ਆਪਣੇ ਘਰ ਦੇ ਬੂਹੇ ‘ਚ ਪੈਰਾਂ ਭਾਰ ਬੈਠਾ ਬਲਵੰਤ ਸਿੰਘ ਘਾਹ ਨੂੰ ਤਿੱਖੀ ਰੰਬੀ ਨਾਲ ਵਾਹੋਦਾਹੀ ਖੋਤ ਰਿਹਾ ਸੀ। ਤਿੱਖੀ ਰੰਬੀ ਜਦ ਵੀ ਧਰਤੀ ਦੀ ਹਿੱਕ ਚੀਰ ਕੇ, ਘਾਹ ਦੀਆਂ ਜੜ੍ਹਾਂ ਬਲਵੰਤ ਸਿੰਘ ਦੇ ਹੱਥ ਵਿੱਚ ਫ਼ੜਾਉਂਦੀ, ਬਲਵੰਤ ਸਿੰਘ ਨੂੰ ਆਪਣੀ ਜ਼ਿੰਦਗੀ ‘ਚ ਚੱਲੇ ਬੜੇ ਤਿੱਖੇ ਰੰਬੇ ਵਰਗੇ ਹਾਲਾਤ ਦੀ ਯਾਦ ਆਉਦੀਂ, ਜਿਸ ਨੇ ਉਸਦੀ ਜ਼ਿੰਦਗੀ ‘ਚ ਚੱਲ ਕੇ, ਉਸ ਦੀਆਂ ਜੜ੍ਹਾਂ ਕਿਸੇ ਹੋਰ ਦੇ ਹੱਥ ‘ਚ ਫ਼ੜਾ ਦਿੱਤੀਆਂ ਸਨ। ਪਰ ਉਸ ਦੀਆਂ ਜੜ੍ਹਾਂ ਕਿਸ ਨੇ ਪੁੱਟੀਆਂ ਸਨ? ਗ਼ੈਰਾਂ ਨੂੰ ਤਾਂ ਬੰਦਾ ਬੜੀ ਜਲਦੀ ਇਲਜ਼ਾਮ ਲਗਾ ਕੇ ਸੁਣਾ ਦਿੰਦਾ ਹੈ ਪਰ ਆਪਣੇ ਸਰੀਰ ਦੇ ਅੰਗ, ਜਿਗਰ ਦੇ ਟੋਟੇ, ਆਪਣੇ ਬੱਚਿਆਂ ਨੂੰ ਬਲਵੰਤ ਸਿੰਘ ਕੀ ਕਹਿ ਕੇ ਸੁਣਾਏ। ਅੱਜ ਸਵੇਰ ਦਾ ਬਲਵੰਤ ਸਿੰਘ ਤਾਪ ਨਾਲ ਤਪ ਰਿਹਾ ਸੀ। ਬੜੀ ਹੀ ਮੁਸ਼ਕਿਲ ਨਾਲ ਉੱਠ ਕੇ ਉਸਨੇ ਰੰਬੀ ਨੂੰ ਹੱਥ ਪਾਉਂਦਿਆਂ, ਬੂਹੇ ਅੱਗੋਂ ਘਾਹ ਖੋਤਨਾ ਸ਼ੁਰੂ ਕੀਤਾ ਸੀ। ਸ਼ਾਇਦ ਉਹ ਘਾਹ ਨੂੰ ਅੱਜ ਨਾ ਵੀ ਖੋਤਦਾ ਪਰ ਉਸਦੀ ਨੂੰਹ ਕੈਸ਼ੀਅਰ ਮਨਜੀਤ ਕੌਰ ਦੇ ਬੜੇ ਹੀ ਦਿਲ ਨੂੰ ਚੀਰਨ ਵਾਲੇ ਕੌੜੇ ਬੋਲਾਂ ਕਾਰਨ ਹੀ ਬੁਖਾਰ ਨਾਲ ਤਪ ਰਹੇ ਬਲਵੰਤ ਨੇ ਰੰਬੀ ਨੂੰ ਹੱਥ ਪਾਇਆ ਸੀ। ”ਤੈਨੂੰ ਪਰਸੋਂ ਦਾ ਕਿਹਾ ਹੋਇਆ। ਸਾਰਾ ਦਿਨ ਘਰ ਵਿੱਚ ਵਿਹਲਾ ਬੈਠਾ ਮੱਖੀਆਂ ਹੀ ਮਾਰਦਾ ਰਹਿਨਾ। ਤੈਥੋਂ ਬੂਹੇ ਵਿੱਚੋਂ ਘਾਹ ਈ ਨੀ ਖੋਤਿਆ ਜਾਦਾਂ”। ਮਨਜੀਤ ਦੇ ਇਨ੍ਹਾਂ ਬੋਲਾਂ ਵਿੱਚ ਘੂਰੀ, ਗੁੱਸਾ ਤੇ ਸਖ਼ਤਾਈ ਸਾਫ਼ ਦਿਖਾਈ ਦੇ ਰਹੀ ਸੀ। ਬਲਵੰਤ ਦਾ ਚਿਹਰਾ ਤਾਪ ਨਾਲ ਪੂਰੀ ਤਰ੍ਹਾਂ ਮੁਰਝਾਇਆ ਹੋਇਆ ਸੀ। ਉਸ ਦਾ ਪੁੱਤਰ ਹਰਵਿੰਦਰ ਬੈਂਕ ਵਿੱਚ ਕਲਰਕ ਲੱਗਿਆ ਹੋਇਆ ਸੀ। ਅੱਜ ਉਹ ਵੀ ਆਪਣੇ ਪਿਤਾ ਦਾ ਨਾ ਹੋ ਕੇ ਗੱਲ-ਗੱਲ ਵਿੱਚ ਆਪਣੀ ਪਤਨੀ ਦੀ ਹਾਮੀ ਭਰਦਾ ਸੀ। ਤੇਜ਼ ਬੁਖਾਰ ਨਾਲ ਤਪ ਰਹੇ ਬਲਵੰਤ ਨੇ ਘਾਹ ਦੀਆਂ ਜੜ੍ਹਾਂ ਵਿੱਚ ਰੰਬੀ ਚਲਾਉਣੀ ਸ਼ੁਰੂ ਕੀਤੀ। ਰੰਬੀ ਚੱਲਦੀ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਉਸਨੂੰਆਪਣੀ ਜ਼ਿੰਦਗੀ ਦੇ ਉਹ ਸੁਨਹਿਰੀ ਦਿਨਯਾਦ ਆਉਣ ਲੱਗੇ ਜਦ ਉਸ ‘ਤੇ ਨਵੀਂ-ਨਵੀਂਜਵਾਨੀ ਆਈ ਸੀ ਤੇ ਉਹ ਆਪਣੇ ਬਾਪੂ ਜੋਗੇ ਨਾਲ ਖੇਤ ਵਿੱਚ ਰੰਬੇ ਨਾਲ ਨਰਮਾ ਗੁੱਡ ਰਿਹਾ ਸੀ। ”ਤੂੰ ਤਾਂ ਬੜਾ ਕੰਮ ਖਿੱਚਿਆ ਬਲਵੰਤਿਆ”। ਨਰਮੇ ਦੇ ਖੇਤ ਵਿੱਚ ਬਲਵੰਤ ਤੋਂ ਪਿੱਛੇ ਬੈਠੇ ਜੋਗੇ ਨੇ ਆਪਣੇ ਪੁੱਤਰ ਨੂੰ ਮਜ਼ਾਕੀਆ ਲਹਿਜੇ ਵਿੱਚ ਕਿਹਾ। ”ਤੂੰ ਤਾਂ ਬਾਪੂ ਹੁਣ ਬੁੱਢਾ ਹੋ ਗਿਐਂ। ਤੈਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਖੇਤ ਵਿੱਚ ਮਿੱਟੀ ਨਾ ਹੋਇਆ ਕਰ”। ਬਲਵੰਤ ਨੇ ਗੁੱਸੇ ਤੇ ਸਤਿਕਾਰ ਭਰੇ ਲਹਿਜੇ ਵਿੱਚ ਆਪਣੇ ਪਿਤਾ ਨੂੰ ਡਾਂਟਦਿਆਂ ਕਿਹਾ। ”ਤੈਨੂੰ ਸਰਕਾਰੀ ਨੌਕਰੀ ਮਿਲ ਜਾਵੇ। ਫ਼ਿਰ ਆਪਾਂ ਕਾਹਨੂੰ ਖੇਤ ਵਿੱਚ ਮਿੱਟੀ ਹੋਣਾ”। ਜੋਗੇ ਨੇ ਦਿਲ ਦੀ ਗੱਲ ਆਪਣੇ ਪੁੱਤਰ ਨੂੰ ਦੱਸਦਿਆਂ ਕਿਹਾ। ”ਕੋਈ ਨੀ ਬਾਪੂ, ਹੁਣ ਤਾਂ ਦਸ ਕਰ ਲਈਆਂ ਨੇ। ਹੁਣ ਤਾਂ ਨੌਕਰੀ ਮਿਲ ਹੀ ਜਾਊ”। ਬਲਵੰਤ ਨੂੰ ਆਪਣੀਆਂ ਦਸ ਪੜ੍ਹੀਆਂ ਜਮਾਤਾਂ ‘ਤੇ ਪੂਰਾ ਮਾਣ ਸੀ ਤੇ ਆਸ ਸੀ ਕਿ ਉਸਨੂੰ ਨੌਕਰੀ ਜਲਦੀ ਹੀ ਮਿਲ ਜਾਵੇਗੀ। ਦੋਵੇਂ ਪਿਉ-ਪੁੱਤ ਸ਼ਾਮ ਤਕ ਆਪਣੇ ਚਾਰ ਕਿੱਲਿਆਂ ਵਿੱਚ ਬੈਠੇ ਨਰਮਾ ਗੁੱਡਦੇ ਰਹੇ। ਸੂਰਜ ਛਿਪਿਆ ਤਾਂ ਦੋਹਾਂ ਨੇ ਘਰ ਵੱਲ ਨੂੰ ਮੂੰਹ ਕਰ ਲਿਆ। ਕੁਲਵੰਤ ਕੌਰ ਘਰ ਦਾ ਸਾਰਾ ਕੰਮ ਨਿਬੇੜ ਕੇ, ਦਾਲ ਹਾਰੇ ਵਿੱਚ ਧਰ ਕੇ, ਆਟਾ ਗੁੰਨ ਕੇ ਆਪਣੇ ਪਤੀ ਅਤੇ ਪੁੱਤਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਜਦ ਜੋਗਾ ਤੇ ਬਲਵੰਤ ਘਰ ਆਏ ਤਾਂ ਕੁਲਵੰਤ ਨੇ ਪਾਣੀ-ਧਾਣੀ ਦੇਣ ਤੋਂ ਬਾਅਦ ਸਵੇਰੇ ਡਾਕੀਏ ਵੱਲੋਂ ਫ਼ੜਾਈ ਚਿੱਠੀ ਬਲਵੰਤ ਨੂੰ ਫ਼ੜਾਈ। ਬਲਵੰਤ ਨੇ ਜਿਉਂ ਹੀ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਚਿੱਠੀ ਨਹੀਂ ਸੀ ਬਲਕਿ ਬਲਵੰਤ ਦੇ ਪਟਵਾਰੀ ਦੇ ਆਰਡਰ ਸਨ। ਜਿਉਂ ਹੀ ਉਸ ਨੇ ਇਹ ਖ਼ਬਰ ਆਪਣੇ ਮਾਂ-ਬਾਪ ਨੂੰ ਸੁਣਾਈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਵੀ ਕੋਈ ਟਿਕਾਣਾ ਨਾ ਰਿਹਾ। ਜੋਗੇ ਨੇ ਤਾਂ ਅਗਲੇ ਦਿਨ ਆਂਢ-ਗੁਆਂਢ ਵਿੱਚ ਲੱਡੂ ਵੀ ਵੰਡਵਾਏ। ਹੌਲੀ- ਹੌਲੀ ਸਾਰੇ ਪਿੰਡ ਵਿੱਚ ਬਲਵੰਤ ਦੇ ਪਟਵਾਰੀ ਲੱਗਣ ਦੀ ਗੱਲ ਫ਼ੈਲ ਗਈ। ਅਗਲੇ ਦੋ ਦਿਨ ਬਲਵੰਤ ਕੇ ਘਰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗਿਆ ਰਿਹਾ। ”ਬੁੜਿਆ, ਤੈਥੋਂ ਆਹ ਘਾਹ ਈ ਨੀ ਖੋਤਿਆ ਗਿਆ ਦੋ ਘੰਟਿਆਂ ਦਾ। ਕਿਹੜੀ ਦੁਨੀਆ ‘ਚ ਗੁਆਚਿਆ ਬੈਠਾ। ਛੇਤੀ ਘਾਹ ਖੋਤ ਤੇ ਫ਼ਿਰ ਪੌਦਿਆਂ ਨੂੰ ਵੀ ਪਾਣੀ ਪਾਉਣਾ”। ਨੂੰਹ ਮਨਜੀਤ ਨੇ ਬੜੇ ਹੀ ਸਖ਼ਤ ਲਹਿਜੇ ਵਿੱਚ ਬਲਵੰਤ ਸਿੰਘ ਨੂੰ ਹਲੂਣਦਿਆਂ ਕਿਹਾ। ਬਲਵੰਤ ਸਿੰਘ ਦੇ ਜਿਵੇਂ ਕਿਸੇ ਨੇ 440 ਵੋਲਟੇਜ ਦਾ ਕਰੰਟ ਲਗਾ ਦਿੱਤਾ ਹੋਵੇ। ਉਸ ਦੇ ਖ਼ਿਆਲਾਂ ਦੀ ਲੜੀ ਮਨਜੀਤ ਨੇ ਸਿਰਫ਼ ਇੱਕ ਝਟਕੇ ‘ਚ ਹੀ ਤੋੜ ਦਿੱਤੀ ਸੀ। ਮਨਜੀਤ ਦੇ ਜਾਣ ਤੋਂ ਬਾਅਦ ਬਲਵੰਤ ਕਾਫ਼ੀ ਸਮਾਂ ਚੁੱਪ ਬੈਠਾ ਆਪਣੇ ਦੁਆਰਾ ਖੋਤੇ ਹੋਏ ਅੱਧੇ ਤੋਂ ਵੱਧ ਘਾਹ ਵੱਲ ਵੇਖਦਾ ਰਿਹਾ। ਅੱਧੇ ਤੋਂ ਵੱਧ ਘਾਹ ਉਸ ਨੇ ਪੁਰਾਣੀਆਂ ਯਾਦਾਂ ਤੇ ਸੋਚਾਂ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦਿਆਂ ਪਤਾ ਨਹੀਂ ਕਦ ਖੋਤ ਦਿੱਤਾ ਸੀ। ਹੁਣ ਉਸ ਨੂੰ ਆਪਣੀ ਜ਼ਿੰਦਗੀ ਵੀ ਉਸ ਧਰਤੀ ਵਰਗੀ ਜਾਪ ਰਹੀ ਸੀ, ਜਿਸ ਵਿੱਚੋਂ ਅੱਧੇ ਤੋਂ ਵੱਧ ਘਾਹ ਖੋਤਿਆ ਗਿਆ ਸੀ ਤੇ ਥੋੜ੍ਹਾ ਜਿਹਾ ਘਾਹ ਬਾਕੀ ਰਹਿ ਗਿਆ ਸੀ। ਮਨਜੀਤ ਦਾ ਅਜਿਹਾ ਰੂਪ ਬਲਵੰਤ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਸੋਚਾਂ ਵਿੱਚ ਬੈਠਾ ਬਲਵੰਤ ਮਨਜੀਤ ਨੂੰ ਆਪਣੀ ਪਤਨੀ ਬਸੰਤ ਕੌਰ ਨਾਲ ਤੋਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮਨਜੀਤ ਤਾਂ ਬਸੰਤ ਦੇ ਪੈਰ ਵਰਗੀ ਵੀ ਬਲਵੰਤ ਨੂੰ ਨਾ ਲੱਗੀ। ਬਸੰਤ ਕੌਰ ਤਾਂ ਉਹ ਔਰਤ ਸੀ ਜਿਸ ਨੇ ਆਪਣੇ ਪਤੀ ਦੀ ਜ਼ਿੰਦਗੀ ਦੇ ਹਰ ਦੁੱਖ- ਸੁੱਖ ਵਿੱਚ ਸਾਥ ਦਿੱਤਾ ਸੀ। ਪਟਵਾਰੀ ਬਣਨ ਤੋਂ ਬਾਅਦ ਬਲਵੰਤ ਸਿੰਘ ਲਈ ਬੜੇ ਵਧੀਆ-ਵਧੀਆ ਰਿਸ਼ਤੇ ਆਏ ਸਨ, ਜਿਨ੍ਹਾਂ ਵਿੱਚੋਂ ਬਲਵੰਤ ਦੇ ਸੰਯੋਗਾਂ ਦਾ ਜੋੜ ਬਸੰਤ ਕੌਰ ਨਾਲ ਜੁੜਿਆ ਸੀ। ਬਸੰਤ ਕੌਰ ਬੜੀ ਹੀ ਸੁਚੱਜੀ ਔਰਤ ਸੀ। ਪੂਰੀ ਜ਼ਿੰਦਗੀ ਉਸ ਨੇ ਬਲਵੰਤ ਦੇ ਮਾਂ-ਬਾਪ ਨੂੰ ਆਪਣੇ ਮਾਂ-ਬਾਪ ਸਮਝ ਕੇ ਸੇਵਾ ਕੀਤੀ ਸੀ। ਪਟਵਾਰੀ ਬਣਨ ਤੋਂ ਬਾਅਦ ਬਲਵੰਤ ਨੇ ਆਪਣੀ ਸਾਰੀ ਜ਼ਮੀਨ ਠੇਕੇ ‘ਤੇ ਦੇ ਦਿੱਤੀ ਸੀ ਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ। ਪੂਰੇ ਦੋ ਸਾਲ ਬਾਅਦ ਰੱਬ ਨੇ ਬਲਵੰਤ ਦੇ ਘਰ ਬੜੇ ਸੋਹਣੇ ਪੁੱਤਰ ਨੂੰ ਭੇਜਿਆ ਸੀ, ਜਿਸਦਾ ਨਾਂ ਪਟਵਾਰੀ ਸਾਹਿਬ ਨੇ ਬੜੇ ਹੀ ਚਾਵਾਂ ਨਾਲ ਹਰਵਿੰਦਰ ਰੱਖਿਆ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਹਰਵਿੰਦਰ ਉਸ ਸਮੇਂ ਪੰਦਰ੍ਹਾਂ ਵਰ੍ਹਿਆਂ ਦਾ ਸੀ, ਜਦ ਉਸ ਦੇ ਦਾਦਾ ਜੋਗਾ ਸਿੰਘ ਦੀ ਮੌਤ ਹੋ ਗਈ ਸੀ। ਬਲਵੰਤ ਸਿੰਘ ਹਾਲੇ ਆਪਣੇ ਬਾਪ ਦੀ ਮੌਤ ਦੇ ਸਦਮੇ ‘ਚੋਂ ਬਾਹਰ ਆਇਆ ਹੀ ਸੀ ਕਿ ਤਿੰਨ ਸਾਲ ਬਾਅਦ ਹੀ ਉਸਦੀ ਮਾਂ ਕੁਲਵੰਤ ਕੌਰ ਰੱਬ ਨੂੰ ਪਿਆਰੀ ਹੋ ਗਈ। ਬਲਵੰਤ ਸਿੰਘ ਦਾ ਮਨ ਹੁਣ ਕੁੱਝ ਵੀ ਕਰਨ ਨੂੰ ਨਹੀਂ ਸੀ ਕਰਦਾ। ਬਸੰਤ ਕੌਰ ਨੇ ਇਨ੍ਹਾਂ ਦੋਹਾਂ ਮੌਤਾਂ ਦੌਰਾਨ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਸੀ। ਜ਼ਿੰਦਗੀ ਵਿੱਚ ਕਦੀ ਵੀ ਦੁੱਖ-ਸੁੱਖ ਇੱਕੱਠੇ ਇੱਕ ਸਮਾਂ ਨਹੀਂ ਰਹਿੰਦੇ। ਜੇ ਅੱਜ ਦੁੱਖ ਹੈ ਤਾਂ ਕੱਲ੍ਹ ਨੂੰ ਸੁੱਖ ਵੀ ਜ਼ਰੂਰ ਆਵੇਗਾ। ਸਮਾਂ ਬੜਾ ਬਲਵਾਨ ਹੁੰਦਾ ਹੈ। ਸਮੇਂ ਦੇ ਬੀਤਣ ਨਾਲ ਕਈ ਸਾਲਾਂ ਬਾਅਦ ਅੱਜ ਬਲਵੰਤ ਸਿੰਘ ਦੇ ਘਰ ਖ਼ੁਸ਼ੀਆਂ ਨੇ ਫ਼ੇਰਾ ਪਾਇਆ ਸੀ। ਅੱਜ ਬਲਵੰਤ ਸਿੰਘ ਦੇ ਪੁੱਤਰ ਹਰਵਿੰਦਰ ਦਾ ਰਿਸ਼ਤਾ ਜੋ ਪੱਕਾ ਹੋ ਗਿਆ ਸੀ। ਹਰਵਿੰਦਰ ਦਾ ਰਿਸ਼ਤਾ ਮਨਜੀਤ ਕੌਰ ਨਾਲ ਪੱਕਾ ਹੋਇਆ ਸੀ। ਮਨਜੀਤ ਬੈਂਕ ਵਿੱਚ ਕੈਸ਼ੀਅਰ ਲੱਗੀ ਹੋਈ ਸੀ। ਹਰਵਿੰਦਰ ਨੂੰ ਵੀ ਬੈਂਕ ਵਿੱਚ ਕਲਰਕ ਦੀ ਨੌਕਰੀ ਮਿਲ ਗਈ ਸੀ। ਮਨਜੀਤ ਦਾ ਪਰਿਵਾਰ ਵੀ ਬੜਾ ਖਾਨਦਾਨੀ ਪਰਿਵਾਰ ਸੀ। ਹੌਲੀ-ਹੌਲੀ ਵਿਆਹ ਦੇ ਦਿਨ ਨੇੜੇ ਆ ਗਏ। ਵਿਆਹ ਵਾਲੇ ਦਿਨ ਹਰਵਿੰਦਰ ਦੀ ਟੌਹਰ ਵੇਖਣੀ ਬਣਦੀ ਸੀ। ਵਿਆਹ ਵੀ ਬੜੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹ ਗਿਆ। ਬਲਵੰਤ ਨੇ ਅੱਜ ਆਪਣੀ ਸਾਰੀ ਜਾਇਦਾਦ ਦਾ ਵਾਰਿਸ਼ ਆਪਣੇ ਪੁੱਤਰ ਨੂੰ ਬਣਾ ਦਿੱਤਾ ਸੀ। ਬਲਵੰਤ ਸਿੰਘ ਆਪਣਾ ਸਾਰਾ ਕੁੱਝ ਆਪਣੇ ਪੁੱਤਰ ਦੇ ਨਾਂ ਕਰ ਕੇ ਆਪਣੇ ਆਪ ਨੂੰ ਹਰ ਜ਼ਿੰਮੇਵਾਰੀ ਤੋਂ ਮੁਕਤ ਹੋਇਆ ਬੜਾ ਹਲਕਾ ਮਹਿਸੂਸ ਕਰ ਰਿਹਾ ਸੀ। ਰਹਿੰਦੀ ਜ਼ਿੰਦਗੀ ਹੁਣ ਉਹ ਆਪਣੀ ਪਤਨੀ ਤੇ ਪਰਿਵਾਰ ਵਿੱਚ ਰਹਿ ਕੇ ਗੁਜਾਰਨੀ ਚਾਹੁੰਦਾ ਸੀ। ਹਾਲੇ ਹਰਵਿੰਦਰ ਦੇ ਵਿਆਹ ਹੋਏ ਨੂੰ ਸਿਰਫ਼ ਸਾਲ ਹੀ ਹੋਇਆ ਸੀ ਕਿ ਕੈਸ਼ੀਅਰ ਸਾਹਿਬਾ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ। ਘਰ ਦੇ ਕਿਸੇ ਵੀ ਕੰਮ ਨੂੰ ਹੱਥ ਲਾਉਣਾ ਜਿਵੇਂ ਉਸ ਲਈ ਗੁਨਾਹ ਬਣ ਗਿਆ ਸੀ। ਘਰ ਦੀ ਸਾਰੀ ਕਬੀਲਦਾਰੀ ਤੇ ਜ਼ਿੰਮੇਵਾਰੀ ਜਿਹੜੀ ਬਸੰਤ ਕੌਰ ਨੇ ਆਪਣੇ ਸਿਰੋਂ ਉਤਾਰ ਕੇ ਮਨਜੀਤ ਨੂੰ ਦਿੱਤੀ ਸੀ, ਅੱਜ ਉਹੀ ਜ਼ਿੰਮੇਵਾਰੀ ਉਸਨੂੰ ਦੁਬਾਰਾ ਮਿਲ ਜਾਣ ‘ਤੇ ਉਹ ਬੜੀ ਦੁਖੀ ਸੀ। ਜਾਣ-ਬੁੱਝ ਕੇ ਡਿਊਟੀ ਤੋਂ ਲੇਟ ਆਉਣਾ ਤੇ ਸਵੇਰੇ ਜਲਦੀ ਘਰੋਂ ਤੁਰ ਜਾਣਾ ਕੈਸ਼ੀਅਰ ਸਾਹਿਬਾ ਦੀ ਨਿੱਤ ਦੀ ਰੁਟੀਨ ਬਣ ਗਈ ਸੀ। ਰੋਟੀ ਟੁੱਕ ਤੋਂ ਲੈ ਕੇ ਘਰ ਦੀ ਸਾਫ਼-ਸਫ਼ਾਈ ਦਾ ਸਾਰਾ ਕੰਮ ਬਸੰਤ ਕੌਰ ਹੀ ਕਰਦੀ। ਸਿੱਟੇ ਵੱਜੋਂ ਉਹ ਅਕਸਰ ਹੀ ਬਿਮਾਰ ਰਹਿਣ ਲੱਗ ਪਈ ਸੀ। ਹਰਵਿੰਦਰ ਤੇ ਤਾਂ ਜਿਵੇਂ ਉਸਦੀ ਪਤਨੀ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਸੀ। ਕੈਸ਼ੀਅਰ ਸਾਹਿਬਾ ਜੋ ਵੀ ਗੱਲ ਕਰਦੀ, ਉਸਦੀ ਹਰ ਗੱਲ ਦਾ ਗਵਾਹ ਹਰਵਿੰਦਰ ਹੀ ਬਣਦਾ। ਅੱਜ ਬਸੰਤ ਕੌਰ ਤੋਂ ਸਵੇਰੇ ਗਲਾਸ ‘ਚ ਚਾਹ ਪਾਉਣ ਲੱਗਿਆਂ, ਮਨਜੀਤ ਦੇ ਦਾਜ ‘ਚ ਆਏ ਗਲਾਸਾਂ ਵਿੱਚੋਂ ਇੱਕ ਹੱਥ ‘ਚੋਂ ਛੁੱਟ ਕੇ ਟੁੱਟ ਗਿਆ। ਜਦੋਂ ਮਨਜੀਤ ਨੂੰ ਗਲਾਸ ਟੁੱਟਣ ਦੀ ਆਵਾਜ਼ ਆਈ ਤਾਂ ਸਵੇਰੇ-ਸਵੇਰੇ ਉਸਦਾ ਪਾਰਾ ਸੱਤਵੇਂ ਅਸਮਾਨ ‘ਤੇ ਪਹੁ ੰਚ ਗਿਆ। ਉਸਨੇ ਬਸੰਤ ਕੌਰ ਨੂੰ ਬਹੁਤ ਖਰੀਆਂ-ਖਰੀਆਂ ਸੁਣਾਈਆਂ। ਬਸੰਤ ਕੌਰ ਪੂਰੀ ਜ਼ਿੰਦਗੀ ਵਿੱਚ ਐਨੀ ਉਦਾਸ ਨਹੀਂ ਹੋਈ ਸੀ, ਜਿੰਨੀ ਅੱਜ ਉਹ ਉਦਾਸ ਸੀ। ਉਸ ਨੇ ਤਾਂ ਸਾਰੀ ਉਮਰ ਆਪਣੇ ਸਹੁਰਾ-ਸੱਸ ਨੂੰ ਆਪਣੇ ਮਾਂ-ਬਾਪ ਨਾਲੋਂ ਵੀ ਵਧ ਕੇ ਸਮਝਿਆ ਸੀ। ਰੋਜ਼-ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਬਸੰਤ ਕੌਰ ਹੁਣ ਅਕਸਰ ਹੀ ਬਿਮਾਰ ਰਹਿਣ ਲੱਗ ਪਈ ਸੀ। ਦਿਨਾਂ ਵਿੱਚ ਹੀ ਉਹ ਰੱਬ ਨੂੰ ਪਿਆਰੀ ਹੋ ਗਈ। ਬਲਵੰਤ ਸਿੰਘ ਤੇ ਤਾਂ ਜਿਵੇਂ ਹੁਣ ਦੁੱਖਾਂ ਦੇ ਪਹਾੜ ਹੀ ਡਿੱਗ ਪਏ ਸਨ। ਪਹਿਲਾਂ ਜਦ ਉਸਦੇ ਮਾਂ-ਬਾਪ ਪੂਰੇ ਹੋਏ ਸਨ ਤਾਂ ਬਸੰਤ ਕੌਰ ਨੇ ਉਸਦਾ ਪੂਰਾ ਸਾਥ ਦਿੱਤਾ ਸੀ ਪਰ ਅੱਜ ਉਸ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲਾ ਕੋਈ ਨਹੀਂ ਸੀ। ਹੁਣ ਤਾਂ ਜਿਵੇਂ ਉਸਦੀ ਜ਼ਿੰਦਗੀ ਹੀ ਵੀਰਾਨ ਹੋ ਗਈ ਹੋਵੇ। ਉਹ ਸਾਰਾ ਦਿਨ ਅਕਸਰ ਹੀ ਬਸੰਤ ਕੌਰ ਦੀਆਂ ਯਾਦਾਂ ਵਿੱਚ ਉਲਝਿਆ ਰਹਿੰਦਾ। ਨੂੰਹ-ਪੁੱਤ ਤਾਂ ਹੁਣ ਉਸ ਦੇ ਉੱਤੋਂ ਦੀ ਹੋ-ਹੋ ਕੇ ਬੋਲਦੇ। ਬੇਗਾਨਿਆਂ ਨਾਲੋਂ ਵੱਧ ਡਰ ਹੁਣ ਉਸ ਨੂੰ ਆਪਣਿਆਂ ਤੋਂ ਲੱਗਦਾ। ਆਪਣੇ ਹੀ ਘਰ ਵਿੱਚ ਕਿਤੇ ਪਟਵਾਰੀ ਸਾਹਿਬ ਅਖਵਾਉਣ ਵਾਲੇ ਬਲਵੰਤ ਸਿੰਘ ਦੀ ਹੈਸੀਅਤ ਅੱਜ ਇੱਕ ਨੌਕਰ ਤੋਂ ਵੱਧ ਨਹੀਂ ਸੀ ਰਹੀ। ਇਨ੍ਹਾਂ ਯਾਦਾਂ ਤੇ ਦੁੱਖਾਂ ਵਿੱਚ ਗੁਆਚਿਆਂ ਪਤਾ ਨਹੀਂ ਕਦ ਬਲਵੰਤ ਸਿੰਘ ਨੇ ਬੂਹੇ ਅੱਗਿਉਂ ਸਾਰਾ ਘਾਹ ਖੋਤ ਦਿੱਤਾ ਸੀ। ਬੁਖਾਰ ਨਾਲ ਬੁਰੀ ਤਰ੍ਹਾਂ ਤਪ ਰਹੇ ਬਲਵੰਤ ਸਿੰਘ ਵਿੱਚ ਹੁਣ ਉਸ ਤਿੱਖੀ ਰੰਬੀ ਨੂੰ ਚੁੱਕਣ ਤਕ ਦੀ ਹਿੰਮਤ ਵੀ ਨਹੀਂ ਸੀ ਜਿਸ ਨਾਲ ਉਸ ਨੇ ਬੂਹੇ ਅੱਗਿਉਂ ਸਾਰਾ ਘਾਹ ਖੋਤਿਆ ਸੀ। ਉਹ ਉੱਥੇ ਹੀ ਦਰਾਂ ਵਿੱਚ ਗੇਟ ਨਾਲ ਪਿੱਠ ਲਗਾ ਕੇ ਬੈਠ ਗਿਆ। ਉਸ ਵਿੱਚ ਹੁਣ ਉੱਠਣ ਤਕ ਦੀ ਵੀ ਹਿੰਮਤ ਨਹੀਂ ਸੀ ਰਹੀ। ਮਨਜੀਤ ਕੋਲ ਕੋਠੀ ਅੰਦਰੋਂ ਬਾਹਰ ਨਿਕਲ ਕੇ ਆਪਣੇ ਸਹੁਰੇ ਦਾ ਹਾਲ ਪੁੱਛਣ ਦਾ ਵੀ ਸਮਾਂ ਨਹੀਂ ਸੀ। ਜਦ ਸ਼ਾਮ ਨੂੰ ਹਰਵਿੰਦਰ ਘਰ ਵਾਪਿਸ ਆਇਆ ਤਾਂ ਬੂਹੇ ‘ਚ ਬੈਠੇ ਆਪਣੇ ਬਾਪੂ ਨੂੰ ਉਸ ਹਲੂਣਿਆ ਤੇ ਖੁਸ਼ ਹੁੰਦਿਆਂ ਬੋਲਿਆ, ”ਬਾਪੂ, ਤੂੰ ਤਾਂ ਬੜਾ ਕੰਮ ਖਿੱਚਿਆ ਅੱਜ। ਸਾਰਾ ਘਾਹ ਖੋਤ ਤਾਂ ਬੂਹੇ ਅੱਗਿਉਂ। ਚੱਲ ਉਠ, ਚੱਲੀਏ ਅੰਦਰ।” ”ਕਿਹੜੇ ਅੰਦਰ”। ਬਲਵੰਤ ਦੀ ਆਵਾਜ਼ ਬੜੀ ਔਖੀ ਨਿਕਲੀ। ”ਆਪਣੇ ਘਰ ਅੰਦਰ”। ਹਰਵਿੰਦਰ ਨੇ ਥੋੜ੍ਹਾ ਫ਼ਿਕਰ ਕਰਦਿਆਂ ਕਿਹਾ। ”ਆਪਣਾ ਨੀ, ਤੇਰਾ ਘਰ ਕਹਿ”। ਬਲਵੰਤ ਸਿੰਘ ਨੇ ਇਹ ਆਖ਼ਰੀ ਸ਼ਬਦ ਬੜੀ ਔਖ ਨਾਲ ਕਹੇ ਤੇ ਖ਼ੁਦ ਪਤਾ ਨਹੀਂ ਉਹ ਅੱਖਾਂ ਮੀਚ ਕੇ ਤੇ ਸਿਰ ਸੁੱਟ ਕੇ ਆਪਣਾ ਘਰ ਲੱਭਣ ਕਿਤੇ ਦੂਰ ਉਡਾਰੀ ਮਾਰ ਗਿਆ ਸੀ।
ਕਮਲ ਟੱਲੇਵਾਲ