ਕਿਹਾ, ਇਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣਾ ਸੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ‘ਤੇ ਫਿਰ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਸਰਕਾਰ ਬਣਾਉਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਨੇ ਅੰਦਰ ਖਾਤੇ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਇਹ ਮਕਸਦ ਸੀ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ। ਭਗਵੰਤ ਮਾਨ ਨੇ ਇਹ ਦਾਅਵਾ ਲੰਘੇ ਕੱਲ੍ਹ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਨਾਂ ਉੱਤੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿਚ ਪਰਵਾਸੀ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਚੇਤੇ ਰਹੇ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਚ ਹੋਈਆਂ ਸਿਆਸੀ ਕਾਨਫਰੰਸਾਂ ਵਿਚ ਸਿਆਸੀ ਪਾਰਟੀਆਂ ਨੇ ਇਕ ਦੂਜੇ ‘ਤੇ ਰੱਜ ਕੇ ਦੂਸ਼ਣਬਾਜ਼ੀ ਕੀਤੀ। ਕਾਂਗਰਸ ਦੇ ਸਮਾਗਮ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਮੈਨੂੰ ਪੁਲਿਸ ਮਹਿਕਮਾ ਮਿਲ ਜਾਵੇ ਤਾਂ ਮੈਂ ਲੰਬੂ ਦਾ ਧੂੰਆਂ ਨਾ ਕੱਢ ਦਿਆਂ ਤਾਂ ਮੇਰਾ ਨਾਮ ਵਟਾ ਦਿਓ। ਸਿੱਧੂ ਦਾ ਇਸ਼ਾਰਾ ਬਿਕਰਮ ਮਜੀਠੀਆ ਵੱਲ ਸੀ। ਅਕਾਲੀ ਦਲ ਦੇ ਸਮਾਗਮ ਵਿਚ ਸੁਖਬੀਰ ਬਾਦਲ ਨੇ ਕਾਂਗਰਸੀਆਂ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਡਟਣ ਦਾ ਸੱਦਾ ਦਿੱਤਾ ਸੀ।