ਕਾਜੋਲ-ਕਰਨ ਦੀ ਖ਼ਤਮ ਹੋਈ ਜੰਗ

ਕੁਝ ਅਰਸਾ ਪਹਿਲਾਂ ਤਕ ਇੰਡਸਟਰੀ ਵਿੱਚ ਕਰਣ ਜੌਹਰ ਅਤੇ ਕਾਜੋਲ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ। ‘ਕੁਛ ਕੁਛ ਹੋਤਾ ਹੈ’, ‘ਕਭੀ ਖ਼ੁਸ਼ੀ ਕਭੀ ਗ਼ਮ’ ਅਤੇ ‘ਮਾਈ ਨੇਮ ਇਜ਼ ਖ਼ਾਨ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਉਨ੍ਹਾਂ ਇੱਕੱਠਿਆਂ ਕੀਤੀਆਂ ਹਨ। ਪਰ ਪਿਛਲੇ ਸਾਲ ਦੀਵਾਲੀ ਮੌਕੇ ਦੋਹਾਂ ਦੀ 25 ਸਾਲ ਪੁਰਾਣੀ ਦੋਸਤੀ ਵਿੱਚ ਵੱਡੀ ਤਰੇੜ ਪੈ ਗਈ ਸੀ ਕਿਉਂਕਿ ਕਾਜੋਲ ਦੇ ਪਤੀ ਅਜੈ ਦੇਵਗਨ ਦੀ ਫ਼ਿਲਮ ‘ਸ਼ਿਵਾਏ’ ਅਤੇ ਕਰਣ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਇੱਕੱਠੀਆਂ ਰਿਲੀਜ਼ ਹੋਈਆਂ ਅਤੇ ਬਾਕਸ ਆਫ਼ਿਸ ‘ਤੇ ਦੋਹਾਂ ਦਾ ਟਕਰਾਅ ਹੋਇਆ। ਉਸ ਦੌਰਾਨ ਫ਼ਿਲਮਾਂ ਦਾ ਆਨਲਾਈਨ ਰੀਵਿਊ ਕਰਨ ਵਾਲੇ ਐਕਟਰ ਕਮਾਲ ਆਰ. ਖ਼ਾਨ ਨੇ ਦਾਅਵਾ ਕੀਤਾ ਸੀ ਕਿ ਅਜੈ ਦੇ ਪੁਰਾਣੇ ਦੋਸਤ ਕੁਮਾਰ ਮੰਗਤ ਨੇ ਉਸ ਨੂੰ ‘ਸ਼ਿਵਾਏ’ ਦਾ ਮਾੜਾ ਰੀਵਿਊ ਲਿਖਣ ਲਈ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ। ਇਸ ‘ਤੇ ਕਾਜੋਲ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਬੇਹੱਦ ਹੈਰਾਨੀਜਨਕ ਕਰਾਰ ਦਿੱਤਾ ਸੀ। ਦਾਅਵਾ ਇਹ ਵੀ ਕੀਤਾ ਗਿਆ ਸੀ ਕਿ ਕਰਣ ਜੌਹਰ ਦੇ ਕਹਿਣ ‘ਤੇ ਕੁਮਾਰ ਮੰਗਤ ਨੇ ਅਜਿਹਾ ਕੀਤਾ ਸੀ। ਹਾਲਾਂਕਿ ਕਰਣ ਜੌਹਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਸਭ ਨਾਲ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਕੁਝ ਨੁਕਸਾਨ ਵੀ ਝੱਲਣਾ ਪਿਆ ਜਿਸ ਕਾਰਨ ਕਰਣ ਅਤੇ ਕਾਜੋਲ ਦੀ ਸਾਲਾਂ ਪੁਰਾਣੀ ਦੋਸਤੀ ਟੁੱਟ ਗਈ। ਪਿਛਲੇ ਦਿਨੀਂ ਆਪਣੀ ਫ਼ਿਲਮ ‘ਵੀਆਈਪੀ 2’ ਦੀ ਪ੍ਰਮੋਸ਼ਨ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵੀ ਕਾਜੋਲ ਨੇ ਵੀ ਕਰਣ ਦਾ ਨਾਂ ਲਏ ਬਿਨਾ ਕਿਹਾ ਕਿ ਉਹ ਅਜਿਹੇ ਇਨਸਾਨਾਂ ਨਾਲ ਕਿਵੇਂ ਕੰਮ ਕਰ ਸਕਦੀ ਹੈ ਜਿਨ੍ਹਾਂ ਨਾਲ ਉਸ ਦੀ ਕੋਈ ਗੱਲ ਹੀ ਨਹੀਂ ਹੁੰਦੀ। ਅੰਦਾਜ਼ੇ ਤਾਂ ਇਥੋਂ ਤਕ ਲਗਾਏ ਜਾ ਰਹੇ ਸਨ ਕਿ ਦੋਹਾਂ ਦੀ ਦੋਸਤੀ ਮੁੜ ਨਹੀਂ ਹੋ ਸਕੇਗੀ ਪਰ ਅਜਿਹਾ ਹੋ ਗਿਆ ਹੈ। ਹਾਲ ਹੀ ਵਿੱਚ ਕਾਜੋਲ ਨੇ ਆਪਣੇ ਪਰਿਵਾਰ ਦੇ ਕੁਝ ਖ਼ਾਸ ਦੋਸਤਾਂ ਨੂੰ ਲੰਚ ‘ਤੇ ਸੱਦਾ ਦਿੱਤਾ ਸੀ ਜਿਸ ਵਿੱਚ ਕਰਣ ਜੌਹਰ ਵੀ ਸ਼ਾਮਿਲ ਸੀ। ਕਰਣ ਨੇ ਵੀ ਖੁੱਲ੍ਹੇ ਦਿਲ ਨਾਲ ਸੱਦਾ ਕਬੂਲ ਕੀਤਾ ਤੇ ਲੰਚ ‘ਤੇ ਪੁੱਜੇ। ਇਸ ਨੂੰ ਕਹਿੰਦੇ ਹਨ ਸੱਚੀ ਦੋਸਤੀ !