ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਪਾਕਿ ਸਰਕਾਰ ਨਾਲ ਗੱਲ ਕਰਾਂਗੇ : ਬਡੂੰਗਰ

ਸ੍ਰੀ ਆਨੰਦਪੁਰ ਸਾਹਿਬ – ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨਾਲ ਮਸਲਾ ਵਿਚਾਰ ਕੇ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਉਣ ਲਈ ਯੋਜਨਾ ਉਲੀਕੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੀਬੀਆਂ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਮੰਗ ਬਹੁਤ ਪੁਰਾਣੀ ਹੈ ਤੇ ਪਹਿਲਾਂ ਵੀ ਇਸ ‘ਤੇ ਇਕ ਕਮੇਟੀ ਦਾ ਗਠਨ ਹੋਇਆ ਸੀ ਪਰ ਉਸ ਸਮੇਂ ਬੀਬੀਆਂ ਦੇ ਆਪਸ ਵਿਚ ਦੋ ਧੜੇ ਬਣ ਜਾਣ ਕਾਰਨ ਕਾਫੀ ਝਗੜਾ ਹੋਇਆ ਸੀ, ਜਿਸ ਕਰਕੇ ਉਸ ਸਮੇਂ ਇਹ ਮਸਲਾ ਵਿਚਾਲੇ ਹੀ ਰਹਿ ਗਿਆ ਸੀ ਪਰ ਹੁਣ ਮੈਂ ਇਸ ਮਸਲੇ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਫੈਸਲਾ ਲੈਣ ਲਈ ਜ਼ਰੂਰ ਕਹਾਂਗਾ। ਦਰਬਾਰ ਸਾਹਿਬ ਵਿਖੇ ਅੱਜ ਹੜਤਾਲ ਕਰ ਰਹੇ ਪਾਠੀ ਸਿੰਘਾਂ ਦੀਆਂ ਮੰਗਾਂ ਬਾਰੇ ਪੁੱਛਣ ‘ਤੇ ਬਡੂੰਗਰ ਨੇ ਕਿਹਾ ਕਿ 8 ਅਗਸਤ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ ਤੇ ਉਸ ਦੌਰਾਨ ਅਸੀਂ ਉਨ੍ਹਾਂ ਦੀਆਂ ਨਿਗੂਣੀਆਂ ਤਨਖਾਹਾਂ ਵਿਚ ਵਾਧਾ ਕਰਨ ਤੇ ਹੋਰ ਭੱਤੇ ਦੇਣ ਦੇ ਫੈਸਲੇ ਲਵਾਂਗੇ।
ਉਨ੍ਹਾਂ ਦੱਸਿਆ ਕਿ ਜਿੰਨੇ ਵੀ ਕੱਚੇ ਪਾਠੀ ਸਿੰਘ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕੇ ਤੌਰ ‘ਤੇ ਗ੍ਰੰਥੀ ਸਿੰਘ ਬਣਾਉਣ ਲਈ ਅਸੀਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਮੈਦਾਨ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੌਦੇ ਲਾਉਣ ਦੀ ਰਸਮੀ ਸ਼ੁਰੂਆਤ ਵੀ ਕੀਤੀ।