ਸਿੱਖਿਆ ਦੀ ਧੁਰੀ ਦੇ ਦੁਆਲੇ ਘੁੰਮਦੀ ਹੈ ਸਮਾਜਿਕ ਤਰੱਕੀ: ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ -”ਸਿੱਖਿਆ ਇਕ ਬਹੁਤ ਹੀ ਅਹਿਮ ਖੇਤਰ ਹੈ ਜਿਸ ਦਾ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਕੇਂਦਰੀ ਸਥਾਨ ਹੋਣਾ ਚਾਹੀਦਾ ਹੈ । ਇਹ ਕਿਸੇ ਵੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਤੋਹਫਾ ਹੈ।” ਇਹ ਗੱਲ ਅੱਜ ਇਥੇ ਹੋਟਲ ਹਿਆਤ ਰੀਜੈਂਸੀ ਵਿਖੇ ਸਿੱਖਿਆ ਦੇ ਖੇਤਰ ‘ਚ ਮੱਲਾਂ ਮਾਰਨ ਵਾਲੀਆਂ ਸੰਸਥਾਵਾਂ ਨੂੰ ‘ਦ ਟਾਈਮਜ਼ ਐਜੂਪ੍ਰੇਨਿਓਰਜ਼ ਐਵਾਰਡਜ਼’ ਨਾਲ ਸਨਮਾਨਤ ਕਰਨ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਆਖੀ। ਉਨ੍ਹਾਂ ਕਿਹਾ ਕਿ ਸਿੱਖਿਆ ਇਕ ਅਜਿਹੀ ਧੁਰੀ ਹੈ ਜਿਸ ਦੇ ਦੁਆਲੇ ਸਮਾਜਿਤ ਤਰੱਕੀ ਘੁੰਮਦੀ ਹੈ।
ਗੁਣਵੱਤਾ ਭਰਪੂਰ ਸਿੱਖਿਆ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਮਕਸਦ ਵਿਅਕਤੀ ਨੂੰ ਆਤਮ ਨਿਰਭਰ ਬਣਾ ਕੇ ਇੰਨੇ ਆਤਮ ਵਿਸ਼ਵਾਸ ਨਾਲ ਭਰਨਾ ਹੈ ਕਿ ਉਸ ਵਿੱਚੋਂ ਨਾਕਾਮੀ ਦਾ ਡਰ ਨਿਕਲ ਜਾਵੇ ਅਤੇ ਉਹ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰੇ। ਉਨ੍ਹਾਂ ਅੱਗੇ ਕਿਹਾ ਕਿ ਇਕ ਸਮਰੱਥ ਸਿੱਖਿਆ ਪ੍ਰਣਾਲੀ ਅਜਿਹੀਆਂ ਰੌਸ਼ਨ ਦਿਮਾਗ ਸਖਸ਼ੀਅਤਾਂ ਸਿਰਜਦੀ ਹੈ ਜੋ ਕਿ ਕਿਸੇ ਵੀ ਮੁਲਕ ਲਈ ਮਾਣ ਦਾ ਕਾਰਨ ਬਣਦੇ ਹਨ।
ਇਸ ਤੋਂ ਪਹਿਲਾਂ ਟਾਈਮਜ਼ ਗਰੁੱਪ ਵੱਲੋਂ ਸ. ਸਿੱਧੂ ਨੂੰ ਸਨਮਾਨਤ ਕੀਤਾ ਗਿਆ ਅਤੇ ਬਾਅਦ ਵਿੱਚ ਸ. ਸਿੱਧੂ ਨੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਐਵਾਰਡ ਵੰਡੇ। ਇਨ੍ਹਾਂ ਵਿੱਚ ਆਰੀਅਨ ਗਰੁੱਪ ਆਫ ਕਾਲਜਿਜ (ਅੰਸ਼ੂ ਕਟਾਰੀਆ), ਡੀ.ਏ.ਵੀ. ਇੰਸਟਚਿਊਟ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ (ਪ੍ਰੋ. ਮਨੋਜ ਕੁਮਾਰ), ਆਦੇਸ਼ ਗਰੁੱਪ ਆਫ ਇੰਸਟੀਚਿਊਸ਼ਨਜ਼ (ਸਾਬਕਾ ਚੇਅਰਮੈਨ ਡਾ.ਹਰਿੰਦਰ ਗਿੱਲ), ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ (ਚਾਂਸਲਰ ਗੁਰਸ਼ਰਨ ਸਿੰਘ), ਐਨੀਜ਼ ਸਕੂਲ (ਚੇਅਰਮੈਨ ਅਨੀਤ ਗੋਇਲ), ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਫਗਵਾੜਾ (ਪ੍ਰਧਾਨ ਕਮ ਚੇਅਰਪਰਸਨ ਮਨਪ੍ਰੀਤ ਕੌਰ), ਗੁਲਜ਼ਾਰ ਗਰੁੱਰ ਆਫ ਇੰਸਟੀਚਿਊਸ਼ਨਜ਼ ਖੰਨਾ (ਗੁਰਕੀਰਤ ਸਿੰਘ), ਅੰਮ੍ਰਿਤਸਰ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ (ਅਮਿਤ ਸ਼ਰਮਾ), ਸ੍ਰੀ ਗੁਰੂ ਹਰਕ੍ਰਿਸ਼ਨ ਗਰੁੱਪ ਪਟਿਆਲਾ (ਚੇਅਰਮੈਨ ਜਗਜੀਤ ਸਿੰਘ ਦਰਦੀ), ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ (ਪ੍ਰਿੰਸੀਪਲ ਮੈਡਮ ਸ਼ਸ਼ੀ) ਅਤੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ (ਪ੍ਰਿੰਸੀਪਲ ਡਾ.ਅਜੇ ਸਰੀਨ) ਸ਼ਾਮਲ ਸਨ।
ਇਸ ਮੌਕੇ ਕੌਫੀਟੇਬਲ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਟਾਈਮਜ਼ ਆਫ ਇੰਡੀਆ ਰੈਜੀਡੈਂਟ ਸੰਪਾਦਕ ਸ੍ਰੀ ਰੌਬਿਨ ਡੇਵਿਡ ਤੇ ਬਰਾਂਚ ਹੈਡ ਸ੍ਰੀ ਵਿਕਾਸ ਭਾਰਦਵਾਜ ਵੀ ਮੌਜੂਦ ਸਨ।