ਰਾਜ ਸਭਾ ‘ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਕਿਹਾ, ਦੋ ਤਰ੍ਹਾਂ ਦੇ ਨੋਟ ਛਾਪਣੇ ਇਕ ਵੱਡਾ ਘੋਟਾਲਾ
ਨਵੀਂ ਦਿੱਲੀ : ਰਾਜ ਸਭਾ ਵਿਚ ਅੱਜ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ 500 ਅਤੇ 2000 ਦੇ ਨੋਟ ਵੱਖ-ਵੱਖ ਤਰ੍ਹਾਂ ਨਾਲ ਛਾਪੇ ਜਾ ਰਹੇ ਹਨ। ਇਹ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਹੈ। ਇਸ ਮਾਮਲੇ ਵਿਚ ਕਾਂਗਰਸ ਦਾ ਸਾਥ ਟੀਐਮਸੀ ਅਤੇ ਜਨਤਾ ਦਲ (ਯੂ) ਨੇ ਵੀ ਦਿੱਤਾ ਹੈ। ਵਿਰੋਧੀ ਧਿਰ ਦੀ ਨਾਅਰੇਬਾਜ਼ੀ ਅਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਰੋਕ ਦਿੱਤੀ ਗਈ। ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵਿਰੋਧੀ ਧਿਰ ਬਿਨਾ ਨੋਟਿਸ ਦਿੱਤੇ ਜ਼ੀਰੋ ਆਵਰ ਵਿਚ ਮੁਸ਼ਕਲਾਂ ਪੈਦਾ ਕਰ ਰਹੀ ਹੈ। ਕਾਂਗਰਸ ਦੇ ਕਪਿਲ ਸਿੱਬਲ ਨੇ ਕਿਹਾ ਕਿ ਦੋ ਤਰ੍ਹਾਂ ਦੇ ਨੋਟ ਛਾਪੇ ਜਾ ਰਹੇ ਹਨ। ਇਹ ਇਕ ਤਾਂ ਸੱਤਾਧਾਰੀ ਪਾਰਟੀ ਲਈ ਹਨ ਅਤੇ ਦੂਸਰੇ ਆਮ ਲੋਕਾਂ ਲਈ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਅਜਿਹਾ ਕਿਉਂ ਕੀਤਾ। ਕਾਂਗਰਸ ਦੇ ਹੀ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਸਦੀ ਦਾ ਸਭ ਤੋਂ ਵੱਡਾ ਸਕੈਮ ਹੈ।