ਆਲਮ ਵਿੱਚ ਘਿਰ ਗਿਆ ਅਤੇ ਛੇਤੀ ਹੀ ਪੰਜਾਬ ਬਰਤਾਨਵੀ ਸਲਤਨਤ ਦਾ ਹਿੱਸਾ ਬਣਾ ਦਿੱਤਾ ਗਿਆ। ਦੂਸਰੇ ਵਿਸ਼ਵ ਯੁੱਧ ਉਪਰੰਤ ਬਰਤਾਨਵੀ ਬਸਤੀਵਾਦ ਦਾ ਹਿੰਦੋਸਤਾਨ ਵਿੱਚ ਅੰਤ ਹੋਣ ਕਾਰਨ ਉਸ ਖਿੱਤੇ ਨੂੰ ਦੋ ਭਾਗਾਂ, ਭਾਰਤ ਅਤੇ ਇਸਲਾਮਿਕ ਰੀਪਬਲਿਕ ਔਫ਼ ਪਾਕਿਸਤਾਨ, ਵਿੱਚ ਵੰਡ ਦਿੱਤਾ ਗਿਆ ਜਿਸ ਨਾਲ ਪੰਜਾਬ ਰਾਜ ਦੇ ਵੀ ਦੋ ਹਿੱਸੇ ਹੋ ਗਏ। ਸੰਨ 1947 ਦੀਆਂ ਗਰਮੀਆਂ ਵਿੱਚ ਇਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਪੈਂਦੇ ਇਸ ਖਿੱਤੇ ਵਿੱਚ ਵਹਿਸ਼ੀਪੁਣੇ ਦਾ ਅਜਿਹਾ ਤਾਂਡਵ ਹੋਇਆ ਜਿਸ ਕਾਰਨ ਸਾਨੂੰ ਮਨੁੱਖੀ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਪ੍ਰਵਾਸ ਦੇਖਣ ਨੂੰ ਮਿਲਿਆ।
ਲਾਹੌਰ, ਜੋ ਕਿ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਰਾਜਧਾਨੀ ਹੁੰਦਾ ਸੀ, ਵੰਡ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬ ਵਿੱਚ ਚਲਾ ਗਿਆ ਅਤੇ ਕਿਸੇ ਵੇਲੇ ਮਹਾਂਨਗਰ ਦੀ ਤਬੀਅਤ ਦਾ ਮਾਲਕ ਸਮਝਿਆ ਜਾਂਦਾ ਇਹ ਸ਼ਹਿਰ, ਜਿੱਥੇ ਕਦੇ ਹਿੰਦੂ-ਸਿੱਖ-ਮੁਸਲਮਾਨ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿੰਦੇ ਸਨ, ਨੂੰ ਨਸਲੀ ਤੌਰ ‘ਤੇ ਸਿੱਖ ਅਤੇ ਹਿੰਦੂ ਆਬਾਦੀਆਂ ਤੋਂ ਮੁਕਤ ਕਰਵਾ ਲਿਆ ਗਿਆ। ਭਾਰਤੀ ਪਾਸੇ ਵਾਲੇ ਪੰਜਾਬ ਰਾਜ ਵਿੱਚ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਓਹੋ ਜਿਹਾ ਹੀ ਮਜ਼੍ਹਬੀ ਤਨਾਅ 1980ਵਿਆਂ ਦੇ ਖ਼ਾਲਿਸਤਾਨੀ ਵੱਖਵਾਦੀਆਂ ਦੇ ਰਾਜ ਵਿਦਰੋਹ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਸੀ ਜੋ ਕਿ ਇੱਕ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਲਈ ਹਿੰਦੋਸਤਾਨ ਦੀ ਹਕੂਮਤ ਖ਼ਿਲਾਫ਼ ਜੱਦੋਜਹਿਦ ਕਰ ਰਹੇ ਸਨ।
