ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

ਉਹ ਕਿਹੜਾ ਬੂਟਾ ਏ?
ਹਰ ਥਾਂ ਜੋ ਪਲਦਾ ਏ
ਆਰੇ ਦੇ ਦੰਦਿਆਂ ਤੇ,
ਰੰਬੀਆਂ ਦੀਆਂ ਧਾਰਾਂ ਤੇ,
ਪੱਥਰ ਦਿਆਂ ਦਰਿਆਂ ਵਿੱਚ
ਸਰਸਾ ਦਿਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿੱਚ,
ਰੋੜਾਂ ਵਿੱਚ, ਰਕੜਾਂ ਵਿੱਚ,
ੋਬੰਜਰਾਂ ਵਿੱਚ, ਮੀਂਹਾਂ ਵਿੱਚ,
ਸਰਹੰਦ ਦੀਆਂ ਨੀਹਾਂ ਵਿੱਚ,
ਜਿੱਥੇ ਵੀ ਲਾ ਦਈਏ,
ਉਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਹੀ ਫ਼ਲਦਾ ਏ।
ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਆਪਣੀ ਉਕਤ ਕਵਿਤਾ ‘ਸਿੱਖੀ’ ਵਿੱਚ ਜਿਹੜੀ ਸਿੱਖੀ ਦੀ ਗੱਲ ਕੀਤੀ ਹੈ, ਕੀ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਅੱਧੇ ਹਿੱਸੇ ਜਿੰਨੀ ਕਿ ਭਾਰਤੀ ਪੰਜਾਬ ਉਸੇ ਤਰ੍ਹਾਂ ਵੱਧ ਫ਼ੁੱਲ ਰਹੀ ਰਹੀ ਹੈ। ਇਹ ਸਵਾਲ ਹਰ ਸਿਆਣੇ ਅਤੇ ਗੰਭੀਰ ਸਿੱਖ ਦੇ ਮਨ ਵਿੱਚ ਆਉਂਦਾ ਹੈ। ਭਾਰਤੀ ਪੰਜਾਬ ਦੇ 12728 ਪਿੰਡਾਂ ਵਿੱਚ 4025 ਸੰਤ ਹਨ। 1925 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ। ਇਸਦੇ ਬਾਵਜੂਦ ਸਿੱਖੀ ਸਰੂਪ ਵਾਲੇ ਅਤੇ ਪ੍ਰੋ. ਮੋਹਨ ਸਿੰਘ ਦੀ ਦਿੱਤੀ ਸਿੱਖੀ ਦੀ ਪਰਿਭਾਸ਼ਾ ‘ਤੇ ਖਰੇ ਉਤਰਨ ਵਾਲੇ ਸਿੱਖ ਕਿੰਨੇ ਕੁ ਨਜ਼ਰ ਆਉਂਦੇ ਹਨ। ਸਾਬਤ ਸਰੂਤ ਸਿੱਖ ਭਾਵੇਂ ਵਧਣ ਫ਼ੁੱਲਣ ਜਾਂ ਨਾ ਪਰ ਪੰਜਾਬ ਅਤੇ ਪੰਜਾਬ ਦੇ ਨਾਲ ਸਬੰਧਤ ਲੋਕਾਂ ਦੇ ਡੇਰੇ ਲਗਾਤਾਰ ਵੱਧ ਰਹੇ ਹਨ। ਡੇਰਿਆਂ ਦੇ ਫ਼ੈਲਾਅ ਵਿੱਚ ਬਾਬੇ ਨਾਂਨਕ ਦੇ ਵਾਰਸ ਲੱਗੇ ਹੋਏ ਹਨ।
ਡੇਰੇਦਾਰ ਸਿੱਖ ਫ਼ਲਸਫ਼ੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੀਆਂ ਧੱਜੀਆਂ ਉਡਾ ਰਹੇ ਹਨ। ਇੱਕ ਚੈਨਲ ਦੇ ਐਂਕਰ ਨੇ ਇਸ ਸਬੰਧੀ ਸਵਾਲ ਕਰਦ ਹੋਏ ਕਿਹਾ ਕਿ:
