ਅਮਰੀਕਾ ‘ਚ ਤੂਫਾਨ ‘ਹਾਰਵੇ’ ਦਾ ਕਹਿਰ ਜਾਰੀ, ਹਿਊਸਟਨ ‘ਚ ਲੱਗਾ ਕਰਫਿਊ

ਵਾਸ਼ਿੰਗਟਨ— ਹਾਲ ਹੀ ‘ਚ ਆਏ ਸਦੀ ਦੇ ਸਭ ਤੋਂ ਭਿਆਨਕ ਤੂਫਾਨ ਹਾਰਵੇ ਨੇ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੈ । ਸਭ ਤੋਂ ਜ਼ਿਆਦਾ ਨੁਕਸਾਨ ਟੈਕ‍ਸਾਸ ਵਿਚ ਹੋਇਆ ਹੈ, ਖਾਸ ਤੌਰ ‘ਤੇ ਇਸ ਨਾਲ ਹਿਊਸਟਨ ਸ਼ਹਿਰ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਲਪੇਟ ‘ਚ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਰਾਤ ਦੇ ਸਮੇਂ ਕਰਫਿਊ ਲਗਾ ਦਿੱਤਾ ਗਿਆ ਹੈ । ਹਾਰਵੇ ਕਾਰਨ ਰਿਕਾਰਡ ਤੋੜ ਮੀਂਹ ਪਿਆ, ਜਿਸ ਕਾਰਨ ਜ਼ਿਆਦਾਤਰ ਹਿੱਸੇ ਪਾਣੀ ‘ਚ ਡੁੱਬ ਗਏ ਅਤੇ ਕਈ ਘਰ ਤਬਾਹ ਹੋ ਗਏ ਹਨ। ਇਸ ਤੂਫਾਨ ਨਾਲ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ।
ਹਿਊਸਟਨ ਦੇ ਮੇਅਰ ਸਿਲ‍ਵੇਸ‍ਟਰ ਟਰਨਰ ਨੇ ਕਿਹਾ ਕਿ ਲੁੱਟ-ਖੋਹ ਰੋਕਣ ਲਈ ਕਰਫਿਊ ਜਰੂਰੀ ਸੀ । ਇਹ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ । ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ । ਹਾਲਾਂਕਿ ਰਾਹਤ ਅਤੇ ਬਚਾਅ ਕਰਮਚਾਰੀਆਂ ਅਤੇ ਉਨ੍ਹਾਂ ਲੋਕਾਂ ਨੂੰ ਇਸ ਤੋਂ ਛੋਟ ਮਿਲੇਗੀ ਜਿਨ੍ਹਾਂ ਨੂੰ ਕੰਮ ਲਈ ਬਾਹਰ ਆਉਣਾ-ਜਾਣਾ ਹੈ । ਟਰਨਰ ਨੇ ਕਿਹਾ ਕਿ ਕਰਫਿਊ ਨਾਲ ਖਾਲ੍ਹੀ ਘਰਾਂ ‘ਚ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਤੋਂ ਰੋਕਣ ‘ਚ ਮਦਦ ਮਿਲੇਗੀ ਅਤੇ ਸਿਰਫ ਆਪਰਾਧਿਕ ਕੰਮਾਂ ਨੂੰ ਰੋਕਣ ਲਈ ਇਹ ਲਗਾਇਆ ਗਿਆ ਹੈ । ਸ਼ਹਿਰ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਵੱਲੋਂ ਪੁਲਸ ਅਧਿਕਾਰੀ ਬਣ ਕੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਹੜ੍ਹ ਦੇ ਮੱਦੇਨਜ਼ਰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਪਣਾ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਸ਼ਰਨ ਲੈ ਰੱਖੀ ਹੈ। ਹਾਲਾਂਕਿ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਹੜ੍ਹ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਨ । ਮੰਗਲਵਾਰ ਨੂੰ ਉਨ੍ਹਾਂ ਨੇ ਟੈਕ‍ਸਾਸ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ।