ਪਿੰਡ ਦੀ ਸੱਥ ਵਿੱਚੋਂ (ਕਿਸ਼ਤ-263)

ਸੋਟੀ ਦੇ ਸਹਾਰੇ ਢਿੱਲੀ ਜਿਹੀ ਤੋਰ ਨਾਲ ਨੱਬ੍ਹਿਆਂ ਤੋਂ ਟੱਪਿਆ ਬਾਬਾ ਮੁਨਸ਼ਾ ਸਿਉਂ ਸੱਥ ਵਾਲੇ ਥੜ੍ਹੇ ਕੋਲ ਆ ਕੇ ਐਨਕਾਂ ਨੂੰ ਠੀਕ ਕਰਦਾ ਨਾਥੇ ਅਮਲੀ ਦੇ ਲਾਡ ਨਾਲ ਸੋਟੀ ਦੀ ਹੁੱਜ ਮਾਰ ਕੇ ਕਹਿੰਦਾ, ”ਤੇਰੇ ਗੁਆਂਢੀ ਮੱਘਰ ਕੇ ਮੀਤੇ ਦਾ ਕੀ ਬਣਿਆ ਅਮਲੀਆ ਓਏ। ਬੰਨ੍ਹ ਤਾਂ ਕੰਡਿਆਲਾਂ ਆਲੇ ਥੋਹਰ ਨਾਲ ਕੁ ਛੁੱਟ ਗਿਆ?”
ਸੀਤਾ ਮਰਾਸੀ ਨਾਥੇ ਅਮਲੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਬੋਲ ਪਿਆ ਬਾਬੇ ਨੂੰ, ”ਛੁੱਟਣ ਉਹ ਗਾਹਾਂ ਆੜ੍ਹਤੀਏ ਦਾ ਫ਼ੜਿਆ ਵਿਆ ਸੀ ਬਈ ਪੈਂਸੇ ਮੰਗਦਾ ਸੀ ਸੇਠ। ਪੁੱਠੇ ਕੰਮਾਂ ਦੇ ਮਾੜੇ ਨਤੀਜੇ। ਕੇਰਾਂ ਆਪਣੇ ਪਿੰਡ ਆਲਾ ਬੋਘਾ ਕੱਟੀ ਸਹੁਰਿਆਂ ਤੋਂ ਬਹੂ ਨੂੰ ਲੈਣ ਗਿਆ ਸਹੁਰਿਆਂ ਦੀ ਬੱਕਰੀਉ ਈ ਖੋਹਲ ਲਿਆਇਆ। ਬਹੂ ਤਾਂ ਆਈ ਨਾ, ਉਹਨੇ ਕਿਹਾ ਖ਼ਾਲੀ ਤਾਂ ਹੁਣ ਘਰੇ ਕੀ ਜਾਮਾਂਗੇ, ਚਲੋ ਬੱਕਰੀਉ ਈ ਲੈ ਚਲਦੇ ਆਂ। ਬੱਕਰੀ ਲਈ ਆਉਂਦੇ ਨੂੰ ਕਿਤੇ ਰਾਹ ‘ਚ ਨਹਿੰਗ ਸਿੰਘ ਮਿਲਗੇ ਨੰਦਪੁਰ ਨੂੰ ਹੋਲੇ ਮਹੱਲੇ ‘ਤੇ ਜਾਂਦੇ। ਉਨ੍ਹਾਂ ਨੇ ਵੇਖਿਆ ਬਈ ਇਹ ਬੱਕਰੀ ਇਹਦੀ ਤਾਂ ਲੱਗਦੀ ਨ੍ਹੀ। ਇਹ ਤਾਂ ਇਉਂ ਲੱਗਦਾ ਜਿਮੇਂ ਕਿਸੇ ਦੀ ਚੋਰੀ ਕਰ ਕੇ ਲਿਆਇਆ ਹੁੰਦੈ। ਨਹਿੰਗਾਂ ਨੇ ਬੋਘੇ ਨੂੰ ਘੇਰ ਕੇ ਪੁੱਛਿਆ ‘ਕਿੰਨੇ ਦੀ ਲਿਆਇਐਂ ਓਏ’? ਬੋਘਾ ਨਹਿੰਗਾਂ ਦਾ ਦੱਬਕਾ ਸੁਣ ਕੇ ਇਉਂ ਕੰਬਣ ਲੱਗ ਗਿਆ ਜਿਮੇਂ ਤਣੀ ‘ਤੇ ਸੁੱਕਣਾ ਪਾਇਆ ਸੁੱਥੂ ਹਵਾ ਨਾਲ ਹਿੱਲਦਾ ਹੁੰਦੈ। ਅਟਕ-ਅਟਕ ਕੇ ਬੋਲਦਾ ਬੋਘਾ ਕਹਿੰਦਾ ‘ਮੈਂ ਮੈਂ ਮੈਂ ਤਾਂ ਸਹੁਰਿਆਂ ਤੋਂ ਲਿਆਇਆਂ, ਪੈਂਸਾ ਤਾਂ ਮੈਂ ਨ੍ਹੀ ਕੋਈ ਲਾਇਆ’। ਲੜਖੜਾਉਂਦੇ ਬੋਲਦੇ ਨੂੰ ਸੁਣ ਕੇ ਨਹਿੰਗਾਂ ਨੂੰ ਪਤਾ ਲੱਗ ਗਿਆ ਬਈ ਇਹ ਤਾਂ ਚੋਰੀ ਕਰ ਕੇ ਲਿਆਇਆ ਬੱਕਰੀ। ਉਨ੍ਹਾਂ ਨੇ ਢਾਹ ਲਿਆ ਬੋਘਾ। ਮਾਰ ਮਾਰ ਘਸੁੰਨ ਬੋਘੇ ਦਾ ਬੂਥੜ ਭੰਨ ਕੇ ਮੂੰਹ ਇਉਂ ਬਣਾ ‘ਤਾ ਜਿਮੇਂ ਖ਼:ਰਬੂਜਿਆਂ ਦੇ ਵਾੜੇ ਕੋਲੇ ਗਧਿਆਂ ਨੇ ਖ਼ਰਬੂਜ਼ੇ ਮਿੱਧੇ ਹੁੰਦੇ ਐ। ਨਾਲੇ ਲੈ ਗੇ ਆਗਲੇ ਬੱਕਰੀ ਖੋਹ ਕੇ। ਚੋਰੀ ਕੀਤੀ ਬੱਕਰੀ ਮੁਖਤ ਦੇ ਭਾਅ ਚੀ ਗਈ। ਜਿਹੜੇ ਘੈਂਸਲੇ ਖਾਧੇ ਉਹ ਨਫ਼ੇ ਦੇ।”
ਮਾਹਲੇ ਨੰਬਰਦਾਰ ਨੇ ਮਰਾਸੀ ਦੀ ਗੱਲ ਟੋਕ ਕੇ ਮਰਾਸੀ ਨੂੰ ਪੁੱਛਿਆ, ”ਸਹੁਰਿਆਂ ਨੂੰ ਪਤਾ ਨ੍ਹੀ ਲੱਗਿਆ ਬਈ ਬੱਕਰੀ ਕੌਣ ਲੈ ਗਿਆ?”
ਚੁੱਪ ਕਰਿਆ ਬੈਠਾ ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਸਹੁਰਿਆਂ ਨੇ ਜਦੋਂ ਅਗਲੇ ਦੀ ਬਹੂ ਰੱਖ ਲੀ ਤਾਂ ਉਹਨੇ ਬੱਕਰੀ ਤਾਂ ਖੋਹਲਣੀਉਂ ਈ ਸੀ।”
ਕੈਲਾ ਬੁੜ੍ਹਾ ਕਹਿੰਦਾ, ”ਚਲਾਕ ਸੀ ਬੋਘਾ। ਉਹਨੇ ਕਿਹਾ ਆਪੇ ਛੱਡ ਕੇ ਆਉਣਗੇ ਬੱਕਰੀ ਲਿਆਉਣ ਦੇ ਮਾਰੇ। ਬਹੂ ਛੱਡਿਆਉਣਗੇ, ਬੱਕਰੀ ਲੈ ਆਉਣਗੇ। ਤਾਂ ਕਰ ਕੇ ਬੱਕਰੀ ਖੋਹਲ ਕੇ ਲਿਆਇਆ ਸੀ, ਹੋਰ ਬੋਘੇ ਨੇ ਕਿਹੜਾ ਬੱਕਰੀ ਨ੍ਹੀ ਵੇਖੀ ਕਦੇ।”
ਨਾਥਾ ਅਮਲੀ ਕੈਲੇ ਬੁੜ੍ਹੇ ਦੀ ਗੱਲ ਸੁਣ ਕੇ ਬੁੜ੍ਹੇ ਨਾਲ ਟਿੱਚਰੋ ਟਿੱਚਰੀ ਹੋ ਗਿਆ। ਕੈਲੇ ਬੁੜ੍ਹੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਆਹ ਨੰਬਰਦਾਰਾ ਦੀ ਸੁਣ ਲਾ ਬੁੜ੍ਹਿਆ। ਨੰਬਰਦਾਰ ਕਹਿੰਦਾ ‘ਸਹੁਰਿਆਂ ਨੂੰ ਪਤਾ ਨ੍ਹੀ ਲੱਗਿਆ ਬਈ ਕੌਣ ਲੈ ਗਿਆ ਬੱਕਰੀ’। ਬੱਕਰੀ ਦਾ ਤਾਂ ਨੰਬਰਦਾਰਾ ਉਨ੍ਹਾਂ ਨੂੰ ਘੈਂਟੇ ਕੁ ਚੀ ਪਤਾ ਲੱਗ ਗਿਆ ਸੀ ਬਈ ਬੱਕਰੀ ਕੋਈ ਖੋਹਲ ਕੇ ਲੈ ਗਿਆ, ਪਰ ਇਉਂ ਨਾ ਪਤਾ ਲੱਗਿਆ ਬਈ ਕੀਹਨੇ ਖੋਹਲੀ ਐ?”
ਨੰਬਰਦਾਰ ਨੇ ਪੁੱਛਿਆ, ”ਪਤਾ ਕਿਮੇਂ ਲੱਗਿਆ ਬਈ ਫ਼ਿਰ?”
ਨਾਥਾ ਅਮਲੀ ਕਹਿੰਦਾ, ”ਪਤਾ ਤਾਂ ਪਠੋਰਿਆਂ ਤੋਂ ਈ ਲੱਗ ਗਿਆ ਸੀ ਜਦੋਂ ਬੱਕਰੀ ਨਾ ਦਿਸੀ ਤਾਂ ਪਠੋਰੇ ਮਿਆਂਕਣ ਲੱਗ ਗੇ। ਘਰ ਵਾਲਿਆਂ ਨੇ ਪਹਿਲਾਂ ਤਾਂ ਕੋਈ ਬਹੁਤੀ ਗੌਰ ਜੀ ਨਾ ਕੀਤੀ ਬਈ ਊਈ ਮਿਆਂਕਦੇ ਹੋਣਗੇ ਭੁੱਖੇ। ਜਦੋਂ ਉਹ ਮਿਆਂਕਣੋਂ ਨਾ ਈ ਹਟੇ ਤਾਂ ਬੁੜ੍ਹੀ ਨੇ ਬੁੜ੍ਹੇ ਨੂੰ ਕਿਹਾ ਹੋਣੈ ਬਈ ਪਠੋਰੇ ਭੁੱਖੇ ਮਿਆਂਕਦੇ ਐ, ਜਾਹ ਉੱਠ ਕੇ ਜਾ, ਜਾ ਕੇ ਬੱਕਰੀ ਪਠੋਰਿਆਂ ਦੇ ਕੋਲ ਬੰਨ੍ਹ ਦੇ, ਦੁੱਧ ਚੁੰਘ ਲੈਣਗੇ। ਜਦੋਂ ਬੁੜ੍ਹਾ ਉੱਠ ਕੇ ਬੱਕਰੀ ਆਲੇ ਕਿੱਲੇ ‘ਤੇ ਆਇਆ ਹੋਣੈ, ਉਹਨੇ ਵੇਖਿਆ ਹੋਣੈ ਬਈ ਏਥੇ ਤਾਂ ਬੱਕਰੀਉ ਈ ਹੈ ਨ੍ਹੀ। ਮੁੜ ਕੇ ਉਨ੍ਹਾਂ ਨੇ ਐਧਰ ਓਧਰ ਵੇਖੀ ਹੋਣੀ ਐ ਨਾ ਥਿਆਈ। ਫ਼ੇਰ ਬੁੜ੍ਹਾ ਕੁੜੀ ਨੂੰ ਲੈ ਕੁੜੀ ਦੇ ਸਹੁਰੀਂ ਛੱਡਣ ਉੱਠ ਗਿਆ। ਸੋਚਿਆ ਨਾਲੇ ਬੱਕਰੀ ਦੀ ਉੱਘ ਸੁੱਘ ਨਿੱਕਲ ਆਊ। ਜਦੋਂ ਬੁੜ੍ਹਾ ਜਾ ਕੇ ਘਰੇ ਵੜਿਆ ਤਾਂ ਜਾਂਦੇ ਨੂੰ ਜੁਆਈ ਸਾਹਬ ਜੀ ਮੰਜੇ ‘ਚ ਪਏ ਆਵਦੀ ਬੇਬੇ ਤੋਂ ਨਹਿੰਗਾਂ ਵਲੋਂ ਲਾਏ ਸੋਧੇ ਦੀਆਂ ਗੁੱਝੀਆਂ ਸੱਟਾਂ ਨੂੰ ਤੱਤੇ ਰੇਤੇ ਦਾ ਸੇਕ ਦੁਆਈ ਜਾਵੇ। ਜਦੋਂ ਬਹੂ ਦੇ ਪਿਉ ਨੇ ਪੁੱਛਿਆ ਬਈ ਕੀ ਗੱਲ ਹੋ ਗੀ ਤਾਂ ਬੁੜ੍ਹੀ ਨੇ ਭਾਂਡਾ ਭੰਨ ‘ਤਾ। ਕਹਿੰਦੀ ਜਿਹੜੀ ਤੁਸੀਂ ਬੱਕਰੀ ਦਿੱਤੀ ਸੀ ਉਹਨੂੰ ਲਈ ਆਉਂਦੇ ਨੂੰ ਵੇਖ ਕੇ ਨਾਲੇ ਤਾਂ ਨਹਿੰਗ ਸਿੰਘ ਬੱਕਰੀ ਖੋਹ ਕੇ ਲੈ ਗੇ ਨਾਲੇ ਕੁੱਟ ਕੁੱਟ ਮੁੰਡੇ ਦਾ ਪਨੀਰ ਕੱਢ ‘ਤਾ। ਆਹ ਗੱਲ ਹੋ ਗੀ। ਬੋਘੇ ਕੱਟੀ ਦੀ ਮਾਂ ਆਵਦੇ ਕੁੜਮ ਨਾਲ ਲੜ ਪੀ ਬਈ ਅਸੀਂ ਕੀ ਬੱਕਰੀ ਢੂਹੇ ‘ਚ ਲੈਣੀ ਸੀ ਮੇਰਾ ਤਾਂ ਪੁੱਤ ਈ ਮਾਰ ਦੇਣਾ ਸੀ ਸੋਡੀ ਬੱਕਰੀ ਨੇ।”
ਬਾਬਾ ਮੁਨਸ਼ਾ ਸਿਉਂ ਨਾਥੇ ਅਮਲੀ ਦੀ ਚੱਲਦੀ ਗੱਲ ਵਿੱਚੋਂ ਕੱਟ ਕੇ ਕਹਿੰਦਾ, ”ਮੈਂ ਤਾਂ ਯਾਰ ਮੱਘਰ ਕੇ ਮੀਤੇ ਦੀ ਗੱਲ ਪੁੱਛੀ ਸੀ ਬਈ ਪੁਲਸ ਨੇ ਛੱਡ ‘ਤਾ ਕੁ ਨਹੀਂ। ਤੁਸੀਂ ਪਤੰਦਰੋ ਹੋਰ ਈ ਗਿੱਲਾ ਪੀਹਣ ਪਾ ਕੇ ਬਹਿ ਗੇ। ਬੋਘਾ ਤਾਂ ਹੈ ਈ ਚੋਰ। ਚੋਰ ਨੇ ਇਹ ਤਾਂ ਨ੍ਹੀ ਵੇਖਣਾ ਹੁੰਦਾ ਬਈ ਇਹ ਮੇਰੇ ਸਾਹੁਰਿਆਂ ਦਾ ਘਰ ਐ, ਕੁ ਨਾਨਕਿਆਂ ਦਾ ਘਰ ਐ। ਉਹਨੇ ਤਾਂ ਜਿੱਥੇ ਦਾਅ ਲੱਗਦਾ ਲਾ ਈ ਲੈਣਾ। ਤੁਸੀਂ ਮੀਤੇ ਦੀ ਗੱਲ ਦੱਸੋ ਬਈ ਉਹਦਾ ਕੀ ਬਣਿਆ ਭੌਰ ਦਾ?”
ਪ੍ਰਤਾਪੇ ਭਾਊ ਨੇ ਬਾਬੇ ਨੂੰ ਮੱਘਰ ਕੇ ਮੀਤੇ ਬਾਰੇ ਹੈਰਾਨੀ ਨਾਲ ਪੁੱਛਿਆ,”ਉਹਨੂੰ ਕੀ ਹੋ ਗਿਆ ਬਾਬਾ ਉਹਦੇ ਬਾਰੇ ਕਾਹਤੋਂ ਪੁੱਛਦੈਂ ਤੂੰ?”
ਪ੍ਰਤਾਪੇ ਭਾਊ ਦੀ ਗੱਲ ਸੁਣ ਕੇ ਬਾਬਾ ਭਾਊ ਨੂੰ ਕਹਿੰਦਾ, ”ਕਿੱਥੇ ਰਹਿਨੈਂ ਭਾਊ ਯਾਰ ਤੂੰ। ਮੀਤੇ ਦੀ ਗੱਲ ਦਾ ਤਾਂ ਤਾਹਾਂ ਚੰਦ ‘ਤੇ ਗਿਆਂ ਵਿਆਂ ਨੂੰ ਵੀ ਪਤਾ ਲੱਗ ਗਿਆ ਬਈ ਉਹਨੂੰ ਪੁਲਸ ਫ਼ੜ ਕੇ ਲੈ ਗੀ। ਤੈਨੂੰ ਚੁੱਲ੍ਹੇ ਦੇ ਵੱਟੇ ਨਾਲ ਬੈਠੇ ਨੂੰ ਮਨ੍ਹੀ ਪਤਾ ਲੱਗਿਆ।”
ਮਾਹਲਾ ਨੰਬਰਦਾਰ ਕਹਿੰਦਾ, ”ਇਹਨੇ ਪਤਾ ਲਾ ਕੇ ਵੀ ਮੁਨਸ਼ਾ ਸਿਆਂ ਕੀ ਕਰਨੈਂ। ਰੋਟੀਆਂ ਭੰਨ ਈ ਐਂ ਇਹ ਤਾਂ। ਰੋਟੀਆਂ ਜਿੰਨੀਆਂ ਮਰਜੀ ਖੁਆ ਲੋ, ਪਰ ਕਿਸੇ ਗੱਲ ਦਾ ਨ੍ਹੀ ਪਤਾ ਹੁੰਦਾ ਇਹਨੂੰ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਰੋਟੀਆਂ ਦਾ ਤਾਂ ਇਹਨੂੰ ਸਾਰੇ ਪਿੰਡ ਦੇ ਘਰਾਂ ਦਾ ਪਤਾ ਬਈ ਕੀਹਦੇ ਕਿੰਨੀਆਂ ਪੱਕਦੀਐ ਕੀਹਦੇ ਕਿੰਨੀਆਂ।”
ਘੀਰਾ ਪੰਡਤ ਸੀਤੇ ਮਰਾਸੀ ਨੂੰ ਕਹਿੰਦਾ, ”ਬਾਬੇ ਦੀ ਵੀ ਸੁਣ ਲਾ ਮੀਰ ਸਿਆਂ। ਆਵਦਾ ਈ ਟੱਟੂ ਭਜਾਈ ਜਾਨੇ ਐਂ ਜਿਮੇਂ ਪਿੰਡ ਆਲੇ ਅਵਾਰਾ ਗਊਆਂ ਨੂੰ ਫ਼ੜਨ ਵੇਲੇ ਸਾਰੇ ਪਿੰਡ ‘ਚ ਡੱਕਰੀ ਫ਼ਿਰਦੇ ਹੁੰਦੇ ਐ। ਕਿਸੇ ਹੋਰ ਦੀ ਵੀ ਸੁਣ ਲਾ ਗੱਲ। ਬਾਹਲਾ ਬੋਲਦੈਂ ਪਤੰਦਰਾ।”
