ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਹਾਈ ਐਲਰਟ

ਚੰਡੀਗੜ੍ਹ – ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੀ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ ਵਿਚ ਪੇਸ਼ੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ| ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਰਸਤਿਆਂ ਉਤੇ ਵੱਡੀ ਮਾਤਰਾ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ| ਉਥੇ ਹਰਿਆਣਾ ਤੋਂ ਪੰਚਕੂਲਾ ਜਾਣ ਵਾਲੇ ਰਸਤੇ ਉਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ|
ਇਸ ਦੌਰਾਨ ਡੇਰਾ ਸਿਰਸਾ ਦੇ ਸਮਰਥਕ ਵੱਡੀ ਗਿਣਤੀ ਵਿਚ ਪੰਚਕੂਲਾ, ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ| ਇਹ ਸਮਰਥਕ ਆਲੇ-ਦੁਆਲੇ ਦੇ ਖੇਤਰਾਂ ਵਿਚ ਟ੍ਰੇਨਾਂ ਵਿਚ ਪਹੁੰਚ ਰਹੇ ਹਨ| ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਡੇਰਾ ਸਮਰਥਕ ਪਹੁੰਚ ਰਹੇ ਹਨ| ਚੰਡੀਗੜ੍ਹ ਰੇਲਵੇ ਸਟੇਸ਼ਨ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ|
ਪ੍ਰਸ਼ਾਸਨ ਨੇ ਕਿਸੇ ਟਕਰਾਅ ਦੇ ਮੱਦੇਨਜ਼ਰ ਚੱਪੇ-ਚੱਪੇ ਉਤੇ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਡਰੋਨ ਦੁਆਰਾ ਵੀ ਪੂਰੇ ਇਲਾਕੇ ਉਤੇ ਨਜਰ ਰੱਖੀ ਜਾ ਰਹੀ ਹੈ|
ਇਸ ਦੌਰਾਨ ਸੂਚਨਾ ਹੈ ਕਿ ਭਾਰੀ ਭੀੜ ਨੂੰ ਦੇਖਦਿਆਂ ਡੇਰਾ ਮੁਖੀ ਨੂੰ ਹੈਲੀਕਾਪਟਰ ਰਾਹੀਂ ਪੰਚਕੂਲਾ ਲਿਆਂਦਾ ਜਾ ਸਕਦਾ ਹੈ|
ਦੂਸਰੇ ਪਾਸੇ ਹਰਿਆਣਾ ਵਿਚ ਧਾਰਾ 144 ਲੱਗੀ ਹੋਈ ਹੈ| ਮੁਲਾਜ਼ਮਾਂ ਦੀਆਂ ਛੁੱਟੀਆਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ| ਇਸ ਦੇ ਨਾਲ ਹੀ ਪੰਚਕੂਲਾ ਆਉਣ ਵਾਲੀਆਂ ਬੱਸਾਂ ਨੂੰ ਹਰਿਆਣਾ ਸਰਕਾਰ ਨੇ ਫਿਲਹਾਲ ਰੋਕ ਦਿੱਤਾ ਹੈ| ਪੰਚਕੂਲਾ ਦੇ ਸਕੂਲਾਂ ਨੂੰ ਕੱਲ੍ਹ ਅਤੇ ਪਰਸੋਂ ਛੁੱਟੀ ਕਰ ਦਿੱਤੀ ਗਈ ਹੈ|