ਵੰਨ-ਸੁਵੰਨੇ ਕਿਰਦਾਰ ਨਿਭਾਉਣ ਦੀ ਚਾਹਵਾਨ ਹੈ

ਐਮੀ ਜੈਕਸਨ
ਇਨ੍ਹੀਂ ਦਿਨੀਂ ਬੌਲੀਵੁੱਡ ਕਲਾਕਾਰਾਂ ਵਿੱਚ ਹੌਲੀਵੁੱਡ ਜਾਂ ਅੰਤਰਰਾਸ਼ਟਰੀ ਫ਼ਿਲਮਾਂ ਕਰਨ ਦੀ ਹੋੜ ਜਿਹੀ ਲੱਗੀ ਹੋਈ ਹੈ। ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੂਕੋਣ, ਹੁਮਾ ਕੁਰੈਸ਼ੀ ਤੋਂ ਬਾਅਦ ਹੁਣ ਐਮੀ ਜੈਕਸਨ ਵੀ ਇਸ ਦਿਸ਼ਾ ਵਿੱਚ ਕਦਮ ਵਧਾ ਰਹੀ ਹੈ। ਉਸ ਨੇ ਆਪਣੇ ਕਰੀਅਰ ਦੀ ਪਹਿਲੀ ਇੰਡੋ ਇੰਗਲਿਸ਼ ਯਾਨੀ ਵਿਦੇਸ਼ੀ ਫ਼ਿਲਮ ‘ਬੂਗੀ ਮੈਨ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਰਜਨੀਕਾਂਤ ਨਾਲ ਫ਼ਿਲਮ ‘ਰੋਬੋਟ 2’ ਕੀਤੀ ਹੈ। ਹਾਲ ਹੀ ਵਿੱਚ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼ ਪੇਸ਼ ਹਨ:
– ਤਾਂ ਤੁਸੀਂ ਵੀ ਹੌਲੀਵੁਡ ਦੇ ਰਾਹ ਪੈ ਗਏ?
– ਦਰਅਸਲ, ਪਿਛਲੇ ਦਿਨੀਂ ਮੈਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਗਈ ਹੋਈ ਸੀ। ਉਸ ਵਕਤ ਮੇਰੇ ਕੋਲ ਕੁਝ ਫ਼ਿਲਮਾਂ ਦੀ ਪਟਕਣਾ ਆਈਆ ਸੀ। ਮੈਂ ਇਨ੍ਹਾਂ ਨੂੰ ਪੜ੍ਹਿਆ ਤਾਂ ਕੁਝ ਫ਼ਿਲਮਾਂ ਦੀਆਂ ਕਹਾਣੀਆਂ ਮੈਨੂੰ ਕਾਫ਼ੀ ਪਸੰਦ ਆਈਆਂ। ਉਨ੍ਹਾਂ ਵਿੱਚੋਂ ਇੱਕ ਫ਼ਿਲਮ ਹੈ ‘ਬੂਗੀ ਮੈਨ’। ਮੈਂ ਇੱਕ ਬਿਹਤਰੀਨ ਵਿਸ਼ੇ ਉੱਤੇ ਬਣੀ ਫ਼ਿਲਮ ਵਿੱਚ ਬਿਹਤਰੀਨ ਕਿਰਦਾਰ ਨਿਭਾਇਆ ਹੈ। ਹੌਲੀਵੁਡ ਨਿਰਦੇਸ਼ਕ ਐਂਡਰਿਊ ਮੋਰਾਹਨ ਦੀ ਫ਼ਿਲਮ ‘ਬੂਗੀ ਮੈਨ’ ਵਿੱਚ ਮੇਰਾ ਕਿਰਦਾਰ ਭਾਰਤ ਨਾਲ ਸਬੰਧਿਤ ਹੈ। ਇਹ ਇੱਕ ਬ੍ਰਿਟਿਸ਼-ਇੰਡੀਅਨ ਕੁੜੀ ਦੀ ਕਹਾਣੀ ਹੈ ਜਿਸ ਨੂੰ ਆਪਣੀਆਂ ਜੜ੍ਹਾਂ ਦੀ ਤਲਾਸ਼ ਹੈ। ਇਸ ਵਿੱਚ ਉਸ ਦੇ ਦਾਦਾ ਜੀ ਬਿਮਾਰ ਹੋ ਜਾਂਦੇ ਹਾਂ ਤਾਂ ਉਹ ਆਪਣੇ ਆਸ-ਪਾਸ ਦੀ ਹਕੀਕਤ ਤੋਂ ਜਾਣੂੰ ਹੁੰਦੀ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਜਿਹੋ ਜਿਹੇ ਅੰਦਾਜ਼ ਅਤੇ ਡਿਸਕੋ ਫ਼ੈਂਟਸੀ ਦੀ ਦੁਨੀਆਂ ਵਿੱਚ ਜਿਊਂ ਰਹੀ ਹੈ ਉਹ ਸਭ ਕੁਝ ਅਸਥਾਈ ਹੈ। ਇਹ ਆਪਣੀ ਹਕੀਕਤ ਤੋਂ ਦੂਰ ਭੱਜਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਮੇਰੇ ਲਈ ਇੱਕ ਵਧੀਆ ਅਨੁਭਵ ਰਿਹਾ। ਇਸ ਦੀ ਜ਼ਿਆਦਾਤਰ ਸ਼ੂਟਿੰਗ ਲੰਡਨ ਵਿੱਚ ਅਤੇ ਕੁਝ ਸ਼ੂਟਿੰਗ ਦਿੱਲੀ ਵਿੱਚ ਹੋਈ ਹੈ। ਇਸ ਫ਼ਿਲਮ ਵਿੱਚ ਅੰਕੁਸ਼ ਖੰਨਾ, ਰੌਸ਼ਨ ਸੇਠ, ਔਸਟਨ ਮੇਰੀਗੋਲਡ ਅਤੇ ਜੇਰੀ ਜਨੇ ਪੀਅਰਸ ਦੀਆਂ ਵੀ ਅਹਿਮ ਭੂਮਿਕਾਵਾਂ ਹਨ।
– ਕੀ ਇਹ ਮੰਨਿਆ ਜਾ ਸਕਦਾ ਹੈ ਕਿ ਹੌਲੀਵੁੱਡ ਫ਼ਿਲਮਾਂ ਨਾਲ ਜੁੜਨਾ ਭਾਰਤੀਆਂ ਲਈ ਆਸਾਨ ਹੋ ਗਿਆ ਹੈ?
– ਅਜਿਹਾ ਨਹੀਂ ਕਿਹਾ ਜਾ ਸਕਦਾ। ਇਹ ਇੱਕ ਵੱਖਰੀ ਤਰ੍ਹਾਂ ਦੀ ਖੇਡ ਹੈ। ਉੱਥੇ ਕਲਾਕਾਰਾਂ ਦਾ ਕੰਮ ਦੇਖਣ ਲਈ ਏਜੰਸੀ ਹੁੰਦੀ ਹੈ। ਫ਼ਿਲਮਸਾਜ਼ ਇਨ੍ਹਾਂ ਏਜੰਸੀਆਂ ਰਾਹੀਂ ਕਲਾਕਾਰਾਂ ਨਾਲ ਸੰਪਰਕ ਕਰਦੇ ਹਨ। ਲੰਡਨ ਅਤੇ ਅਮਰੀਕਾ ਵਿੱਚ ਮੇਰੀ ਇੱਕ ਏਜੰਸੀ ਹੈ, ਉਸੇ ਨੇ ਸਾਨੂੰ ਕੁਝ ਨਿਰਮਾਤਾ ਨਿਰਦੇਸ਼ਕਾਂ ਨਾਲ ਮਿਲਵਾਇਆ।
– ਕੀ ਹੁਣ ਤੁਸੀਂ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਨੂੰ ਵਿਦੇਸ਼ ਵਿੱਚ ਟੱਕਰ ਦੇਣ ਲੱਗੇ ਹੋ?
