ਜਲੰਧਰ ; ਕੇਬਲ ਟੈਲੀਵਿਜ਼ਨ ਖਪਤਕਾਰਾਂ ਲਈ ਬਿਨਾਂ ਰੁਕਾਵਟ ਖਪਤਕਾਰਾਂ ਨੂੰ ਪ੍ਰਮੁੱਖ ਕਰਾਰ ਦਿੰਦਿਆਂ ਏ. ਡੀ. ਸੀ. ਗੁਰਮੀਤ ਸਿੰਘ ਮੁਲਤਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ 1995 ਦੀ ਉਲੰਘਣਾ ਕਰਨ ਵਾਲੇ ਕੇਬਲ ਆਪ੍ਰੇਟਰਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਡੀ. ਏ. ਸੀ. ਦੇ ਮੀਟਿੰਗ ਹਾਲ ਵਿਚ ਜ਼ਿਲਾ ਕੇਬਲ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਏ. ਡੀ. ਸੀ., ਜੋ ਕਿ ਇਸ ਕਮੇਟੀ ਦੇ ਜ਼ਿਲਾ ਨੋਡਲ ਅਫਸਰ ਵੀ ਹਨ, ਨੇ ਕੇਬਲ ਆਪ੍ਰੇਟਰਾਂ ਨੂੰ ਕਿਹਾ ਕਿ ਉਹ ਕੇਬਲ ਟੀ. ਵੀ. ਐਕਟ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਖਪਤਕਾਰਾਂ ਨੂੰ ਡਿਜੀਟਲ ਇੰਸਕ੍ਰਿਪਟਿਡ ਵਿਧੀ ਨਾਲ ਚੈਨਲ ਮੁਹੱਈਆ ਕਰਵਾਉਣ।
ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲੇ ਦੇ 100 ਫੀਸਦੀ ਡਿਜੀਟਲਾਈਜ਼ੇਸ਼ਨ ਦਾ ਟੀਚਾ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਲਟੀ ਸਿਸਟਮ ਆਪ੍ਰੇਟਰ ਤੇ ਲੋਕਲ ਕੇਬਲ ਆਪ੍ਰੇਟਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸਿਰਫ ਡਿਜੀਟਲ ਇੰਸਕ੍ਰਿਪਟਿਡ ਸਿਗਨਲ ਹੀ ਮੁਹੱਈਆ ਕਰਵਾਉਣ ਤੇ ਜ਼ਿਲੇ ਵਿਚ ਐਨਾਲਾਗ ਚੈਨਲ ਟੈਲੀਕਾਸਟ ਕਰਨ ਦੀ ਸਖਤ ਮਨਾਹੀ ਹੈ। ਉਨ੍ਹਾਂ ਕਿਹਾ ਕਿ ਕੇਬਲ ਆਪ੍ਰੇਟਰ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ 1995 ਦੀ ਪਾਲਣਾ ਕਰਨ ਤਾਂ ਜੋ ਖਪਤਕਾਰਾਂ ਨੂੰ ਉਚ ਪੱਧਰ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਏ. ਡੀ. ਸੀ. ਨੇ ਕੇਬਲ ਆਪ੍ਰੇਟਰਾਂ ਨੂੰ ਸਰਕਾਰ ਵਲੋਂ ਰੈਗੂਲਰ ਕੀਤੇ ਅਨੁਸਾਰ ਆਪਣੀ ਰਜਿਸਟਰੇਸ਼ਨ ਨੂੰ ਰੀਨਿਊ ਕਰਵਾਉਂਦੇ ਰਹਿਣ ਤੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਲੰਘਣਾ ਕਰਨ ਵਾਲੇ ਕੇਬਲ ਆਪ੍ਰੇਟਰਾਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕੇਬਲ ਟੈਲੀਵਿਜ਼ਨ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।