ਨਵੀਂ ਦਿੱਲੀਂ ਹਾਲ ਹੀ ‘ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਬਿਆਨ ਦੇ ਕੇ ਚੀਫ਼ ਸਲੈਕਟਰ ਐੱਮ.ਐੱਸ.ਕੇ. ਪ੍ਰਸਾਦ ਆਲੋਚਨਾਵਾਂ ਦਾ ਸ਼ਿਕਾਰ ਹੋਏ ਸਨ ਪਰ ਹੁਣ ਇੱਕ ਈਵੈਂਟ ਦੇ ਦੌਰਾਨ ਉਨ੍ਹਾਂ ਨੇ ਧੋਨੀ ਨੂੰ ਲੈ ਕੇ ਇੱਕ ਵੱਡਾ ਖੁਲ੍ਹਾਸਾ ਕੀਤਾ ਹੈ। ਐੱਮ.ਐੱਸ.ਕੇ. ਪ੍ਰਸਾਦ ਨੇ ਦੱਸਿਆ ਕਿ ਏਸ਼ੀਆ ਕੱਪ ਦੇ ਦੌਰਾਨ ਜਦੋਂ ਪਾਕਿਸਤਾਨ ਦੇ ਖਿਲਾਫ਼ ਮੈਚ ਸੀ ਤੱਦ ਧੋਨੀ ਦੇ ਲੱਕ ‘ਚ ਦਰਦ ਸੀ ਤਾਂ ਮੈਂ ਕਾਫ਼ੀ ਪਰੇਸ਼ਾਨ ਸੀ ਕਿ ਆਖਰ ਧੋਨੀ ਦੇ ਬਿਨਾ ਟੀਮ ਇੰਡੀਆ ਕਿਵੇਂ ਖੇਡੇਗੀ।
ਇੰਡੀਅਨ ਐੱਕਸਪ੍ਰੈਸ ਦੀ ਖਬਰ ਦੇ ਮੁਤਾਬਕ, ਉਸ ਸਮੇਂ ਧੋਨੀ ਨੇ ਐੱਮ.ਐੱਸ.ਕੇ. ਪ੍ਰਸਾਦ ਨੂੰ ਸਾਫ਼ ਕਿਹਾ ਸੀ ਕਿ ਫ਼ਿਕਰ ਨਾ ਕਰੋ, ਐੱਮ.ਐੱਸ.ਕੇ. ਭਰਾ! ਮੇਰਾ ਇੱਕ ਪੈਰ ਵੀ ਨਹੀਂ ਹੋਵੇਗਾ, ਤਾਂ ਵੀ ਮੈਂ ਪਾਕਿਸਤਾਨ ਦੇ ਖਿਲਾਫ਼ ਖੇਡਾਂਗਾ। ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਕਿ ਉਸ ਸਮੇਂ ਸਾਫ਼ ਹੋਇਆ ਕਿ ਧੋਨੀ ਖੇਡ ਦੇ ਪ੍ਰਤੀ ਕਿੰਨੇ ਇਮਾਨਦਾਰ ਹਨ।
ਈਵੈਂਟ ਦੇ ਦੌਰਾਨ ਐੱਮ.ਐੱਸ.ਕੇ. ਪ੍ਰਸਾਦ ਨੇ ਦੱਸਿਆ ਕਿ ਮੈਚ ਤੋਂ ਇੱਕ ਸ਼ਾਮ ਪਹਿਲਾਂ ਧੋਨੀ ਜਿਮ ‘ਚ ਵਰਕ ਆਊਟ ਕਰ ਰਹੇ ਸਨ, ਉਸੇ ਸਮੇਂ ਡੰਬਲ ਚੁਕਦੇ ਹੋਏ ਉਨ੍ਹਾਂ ਦੀ ਕਮਰ ‘ਚ ਝਟਕਾ ਲੱਗਾ। ਮੈਡੀਕਲ ਟੀਮ ਆਈ ਅਤੇ ਸਟ੍ਰੈਚਰ ‘ਤੇ ਧੋਨੀ ਨੂੰ ਲੈ ਗਈ, ਹਾਲਾਂਕਿ ਧੋਨੀ ਨੂੰ ਕੋਈ ਗੰਭੀਰ ਸੱਟ ਨਹੀਂ ਲਗੀ ਸੀ, ਪਰ ਦਰਦ ਕਾਫ਼ੀ ਸੀ। ਉਨ੍ਹਾਂ ਮੁਤਾਬਕ, ਅਗਲੇ ਦਿਨ ਜਦੋਂ ਮੀਡੀਆ ਨੇ ਮੈਨੂੰ ਇਸ ਬਾਰੇ ਪੁੱਛਿਆ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ।
ਮੈਂ ਜਦ ਅਗਲੇ ਦਿਨ ਉੱਥੇ ਗਿਆ, ਤਾਂ ਧੋਨੀ ਸਵੀਮਿੰਗ ਪੂਲ ਦੇ ਕੋਲ ਚਲਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਚਲਣ ‘ਚ ਕਾਫ਼ੀ ਮੁਸ਼ਕਲ ਹੋ ਰਹੀ ਸੀ, ਪਰ ਜਦੋਂ ਮੈਂ ਅਗਲੇ ਦਿਨ ਮੈਚ ਵਾਲੀ ਜਗ੍ਹਾ ਦੇਖੀ ਤਾਂ ਧੋਨੀ ਪੈਡ ਪਹਿਨ ਕੇ ਬਿਲਕੁਲ ਤਿਆਰ ਸਨ। ਜ਼ਿਕਰਯੋਗ ਹੈ ਕਿ ਧੋਨੀ ਦੇ ਬਾਰੇ ‘ਚ ਬੋਲਦੇ ਹੋਏ ਪ੍ਰਸਾਦ ਨੇ ਕਿਹਾ ਸੀ, ਜੇਕਰ ਐੱਮ.ਐੱਸ. ਧੋਨੀ ਚੰਗਾ ਖੇਡਦੇ ਹਨ ਤਾਂ ਉਨ੍ਹਾਂ ਦੀ ਚੋਣ ‘ਚ ਕਿਹੜੀ ਤਕਲੀਫ਼ ਹੈ, ਪਰ ਹਾਂ, ਜੇਕਰ ਉਹ ਚੰਗਾ ਪ੍ਰਦਰਸ਼ਨ ਕਰਨ ‘ਚ ਅਸਫ਼ਲ ਰਹਿੰਦੇ ਹਨ ਤਾਂ ਅਸੀਂ ਉਨ੍ਹਾਂ ਦੇ ਬਦਲ ਦੀ ਭਾਲ ਕਰ ਸਕਦੇ ਹਾਂ। ਧੋਨੀ ਦੇ ਭਵਿੱਖ ਦੇ ਬਾਰੇ ‘ਚ ਪੁੱਛਣ ‘ਤੇ ਮੁੱਖ ਚੋਣਕਰਤਾ ਨੇ ਕਿਹਾ ਕਿ ਇਸ ਦੀ ਭਵਿੱਖਬਾਣੀ ਕਰਨਾ ਮੁਸ਼ਕਲ ਹੈ ਪਰ ਜਦੋਂ ਤੱਕ ਉਹ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਸਾਫ਼ ਹੈ ਕਿ ਜੇਕਰ ਮਾਹੀ ਚਾਹੁੰਦੇ ਹਨ ਕਿ ਉਹ 2019 ਦਾ ਵਿਸ਼ਵ ਕੱਪ ਖੇਡਣ ਤਾਂ ਉਨ੍ਹਾਂ ਨੂੰ ਦੌੜਾਂ ਬਣਾਉਣੀਆਂ ਹੀ ਪੈਣਗੀਆਂ।
ਸੰਗਾਕਾਰਾ ਦੀ ਵਾਪਸੀ ਨੂੰ ਲੈ ਕੇ ਗਾਂਗੁਲੀ ਨੇ ਸ਼੍ਰੀਲੰਕਨ ਬੋਰਡ ਨੂੰ ਦਿੱਤੀ ਸਲਾਹ
ਨਵੀਂ ਦਿੱਲੀ: ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਸ਼੍ਰੀਲੰਕਾ ਨੂੰ ਹਰ ਪਾਸਿਓ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀਲੰਕਾ ਨੇ ਭਾਰਤ ਦੇ ਹੱਥੋਂ ਪਹਿਲੇ 3-0 ਨਾਲ ਟੈਸਟ ਸੀਰੀਜ਼ ਹਾਰੀ ਅਤੇ ਹੁਣ 5 ਵਨਡੇ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੇ 3 ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਅਜੇ ਵੀ 2 ਮੈਚ ਬਾਕੀ ਹਨ, ਇਸ ਤੋਂ ਪਹਿਲਾਂ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਟੀਮ ਦੇ ਸੁਧਾਰ ਲਈ ਖਾਸ ਸਲਾਹ ਦਿੱਤੀ।