– ਅਜਿਹੀ ਗੱਲ ਕਹਿਣਾ ਵੀ ਗ਼ਲਤ ਹੋਵੇਗਾ। ਮੈਂ ਤਾਂ ਅਜਿਹਾ ਸੋਚਦੀ ਵੀ ਨਹੀਂ ਹਾਂ। ਮੈਂ ਅਦਾਕਾਰੀ ਦੇ ਖੇਤਰ ਵਿੱਚ ਕਿਸੇ ਨੂੰ ਵੀ ਟੱਕਰ ਨਹੀਂ ਦੇਣਾ ਚਾਹੁੰਦੀ। ਅਦਾਕਾਰੀ ਮੇਰਾ ਜਨੂੰਨ ਹੈ। ਮੈਂ ਪ੍ਰਿਅੰਕਾ ਚੋਪੜਾ ਜਾਂ ਦੀਪਿਕਾ ਪਾਦੂਕੋਣ ਨੂੰ ਟੱਕਰ ਨਹੀਂ ਦੇ ਰਹੀ। ਮੈਂ ਇਹ ਸੋਚ ਵੀ ਨਹੀਂ ਸਕਦੀ ਕਿਉਂਕਿ ਮੇਰੇ ਲਈ ਇਹ ਦੋਵੇਂ ਪ੍ਰੇਰਨਾ ਸਰੋਤ ਹਨ। ਮੈਂ ਤਾਂ ਇਨ੍ਹਾਂ ਸਾਹਮਣੇ ਬਿਲਕੁਲ ਨਵੀਂ ਹਾਂ। ਹਾਲੇ ਤਾਂ ਮੈਂ ਆਪਣੇ ਸੁਪਨਿਆਂ ਨੂੰ ਸੱਚ ਕਰਨ ਅਤੇ ਆਪਣਾ ਮੁਕਾਮ ਪਾਉਣ ਲਈ ਕਾਫ਼ੀ ਮਿਹਨਤ ਕਰਨੀ ਹੈ।
11808ਫ਼ਦ ? ਹ ਜਿਅ ਤੁਸੀਂ ਕੋਈ ਫ਼ਿਲਮ ਵੀ ਬਣਾਉਣ ਵਾਲੇ ਸੀ?
– ਮੈਨੂੰ ਜਾਨਵਰਾਂ ਨਾਲ ਕਾਫ਼ੀ ਪਿਆਰ ਅਤੇ ਲਗਾਉ ਹੈ। ਇਸ ਲਈ ਮੈਂ ਲੰਡਨ ਦੇ ਆਪਣੇ ਇੱਕ ਮਿੱਤਰ ਨਾਲ ਮਿਲ ਕੇ ਇੱਕ ਲਘੂ ਫ਼ਿਲਮ ਦਾ ਨਿਰਮਾਣ ਕਰ ਰਹੀ ਹਾਂ ਜਿਸ ਵਿੱਚ ਮੈਂ ਖ਼ੁਦ ਹੀ ਅਦਾਕਾਰੀ ਕਰ ਰਹੀ ਹਾਂ। ਸਾਡੀ ਇਹ ਫ਼ਿਲਮ ਜਾਨਵਰਾਂ ਪ੍ਰਤੀ ਹੁੰਦੇ ਜ਼ੁਲਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗੀ। ਅਸੀਂ ਬਹੁਤ ਛੇਤੀ ਇਸ ਫ਼ਿਲਮ ਨੂੰ ਹਰ ਫ਼ਿਲਮ ਮੇਲੇ ਵਿੱਚ ਭਿਜਵਾਉਣ ਲਈ ਸਰਕਾਰ ਨੂੰ ਬੇਨਤੀ ਕਰਾਂਗੇ। ਇਹ ਵਿਸ਼ਾ ਮੇਰੇ ਦਿਲ ਦੇ ਕਰੀਬ ਹੈ। ਮੈਂ ਪਸ਼ੂਆਂ ਦੀ ਭਲਾਈ ਲਈ ਬਹੁਤ ਕੰਮ ਕਰਦੀ ਰਹਿੰਦੀ ਹਾਂ। ਮੈਂ ਹਰ ਇਨਸਾਨ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਜਾਨਵਰਾਂ ਲਈ ਕੁਝ ਕਰ ਨਹੀਂ ਸਕਦੇ ਤਾਂ ਘੱਟ ਤੋਂ ਘੱਟ ਉਨ੍ਹਾਂ ਨੂੰ ਦੁੱਖ ਦਰਦ ਨਾ ਪਹੁੰਚਾਉ।
– ਕੁਝ ਲੋਕ ਨਸਲੀ ਭੇਦਭਾਵ ਦੀ ਸ਼ਿਕਾਇਤ ਕਰਦੇ ਹਨ?
