ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ‘ਤੇ ਲਗਾਏ ਪੱਕੇ ਨਾਕੇ

ਜਲੰਧਰ—ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਅਦਾਲਤ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੇਸ਼ੀ ਨੂੰ ਲੈ ਕੇ ਸੂਬੇ ਵਿਚ ਟੈਨਸ਼ਨ ਬਰਕਰਾਰ ਹੈ। ਭਾਵੇਂ ਜਲੰਧਰ ਤੇ ਆਲੇ-ਦੁਆਲੇ ਡੇਰਾ ਪੈਰੋਕਾਰਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ ਪਰ ਪੁਲਸ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ ਵਿਚ ਨਹੀਂ ਹੈ। ਕਮਿਸ਼ਨਰੇਟ ਜਲੰਧਰ ਵਿਚ ਹੀ ਸੁਰੱਖਿਆ ਵਿਵਸਥਾ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਵਿਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀ ਤੱਕ ਰੱਦ ਕਰ ਕੇ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਵਿਚ ਸਪੈਸ਼ਲ ਅਦਾਲਤ ਵਲੋਂ ਸ਼ੁੱਕਰਵਾਰ ਨੂੰ ਫੈਸਲਾ ਦਿੱਤਾ ਜਾਣਾ ਹੈ ਕਿਉਂਕਿ ਡੇਰਾ ਪੈਰੋਕਾਰ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਫੈਸਲਾ ਉਨ੍ਹਾਂ ਦੇ ਖਿਲਾਫ ਆਉਂਦਾ ਹੈ ਤਾਂ ਉਹ ਕੁੱਝ ਵੀ ਕਰ ਸਕਦੇ ਹਨ। ਇਸ ਲਈ ਪੰਜਾਬ ਤੇ ਹਰਿਆਣਾ ਪੁਲਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡੀ. ਜੀ. ਪੀ. ਤੋਂ ਲੈ ਕੇ ਐੱਸ. ਐੱਚ. ਓ. ਤੱਕ ਆਪਣੀ ਡਿਊਟੀ ‘ਤੇ ਹਾਜ਼ਰ ਹਨ। ਇਸ ਲੜੀ ਵਿਚ ਆਲ੍ਹਾ ਕਮਾਨ, ਇੰਟੈਲੀਜੈਂਸ ਤੇ ਸੀ. ਆਈ. ਡੀ. ਦੀ ਰਿਪੋਰਟ ਦੇ ਆਧਾਰ ‘ਤੇ ਜਲੰਧਰ ਵਿਚ ਵੀ ਸੁਰੱਖਿਆ ਪ੍ਰਬੰਧ ਕੀਤੇ ਹਨ। ਪਤਾ ਲੱਗਾ ਹੈ ਕਿ ਕਮਿਸ਼ਨਰੇਟ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੇ ਸਟੇਸ਼ਨ ਹੈੱਡਕੁਆਰਟਰ ‘ਤੇ ਹਾਜ਼ਰ ਰਹਿਣ। ਪਤਾ ਲੱਗਾ ਹੈ ਕਿ ਛੁੱਟੀ ‘ਤੇ ਗਏ ਕਰਮਚਾਰੀਆਂ ਨੂੰ ਵੀ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੈਰਾ-ਮਿਲਟਰੀ ਫੋਰਸ ਦੀ ਕੰਪਨੀ ਦੇ ਨਾਲ-ਨਾਲ ਸ਼ਹਿਰ ਵਿਚ ਪੀ. ਏ. ਪੀ. ਤੋਂ ਵੀ 1500 ਦੇ ਕਰੀਬ ਮੁਲਾਜ਼ਮਾਂ ਦਾ ਹਥਿਆਰਬੰਦ ਦਸਤਾ ਮੰਗਵਾਇਆ ਗਿਆ ਹੈ ਜੋ ਸ਼ੁੱਕਰਵਾਰ ਸਵੇਰ ਤੋਂ ਅਗਲੇ ਨਿਰਦੇਸ਼ਾਂ ਤੱਕ ਫੀਲਡ ਵਿਚ ਸ਼ਿਫਟਾਂ ਵਿਚ ਤਾਇਨਾਤ ਰਹੇਗਾ।
ਸ਼ਾਹਕੋਟ(ਮਰਵਾਹਾ, ਤ੍ਰੇਹਨ)-ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵਿਰੁੱਧ ਸੀ. ਬੀ. ਆਈ. ਕੋਰਟ ‘ਚ ਚੱਲ ਰਹੇ ਕੇਸ ਦੇ ਅੱਜ ਆਉਣ ਵਾਲੇ ਫ਼ੈਸਲੇ ਨੂੰ ਦੇਖਦੇ ਹੋਏ ਸ਼ਾਹਕੋਟ ਸਬ-ਡਵੀਜ਼ਨ ‘ਚ ਪੁਲਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਪੰਜਾਬ ਦੇ ਮਾਲਵਾ ਤੇ ਦੋਆਬਾ ਇਲਾਕੇ ਨੂੰ ਜੋੜਨ ਵਾਲੀ ਸ਼ਾਹਕੋਟ ਸਬ-ਡਵੀਜ਼ਨ ਜੋ ਕਿ ਜ਼ਿਲਾ ਜਲੰਧਰ ਦਾ ਹਿੱਸਾ ਹੈ, ਦਾ ਕਰੀਬ 50 ਕਿਲੋਮੀਟਰ ਦਾ ਵੱਡਾ ਹਿੱਸਾ ਸਤਲੁਜ ਦਰਿਆ ਦੇ ਕਿਨਾਰੇ ‘ਤੇ ਸਥਿਤ ਹੈ, ਜਿਸ ਦੇ ਨਾਲ ਮਾਲਵਾ ਦੇ ਅਤਿਅੰਤ ਸੰਵੇਦਨਸ਼ੀਲ ਜ਼ਿਲਾ ਮੋਗਾ ਅਤੇ ਫਿਰੋਜ਼ਪੁਰ ਦੀਆਂ ਹੱਦਾਂ ਲੱਗਦੀਆਂ ਹਨ। ਡੇਰਾ ਸੱਚਾ ਸੌਦਾ ਦੇ ਜ਼ਿਆਦਾਤਰ ਪ੍ਰੇਮੀ ਵੀ ਸਤਲੁਜ ਦਰਿਆ ਦੇ ਕਿਨਾਰੇ ‘ਤੇ ਸਥਿਤ ਪਿੰਡਾਂ ‘ਚ ਹੀ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ‘ਚ ਪੁਲਸ ਲਗਾਤਾਰ ਗਸ਼ਤ ਕਰ ਰਹੀ ਹੈ। ਅੱਜ ਦੇਰ ਰਾਤ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਸਬ ਡਵੀਜ਼ਨ ਅਧੀਨ ਪੈਂਦੇ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਤਿੰਨਾਂ ਥਾਣਿਆਂ ਦੀ ਪੁਲਸ ਸਬ-ਡਵੀਜ਼ਨ ‘ਚ ਪੂਰੀ ਤਰ੍ਹਾਂ ਚੌਕਸੀ ਰੱਖ ਰਹੀ ਹੈ। ਨੈਸ਼ਨਲ ਹਾਈਵੇ ਸਮੇਤ ਸਾਰੀਆਂ ਮੁੱਖ ਸੜਕਾਂ ਅਤੇ ਖਾਸਕਰ ਸਤਲੁਜ ਦਰਿਆ ਦੇ ਆਸ-ਪਾਸ ਪੁਲਸ ਦਿਨ-ਰਾਤ ਗਸ਼ਤ ਕਰ ਰਹੀ ਹੈ।
ਪੁਲਸ ਅਧਿਕਾਰੀਆਂ ਨੇ ਕੀਤਾ ਫਲੈਗ ਮਾਰਚ
ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਦੇ ਨਿਰਦੇਸ਼ਾਂ ‘ਤੇ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ, ਏ. ਸੀ. ਪੀ. ਸਤਿੰਦਰ ਚੱਢਾ, ਇੰਸ. ਰਸ਼ਮਿੰਦਰ ਸਿੰਘ ਸਿੱਧੂ ਤੇ ਉਨ੍ਹਾਂ ਦੀ ਟੀਮ ਵਲੋਂ ਬੱਸ ਸਟੈਂਡ ਤੋਂ ਲੈ ਕੇ ਪੀ. ਐੱਨ. ਬੀ. ਚੌਕ, ਜੋਤੀ ਚੌਕ ਤੇ ਅੰਦਰੂਨੀ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ। ਅਧਿਕਾਰੀਆਂ ਨੂੰ ਸਾਰੇ ਦੁਕਾਨਦਾਰਾਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਵੱਖ-ਵੱਖ ਸਮੇਂ ਫਲੈਗ ਮਾਰਚ ਕੱਢਿਆ ਗਿਆ।
ਪੈਟਰੋਲ ਪੰਪਾਂ ‘ਤੇ ਬੋਤਲ ਜਾਂ ਕੈਨ ‘ਚ ਨਹੀਂ ਮਿਲੇਗਾ ਪੈਟਰੋਲ ਜਾਂ ਡੀਜ਼ਲ
ਪਤਾ ਲੱਗਾ ਹੈ ਕਿ ਕਮਿਸ਼ਨਰੇਟ ਅਧਿਕਾਰੀਆਂ ਵਲੋਂ ਸਾਵਧਾਨੀ ਦੇ ਤੌਰ ‘ਤੇ ਸਾਰੇ ਪੈਟਰੋਲ ਪੰਪਾਂ ‘ਤੇ ਨਿਰਦੇਸ਼ ਦਿੱਤੇ ਗਏ ਹਨ ਕਿ ਪੈਟਰੋਲ ਜਾਂ ਡੀਜ਼ਲ ਵਾਹਨਾਂ ਵਿਚ ਤਾਂ ਪਾਇਆ ਜਾਵੇ ਪਰ ਕੈਨ ਜਾਂ ਬੋਤਲਾਂ ਵਿਚ ਨਾ ਭਰਿਆ ਜਾਵੇ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਪੈਟਰੋਲ ਜਾਂ ਡੀਜ਼ਲ ਸਟੋਰ ਕਰ ਕੇ ਇਸਦੀ ਵਰਤੋਂ ਗਲਤ ਮਕਸਦ ਨਾਲ ਨਾ ਕਰ ਸਕੇ। ਕਮਿਸ਼ਨਰੇਟ ਅਧਿਕਾਰੀਆਂ ਨੇ ਸਾਰੇ ਐੱਸ. ਐੱਚ. ਓਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖੁਦ ਪੈਟਰੋਲ ਪੰਪਾਂ ਆਦਿ ‘ਤੇ ਨਜ਼ਰ ਰੱਖਣ।