ਸੰਤ ਰਾਮਪਾਲ ਨੂੰ ਵੱਡੀ ਰਾਹਤ, ਦੋਵਾਂ ਮਾਮਲਿਆਂ ‘ਚ ਹਿਸਾਰ ਕੋਰਟ ਨੇ ਕੀਤਾ ਬਰੀ

ਹਿਸਾਰ — ਹਰਿਆਣੇ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਖਿਲਾਫ ਚਲ ਰਹੇ ਦੋ ਕੇਸਾਂ ‘ਚ ਵੱਡੀ ਰਾਹਤ ਮਿਲੀ ਹੈ। ਰਾਮਪਾਲ ਨੂੰ ਹਿਸਾਰ ਕੋਰਟ ਨੇ ਬਰੀ ਕਰ ਦਿੱਤਾ ਹੈ। ਹਿਸਾਰ ਦੀ ਸੈਂਟਰਲ ਜੇਲ ਨੰਬਰ-1 ਵੀਡੀਓ ਕਾਨਫਰੈਂਸ ਦੇ ਜ਼ਰੀਏ ਜੱਜ ਮੁਕੇਸ਼ ਕੁਮਾਰ ਨੇ ਫੈਸਲਾ ਸੁਣਾਇਆ। ਸੰਤਰਾਮ ਪਾਲ ‘ਤੇ ਐਫ.ਆਈ.ਆਰ. ਨੰਬਰ 426 ‘ਚ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਅਤੇ 427 ‘ਚ ਆਸ਼ਰਮ ‘ਚ ਜ਼ਬਰਦਸਤੀ ਲੋਕਾਂ ਨੂੰ ਬੰਧਕ ਬਣਾਉਣ ਦਾ ਕੇਸ ਦਰਜ ਸੀ। ਇਨ੍ਹਾਂ ਦੋਵਾਂ ਮਾਮਲਿਆਂ ‘ਚ ਰਾਮਪਾਲ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਕਤਲ ਅਤੇ ਦੇਸ਼ਧ੍ਰੋਹੀ ਦਾ ਮਾਮਲਾ ਕੋਰਟ ‘ਚ ਵਿਚਾਰ ਅਧੀਨ ਹੈ, ਜਿਸ ‘ਤੇ ਫੈਸਲਾ ਆਉਣਾ ਬਾਕੀ ਹੈ।
ਇਹ ਮਾਮਲਾ ਸਾਲ 2014 ਦਾ ਹੈ ਜਦੋਂ ਹਿਸਾਰ ਦੇ ਸਤਲੋਕ ਆਸ਼ਰਮ ‘ਚ ਹਿੰਸਾ ਹੋਈ ਸੀ। ਇਸ ਘਟਨਾ ‘ਚ 6 ਔਰਤਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ ਮੌਤਾਂ ਦਾ ਦੋਸ਼ ਸੰਤ ਰਾਮਪਾਲ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਲੱਗਾ ਸੀ। ਇਸ ਮਾਮਲੇ ‘ਚ ਰਾਮਪਾਲ ਸਮੇਤ ਉਨ੍ਹਾਂ ਦੇ 939 ਸਮਰਥਕਾਂ ‘ਤੇ ਕੇਸ ਚਲ ਰਿਹਾ ਹੈ। ਰਾਮਪਾਲ ਅਜੇ ਸਿਰਫ ਦੋ ਕੇਸਾਂ ‘ਚੋਂ ਬਰੀ ਹੋਏ ਹਨ ਜਦੋਂਕਿ 5 ਮਾਮਲੇ ਅੱਗੋਂ ਚਲਦੇ ਰਹਿਣਗੇ।
2006 ‘ਚ ਰਾਮਪਾਲ ‘ਤੇ ਕਤਲ ਦਾ ਕੇਸ ਦਰਜ ਹੋਇਆ ਸੀ। ਦਰਅਸਲ ਰਾਮਪਾਲ ਨੇ ਸਵਾਮੀ ਦਇਆਨੰਦ ਦੀ ਲਿਖੀ ਹੋਈ ਇਕ ਕਿਤਾਬ ‘ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵਿਚਕਾਰ ਹੋਏ ਹਿੰਸਕ ਮੁਕਾਬਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। 2013 ‘ਚ ਇਕ ਵਾਰ ਫਿਰ ਤੋਂ ਆਰਿਆ ਸਮਾਜਿਆਂ ਅਤੇ ਰਾਮਪਾਲ ਦੇ ਸਮਰਥਕਾਂ ਦੇ ਵਿਚਕਾਰ ਹੋਏ ਮੁਕਾਬਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 100 ਲੋਕ ਜ਼ਖਮੀ ਹੋ ਗਏ ਸਨ।