ਘੀਰੇ ਪੰਡਤ ਦੀ ਗੱਲ ਸੁਣ ਕੇ ਸੀਤਾ ਮਰਾਸੀ ਘੀਰੇ ਨੂੰ ਇਉਂ ਕਤਾੜ ਕੇ ਪੈ ਗਿਆ ਜਿਮੇਂ ਭੁੱਖੇ ਕਤੀੜ ਤੰਦੂਰ ‘ਤੇ ਪਏ ਰੋਟੀਆਂ ਆਲੇ ਛਾਬੇ ਨੂੰ ਪੈ ਗੇ ਹੋਣ। ਮਰਾਸੀ ਘੀਰੇ ਨੂੰ ਕਹਿੰਦਾ, ”ਪਹਿਲਾਂ ਆਵਦੀਆਂ ਪਹਿਲੀਆਂ ਸੱਟਾਂ ਨੂੰ ਸੇਕ ਸੂਕ ਦੇ ਲਾ। ਪਹਿਲੀ ਕੁੱਟ ਨੂੰ ਹਜੇ ‘ਰਾਮ ਨ੍ਹੀ ਆਇਆ, ਹੁਣ ਫ਼ੇਰ ਪੰਗੇ ਲੈਣ ਨੂੰ ਫ਼ਿਰਦੈ। ਬਹਿ ਜਾ ਟਿਕ ਕੇ ਕਿਤੇ ਹੋਰ ਨਾ ਦਬਾਰੇ ਗੁਲਗਲੇ ਆਰਗਾ ਕਰਨਾ ਪੈ ਜੇ।”
ਬੁੱਘਰ ਦਖਾਣ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਪਹਿਲਾਂ ਕੀ ਗੱਲ ਹੋ ਗੀ ਮੀਰ ਪੰਡਤ ਨਾਲ?”
ਮਰਾਸੀ ਨੂੰ ਘੀਰੇ ਪੰਡਤ ‘ਤੇ ਹਰਖਿਆ ਵੇਖ ਬਾਬੇ ਮੁਨਸ਼ਾ ਸਿਉਂ ਨੇ ਪੰਡਤ ਨੂੰ ਤਾਂ ਘਰ ਨੂੰ ਤੋਰ ‘ਤਾ ਬਈ ਕਿਤੇ ਪੰਡਤ ਤੇ ਮਰਾਸੀ ਹੇਠ ਉੱਤੇ ਨਾ ਹੋ ਜਾਣ। ਜਦੋਂ ਘੀਰਾ ਪੰਡਤ ਘਰ ਨੂੰ ਉਠ ਗਿਆ ਤਾਂ ਬਾਬੇ ਨੇ ਮੁਸ਼ਕਣੀਆਂ ਹੱਸ ਕੇ ਮਰਾਸੀ ਨੂੰ ਪੁੱਛਆ, ”ਇਹਨੂੰ ਕੀ ਗੱਲ ਹੋ ਗੀ ਸੀ ਮੀਰ, ਕਿਸੇ ਨੇ ਕੁੱਟਿਆ ਸੀ ਇਹਨੂੰ?”