ਭਾਰਤ ਦੇ ਪਾਸੇ ਵਾਲੇ ਪੰਜਾਬੀਆਂ ਨੂੰ ਉਨ੍ਹਾਂ ਦੀ ਸਹਿਨਸ਼ੀਲਤਾ ਦਾ ਇਨਾਮ ਵੀ ਦਿੱਤਾ ਗਿਆ, ਅਤੇ ਵੰਡ ਤੋਂ ਬਾਅਦ ਕੁਝ ਸਮੇਂ ਤਕ ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲੀਆਂ ਜਿਹੜੀਆਂ ਇੱਕ ਅਮੀਰ ਖਿੱਤੇ ਵਿੱਚ ਵਿਚਰਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ। ਪਰ ਪਿੱਛਲੇ ਇੱਕ ਦਹਾਕੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬੀ ਸੂਬਾ ਨਿਰੰਤਰ ਆਪਣੇ ਨਿਘਾਰ ਵੱਲ ਗਾਮਜ਼ਨ ਹੈ। ਸਿੱਖਾਂ ਦੇ ਤਾਬੂਤ ਵਿਚਲਾ ਆਖ਼ਰੀ ਕਿੱਲ ਮੁਗ਼ਲਾਂ, ਪਰਸ਼ੀਅਨਾਂ ਜਾਂ ਬਰਤਾਨਵੀਆਂ ਦੀ ਕਿਸੇ ਵਿਦੇਸ਼ੀ ਸ਼ਕਤੀ ਵਲੋਂ ਨਹੀਂ ਠੋਕਿਆ ਜਾਣ ਵਾਲਾ, ਅਤੇ ਨਾ ਹੀ ਇਹ ਹਿੰਦੋਸਤਾਨ ਦੀ ਸਰਕਾਰ ਵਲੋਂ ਹੀ ਆਉਣ ਵਾਲਾ ਹੈ। ਇਸ ਆਖ਼ਰੀ ਕਿੱਲ ਨੂੰ ਠੋਕਣ ਲਈ ਜੇ ਕੋਈ ਵਾਕਈ ਜ਼ਿੰਮੇਵਾਰ ਹੋਵੇਗਾ ਤਾਂ ਉਹ ਪੰਜਾਬੀ ਖ਼ੁਦ ਹੀ ਹੋਣ ਵਾਲੇ ਹਨ। ਇਹ ਕੋਈ ਅਜਿਹੀ ਨਸਲਕੁਸ਼ੀ ਨਹੀਂ ਜਿਹੜੀ ਹਿੰਦੋਸਤਾਨ ਦੀ ਹਕੂਮਤ ਵਲੋਂ ਗੋਲੀਆਂ ਨਾਲ ਲਾਗੂ ਕੀਤੀ ਗਈ ਹੋਵੇ ਸਗੋਂ ਇਸ ਦਾ ਕਾਰਨ ਡਰੱਗਜ਼ ਜਾਂ ਸ਼ਰਾਬ ਦਾ ਸੇਵਨ, ਭਰੂਣ ਹੱਤਿਆਵਾਂ, ਘੱਟਦੀ ਜਨਮ ਦਰ, ਵੱਧ ਰਹੀਆਂ ਕਿਸਾਨ ਖ਼ੁਦਕੁਸ਼ੀਆਂ, ਜ਼ਾਤ-ਪਾਤ ਆਧਾਰਿਤ ਵਿਤਕਰਾ, ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ, ਧਰਮ ਪਰਿਵਰਤਨ, ਆਦਿ ਕੁਰੀਤੀਆਂ ਦੀ ਮਹਾਂਮਾਰੀ ਹੈ।
ਮੈਂ ਆਪਣੀ ਜਨਮ ਭੂਮੀ ਤੋਂ ਪ੍ਰਵਾਸ ਕਰਨ ਉਪਰੰਤ ਚਾਰ ਵਾਰ ਵਾਪਸ ਘੁੰਮਣ ਜਾ ਚੁੱਕਾ ਹਾਂ, ਅਤੇ ਮੇਰੀ ਆਖ਼ਰੀ ਪੰਜਾਬ ਫ਼ੇਰੀ ਅੱਜ ਤੋਂ ਇੱਕ ਦਹਾਕਾ ਪਹਿਲਾਂ ਹੋਈ ਸੀ। ਮੈਂ ਸੱਚਮੁੱਚ ਹੈਰਾਨ ਹਾਂ ਕਿ ਖ਼ੁਸ਼ਹਾਲ ਅਤੇ ਭੋਲਾ-ਭਾਲਾ ਦਿਖਣ ਵਾਲਾ ਇੱਕ ਸਮਾਜ ਅਚਾਨਕ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਕਿਵੇਂ ਬਣ ਗਿਆ। ਚੀਜ਼ਾਂ ਨੂੰ ਸੰਦਰਭ ਦੇਣ ਹਿਤ ਵਰਣਨਯੋਗ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚੋਂ 51.6 ਪ੍ਰਤੀਸ਼ਤ ਨੂੰ ਡਰੱਗਜ਼ ਦਾ ਆਦੀ ਪਾਇਆ ਗਿਆ, ਜੋ ਕਿ ਭਾਰਤ ਦੀ ਰਾਸ਼ਟਰੀ ਔਸਤ 2.8 ਤੋਂ 18 ਗੁਣਾ ਵੱਧ ਹੈ। ਸ਼ਰਾਬ ਦੇ ਸੇਵਣ ਸਬੰਧੀ ਅੰਕੜੇ ਵੀ ਓਨੇ ਹੀ ਚਿੰਤਾਜਨਕ ਹਨ। ਛੋਟੀ ਉਮਰ ਤੋਂ ਲੈ ਕੇ ਹੁਣ ਤਕ ਮੈਂ ਪੰਜਾਬੀ ਵਿਆਹਾਂ ਵਿੱਚ ਜਿਹੜੇ ਵੀ ਗੀਤ ਸੁਣੇ ਹਨ ਉਨ੍ਹਾਂ ਵਿੱਚ ਸ਼ਰਾਬ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ੩ ਅਤੇ ਜਦੋਂ ਕੋਈ ਬੱਚਾ ਆਪਣੇ ਰਿਸ਼ਤੇਦਾਰਾਂ ਨੂੰ ‘ਜੱਟ ਹੋ ਗਿਆ ਸ਼ਰਾਬੀ’ ਜਾਂ ‘ਪਟਿਆਲਾ ਪੈੱਗ’ ਆਦਿ ਗਾਣਿਆਂ ਦੀ ਖ਼ੁਰਾਕ ‘ਤੇ ਨੱਚਦਿਆਂ ਦੇਖ ਵੱਡਾ ਹੋਇਆ ਹੋਵੇ ਤਾਂ ਉਸ ਨੂੰ ਵੱਡੀ ਉਮਰ ਵਿੱਚ ਸ਼ਰਾਬੀ ਬਣਦਿਆਂ ਦੇਖ ਕੇ ਕਿਸੇ ਨੂੰ ਵੀ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ।
