ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ 12 ਹੋਰ ਵਿਧਾਇਕਾਂ ਨੇ ਚੋਣ ਕਮਿਸ਼ਨ ‘ਚ ਉਨ੍ਹਾਂ ਦੇ ਖਿਲਾਫ ਚੱਲ ਰਹੀ ਲਾਭ ਦੇ ਅਹੁਦੇ ਸੰਬੰਧੀ ਕਾਰਵਾਈ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ‘ਆਪ’ ਵਿਧਾਇਕਾਂ ਦੀ ਪਟੀਸ਼ਨ ‘ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।
ਉੱਥੇ ਹੀ ਦਿੱਲੀ ਸਰਕਾਰ ਦੇ ਵਿਧਾਇਕ ਨਾਲ ਜੁੜੀ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਵਿਧਾਇਕਾਂ ਦਾ ਪ੍ਰਦਰਸ਼ਨ ਪਿਛਲੇ ਸਾਲ ਦੇ ਮੁਕਾਬਲੇ ਡਿੱਗ ਗਿਆ ਹੈ। ਪ੍ਰਜਾ ਫਾਊਂਡੇਸ਼ਨ ਨਾਂ ਦੇ ਇਕ ਐੱਨ.ਜੀ.ਓ. ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ 7 ਵਿਧਾਇਕ ਤਾਂ ਅਜਿਹੇ ਹਨ, ਜਿਨ੍ਹਾਂ ਨੇ ਸਾਲ 2017 ‘ਚ ਵਿਧਾਨ ਸਭਾ ‘ਚ ਇਕ ਵੀ ਮੁੱਦਾ ਨਹੀਂ ਚੁੱਕਿਆ। ਉੱਥੇ ਹੀ 2 ਵਿਧਾਇਕ ਤਾਂ ਅਜਿਹੇ ਹਨ, ਜਿਨ੍ਹਾਂ ਨੇ 2016 ਅਤੇ 2017 ਦੋਹਾਂ ਸਾਲਾਂ ‘ਚ ਇਕ ਵੀ ਮੁੱਦਾ ਵਿਧਾਨ ਸਭਾ ਦੇ ਸਾਹਮਣੇ ਨਹੀਂ ਰੱਖਿਆ। ਐੱਨ.ਜੀ.ਓ. ਨੂੰ ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਅਨੁਸਾਰ 2016 ‘ਚ ਕੁੱਲ 951 ਮੁੱਦੇ ਚੁੱਕੇ ਗਏ ਸਨ, ਉੱਥੇ ਹੀ 2017 ‘ਚ ਚੁੱਕੇ ਗਏ ਮੁੱਦਿਆਂ ਦੀ ਗਿਣਤੀ ਘੱਟ ਕੇ 926 ‘ਤੇ ਆ ਗਈ।