ਚੰਡੀਗੜ੍ਹ : ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਕੂਲਾਂ ਦੀ ਚੈਕਿੰਗ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਦੇ ਦੌਰਿਆਂ ਮੌਕੇ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ ਅਤੇ ਸਕੂਲ ਦੇ ਦੌਰੇ ਸਮੇਂ ਕਿਸੇ ਕਿਸਮ ਦਾ ਡਰ ਜਾਂ ਦਹਿਸ਼ਤ ਦਾ ਮਾਹੌਲ ਨਾ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੀ ਚੈਕਿੰਗ ਦੌਰਾਨ ਕਿਸੇ ਵੀ ਅਧਿਆਪਕ ਤੋਂ ਵਿਦਿਆਰਥੀਆਂ ਸਾਹਮਣੇ ਕੋਈ ਵੀ ਸਵਾਲ ਨਾ ਪੁੱਛਿਆ ਜਾਵੇ। ਸਿੱਖਿਆ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਸਬੰਧੀ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਕੂਲਾਂ ਦੀ ਚੈਕਿੰਗ ਦੌਰਾਨ ਟੀਮਾਂ ਵੱਲੋਂ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਦਹਿਸ਼ਤ ਦਾ ਮਾਹੌਲ ਸਿਰਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਵੱਲੋਂ ਅਜਿਹਾ ਮਾਹੌਲ ਸਿਰਜਣ ਕਾਰਨ ਅਧਿਆਪਕ ਘਬਰਾਹਟ ਵਿੱਚ ਆ ਜਾਂਦੇ ਹਨ ਅਤੇ ਉਹ ਪੂਰਾ ਗਿਆਨ/ਜਾਣਕਾਰੀ ਹੋਣ ਦੇ ਬਾਵਜੂਦ ਸਹੀ ਢੰਗ ਨਾਲ ਸਵਾਲਾਂ ਦਾ ਜਵਾਬ ਨਹੀਂ ਦੇ ਪਾਉਂਦੇ ਜਦੋਂ ਕਿ ਅਧਿਆਪਕ ਆਪਣੇ ਗਿਆਨ, ਤਜ਼ਰਬੇ ਤੇ ਯੋਗਤਾ ਕਰਕੇ ਆਪਣੇ ਵਿਸ਼ੇ ਦੀ ਪੂਰੀ ਸਮਝ ਰੱਖਦਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਵੱਲੋਂ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਅਗਾਂਹ ਦੱਸਿਆ ਕਿ ਬੱਚੇ ਦੇ ਸਾਹਮਣੇ ਅਧਿਆਪਕਾਂ ਦਾ ਮਾਣ-ਸਨਮਾਨ ਬਣਾਈ ਰੱਖਣ ਲਈ ਚੈਕਿੰਗ ਟੀਮਾਂ ਬੱਚਿਆਂ ਸਾਹਮਣੇ ਕਿਸੇ ਵੀ ਅਧਿਆਪਕ ਤੋਂ ਸਵਾਲ ਨਾ ਪੁੱਛਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨਾਲ ਬੱਚਿਆਂ ਨੂੰ ਪੜ੍ਹਾਏ ਪਾਠਕ੍ਰਮ, ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ, ਕਾਪੀਆਂ ਦੀ ਚੈਕਿੰਗ, ਨਤੀਜੇ ਆਦਿ ਗੱਲਬਾਤ ਕਰਨੀ ਅਤਿ ਜ਼ਰੂਰੀ ਹੈ ਪਰ ਕੋਈ ਵੀ ਚੈਕਿੰਗ ਟੀਮ ਕਿਸੇ ਵੀ ਅਧਿਆਪਕ ਤੋਂ ਇੰਝ ਸਵਾਲ ਨਾ ਪੁੱਛੇ ਜਿਵੇਂ ਉਸ ਦਾ ਟੈਸਟ ਲਿਆ ਜਾ ਰਿਹਾ ਹੋਵੇ। ਜੇਕਰ ਕੁਝ ਪੁੱਛਣਾ ਵੀ ਹੋਵੇ ਤਾਂ ਉਹ ਵੱਖ ਹੋ ਕੇ ਸਕੂਲ ਮੁਖੀ ਦੇ ਕਮਰੇ ਵਿੱਚ ਪੁੱਛਿਆ ਜਾਵੇ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਅਤੇ ਸਮਾਜ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਸਖਸ਼ੀਅਤ ਹੁੰਦੀ ਹੈ, ਇਸ ਲਈ ਇਹ ਖਿਆਲ ਰੱਖਿਆ ਜਾਵੇ ਕਿ ਚੈਕਿੰਗ ਟੀਮਾਂ ਵੱਲੋਂ ਅਧਿਆਪਕ ਦੇ ਮਾਣ-ਸਨਮਾਨ ਨੂੰ ਠੇਸ ਨਾ ਪਹੁੰਚਾਈ ਜਾਵੇ ਜਿਸ ਨਾਲ ਅਧਿਆਪਕ ਅਤੇ ਬੱਚਿਆਂ ਦਾ ਮਨੋਬਲ ਡਿੱਗੇ।
ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਜੀ ਵੱਲੋਂ ਮਿਲੇ ਦਿਸ਼ੇ ਨਿਰਦੇਸ਼ਾਂ ਤਹਿਤ ਡੀ.ਪੀ.ਆਈ. (ਸੈਕੰਡਰੀ ਸਿੱਖਿਆ), ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ), ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ, ਮੰਡਲ ਸਿੱਖਿਆ ਅਫਸਰ, ਜ਼ਿਲਾ ਸਿੱਖਿਆ ਅਫਸਰ ਅਤੇ ਸਮੂਹ ਸਿੱਖਿਆ ਸੁਧਾਰ ਟੀਮਾਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਲਈ ਅੱਜ ਲਿਖਤੀ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।