ਸਿੱਖਾਂ ਵਿੱਚ ਇਸਤਰੀ ਪੁਰਸ਼ ਅਨੁਪਾਤ ਵੀ ਹਿੰਦੋਸਤਾਨ ਵਿੱਚ ਸਭ ਤੋਂ ਵੱਧ ਅਸਮਾਨਤਾ ਵਾਲਾ ਹੈ, 900 ਲੜਕੀਆਂ ਪਿੱਛੇ 1000 ਲੜਕੇ। ਸਿੱਖਾਂ ਲਈ ਇਹ ਸਭ ਤੋਂ ਵੱਡੀ ਕੌਮੀ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ … ਸ਼ਰਾਬ ਅਤੇ ਡਰੱਗਜ਼ ਦੇ ਇਸਤੇਮਾਲ ਦੀ ਸ਼ਰਮ ਤੋਂ ਵੀ ਕਿਤੇ ਵੱਧ ਸ਼ਰਮਨਾਕ। ਮੈਨੂੰ ਬਚਪਨ ਤੋਂ ਹੀ ਇਹੀ ਸਿਖਾਇਆ ਗਿਆ ਸੀ ਕਿ ਜਦੋਂ ਔਰਤਾਂ ਦੀ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਬੇਹੱਦ ਅਗਾਂਹਵਧੂ ਧਾਰਮਿਕ ਸੋਚ ਦੀ ਧਾਰਣੀ ਹੈ। ਸਾਡੇ ਗੁਰੂਆਂ ਨੇ ਭਾਰਤੀ ਸਮਾਜ ਵਿੱਚ ਉਸ ਵਕਤ ਫ਼ੈਲੀਆਂ ਕੁਰੀਤੀਆਂ, ਜਿਵੇਂ ਕਿ ਸਤੀ ਪ੍ਰਥਾ ਜਾਂ ਔਰਤਾਂ ਨੂੰ ਆਪਣਾ ਚਿਹਰਾ ਢੱਕ ਕੇ ਰੱਖਣ ਲਈ ਮਜਬੂਰ ਕਰਨਾ, ਆਦਿ ਖ਼ਿਲਾਫ਼ ਨਿਰੰਤਰ ਸੰਘਰਸ਼ ਕੀਤਾ। ਸਿੱਖ ਇਤਿਹਾਸ ਵਿੱਚ ਮਾਈ ਭਾਗੋ ਵਰਗੀਆਂ ਸਿੱਖ ਔਰਤਾਂ ਰਣਖੇਤਰ ਵਿੱਚ ਅਕਸਰ ਆਪਣੀਆਂ ਫ਼ੌਜਾਂ ਦੀ ਅਗਵਾਈ ਕਰਦੀਆਂ ਦੇਖੀਆਂ ਗਈਆਂ ਹਨ। ਇੱਕ ਅਜਿਹਾ ਕੌਸ਼ਲ ਜਿਸ ਵਿੱਚ ਔਰਤਾਂ ਦੀ ਮੁਹਾਰਤ ਹੋਣ ਦਾ ਉਸ ਵਕਤ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕੁਝ ਪ੍ਰਾਚੀਨ ਸਮਾਜਕ ਕੁਰੀਤੀਆਂ ਜਿਹੜੀਆਂ ਇਤਿਹਾਸਕ ਤੌਰ ‘ਤੇ ਕਦੇ ਵੀ ਸਿੱਖ ਸੋਚ ਦਾ ਹਿੱਸਾ ਨਹੀਂ ਰਹੀਆਂ (ਅਤੇ ਜਿਨ੍ਹਾਂ ਦੀ ਹੋਂਦ ਸਿੱਖੀ ਦੀ ਹੋਂਦ ਤੋਂ ਵੀ ਕਿਤੇ ਪਹਿਲਾਂ ਦੀ ਹੈ), ਜਿਵੇਂ ਕਿ ਦਾਜ ਪ੍ਰਥਾ, ਲੋਹੜੀ ਦਾ ਤਿਓਹਾਰ, ਪੰਜਾਬੀ ਸੰਗੀਤ ਅਤੇ ਲੋਕ ਗੀਤਾਂ ਰਾਹੀਂ ਮਹਿਲਾਵਾਂ ਦਾ ਨਿਰਾਦਰ, ਆਦਿ ਸਭ ਨੇ ਰਲ ਕੇ ਪੰਜਾਬੀ ਸਮਾਜ ਨੂੰ ਉਸ ਨਾਰੀ ਵਿਰੋਧੀ ਸਭਿਅਤਾ ਵਿੱਚ ਤਬਦੀਲ ਕਰ ਦਿੱਤਾ ਹੈ ਜਿਹੜੀ ਸਾਨੂੰ ਅਜੋਕੇ ਹਿੰਦੋਸਤਾਨ ਵਿੱਚ ਦੇਖਣ ਨੂੰ ਮਿਲ ਰਹੀ ਹੈ।