– ਇਹ ਸਮੱਸਿਆ ਕਲਾਕਾਰਾਂ ਨੂੰ ਸਿਰਫ਼ ਕਿਸੇ ਦੂਜੇ ਮੁਲਕ ਵਿੱਚ ਜਾ ਕੇ ਸ਼ੂਟਿੰਗ ਕਰਨ ਸਮੇਂ ਹੀ ਨਹੀਂ ਆਉਂਦੀ ਸਗੋਂ ਨਸਲੀ ਭੇਦਭਾਵ ਦੀ ਸਮੱਸਿਆ ਤਾਂ ਵਿਸ਼ਵਵਿਆਪੀ ਹੈ।
– ਬੌਲੀਵੁੱਡ ਵਿੱਚ ਤੁਸੀਂ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
– ਮੈਂ ਫ਼ਿਲਮਸਾਜ਼ ਸ਼ੰਕਰ ਦੇ ਨਿਰਦੇਸ਼ਨ ਵਿੱਚ ਫ਼ਿਲਮ ‘ਰੋਬੋਟ 2’ ਕੀਤੀ ਹੈ। ਇਸ ਵਿੱਚ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਵੀ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਈ ਮੈਂ ਕੁਝ ਤਰੀਕਾਂ ਦੇ ਰੱਖੀਆਂ ਸਨ ਜਿਸ ਦੇ ਚੱਲਦੇ ਹੋਰ ਫ਼ਿਲਮਾਂ ਨਹੀਂ ਕਰ ਸਕੀ। ਇਸ ਕਾਰਨ ਮੈਨੂੰ ਇੱਕ ਵੱਡੀ ਫ਼ਿਲਮ ਗੁਆਉਣੀ ਪਈ। ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਬਹੁਤ ਵਧੀਆ ਅਨੁਭਵ ਸੀ। ਪਰ ਅਜੇ ਆਪਾਂ ਇਸ ਫ਼ਿਲਮ ਬਾਰੇ ਜ਼ਿਆਦਾ ਵਿਸਥਾਰ ਵਿੱਚ ਗੱਲ ਨਹੀਂ ਕਰ ਸਕਦੇ।
– ਤੁਸੀਂ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੇ ਹੋ?
– ਮੈਂ ਕਿਸੇ ਇੱਕ ਇਮੇਜ ਵਿੱਚ ਨਹੀਂ ਬੱਝਣਾ ਚਾਹੁੰਦੀ। ਇਸ ਲਈ ਮੈਂ ਵੰਨ-ਸੁਵੰਨੇ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਮੈਂ ਵੱਖ ਵੱਖ ਵਿਸ਼ਿਆਂ ਅਤੇ ਕਿਸਮਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੀ ਹਾਂ। ਮੈਂ ਦੱਖਣੀ ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹਾਂ। ਵੱਖਰੀ ਕਿਸਮ ਦਾ ਕੰਮ ਕਰਨ ਲਈ ਮੈਂ ‘ਫ਼੍ਰੀਕੀ ਅਲੀ’ ਵਿੱਚ ਕੰਮ ਕੀਤਾ ਸੀ। ‘ਸਿੰਘ ਇਜ਼ ਬਲਿੰਗ’ ਕਰ ਕੇ ਮੈਨੂੰ ਸਮਝ ਆਈ ਕਿ ਮੈਂ ਐਕਸ਼ਨ ਵੀ ਕਰ ਸਕਦੀ ਹਾਂ। ਮੈਂ ਕਿਰਦਾਰ ਦੀ ਲੰਬਾਈ ਉੱਤੇ ਧਿਆਨ ਦੇਣ ਦੀ ਬਜਾਏ ਇਸ ਗੱਲ ਉੱਤੇ ਗਹੁ ਕਰਦੀ ਹਾਂ ਕਿ ਕਹਾਣੀ ਵਿੱਚ ਮੇਰੇ ਕਿਰਦਾਰ ਦੀ ਕੀ ਅਹਿਮੀਅਤ ਹੈ।
– ਕੀ ਇਸੇ ਕਾਰਨ ਤੁਸੀਂ ਹਾਲ ਹੀ ਵਿੱਚ ਕੰਨੜ ਫ਼ਿਲਮ ‘ਦਿ ਵਿਲੇਨ’ ਵਿੱਚ ਬੌਡੀ ਡਬਲ ਦੀ ਵਰਤੋਂ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ?
– ਕੁਝ ਦਿਨ ਪਹਿਲਾਂ ਹੀ ਮੈਂ ਬੈਂਕਾਕ ਵਿੱਚ ਨਿਰਦੇਸ਼ਕ ਪ੍ਰੇਮ ਦੀ ਕੰਨੜ ਫ਼ਿਲਮ ‘ਦਿ ਵਿਲੇਨ’ ਲਈ ਮਿਥੁਨ ਚੱਕਰਵਰਤੀ, ਸ਼ਿਵਾ ਰਾਜਕੁਮਾਰ ਅਤੇ ਸੁਦੀਪ ਨਾਲ ਸ਼ੂਟਿੰਗ ਕੀਤੀ। ਉੱਥੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਇਹ ਐਕਸ਼ਨ ਦ੍ਰਿਸ਼ ਖ਼ੁਦ ਕਰ ਸਕਦੀ ਹਾਂ। ਇਸ ਲਈ ਮੈਂ ਬੌਡੀ ਡਬਲ ਲਈ ਮਨ੍ਹਾਂ ਕਰ ਦਿੱਤਾ। ਸੱਚ ਆਖਾਂ ਤਾਂ ਮੈਨੂੰ ਆਪਣਾ ਕੰਮ ਖ਼ੁਦ ਕਰਨ ਵਿੱਚ ਮਜ਼ਾ ਆਉਂਦਾ ਹੈ। ਸਖ਼ਤ ਮਿਹਨਤ ਕਰਨ ਸਦਕਾ ਹੁਣ ਮੇਰੇ ਅੰਦਰ ਐਕਸ਼ਨ ਦੀ ਸਮਰੱਥਾ ਕੁਦਰਤੀ ਤੌਰ ‘ਤੇ ਜਾਗੀ ਹੈ।
– ਤੁਹਾਡੇ ਲਈ ਸਫ਼ਲਤਾ ਤੇ ਅਸਫ਼ਲਤਾ ਕੀ ਮਾਅਨੇ ਰੱਖਦੀ ਹੈ?
– ਮੈਂ ਹਮੇਸ਼ਾਂ ਖ਼ੁਸ਼ ਰਹਿਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰਾ ਕਰੀਅਰ ਲਗਾਤਾਰ ਅੱਗੇ ਵੱਲ ਵਧਦਾ ਰਹੇ। ਉਂਜ, ਸਭ ਕੁਝ ਸਾਡੀ ਆਪਣੀ ਇੱਛਾ ਮੁਤਾਬਿਕ ਨਹੀਂ ਹੁੰਦਾ। ਮੈਂ ਬਹੁਤ ਵਾਰ ਨਾਂਹ ਸੁਣੀ ਹੈ। ਅਸਫ਼ਲਤਾ ਮਿਲਣ ਉੱਤੇ ਮੈਂ ਇਹੀ ਸੋਚਦੀ ਹਾਂ ਕਿ ਹੁਣ ਹੋਰ ਮਿਹਨਤ ਕਰਨੀ ਹੈ ਅਤੇ ਅਗਲੀ ਵਾਰ ਮੈਨੂੰ ਸਫ਼ਲਤਾ ਮਿਲੇਗੀ।