ਗੋਰਖਪੁਰ— ਉੱਤਰ ਪ੍ਰਦੇਸ਼ ‘ਚ ਗੋਰਖਪੁਰ ਸਥਿਤ ਬਾਬਾ ਰਾਘਵਦਾਸ ਮੈਡੀਕਲ ਕਾਲਜ ‘ਚ ਪਿਛਲੇ 72 ਘੰਟਿਆਂ ‘ਚ ਦਿਮਾਗੀ ਬੁਖਾਰ ਅਤੇ ਹੋਰ ਬੀਮਾਰੀਆਂ ਨਾਲ ਪੀੜਤ 60 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੈਡੀਕਲ ਕਾਲਜ ‘ਚ ਇਲਾਜ ਦੌਰਾਨ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ‘ਚੋਂ ਦਿਮਾਗ਼ੀ ਬੁਖਾਰ ਨਾਲ ਪੀੜਤ ਤੋਂ ਇਲਾਵਾ ਨਵਜੰਮੇ ਬੱਚੇ ਆਈ.ਸੀ.ਯੂ. ਅਤੇ ਪੀਡੀਆਟ੍ਰਿਕ ਆਈ.ਸੀ.ਯੂ. ਆਦਿ ਵਿਭਾਗਾਂ ‘ਚ ਭਰਤੀ ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ ਦਿਮਾਗ਼ੀ ਬੁਖਾਰ ਨਾਲ ਪੀੜਤ 760 ਰੋਗੀਆਂ ਨੂੰ ਬਾਬਾ ਰਾਘਵਦਾਸ ਮੈਡੀਕਲ ਕਾਲਜ ‘ਚ ਇਲਾਜ ਲਈ ਭਰਤੀ ਕਰਵਾਇਆ, ਜਿਨ੍ਹਾਂ ‘ਚੋਂ 181 ਬੱਚਿਆਂ ਦੀ ਅਜੇ ਤੱਕ ਮੌਤ ਹੋ ਚੁਕੀ ਹੈ। ਮੈਡੀਕਲ ਕਾਲਜ ‘ਚ ਦਿਮਾਗ਼ੀ ਬੁਖਾਰ ਨਾਲ ਪੀੜਤ 17 ਨਵੇਂ ਰੋਗੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਵਾਰਡ ‘ਚ 105 ਮਰੀਜ਼ਾਂ ਦਾ ਇਲਾਜ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ ‘ਚ ਇਲਾਜ ਲਈ ਗੋਰਖਪੁਰ ਅਤੇ ਬਸਤੀ ਮੰਡਲ ਦੇ 7 ਜ਼ਿਲਿਆਂ ਤੋਂ ਇਲਾਵਾ ਆਜ਼ਮਗੜ੍ਹ, ਬਲੀਆ, ਗੋਂਡਾ, ਮਊ, ਗਾਜੀਪੁਰ, ਬਲਰਾਮਪੁਰ, ਅੰਬੇਡਕਰ ਨਗਰ, ਬਦਾਊਂ ਸਮੇਤ ਬਿਹਾਰ ਅਤੇ ਗੁਆਂਢੀ ਦੇਸ਼ ਨੇਪਾਲ ਦੇ ਮਰੀਜ਼ ਆਉਂਦੇ ਹਨ।