”ਕੀ ਕਾਰਨ ਹੈ ਲੋਕ ਡੇਰਿਆਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ। ਲੋਕ ਡੇਰਿਆਂ ਵੱਲ ਨੂੰ ਜਾ ਰਹੇ ਹਨ, ਖਾਸ ਤੌਰ ‘ਤੇ ਸਿੱਖਾਂ ਦੀ ਵੱਡੀ ਗਿਣਤੀ ਡੇਰੇਦਾਰਾਂ ਦੀ ਭਗਤ ਬਣ ਰਹੀ ਹੈ, ਜ਼ਿੰਮੇਵਾਰੀ ਕਿਸਦੀ ਹੈ।’
‘ਬਹੁਤੇ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਹੁੰਦੇ ਹਨ। ਸਿੱਖੀ ਵਿੱਚ ਸੰਤਾਂ ਨੂੰ ਵੱਡਾ ਰੁਤਬਾ ਦਿੱਤਾ ਗਿਆ ਹ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ:
ਸੰਤ ਸਰਿਨ ਜੋ ਜਨੁ ਪਰੈ ਸੋ ਜਨੁ ਉਧਰਨਹਾਰ
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ
ਗੁਰੂ ਅਰਜਨ ਦੇਵ ਜੀ ਨ ਹੇਠ ਲਿਖੇ ਸ਼ਬਦਾਂ ਵਿੱਚ ‘ਸੰਤਾਂ’ ਦੀ ਸ਼ਲਾਘਾ ਕੀਤੀ ਹੈ:
ਸੰਤ ਜਨਾ ਮਿਲਿ ਹਰਿ ਜਸੁ ਗਾਇਓ
ਕੋਟਿ ਜਨਮ ਦੇ ਦੁਖ ਗਵਾਇਓ।
ਸੋ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ‘ਸੰਤਾਂ’ ਨੂੰ ਸਤਿਕਾਰ ਦਿੰਦੇ ਹੋਏ ਉਹਨਾਂ ਦੇ ਪਿੱਤੇ ਲੱਗ ਤੁਰਦੇ ਹਨ। ਦੂਜੇ ਪਾਸੇ ਜ਼ਿਆਦਾ ਗਿਣਤੀ ਵਿੱਚ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਭੋਲੀ ਭਾਲੀ ਸੰਗਤ ਨੂੰ ਪਿੱਛੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਵੱਡੀ ਗਿਣਤੀ ਵਿੱਚ ਸੰਗਤ ਤਰਕਸ਼ੀਲ ਨਹੀਂ ਹੁੰਦੀ ਅਤੇ ਨਾ ਹੀ ਬਹਤੀ ਪੜ੍ਹੀ ਲਿਖੀ। ਉਸਨੂੰ ਰਾਮ ਚਰਿਤ ਮਾਨਸ ਵਿੱਚ ਤੁਲਸੀ ਦਾਸ ਵੱਲੋਂ ਦਿੱਤੀ ਸੰਤਾਂ ਦੀ ਪਰਿਭਾਸ਼ਾ ਨਹੀਂ ਪਤਾ ਹੁੰਦੀ ਹੈ। ਤੁਲਸੀ ਦਾਸ ਅਨੁਸਾਰ:
”ਸੰਤ ਵਿਸ਼ਿਆਂ ਵਿੱਚ ਫ਼ਸੇ ਨਹੀਂ ਹੁੰਦੇ, ਸ਼ੀਲ ਅਤੇ ਸਦਗੁਣਾਂ ਦੀ ਖਾਣ ਹੁੰਦੇ ਹਨ। ਉਹਨਾਂ ਨੂੰ ਪਰਾਇਆ ਦੁੱਖ ਦੇਖ ਕੇ ਦੁੱਖ ਅਤੇ ਸੁੱਖ ਦੇਖ ਕੇ ਸੁਖ ਮਿਲਦਾ ਹੈ।”
ਇਸ ਤਰ੍ਹਾਂ ਮਹਾਤਮਾ ਬੁੱਧ ਨੇ ਧੱਮਪਦ ਵਿੱਚ ਕਿਹਾ ਹੈ:
