ਜਲੰਧਰ — ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ. ਸਪੈਸ਼ਲ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਸਣੇ ਦੇਸ਼ ਦੇ 6 ਸੂਬਿਆਂ ‘ਚ ਫੈਲੀ ਹਿੰਸਾ ਦੇ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹਰਿਆਣਾ ਸਰਕਾਰ ਡੇਰਾ ਮੁਖੀ ਦੇ ਦੰਗਾਕਾਰੀਆਂ ਨੂੰ ਰੋਕਣ ‘ਚ ਪੂਰੀ ਤਰਾਂ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਜਾਟ ਅੰਦੋਲਨ ਅਤੇ ਰਾਮਪਾਲ ਡੇਰਾ ਸੰਚਾਲਕ ਦੇ ਮਾਮਲੇ ‘ਚ ਵੀ ਖੱਟੜ ਸਰਕਾਰ ਅਸਫਲ ਸਾਬਤ ਹੋਈ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ। ਜੇਕਰ ਖੱਟੜ ਅਸਤੀਫਾ ਨਹੀਂ ਦਿੰਦੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਸਾਲ ਕਾਇਮ ਕਰਦੇ ਹੋਏ ਉਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਖਹਿਰਾ ਨੇ ਇਸ ਮੌਕੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਡੇਰਾ ਪ੍ਰੇਮੀ ਕੋਈ ਵੀ ਵੱਡਾ ਨੁਕਸਾਨ ਕਰਨ ‘ਚ ਕਾਮਯਾਬ ਨਹੀਂ ਹੋ ਸਕੇ, ਜਿਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤਾਰੀਫ ਦੇ ਕਾਬਲ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਡੇਰਾਵਾਦ ਦੀ ਪਾਲੀਟਿਕਸ ਬੰਦ ਹੋਣੀ ਚਾਹੀਦੀ ਹੈ। ਸਿੱਖਾਂ ਨੂੰ ਵੀ ਡੇਰੇਦਾਰਾਂ ਦਾ ਸਾਥ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਉਸ ਜੱਜ ਅਤੇ ਅਤੇ ਉਨ੍ਹਾਂ ਦੋਵੇਂ ਲੜਕੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਡੇਰਾ ਮੁਖੀ ਖਿਲਾਫ ਜੰਗ ਲੜੀ ਅਤੇ ਅਪਰਾਧੀ ਨੂੰ ਸਜ਼ਾ ਦਿਵਾਈ।