ਮਰਾਸੀ ਕਹਿੰਦਾ, ”ਕੁੱਟ ਅਰਗੀ ਕੁੱਟ ਬਾਬਾ। ਇਹ ਬਾਹਮਣ ਕਿਤੇ ਪਾਤੜੀਂ ਜਾ ਵੜਿਆ ਸ਼ਨੀ ਦੇਵਤੇ ਦਾ ਤੇਲ ਤੂਲ ਮੰਗਣ। ਪਾਤੜਾਂ ਆਲਿਆਂ ਨੇ ਗੱਡੇ ਦੇ ਜੂਏ ਨਾਲ ਬੰਨ੍ਹ ਕੇ ਧਰ ਕੇ ਕੁੱਟਿਆ ਜਿਮੇਂ ਪੰਚਕੂਲੇ ‘ਕੱਠੇ ਹੋਏ ਲੋਕਾਂ ਨੂੰ ਪੁਲਸ ਨੇ ਕੁੱਟਿਆ ਸੀ। ਤਾਹੀਂ ਤਾਂ ਇਉਂ ਵਿੰਗਾ ਜਾ ਹੋ ਕੇ ਤੁਰਦਾ ਜਿਮੇਂ ਗਧਾ ਖਲੌੜੀਆਂ ‘ਤੇ ਤੁਰਦਾ ਹੁੰਦੈ। ਉੱਥੇ ਪਾਤੜੀਂ ਤੇਲ ਮੰਗਦਾ ਮੰਗਦਾ ਇੱਕ ਬੰਦੇ ਨੂੰ ਕਹਿੰਦਾ ‘ਲਿਆ ਤੇਰਾ ਹੱਥ ਵੇਖਾਂ’। ਉਹ ਕਿਤੇ ਪਹਿਲਾਂ ਈ ਆਵਦੀ ਬਹੂ ਨਾਲ ਘਰੋਂ ਲੜ ਲੁੜ ਕੇ ਉਹਨੂੰ ਕੁੱਟ ਕੇ ਆਇਆ ਸੀ। ਉਹਨੇ ਪੁੱਛਿਆ ‘ਜਰੂਰ ਵੇਖਣੇ ਐ ਹੱਥ’। ਇਹ ਘੀਰਾ ਪੰਡਤ ਕਹਿੰਦਾ ‘ਹਾਂ’। ਉਹਨੇ ਭਾਈ ਉੱਥੇ ਈ ਢਾਹ ਲਿਆ ਜਿਮੇਂ ਮਲੱਪ੍ਹਾਂ ਦੀ ਦੁਆਈ ਦੇਣ ਵੇਲੇ ਕੱਟਾ ਢਾਹੀਦਾ ਹੁੰਦੈ। ਮਾਰ ਮਾਰ ਹੂਰੇ ਹੱਡ ਪੋਲੇ ਕਰ ‘ਤੇ। ਡੂਢ ਮਹੀਨਾ ਨ੍ਹੀ ਸੀ ਘਰੋਂ ਨਿਕਲਿਆ ਉਦੋਂ। ਇਹ ਤਾਂ ਅੱਜ ਈ ਆਇਆ ਸੱਥ ‘ਚ। ਅੱਜ ਮੇਰੇ ਹੱਥ ਵੇਖਣ ਨੂੰ ਕਹਿੰਦਾ ਸੀ। ਕੰਜਰ ਦੇ ਕਮਲੇ ਬਾਹਮਣ ਨੂੰ ਸਮਝ ਦਾ ਈ ਘਾਟਾ ਨਾ ਬਈ ਹਜੇ ਤਾਂ ਤੇਰੇ ਪਹਿਲੀ ਪਈ ਕੁੱਟ ਨੂੰ ਹੀ ਨ੍ਹੀ ਰਾਮ ਆਇਆ, ਹੁਣ ਫ਼ੇਰ ਥੋਹਰ ਦੇ ਕੰਡਿਆਂ ਨਾਲ ਖਹਿਣ ਨੂੰ ਫ਼ਿਰਦੈ।”
ਬਾਬੇ ਮੁਨਸ਼ਾ ਸਿਉਂ ਨੇ ਫ਼ੇਰ ਮੋੜੀ ਓਸੇ ਗੱਲ ਵੱਲ ਮੁਹਾਰ। ਅਮਲੀ ਨੂੰ ਕਹਿੰਦਾ, ”ਅਮਲੀਆ ਤੂੰ ਈ ਦੱਸਦੇ ਜੇ ਤੈਨੂੰ ਪਤਾ ਬਈ ਮੱਘਰ ਨੰਬਰਦਾਰ ਕੇ ਮੀਤੇ ਨੂੰ ਪੁਲਸ ਨੇ ਛੱਡ ‘ਤਾ ਕੁ ਹਜੇ ਠਾਣੇ ਈ ਬਠਾਈ ਬੈਠੇ ਐ?”
ਨਾਥਾ ਅਮਲੀ ਕਹਿੰਦਾ, ”ਐਡੀ ਛੇਤੀ ਕਿੱਥੋਂ ਛੱਡ ‘ਤਾ ਬਾਬਾ। ਹਜੇ ਕੱਲ੍ਹ ਤਾਂ ਫ਼ੜਿਐ। ਨਾਲੇ ਉਹਨੇ ਕਿਤੇ ਛੁੱਟਣ ਆਲੇ ਕੰਮ ਕੀਤੇ ਐ। ਅਗਲੇ ਜਹਾਜ ‘ਤੇ ਚੜ੍ਹਾ ਕੇ ਛੱਡ ਕੇ ਆਏ ਐ ਜੇਲ੍ਹ ‘ਚ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਆਹ ਸੰਤੋਖੀ ਕਾ ਭੀਟਾ ਤਾਂ ਕਹਿੰਦਾ ‘ਪਤੰਦਰ ਉੱਡੇ ਜਾਂਦੇ ਜਹਾਜ ‘ਚੋਂ ਛਾਲ ਮਾਰਨ ਲੱਗਿਆ ਸੀ’। ਕਹਿੰਦੇ ਜਹਾਜ ਦੀਆਂ ਬਾਰੀਆਂ ਈਂ ਨ੍ਹੀ ਖੁੱਲ੍ਹੀਆਂ।”
ਗੱਲਾਂ ਸੁਣੀ ਜਾਂਦਾ ਸੁਰਜਨ ਬੁੜ੍ਹਾ ਟਿੱਚਰ ‘ਚ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਨਾਲੇ ਕਹਿੰਦੇ ਜੇਲ੍ਹ ‘ਚੋਂ ਮੱਖੀ ਬਣ ਕੇ ਨਿਕਲ ਗਿਆ। ਸੱਚੀ ਗੱਲ ਐ ਕੁ ਐਵੇਂ ਚੁਟਕਲਾ ਈ ਛੱਡ ‘ਤਾ ਲੋਕਾਂ ਨੇ?”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਕੋਈ ਵੀ ਬੰਦਾ ਬੁੜ੍ਹੀ ਘਰੋਂ ਬਾਹਰ ਨਾ ਨਿੱਕਲਿਓ ਕਿਉਂਕਿ ਸਰਕਾਰ ਨੇ ਕਰਫ਼ਿਊ ਲਾ ਦਿੱਤਾ ਹੈ। ਸਪੀਕਰ ‘ਚੋਂ ਹੋਕਾ ਸੁਣ ਕੇ ਬਾਬਾ ਮੁਨਸ਼ਾ ਸਿਉਂ ਕਹਿੰਦਾ, ”ਚਲੋ ਬਈ ਮੁੰਡਿਉ ਘਰ ਨੂੰ ਚਲੀਏ। ਹੋਰ ਨਾ ਕਿਤੇ ਕਲਫ਼ੂ ਆਲੇ ਆਪਾਂ ਨੂੰ ਵੀ ਫ਼ੜ ਕੇ ਲੈ ਜਾਣ।”
ਬਾਬੇ ਦੀ ਗੱਲ ਸੁਣ ਕੇ ਸੱਥ ‘ਚ ਬੈਠੇ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਤੁਰ ਗਏ।