ਹਾਲ ਹੀ ਵਿੱਚ ਕਰਵਾਏ ਗਏ ਇੱਕ ਅਧਿਅਨ ਅਨੁਸਾਰ, ਪੰਜਾਬੀ ਸਿੱਖਾਂ ਦੀ ਪ੍ਰਜਣਨ ਸਮਰੱਥਾ ਦਾ ਪੱਧਰ ਇਸ ਵਕਤ ਇੰਨਾ ਡਿਗ ਚੁੱਕੈ ਕਿ ਅੱਜ ਇਹ ਸਵਾਲ ਵੀ ਖੜ੍ਹਾ ਹੋਣ ਲੱਗ ਪਿਐ ਕਿ ਕੀ ਆਉਣ ਵਾਲੇ ਨੇੜਲੇ ਭਵਿੱਖ ਵਿੱਚ ਹੀ ਸਿੱਖਾਂ ਦੀ ਹਿੰਦੋਸਤਾਨ ਵਿੱਚ ਕੋਈ ਹੋਂਦ ਬਾਕੀ ਨਹੀਂ ਰਹਿ ਜਾਵੇਗੀ? 2070 ਦਾ ਪੰਜਾਬ ਉਹੋ ਜਿਹਾ ਨਹੀਂ ਹੋਣ ਵਾਲਾ ਜਿਹੋ ਜਿਹਾ ਮੈਂ ਬਚਪਨ ਵਿੱਚ ਆਪਣੇ ਅੰਕਲ ਦੇ ਵਿਆਹ ਵੇਲੇ ਦੇਖਿਆ ਸੀ। ਆਪਣੀਆਂ ਸਾਰੀਆਂ ਵਿਦੇਸ਼ੀ ਫ਼ੇਰੀਆਂ ਦੌਰਾਨ, ਬੇਸ਼ੱਕ ਉਹ ਹੌਂਗ ਕੌਂਗ, ਸਿਡਨੀ ਜਾਂ ਬਾਰਸੇਲੋਨਾ ਵਿੱਚੋਂ ਕੋਈ ਵੀ ਜਗ੍ਹਾ ਹੋਵੇ, ਮੇਰਾ ਟਾਕਰਾ ਅਮੂਮਨ ਨੌਜਵਾਨ, ਪ੍ਰਮੁੱਖ ਤੌਰ ‘ਤੇ ਮਰਦ, ਗੈਰਕਾਨੂੰਨੀ ਪੰਜਾਬੀ ਭਾਈਚਾਰੇ ਨਾਲ ਹੁੰਦਾ ਹੀ ਰਹਿੰਦਾ ਹੈ। ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਸੁਣਨ ਵਿੱਚ ਬਹੁਤ ਔਖੀਆਂ ਲੱਗਦੀਆਂ ਹਨ, ਖ਼ਾਸਕਰ ਜਦੋਂ ਉਹ ਉਨ੍ਹਾਂ ਸਾਰੇ ਹਰਬਿਆਂ ਦਾ ਜ਼ਿਕਰ ਕਰਦੇ ਹਨ ਜਿਹੜੇ ਉਨ੍ਹਾਂ ਨੇ ਹਿੰਦੋਸਤਾਨ ਛੱਡਣ ਲਈ ਵਰਤੇ ਸਨ। ਬਦਲੇ ਵਿੱਚ ਉਨ੍ਹਾਂ ਨੂੰ ਕੀ ਮਿਲਿਆ? ਆਪਣੀ ਜਨਮ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਕਿਸੇ ਵਿਦੇਸ਼ੀ ਮੁਲਕ ਦੀ ਜ਼ਿੱਲਤ?
ਪੰਜਾਬੋਂ ਵਿਦੇਸ਼ ਆਉਣ ਦੀ ਹੋੜ ਅਤੇ ਪੰਜਾਬ ਤੇ ਪੰਜਾਬੀਆਂ ਦਾ ਨਿਰੰਤਰ ਘੱਟ ਰਿਹਾ ਉਪਜਾਊਪੁਣਾ ਹੀ ਕੇਵਲ ਅਜਿਹੇ ਕਾਰਨ ਨਹੀਂ ਜਿਨ੍ਹਾਂ ਕਾਰਨ ਸਿੱਖਾਂ ਵਿੱਚ ਜਨਸੰਖਿਅਕ ਨਿਘਾਰ ਦੇਖਣ ਨੂੰ ਮਿਲ ਰਿਹੈ। ਪੰਜਾਬ ਵਿਚਲਾ ਧਾਰਮਿਕ ਭੰਬਲਭੂਸੇ ਵਾਲਾ ਵਾਤਾਵਰਣ ਅਤੇ ਸਿੱਖਾਂ ਵਿੱਚ ਲੀਡਰਸ਼ਿਪ ਦੀ ਘਾਟ ਨੇ ਇੱਕ ਅਜਿਹੇ ਖ਼ਲਾਅ ਨੂੰ ਜਨਮ ਦਿੱਤਾ ਹੈ ਜਿਸ ਨੂੰ ਪੁਰ ਕਰਨ ਲਈ ਪੰਜਾਬੀ ਸਿੱਖ ਕਦੇ ਇਸਾਈ ਧਰਮ ਦੇ ਮਿਸ਼ਨਰੀਆਂ ਵੱਲ ਝਾਕਦੇ ਹਨ, ਕਦੇ ਭਗਵੇ ਕਪੜਿਆਂ ਵਾਲਿਆਂ ਦੀ ਘਰ ਵਾਪਸੀ ਦਾ ਹਿੱਸਾ ਬਣ ਜਾਂਦੇ ਹਨ ਅਤੇ ਕਦੇ ਸੰਪਰਦਾਵਾਂ ਦੇ ਬਾਬਿਆਂ ਦੇ ਆਢੇ ਚੜ੍ਹ ਜਾਂਦੇ ਹਨ। ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਉਸ ਦੇ ਦੋ ਲੱਖ ਸ਼ਰਧਾਲੂਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦੇਖ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਂ ਜਾਣਦਾਂ ਕਿ ਇਸ ਤਲਖ਼ ਹਕੀਕਤ ਨੂੰ ਤਸਲੀਮ ਕਰਨਾ ਬਹੁਤ ਔਖੈ, ਪਰ ਸਾਨੂੰ ਇਹ ਗੱਲ ਕਬੂਲ ਕਰਨੀ ਹੀ ਪੈਣੀ ਹੈ ਕਿ ਅੱਜ ਸਿੱਖ ਕੌਮ ਦੀ ਹੋਂਦ ਨੂੰ ਹੀ ਖ਼ਤਰਾ ਬਣ ਗਿਆ ਹੈ। ਇਸ ਵਕਤ ਪੰਜਾਬ ਨੂੰ ਇੱਕ ਹੋਰ ਸਿੰਘ ਸਭਾ ਲਹਿਰ ਦੀ ਬੜੀ ਸ਼ਿੱਦਤ ਨਾਲ ਲੋੜ ਹੈ।
ਪ੍ਰਵਾਸ ਵਿੱਚ ਰਹਿੰਦਿਆਂ, ਇਹ ਜਰਨਾ ਬਹੁਤ ਮੁਸ਼ਕਿਲ ਹੁੰਦੈ ਕਿ ਜਿਸ ਧਰਤੀ ‘ਤੇ ਸਦੀਆਂ ਤੋਂ ਤੁਹਾਡੇ ਪੂਰਵਜ ਵੱਸਦੇ ਰਹੇ ਹੋਣ, ਉੱਥੋਂ ਤੁਹਾਡੇ ਜੀਵਨਕਾਲ ਦੌਰਾਨ ਹੀ ਉਨ੍ਹਾਂ ਦਾ ਖੁਰਾ ਖੋਜ ਸਦਾ ਲਈ ਮਿਟ ਜਾਵੇਗਾ। ਅਫ਼ਸੋਸ ਦੀ ਗੱਲ ਹੈ ਕਿ ਪੱਛਮੀ ਮੁਲਕਾਂ ਵਿੱਚ ਵੱਸਦੇ ਸਿੱਖਾਂ ਦਰਮਿਆਨ ਜਦੋਂ ਵੀ ਪੰਜਾਬ ਦੀ ਗੱਲ ਛਿੜਦੀ ਹੈ ਤਾਂ ਉਸ ਦਾ ਸਾਰੇ ਦਾ ਸਾਰਾ ਸਰੋਕਾਰ 1984 ਦੇ ਆਲੇ ਦੁਆਲੇ ਦੀਆਂ ਘਟਨਾਵਾਂ ਤਕ ਹੀ ਸੀਮਿਤ ਰਹਿੰਦਾ ਹੈ – ਸ੍ਰੀ ਦਰਬਾਰ ਸਾਹਿਬ ਕੌਂਪਲੈਕਸ ਉੱਪਰ ਹਮਲੇ ਤੋਂ ਲੈ ਕੇ ਹਿੰਦੋਸਤਾਨ ਵਿਚਲੇ ਸਿੱਖ ਵਿਰੋਧੀ ਦੰਗਿਆਂ ਤੋਂ ਲੈ ਕੇ ਉਨ੍ਹਾਂ ਫ਼ੌਜੀ ਕਰਫ਼ਿਊਆਂ ਤਕ ਜਿਨ੍ਹਾਂ ਨੇ ਉਸ ਵਕਤ ਦੇ ਭਾਰਤੀ ਪੰਜਾਬ ਨੂੰ ਇੱਕ ਫ਼ੌਜੀ ਛਾਉਣੀ ਵਿੱਚ ਤਬਦੀਲ ਕਰ ਕੇ ਰੱਖ ਦਿੱਤਾ ਸੀ।
