ਆਸਟਰੇਲੀਆ ਤੱਕ ਪਹੁੰਚਿਆ ਮੁੰਬਈ ‘ਚ ਪੈ ਰਹੇ ਮੀਂਹ ਦਾ ਪ੍ਰਭਾਵ

ਮੁੰਬਈ — ਦੇਸ਼ ਦੀ ਆਰਥਿਕ ਰਾਜਧਾਨੀ ਵਿਚ ਭਾਰੀ ਮੀਂਹ ਨਾਲ ਮੁੰਬਈ ਦੇ ਹੀ ਨਹੀਂ ਸਗੋਂ ਵਿਦੇਸ਼ ਵਿਚ ਬੈਠੇ ਵੀ. ਆਈ. ਪੀ ਲੋਕ ਵੀ ਪ੍ਰਭਾਵਿਤ ਹੋਏ ਹਨ । ਇਸ ਵਜ੍ਹਾ ਨਾਲ ਆਸਟਰੇਲੀਆ ਦੇ ਇਕ ਸੀਨੀਅਰ ਮੰਤਰੀ ਨੇ ਮੁੰਬਈ ਦਾ ਦੌਰਾ ਰੱਦ ਕਰ ਦਿੱਤਾ ਹੈ । ਮੁੰਬਈ ਸਥਿਤ ਆਸਟਰੇਲਿਆਈ ਵਣਜ ਦੂਤਘਰ ਨੇ ਕਿਹਾ ਕਿ ਆਸਟਰੇਲੀਆ ਦੇ ਵਪਾਰ, ਸੈਰ ਅਤੇ ਨਿਵੇਸ਼ ਮੰਤਰੀ ਸਟੀਵਨ ਸਿਓਬੋ ਨੂੰ ਬੰਬਈ ਸ਼ੇਅਰ ਬਾਜ਼ਾਰ ਅਤੇ ਬੀ. ਐਸ. ਈ ਇੰਸਟੀਚਿਊਟ ਪੁੱਜਣਾ ਸੀ ਪਰ ਖ਼ਰਾਬ ਮੌਸਮ ਦੇ ਚਲਦੇ ਉਨ੍ਹਾਂ ਦਾ ਇਹ ਦੌਰਾ ਰੱਦ ਕਰ ਦਿੱਤਾ ਗਿਆ ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਿਓਬੋ ਦੇ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਵਿਚ ਨਿਵੇਸ਼ ਅਤੇ ਸਿੱਖਿਆ ਖੇਤਰ ਵਿਚ ਸਬੰਧਾਂ ਨੂੰ ਅੱਗੇ ਵਧਾਉਣਾ ਸੀ । ਇਸ ਦੌਰਾਨ ਉਨ੍ਹਾਂ ਦੀ ਬੀ. ਐਸ. ਈ ਪ੍ਰਮੁੱਖ ਨਾਲ ਮੁਲਾਕਾਤ ਵੀ ਹੋਣੀ ਸੀ, ਜਿਸ ਵਿਚ ਉਹ ਆਸਟਰੇਲੀਆ ਦੀ ਭਾਰਤ ਵਿਚ ਵਧਦੀ ਨਿਵੇਸ਼ ਰੁਚੀ ਦੇ ਬਾਰੇ ਵਿਚ ਵੀ ਗੱਲ ਕਰਨ ਵਾਲੇ ਸਨ ।
ਦੱਸ ਦਈਏ ਕਿ ਮੰਤਰੀ ਸਟੀਵਨ ਸਿਓਬੋ ‘ਭਾਰਤ ਵਿਚ ਆਸਟਰੇਲੀਆ ਬਿਜਨੈਸ ਹਫ਼ਤੇ’ ਵਿਚ ਭਾਗ ਲੈਣ ਵਾਲੇ ਸਨ । ਆਸਟਰੇਲੀਆ ਸਰਕਾਰ ਨੇ ਭਾਰਤ ਨਾਲ ਵਪਾਰ, ਨਿਵੇਸ਼ ਅਤੇ ਸਿੱਖਿਆ ਦੇ ਖੇਤਰ ਵਿਚ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦਾ ਵਿਸਥਾਰ ਕਰਨ ਦੀ ਪਹਿਲ ਕੀਤੀ ਹੈ ।