ਮਨ ਹੈ ਜਿਸਦਾ ਮੈਲਾ ਉਸਨੂੰ ਸਾਧ ਭੇਖ ਨ ਤਾਰੇ,
ਸਾਧ ਭੇਖ ਕੇ ਯਗ ਹੈ ਉਹੀ ਚਿੱਤ ਸੰਜਮ ਜੋ ਧਾਰੇ।
ਸਾਧ ਹੈ ਉਹੀ ਮਾਇਆ ਵਿੱਚ ਜੋ ਰਹਿੰਦਾ ਹੈ ਨਿਰਲੇਪ,
ਸਾਧ ਹੈ ਉਹੀ ਸਾਸ-ਸਾਸ ਤੋ ਹਰਿ-ਹਰਿ ਨਾਮ ਚਿਤਾਰੇ।
ਜ਼ਿਆਦਾਤਰ ਲੋਕਾਂ ਨੂੰ ਭੇਖੀ ਅਤੇ ਅਸਲੀ ਸੰਤਾਂ ਵਿੱਚ ਫ਼ਰਕ ਨਹੀਂ ਪਤਾ ਲੱਗਦਾ। ਮੱਧ ਸ਼੍ਰੇਣੀ, ਹੇਠਲੀ ਮੱਧ ਸ਼੍ਰੇਣੀ, ਸਮਾਜਿਕ ਤੌਰ ‘ਤੇ ਪੱਛੜੀਆਂ ਸ਼੍ਰੇਣੀਆਂ ਅਤੇ ਜਾਤ ਦੇ ਆਧਾਰ ਤੇ ਨੀਵੀਆਂ ਕਹੀਆਂ ਜਾਣ ਵਾਲੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅਜਿਹੇ ਭੇਖੀ ਲੋਕ ਜਲਦੀ ਅਤੇ ਆਸਾਨੀ ਨਾਲ ਪਿੱਛੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇ ਸਿੱਖੀ ਵਿੱਚ ਗੁਰੂ ਆਸ਼ੇ ਅਨੁਸਾਰ ਜਾਤ ਪਾਤ ਦਾ ਫ਼ਰਕ ਮਿਟ ਜਾਂਦਾ ਤਾਂ ਸਥਿਤੀ ਅਜਿਹੀ ਨਹੀਂ ਹੋਣੀ ਸੀ। ਜੇ ਸਿੱਖੀ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਮੌਕੇ ਮਿਲਦੇ ਤਾਂ ਵੀ ਲੋਕ ਡੇਰਿਆਂ ਵੱਲ ਮੂੰਹ ਨਾ ਕਰਦੇ। ਜੇ ਸਿੱਖੀ ਦੇ ਪ੍ਰਚਾਰਕ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਤਾਂ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਡੇਰੇਦਾਰਾਂ ਦੇ ਮਗਰ ਨਾ ਲੱਗਦੇ। ਜੇ ਸਿਆਸੀ ਲੋਕ ਆਪਣੇ ਸਿਆਸੀ ਸਵਾਰਥ ਪੂਰੇ ਕਰਨ ਹਿਤ ਇਹਨਾਂ ਲੋਕਾਂ ਨੂੰ ਸਰਪ੍ਰਸਤੀ ਨਾ ਦਿੰਦੇ ਤਾਂ ਵੀ ਸਥਿਤੀ ਕੁਝ ਹੋਰ ਹੁੰਦੀ। ਜੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਨੂੰ ਸਹੀ ਅਤੇ ਜ਼ੋਰਦਾਰ ਤਰੀਕੇ ਨਾਲ ਕਰਦੀ ਤਾਂ ਵੀ ਸਿੱਖ ਸੰਗਤ ਭੇਖੀ ਸਾਧਾਂ ਦੇ ਮਗਰ ਨਾ ਲੱਗਦੀ, ਦਲੀਲਾਂ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਸਿੱਖ ਪ੍ਰਚਾਰਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਕਤ ਜਵਾਬ ਮੈਂ ਉਸ ਟੀ. ਵੀ. ਐਂਂਕਰ ਨੂੰ ਦਿੱਤਾ। ਹੁਣ ਮੈਂ ਇਹੀ ਜਵਾਬ ਤੁਹਾਡੇ ਅੱਗ ਰੱਖ ਰਿਹਾ ਹਾਂ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਹੋਰ ਦਲੀਲਾਂ ਦਿਓਗੇ ਤਾਂ ਜੋ ਕੋਈ ਸਹੀ ਨਿਰਣੇ ‘ਤੇ ਪਹੁੰਚ ਸਕੀਏ। ਉਂਝ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਵਿੱਚ ਅਜਿਹਾ ਕੀ ਸੀ ਕਿ ਉਸਨੇ ਲੱਖਾਂ ਲਕਾਂ ਨੂੰ ਆਪਣੇ ਅਨੁਯਾਈ ਬਣਾ ਰੱਖਿਆ ਸੀ ਜੋ ਉਸ ਉਪਰ ਜਾਨ ਵਾਰਨ ਲਈ ਤਿਆਰ ਸਨ। ਇਹ ਗੁਰਮੀਤ ਰਾਮ ਰਹੀਮ ਹੋਵੇ ਜਾਂ ਕੋਈ ਹੋਰ। ਇਹ ਸਵਾਲ ਹਮੇਸ਼ਾ ਤੁਹਾਡੇ ਸਾਹਮਣੇ ਰਹੇਗਾ। ਇੱਕ ਗੱਲ ਤਾਂ ਸਪਸ਼ਟ ਹੈ ਕਿ ਅਜਿਹੇ ਲੋਕ ਕੁਝ ਅਜਿਹਾ ਜ਼ਰੂਰ ਕਰਦੇ ਹਨ ਜਿਸ ਕਾਰਨ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਨ। ਜਿਵੇਂ ਲੰਗਰ ਪਾਣੀ ਅਤੇ ਕੁਝ ਹੋਰ ਸਹੂਲਤਾਂ ਦੇਣਾ। ਰਾਮ ਰਹੀਮ ਵਾਂਗ ਸਿਹਤ ਸਹੂਲਤਾਂ ਅਤ ਨਸ਼ੇ ਛੁਡਾਉਣਾ ਆਦਿ। ਵੱਡਾ ਕਾਰਨ ਸਿਆਸੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਰਾਹੀਂ ਲੋਕਾਂ ‘ਤੇ ਪ੍ਰਭਾਵ ਪਾਉਣਾ। ਅਫ਼ਸਰਸ਼ਾਹੀ ਅਤੇ ਸਰਕਾਰਾਂ ਤੋਂ ਜਾਇਜ਼-ਨਜਾਇਜ਼ ਕੰਮ ਲੈਣੇ। ਰਾਮ ਰਹੀਮ ਵਰਗੇ ਤਾਂ ਵਪਾਰ ਅਤੇ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਆਪਣੇ ਪ੍ਰੇਮੀਆਂ ਦੀ ਮਦਦ ਕਰਦਾ ਸੀ। ਸੋ ਲੋਕ ਤਾਂ ਆਪਣੇ ਸਵਾਰਥਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਅਖੌਤੀ ਸੰਤ ਇੱਕ ਪਾਸੇ ਲੋਕਾਂ ਦੇ ਸਵਾਰਥ ਪੂਰੇ ਕਰਦੇ ਹਨ, ਦੂਜੇ ਪਾਸੇ ਉਹਨਾਂ ਦੀ ਧਾਰਮਿਕ ਸ਼ਰਧਾ ਅਤੇ ਆਸਥਾ ਪੂਰੀ ਕਰਦੇ ਹਨ। ਡੇਰਿਆਂ ਵਿੱਚ ਮਿਲਦੇ ਜਾਤ ਪਾਤ ਦੇ ਨਾਤ ‘ਤੇ ਸਤਿਕਾਰ ਅਤੇ ਅਧਿਕਾਰ ਉਹਨਾਂ ਨੂੰ ਸਾਧਾਂ ਨਾਲ ਜੋੜ ਦਿੰਦੇ ਹਨ। ਬਹੁਤੀ ਅਨਪੜ੍ਹ ਜਨਤਾ ਅਜਿਹੇ ਭੇਖੀਆਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ। ਬਾਕੀ ਪੰਜਾਬ ਵਿੱਚਲੇ ਸੰਤ ਸਾਧਾਂ ਬਾਰੇ ਤਾਂ ਜੋ ਮੈਂ ਉਪਰ ਕਿਹਾ ਹੈ ਕਿ ਜੇ ਸਿੱਖੀ ਵਿੱਚ ਸਭ ਨੂੰ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਬਰਾਬਰੀ ਦਾ ਸਥਾਨ ਮਿਲਦਾ ਤਾਂ ਇਸ ਧਰਤੀ ‘ਤੇ ਅਜਿਹਾ ਕੁਝ ਨਾ ਵਾਪਰਦਾ। ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਡੇਰਾਵਾਦ ਵਿਰੁੱਧ ਇੱਕ ਮੁਹਿੰਮ ਚਲਾਵੇ ਪਰ ਇਹ ਕੰਮ ਹੈ ਬੜਾ ਮੁਸ਼ਕਿਲ। ਕਿਉਂਕਿ ਸੈਂਕੜੇ ਸੰਤ ਸ਼੍ਰੋਮਣੀ ਅਕਾਲੀ ਦਲ ਨਾਲ ਜੁਡੇ ਹੋਏ ਹਨ ਅਤੇ ਕੋਈ ਸਿਆਸੀ ਪਾਰਟੀ ਆਪਣੇ ਅਜਿਹੇ ਸਹਿਯੋਗੀ ਨੂੰ ਨਹੀਂ ਗਵਾਉਣਾ ਚਾਹੇਗੀ।
ਕਲਮੋਂ ਨੇ ਸੱਚ ਲਿਖਾ ਜੋ ਬਸਤੀ ਮੇਂ ਹੂਆ
ਘਰ ਜਲਾਨ ਕੀ ਸਾਜਿਸ਼, ਹਵਾਉਂ ਕੀ ਥੀ
ਔਰ ਅਖਬਾਰ ਮੇਂ, ਛਪ ਗਯਾ ਹਾਦਿਸਾ
ਸ਼ਾਇਰ ਮਹਤਾਬ ਪੈਕਰ ਆਜ਼ਮੀ ਨੇ ਉਕਤ ਸ਼ੇਅਰ ਵਿੱਚ ਮੀਡੀਆ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ ਲਗਾਇਆ ਹੈ ਕਿ ਅੱਗ ਲਾਉਣ ਵਾਲੇ ਜਾਂ ਸਾਜਿਸ਼ਾਂ ਕਰਨ ਵਾਲ ਕੋਈ ਹੋਰ ਸਨ ਅਤੇ ਅਖਬਾਰਾਂ ਵਾਲਿਆਂ ਨੇ ਇਸਨੂੰ ਮਹਿਜ਼ ਹਾਦਸਾ ਬਣਾ ਕੇ ਪੇਸ਼ ਕਰ ਦਿੱਤਾ। ਮੀਡੀਆ ‘ਤੇ ਅਜਿਹੇ ਇਲਜ਼ਾਮ ਅਕਸਰ ਲੱਗਦੇ ਹਨ। ਕਾਰਨ ਸਪਸ਼ਟ ਹੈ ਕਿ ਮੀਡੀਆ ਦੀ ਵਿਸ਼ਵਾਸਯੋਗਤਾ ਪਿਛਲੇ ਕਾਫ਼ੀ ਸਮੇਂ ਤੋਂ ਸ਼ੱਕੀ ਹੋ ਗਈ ਹੈ। ਆਮ ਲੋਕ ਸਮਝਦੇ ਹਨ ਕਿ ਪੈਸੇ ਦੇ ਜ਼ੋਰ ‘ਤੇ ਮੀਡੀਆ ਵਿੱਚ ਜੋ ਚਾਹੋ ਵਿਖਾ ਸਕਦੇ ਹੋ ਅਤੇ ਜੋ ਚਾਹੋ ਛਪਵਾ ਸਕਦੇ ਹੋ। ਲੋਕਤੰਤਰ ਦੇ ਤਿੰਨ ਸਤੰਭਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਾਂਗ ਚੌਥਾ ਸਤੰਭ ਵੀ ਘਟਦੀ ਵਿਸ਼ਵਾਸਯੋਗਤਾ ਕਾਰਨ ਲੋਕਾਂ ਦੀ ਕਚਹਿਰੀ ਵਿੱਚ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਕਲਮਾਂ ਵਿਕਣ ਲੱਗੀਆਂ ਹਨ, ਕਲਮਾਂ ਝੁਕਣ ਲੱਗੀਆਂ ਹਨ ਅਤੇ ਕਲਮਾਂ ਰੁਕਣ ਲੱਗੀਆਂ ਹਨ।
ਇਹ ਤਸੱਲੀ ਭਰੀ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦ ੇਮੁਖੀ ਗੁਰਮੀਤ ਰਾਮ ਰਹੀਮ ਦੇ ਸਾਧਵੀ ਬਲਾਤਕਾਰ ਕੇਸ ਦੀ ਕਵਰੇਜ਼ ਕਰਦੇ ਸਮੇਂ ਪ੍ਰਿੰਟ ਅਤੇ ਬਿਜਲਈ ਮੀਡੀਆ ਨੇ ਆਪਣੀ ਵਿਸ਼ਵਾਸ ਯੋਗਤਾ ਵਿੱਚ ਢੇਰ ਵਾਧਾ ਕੀਤਾ ਹੈ। ਇਸ ਕੇਸ ਵਿੱਚ ਦੇਸ਼ ਦੇ ਲੋਕਤੰਤਰ ਦੇ ਦੋ ਸਤੰਭਾਂ ਨਿਆਂਪਾਲਿਕਾ ਅਤੇ ਮੀਡੀਆ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਆਪਣੇ ਲਈ ਨਾ ਸਿਰਫ਼ ਸਤਿਕਾਰ ਵਧਾਇਆ ਬਲਕਿ ਲੋਕ ਮਨਾਂ ਵਿੱਚ ਆਸ ਦੀ ਕਿਰਨ ਵੀ ਜਗਾਈ ਹੈ ਕਿ ਅਜੇ ਵੀ ਕੈਮਰੇ ਦੀ ਅੱਖ ਸੱਚ ਨੂੰ ਵੇਖਣ ਵਿਖਾਉਣ ਦੀ ਜੁਅਰਤ ਕਰ ਸਕਦੀ ਹੈ ਅਤੇ ਪੱਤਰਕਾਰ ਦੀ ਕਲਮ ਵੀ ਸੱਚ ਲਿਖਣ ਦਾ ਹੌਸਲਾ ਰੱਖਦੀ ਹੈ। ਉਂਝ ਬਲਾਤਕਾਰ ਦਾ ਸ਼ਿਕਾਰ ਸਾਧਵੀ ਦੀ ਚਿੱਠੀ ਛਾਪ ਕੇ ਪੱਤਰਕਾਰ ਛਤਰਪਤੀ ਨੇ ਨਾ ਕੇਵਲ ਪੱਤਰਕਾਰੀ ਦਾ ਧਰਮ ਨਿਭਾਇਆ ਸੀ, ਬਲਕਿ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਨਸਾਫ਼ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਸੀ। 25 ਅਗਸਤ 2017 ਦੀ ਦੁਪਹਿਰ ਤੋਂ ਬਾਅਦ ਪੰਚਕੂਲਾ ਵਿੱਚ ਜੋ ਕਹਿਰ ਵਾਪਰਿਆ, ਉਸ ਤੋਂ ਮੀਡੀਆ ਵੀ ਅਭਿੱਜ ਨਹੀਂ ਰਿਹਾ। ਦੁਨੀਆਂ ਨੇ ਵੇਖਿਆ ਕਿ ਡੇਰਾ ਮੁਖੀ ਦੇ ਪੈਰਕਾਰਾਂ ਨੇ ਸਭ ਤੋਂ ਪਹਿਲਾਂ ਹਮਲਾ ਮੀਡੀਆ ‘ਤੇ ਹੀ ਕੀਤਾ। ਕਰੋੜਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠਿਆਂ ਟੀ. ਵੀ. ਤੇ ਤਿੰਨ ਟੀ. ਵੀ. ਚੈਨਲਾਂ ਦੀਆਂ ਆਊਟਡੋਰ ਵੈਨਾਂ ਨੂੰ ਨਸ਼ਟ ਹੁੰਦੇ ਵੇਖਿਆ। ਇਹ ਸਭ ਕੁਝ ਹਰਿਆਣਾ ਦੀ ਪੁਲਿਸ ਫ਼ੋਰਸ ਦੇ ਸਾਹਮਣੇ ਹੋਇਆ। ਇੱਥੇ ਹੀ ਬੱਸ ਨਹੀਂ ਫ਼ਿਰ ਤਾਂ ਜਿੱਥੇ ਵੀ ਮੌਕਾ ਮਿਲਿਆ ਗੁੰਡਾ ਅਨਸਰਾਂ ਨੇ ਰਿਪੋਰਟਰਾਂ ਅਤੇ ਕੈਮਰਾਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕੀਤਾ। ਜ਼ਖਮੀਆਂ ਵਿੱਚ ਹਰਿਆਣਾ ਅਤੇ ਪੰਜਾਬ ਦੋਵਾਂ ਪ੍ਰਾਂਤਾਂ ਦੇ ਪੱਤਰਕਾਰ ਸ਼ਾਮਲ ਸਨ। ਗੁੰਡਾਗਰਦੀ ਦਾ ਇਹ ਤਾਂਡਵ ਨਾਚ ਸਿਰਫ਼ ਪੰਚਕੂਲਾ ਵਿੱਚ ਹੀ ਨਹੀਂ ਸਗੋਂ ਸਰਸਾ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਇੱਕ ਟੀ. ਵੀ. ਚੈਨਲ ਦੇ ਕੈਮਰਾਮੈਨ ਦਾ ਕੈਮਰਾ ਵੀ ਖੋਹ ਲਿਆ ਗਿਆ ਅਤੇ ਕਾਰ ਵੀ ਭਜਾ ਕੇ ਲੈ ਗਏ।
ਤਸੱਲੀ ਇਸ ਗੱਲ ਦੀ ਵੀ ਹੈ ਕਿ ਮੀਡੀਆ ਕਰਮੀ ਕਿਸੇ ਵੀ ਕਦਮ ‘ਤੇ ਥਿੜਕੇ ਨਹੀਂ, ਡਰੇ ਨਹੀਂ। ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਰਹੇ। ਨਿਰਪੱਖ ਰਿਪੋਰਟਿੰਗ ਦੀ ਇਹ ਵੱਡੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਏ। ਟੀ. ਵੀ. ਚੈਨਲਾਂ ਦੇ ਕਈ ਰਿਪੋਰਟਰ ਤਾਂ 24, 25, 26 ਅਗਸਤ ਲਗਾਤਾਰ ਰਿਪੋਰਟਿੰਗ ਵਿੱਚ ਲੱਗੇ ਰਹੇ। ਉਹਨਾਂ ਆਪਣੇ ਆਰਾਮ ਅਤੇ ਸਿਹਤ ਦੀ ਪਰਵਾਹ ਨਹੀਂ ਕੀਤੀ। ਇਹ ਦਿਨ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਵੀ ਕਈ ਕਿਸਮ ਦੇ ਸਬਕ ਸਿੱਖਣ ਦੇ ਦਿਨ ਸਨ। ਪੱਤਰਕਾਰਾਂ ਨੂੰ ਹਰ ਕਿਸਮ ਦੇ ਖਤਰਿਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਇਹ ਵੀ ਵੇਖਣ ਅਤੇ ਸਿੱਖਣ ਨੂੰ ਮਿਲਿਆ। ਇਹਨਾਂ ਦਿਨਾਂ ਵਿੱਚ ਮੀਡੀਆ ਨੇ ਆਪਣੀ ਭੂਮਿਕਾ ਨੂੰ ਬਹੁਤ ਚੰਗੇ ਢੰਗ ਨਾਲ ਨਿਭਾਇਆ। ਸੋ, ਮੀਡੀਆ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। ਮੈਂ ਕਹਿ ਸਕਦਾ ਹਾਂ:
ਸਾਰੇ ਕੇ ਸਾਰੇ, ਆਜ ਤੋ ਅਖਬਾਰ ਬਿਕ ਗਏ
ਕਲਮੋਂ ਨੇ ਸੱਚ ਲਿਖਾ ਜੋ ਬਸਤੀ ਮੇਂ ਹੂਆ।