ਗਾਂਗੁਲੀ ਦਾ ਕਹਿਣਾ ਹੈ ਕਿ ਬੋਰਡ ਨੂੰ ਟੀਮ ਦੀ ਖਸਤਾ ਹਾਲਤ ਦੇਖਦਿਆ ਹੋਇਆ ਤੁਰੰਤ ਕਾਰਵਾਈ ਕਰਨ ਅਤੇ ਸਮੱਸਿਆ ਦਾ ਹੱਲ ਲੱਭਣ ਦੀ ਜ਼ਰੂਰਤ ਹੈ। ਉਨ੍ਹਾ ਨੇ ਬੋਰਡ ਨੂੰ ਸੁਝਾ ਦਿੱਤਾ ਕਿ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਕੁਮਾਰ ਸੰਗਾਕਾਰਾ ਨੂੰ ਫ਼ਿਰ ਤੋਂ ਟੀਮ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਸ਼੍ਰੀਲੰਕਾ ‘ਚ ਫ਼ਿਰ ਤੋਂ ਟੀਮ ‘ਚ ਤਾਕਤ ਲਿਆਉਣੀ ਹੈ ਤਾਂ ਉਸ ਦੇ ਲਈ ਸੰਗਾਕਾਰਾ ਨੂੰ ਘੱਟ ਤੋਂ ਘੱਟ ਇੱਕ ਸਾਲ ਦੇ ਲਈ ਟੀਮ ‘ਚ ਵਾਪਸ ਬੁਲਾਉਣਾ ਚਾਹੀਦਾ ਹੈ।
ਹੁਣ ਵੀ ਫ਼ਾਰਮ ‘ਚ ਹੈ ਸੰਗਾਕਾਰਾ: ਸੰਗਾਕਾਰਾ ਭਾਵੇਂ ਹੀ ਟੀਮ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਉਸ ਨੇ ਆਪਣੀ ਲੈਅ ਨਹੀਂ ਗੁਆਈ। ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਟੀਮ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਕੁਮਾਰ ਸੰਗਾਕਾਰਾ ਨੂੰ ਟੀਮ ‘ਚ ਵਾਪਸੀ ਕਰਨੀ ਚਾਹੀਦੀ ਹੈ। ਉਸ ਨੇ ਇੰਗਲੈਂਡ ਇਸ ਸਾਲ ਦੀ ਕਾਊਂਟੀ ਸੀਜ਼ਨ ‘ਚ 7 ਮੈਚਾਂ ‘ਚ 1086 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 6 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਲਗਾਏ ਹਨ। ਕੈਰੇਬੀਆਈ ਪ੍ਰੀਮੀਅਰ ਲੀਗ ‘ਚ ਵੀ ਸੰਗਾਕਾਰਾ 8 ਮੈਚਾਂ ‘ਚ 215 ਦੌੜਾਂ ਬਣਾ ਚੁੱਕੇ ਹਨ।