ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਸਵਾਈਨ ਫਲੂ ਨਾਲ ਤੀਜੀ ਮੌਤ, ਪ੍ਰਸ਼ਾਸਨ ਪਰੇਸ਼ਾਨ

ਚੰਡੀਗੜ੍ਹ  : ਚੰਡੀਗੜ੍ਹ ‘ਚ ਸਵਾਈਨ ਫਲੂ ਨਾਲ ਤੀਜੀ ਮੌਤ ਹੋ ਗਈ। ਚੰਡੀਗੜ੍ਹ ਪੁਲਸ ਦਾ 56 ਸਾਲਾ ਹੈੱਡਕਾਂਸਟੇਬਲ ਜਸਬੀਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ। ਤੇਜ਼ ਬੁਖਾਰ ਦੇ ਨਾਲ ਉਸਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ। ਬੀਮਾਰੀ ਦੀ ਹਾਲਤ ‘ਚ ਉਸਨੂੰ ਐਤਵਾਰ ਨੂੰ ਸੈਕਟਰ-16 ਸਥਿਤ ਗੌਰਮਿੰਟ ਮਲਟੀਸਪੈਸ਼ਲਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਸਬੀਰ ਸਿੰਘ ਦੇ ਸਵਾਈਨ ਫਲੂ ਦੀ ਪੁਸ਼ਟੀ ਲਈ ਡਾਇਗਨੋਸਟਿਕ ਟੈਸਟ ਕੀਤੇ ਗਏ। ਟੈਸਟ ਰਿਪੋਰਟ ਆਉਣ ਦੇ ਬਾਅਦ ਸੋਮਵਾਰ ਦੁਪਹਿਰ ਜਸਬੀਰ ਸਿੰਘ ਨੂੰ ਸੈਕਟਰ-32 ਦੇ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਡਾਕਟਰਾਂ ਮੁਤਾਬਿਕ ਜਸਬੀਰ ਸਿੰਘ ਦੇ ਸਰੀਰ ‘ਚ ਇਨਫੈਕਸ਼ਨ ਐਡਵਾਂਸ ਸਟੇਜ ‘ਤੇ ਪਹੁੰਚ ਚੁੱਕੀ ਸੀ, ਇਸ ਲਈ ਸਰੀਰ ‘ਤੇ ਦਵਾਈਆਂ ਅਸਰ ਨਹੀਂ ਕਰ ਸਕੀਆਂ ਅਤੇ ਉਨ੍ਹਾਂ ਇਲਾਜ ਦੌਰਾਨ ਦਮ ਤੋੜ ਦਿੱਤਾ। ਜਸਬੀਰ ਸਿੰਘ ਤੋਂ ਪਹਿਲਾਂ ਐੱਚ1, ਐੱਨ1 ਵਾਇਰਸ ਦੋ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਪਹਿਲਾਂ ਸੈਕਟਰ-37 ਦੇ ਸ਼ਾਮ ਵਰਮਾ ਅਤੇ ਮਲੋਆ ਦੀ 50 ਸਾਲਾ ਮਹਿਲਾ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਦਾ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਡਿਪਾਰਟਮੈਂਟ ਸਕਤੇ ‘ਚ ਆ ਗਿਆ ਹੈ ਅਤੇ ਉਨ੍ਹਾਂ ਥਾਵਾਂ ‘ਚ ਰੈਪਿਡ ਰਿਸਪਾਂਸ ਟੀਮ ਨੂੰ ਭੇਜ ਦਿੱਤਾ ਗਿਆ ਹੈ, ਜਿਥੋਂ ਵੀ ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ‘ਚ 3 ਮੌਤਾਂ ਦੇ ਇਲਾਵਾ ਸਵਾਈਨ ਫਲੂ ਪਾਜ਼ੀਟਿਵ ਦੇ 13 ਕੇਸ ਸਾਹਮਣੇ ਆ ਚੁੱਕੇ ਹਨ।