ਲੁਧਿਆਣਾ – ਪੰਜਾਬ ਦੇ ਸਰਹੱਦੀ ਹਲਕੇ ਗੁਰਦਾਸਪੁਰ ਦੀ ਲੋਕ ਸਭਾ ਸੀਟ ਫਿਲਮੀ ਹੀਰੋ ਵਿਨੋਦ ਖੰਨਾ ਐੱਮ. ਪੀ. ਦੇ ਦਿਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸੀਟ ‘ਤੇ ਹੁਣ ਕਿਸੇ ਵੇਲੇ ਵੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਦੇਸ਼ ਵਿਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੇ ਇਸ ਹਲਕੇ ਤੋਂ ਕਾਂਗਰਸ ਦੇ ਮੁਕਾਬਲੇ ਐੱਮ. ਪੀ. ਦੀ ਚੋਣ ਲੜਨੀ ਹੈ। ਜਿਸ ਤਰੀਕੇ ਨਾਲ ਸਿਆਸੀ ਕਾਰਵਾਈਆਂ ਭਾਜਪਾ ਨੇ ਗੁਰਦਾਸਪੁਰ ਜ਼ਿਲੇ ਵਿਚ ਆਰੰਭ ਕੀਤੀਆਂ ਹਨ, ਜਿਵੇਂ ਹਰ ਵਿਧਾਨ ਸਭਾ ਹਲਕੇ ਵਿਚ ਆਬਜ਼ਰਵਰ ਲਗਾਉਣੇ, ਸਵੇਰੇ-ਸ਼ਾਮ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਾ ਤੇ ਕੇਂਦਰੀ ਆਗੂਆਂ ਵੱਲੋਂ ਗੁਰਦਾਸਪੁਰ ‘ਚ ਭਲਵਾਨੀ ਗੇੜਾ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਜ਼ਿਲੇ ਵਿਚ ਅਕਾਲੀਆਂ ਨਾਲ ਹੋਈਆਂ ਜ਼ਿਆਦਤੀਆਂ ਦੀ ਰਿਪੋਰਟ ਡੀ. ਜੀ. ਪੀ. ਨੂੰ ਪੇਸ਼ ਕਰਨਾ ਅਤੇ ਜਬਰ ਲਹਿਰ ਦਾ ਇਸ ਜ਼ਿਲੇ ਤੋਂ ਆਰੰਭ ਕਰਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ ਕੌਮੀ ਝੰਡਾ ਗੁਰਦਾਸਪੁਰ ਵਿਚ ਲਹਿਰਾਉਣਾ ਇਸ ਗੱਲ ਦੇ ਸੰਕੇਤ ਦਿੰਦੇ ਹਨ ਕਿ ਕਿਸੇ ਵੇਲੇ ਵੀ ਚੋਣ ਕਮਿਸ਼ਨ ਪੰਜਾਬ ਦੀ ਖਾਲੀ ਹੋਈ ਲੋਕ ਸਭਾ ਸੀਟ ਲਈ ਚੋਣ ਦਾ ਐਲਾਨ ਕਰ ਸਕਦਾ ਹੈ, ਜਿਸ ਨੂੰ ਰਾਜਸੀ ਹਲਕਿਆਂ ਨੇ ਭਾਂਪ ਲਿਆ ਹੈ।