ਸੁਖਬੀਰ ਭੁੱਲ ਗਏ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ : ਸਿੱਧੂ

ਜਲੰਧਰ — ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੀ ਕਾਂਗਰਸ ਦੇ ਜ਼ਬਰ ਵਿਰੋਧੀ ਲਹਿਰ ਨੂੰ ਮਨਗੜ੍ਹਤ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਇਸ ਸਦਮੇ ਤੋਂ ਅਜੇ ਤਕ ਬਾਹਰ ਨਹੀਂ ਆ ਸਕੇ ਹਨ ਕਿ ਸੂਬੇ ਦੀ ਜਨਤਾ ਨੇ ਉਨ੍ਹਾਂ ਦੀਆਂ ਜਨਵਿਰੋਧੀ ਨੀਤੀਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਜਲੰਧਰ ਜ਼ਿਲੇ ਦੇ ਸੀਚੇਵਾਲ ‘ਚ ਇਕ ਸਮਾਗਮ ‘ਚ ਹਿੱਸਾ ਲੈਣ ਆਏ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਅਕਾਲੀਆਂ ਦੇ ਖਿਲਾਫ ਕਾਂਗਰਸ ਦਾ ਜ਼ੁਲਮ ਤੇ ਇਸ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਵਿਰੋਧੀ ਲਹਿਰ ਸਿਰਫ ਤੇ ਸਿਰਫ ਸੁਖਬੀਰ ਬਾਦਲ ਦੀ ਮਨਗੜ੍ਹਤ ਕਲਪਨਾ ਹੈ।
ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਪ੍ਰਧਾਨ ਤੇ ਲਹਿਰ ਇੰਝ ਲਗਦੀ ਹੈ ਜਿਵੇਂ ਕੋਈ ਦੋਸ਼ੀ ਵਿਅਕਤੀ ਕਿਸੇ ਨਿਰਦੋਸ਼ ‘ਤੇ ਦੋਸ਼ ਲਗਾ ਰਹੇ ਹਨ, ਕਿਉਂਕਿ ਦਸ ਸਾਲ ਦੇ ਅਕਾਲੀ ਸ਼ਾਸਨ ਦੇ ਦੌਰਾਨ ਲੋਕਾਂ ‘ਤੇ ਨਾ ਸਿਰਫ ਅਤਿਆਚਾਰ ਹੋਇਆ ਸਗੋਂ ਉਨ੍ਹਾਂ ਦਾ ਉਤਪੀੜਨ ਤੇ ਜ਼ੁਲਮ ਵੀ ਹੋਇਆ ਹੈ। ਮੰਤਰੀ ਨੇ ਸੁਖਬੀਰ ਤੋਂ ਪੁੱਛਿਆ ਕਿ ਕਾਂਗਰਸ ਤੇ ਰਾਜ ਸਰਕਾਰ ‘ਤੇ ਜ਼ੁਲਮ ਦਾ ਦੋਸ਼ ਲਗਾ ਕੇ ਇਸ ਤਰ੍ਹਾਂ ਵਿਰੋਧੀ ਲਹਿਰ ਦੀ ਨਾਟਕਬਾਜੀ ਕਰਨ ਤੋਂ ਪਹਿਲਾਂ ਪ੍ਰਦੇਸ਼ ‘ਚ ਉਨ੍ਹਾਂ ਨੂੰ ਜ਼ੁਲਮ ਦਾ ਕੋਈ ਇਕ ਉਦਾਹਰਣ ਦੱਸਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸੁਖਬੀਰ ਸ਼ਾਇਦ ਇਸ ਗੱਲ ਨੂੰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਜ਼ੁਲਮਾਂ ਤੇ ਜਨਵਿਰੋਧੀ ਨੀਤੀਆਂ ਦੇ ਕਾਰਨ ਹੀ ਪ੍ਰਦੇਸ਼ ਦੀ ਬੁੱਧੀਮਾਨ ਜਨਤਾ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅਸਲ ‘ਚ ਇਸ ਸਦਮੇ ਤੋਂ ਅਜੇ ਤਕ ਸੁਖਬੀਰ ਬਾਹਰ ਨਹੀਂ ਆ ਸਕਿਆ ਹੈ ਤੇ ਉਹ ਅਜੇ ਵੀ ਖੁਦ ਨੂੰ ਉਪ ਮੁੱਖ ਮੰਤਰੀ ਮੰਨ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤਕ ਦੀ ਸਭ ਤੋਂ ਵੱਡੀ ਤੇ ਬੁਰੀ ਹਾਰ ਹੋਈ ਹੈ ਕਿਉਂਕਿ ਪਾਰਟੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਪਾਉਣ ‘ਚ ਅਕਾਲੀ ਦਲ ਨਾਕਾਮ ਰਿਹਾ ਹੈ ਤੇ ਇਹ ਹੀ ਆਵਾਮ ਦੇ ਮਨ ‘ਚ ਸੁਖਬੀਰ ਤੇ ਉਸ ਦੀ ਮੰਡਲੀ ਪ੍ਰਤੀ ਗੁੱਸੇ ਨੂੰ ਦਰਸਾਉਂਦਾ ਹੈ। ਮੰਤਰੀ ਨੇ ਕਿਹਾ ਕਿ ਸੁਖਬੀਰ ਮੀਡੀਆ ‘ਚ ਬਣੇ ਰਹਿਣ ਲਈ ਇਸ ਤਰ੍ਹਾਂ ਦੇ ਗਲਤ ਬਿਆਨ ਦਿੰਦਾ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਆਮ ਜਨਤਾ ਨੂੰ ਤਸ਼ੱਦਦ ਝਲਣੇ ਪਏ ਹਨ ਉਹ ਜਗ-ਜਾਹਿਰ ਹਨ। ਉਨ੍ਹਾਂ ਕਿਹਾ ਕਿ ਇਹ ਲਹਿਰ ਸੱਤਾ ਤੋਂ ਬਾਹਰ ਚਲ ਰਹੇ ਸੁਖਬੀਰ ਦੀ ਨਿਰਾਸ਼ਾ ਤੇ ਕੁਰਸੀ ਦੀ ਛਟਪਟਾਹਟ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਜਨਾਦੇਸ਼ ਕਾਂਗਰਸ ਦੇ ਪੱਖ ‘ਚ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਦੀ ਅਗਵਾਈ ‘ਚ ਕਾਂਗਰਸ ਸਰਕਾਰ ਸੂਬੇ ਦਾ ਗੁਆਚਿਆ ਹੋਇਆ ਮਾਣ ਉਸ ਨੂੰ ਵਾਪਸ ਦਵਾਉਣ ਦੀ ਤਿਆਰੀ ਕਰ ਰਹੀ ਹੈ।