ਸੰਨ ’84 ਦਾ ਮੇਰੀ ਜ਼ਿੰਦਗੀ ਨਾਲ ਵੀ ਬਹੁਤ ਨੇੜਲਾ ਸਬੰਧ ਰਿਹਾ ਹੈ। ਸਾਨੂੰ ਇਸ ਗੱਲ ਦਾ ਪੂਰਾ ਹੱਕ ਵੀ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਉਸ ਕਾਲੇ ਦੌਰ ਨੂੰ ਹਮੇਸ਼ਾ ਆਪਣੇ ਚੇਤੇ ਵਿੱਚ ਰੱਖੀਏ, ਠੀਕ ਉਸੇ ਤਰ੍ਹਾਂ ਜਿਵੇਂ ਯਹੂਦੀ ਆਪਣੀ ਨਸਲਕੁਸ਼ੀ ਨੂੰ ਯਾਦ ਕਰਦੇ ਹਨ ਜਾਂ ਫ਼ਿਰ ਅਰਮੀਨੀਅਨ ਲੋਕ 1915 ਦੇ ਆਪਣੇ ਕਤਲੇਆਮ ਨੂੰ। ਫ਼ਿਰ ਵੀ, ਗੱਲ ਅਤੀਤ ਤਕ ਹੀ ਸੀਮਿਤ ਹੋ ਕੇ ਨਹੀਂ ਰਹਿ ਜਾਣੀ ਚਾਹੀਦੀ। ਗੱਲ ਉਸ ਤੋਂ ਅੱਗੇ ਵਧਣੀ ਚਾਹੀਦੀ ਹੈ, ਅਤੇ ਸਾਡਾ ਧਿਆਨ 2017 ਦੇ ਪੰਜਾਬ ਵੱਲ ਹੋਣ ਚਾਹੀਦੈ। ਅੱਜ ਦੇ ਪੰਜਾਬ ਵੱਲ।
ਮੈਂ ਇਹ ਵੀ ਮੰਨਦਾ ਹਾਂ ਕਿ ਸਾਨੂੰ ਆਪਣੀਆਂ ਗ਼ਲਤੀਆਂ ਅਤੇ ਖ਼ਾਮੀਆਂ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। ਆਪਣੀਆਂ ਊਣਤਾਈਆਂ ਦੀ ਪਹਿਚਾਣ ਕਰ ਕੇ, ਉਨ੍ਹਾਂ ਨੂੰ ਕਬੂਲ ਕਰ ਕੇ, ਹੀ ਅਸੀਂ ਸੁਧਾਰ ਦੀ ਜਾਗ੍ਰਤੀ ਨੂੰ ਪ੍ਰੇਰਿਤ ਕਰ ਸਕਦੇ ਹਾਂ। ਭਾਰਤੀ ਸਰਕਾਰ ਵੱਲ ਦੋਸ਼ ਦੀ ਉਂਗਲ ਕਰਦਿਆਂ ਸਾਨੂੰ ਹੁਣ ਕਾਫ਼ੀ ਲੰਬਾ ਸਮਾਂ ਹੋ ਚੁੱਕੈ। ਅਸੀਂ ਸੋਚਦੇ ਹਾਂ ਕਿ ਜੋ ਕੁਝ ਵੀ ਸਿੱਖਾਂ ਨਾਲ ਵਾਪਰ ਰਿਹੈ ਉਹ ਉੱਚ ਵਰਗ ਦੇ ਹਿੰਦੂਆਂ ਵਲੋਂ ਜਾਣਬੁਝ ਕੇ ਸਿੱਖੀ ਨੂੰ ਬਦਨਾਮ ਕਰਨ ਦੀ ਇੱਕ ਖ਼ਤਰਨਾਕ ਸਾਜ਼ਿਸ਼ ਦਾ ਹਿੱਸਾ ਹੈ। ਮੈਂ ਇਹ ਮੰਨਣ ਲਈ ਤਿਆਰ ਹਾਂ ਕਿ ਭਾਰਤ ਦੀ ਕੇਂਦਰ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ। ਮੈਂ ਇਹ ਵੀ ਜਾਣਦਾਂ ਕਿ ਮੌਜ ਮਸਤੀ ਲਈ ਬਦਨਾਮ ਡਰੱਗਜ਼ ਜਿੰਨੀ ਆਸਾਨੀ ਨਾਲ ਪੰਜਾਬ ਵਿੱਚ ਉਪਲੱਬਧ ਹਨ ਓਨੀਆਂ ਪੂਰੇ ਹਿਦੋਸਤਾਨ ਵਿੱਚ ਹੋਰ ਕਿਸੇ ਵੀ ਰਾਜ ਵਿੱਚ ਨਹੀਂ, ਅਤੇ ਇਸ ਗੱਲ ਬਾਰੇ ਵੀ ਕੋਈ ਦੋ ਰਾਏ ਨਹੀਂ ਕਿ ਪੰਜਾਬ ਪੁਲਿਸ ਅਜਿਹੀਆਂ ਸ਼ੈਵਾਂ ਦੀ ਤਸਕਰੀ ਵਲੋਂ ਜਾਣਬੁਝ ਕੇ ਆਪਣਾ ਮੁੱਖ ਮੋੜ ਲੈਂਦੀ ਹੈ। ਪਰ ਅੰਤ ਵਿੱਚ, ਇਸ ਜ਼ਹਿਰ ਨੂੰ ਫ਼ੂਕਣ, ਸੁੰਘਣ, ਖਾਣ, ਪੀਣ, ਆਦਿ ਲਈ ਅਸੀਂ ਪੰਜਾਬੀ ਸਿੱਖ ਖ਼ੁਦ ਹੀ ਜ਼ਿੰਮੇਵਾਰ ਹਾਂ; ਕੋਈ ਵੀ ਬੰਦਾ ਸਾਡੇ ਸਿਰ ‘ਤੇ ਬੰਦੂਕ ਰੱਖ ਕੇ ਸਾਡੇ ਤੋਂ ਇਨ੍ਹਾਂ ਚੀਜ਼ਾਂ ਦਾ ਸੇਵਨ ਨਹੀਂ ਕਰਵਾ ਰਿਹਾ। ਯੂ.ਕੇ. ਦੇ ਸਾਰੇ ਯੂਨੀਵਰਸਿਟੀ ਕੈਂਪਸਿਸਜ਼ ਵਿੱਚ ਕਲਾਸ-ਏ ਦੇ ਨਸ਼ੀਲੇ ਪਦਾਰਥ ਆਸਾਨੀ ਨਾਲ ਉਪਲੱਬਧ ਹਨ, ਪਰ ਮੇਰੀ ਉਮਰ ਦੇ ਬਹੁਤੇ ਵਿਦਿਆਰਥੀ ਰਾਤੋ ਰਾਤ ਨਸ਼ੇੜੀ ਤਾਂ ਨਹੀਂ ਬਣ ਗਏ। ਹਾਲਾਂਕਿ ਨਸ਼ਾ ਤਸਕਰੀ ਵਿਰੁੱਧ ਹੋਰ ਵੀ ਸਖ਼ਤ ਕਾਨੂੰਨਾਂ ਦੀ ਲੋੜ ਹੈ, ਨਸ਼ਿਆਂ ਵਿਰੁੱਧ ਇੱਕ ਜ਼ਮੀਨੀ ਅੰਦੋਲਨ ਸ਼ੁਰੂ ਕਰਨਾ ਅੱਜ ਦੇ ਵਕਤ ਦੀ ਪੁਕਾਰ ਹੈ। ਇੱਕ ਅਜਿਹਾ ਅੰਦੋਲਨ ਜਿਹੜਾ ਕੇਵਲ ਵਿਦਿਆ ਅਤੇ ਜਾਗ੍ਰਤੀ ਨਾਲ ਹੀ ਸੰਭਵ ਹੋ ਸਕੇਗਾ।
ਜੇਕਰ ਅਸੀਂ ਅਤੀਤ ਦੀਆਂ ਤਾਨਾਸ਼ਾਹ ਹਕੂਮਤਾਂ ਦੇ ਜਬਰ ਦੇ ਬਾਵਜੂਦ ਇੱਕ ਕੌਮ ਦੇ ਤੌਰ ‘ਤੇ ਖ਼ਤਮ ਨਹੀਂ ਕੀਤੇ ਜਾ ਸਕੇ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਇੱਕ ਬਹੁਸਭਿਆਚਾਰਕ ਲੋਕਤੰਤਰ, ਚਾਹੇ ਉਹ ਜਿੰਨਾ ਮਰਜ਼ੀ ਅਪੂਰਣ ਕਿਉਂ ਨਾ ਹੋਵੇ, ਵਿੱਚ ਵਿਕਸਣ ਅਤੇ ਉਸ ‘ਤੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਨਾ ਹੋਈਏ!
jaspalsidhu1995@gmail.com